ਖ਼ਾਲਸਾ ਪੰਥ ਦੀ ਸਿਫ਼ਤ ਤੇ ਸ਼ਾਨਾਮੱਤੇ ਵਿਰਸੇ ਦੀ ਬਾਤ ਪਾਉਂਦਾ ਢਾਡੀ ਨਗਮਾ ‘ਗੋਬਿੰਦ ਦਿਆਂ ਲਾਲਾਂ’ 23 ਸਤੰਬਰ ਨੂੰ ਯੂਟਿਊਬ ’ਤੇ ਹੋਵੇਗਾ ਰਿਲੀਜ਼
- ਗੁਰਬਾਣੀ-ਇਤਿਹਾਸ
- (Asia/Kolkata)
ਉਸਤਾਦ ਗਿਆਨੀ ਸਰੂਪ ਸਿੰਘ ਕਡਿਆਣਾ ਦੇ ਸਾਗਿਰਦਾਂ ਵੱਲੋਂ ਤਿਆਰ ਨਗਮਾ; ਗਿਆਨੀ ਰਜਿੰਦਰ ਸਿੰਘ ਸਭਰਾ ਨੇ ਸੰਗਤਾਂ ਨੂੰ ਵੱਧ ਤੋਂ ਵੱਧ ਹੁੰਗਾਰਾ ਦੇਣ ਦੀ ਕੀਤੀ ਅਪੀਲ
ਚੰਡੀਗੜ੍ਹ,ਨਜ਼ਰਾਨਾ ਟਾਈਮਜ਼, 23 ਸਤੰਬਰ 2026
ਖ਼ਾਲਸਾ ਪੰਥ ਦੀ ਸਿਫ਼ਤ, ਸਿੱਖ ਕੌਮ ਦੇ ਸ਼ਾਨਾਮੱਤੇ ਇਤਿਹਾਸ ਅਤੇ ਗੌਰਵਮਈ ਵਿਰਸੇ ਦੀ ਬਾਤ ਪਾਉਂਦਾ ਨਵਾਂ ਢਾਡੀ ਨਗਮਾ ‘ਗੋਬਿੰਦ ਦਿਆਂ ਲਾਲਾਂ’ 23 ਸਤੰਬਰ 2026 ਨੂੰ ਯੂਟਿਊਬ ’ਤੇ ਰਿਲੀਜ਼ ਕੀਤਾ ਜਾ ਰਿਹਾ ਹੈ। ਇਸ ਨਗਮੇ ਨੂੰ ਪੰਥਕ ਢਾਡੀ ਪਰੰਪਰਾ ਨਾਲ ਜੁੜੇ ਢਾਡੀ ਜੱਥੇ ਵੱਲੋਂ ਬੜੀ ਮਿਹਨਤ ਨਾਲ ਰਿਕਾਰਡ ਅਤੇ ਫ਼ਿਲਮਾਇਆ ਗਿਆ ਹੈ।
ਇਸ ਪੇਸ਼ਕਸ਼ ਨਾਲ ਸਿੱਖ ਕੌਮ ਦੇ ਵਿਦਵਾਨ ਅਤੇ ਪੰਥਕ ਢਾਡੀ ਗਿਆਨੀ ਸਰੂਪ ਸਿੰਘ ਕਡਿਆਣਾ ਦੇ ਸਾਗਿਰਦ ਜੁੜੇ ਹੋਏ ਹਨ। ਜੱਥੇ ਵਿੱਚ ਪੰਥਕ ਢਾਡੀ ਗਿਆਨੀ ਰਜਿੰਦਰ ਸਿੰਘ ਸਭਰਾ, ਢਾਡੀ ਮਨਪ੍ਰੀਤ ਸਿੰਘ ਸੇਵੀ, ਢਾਡੀ ਅੰਮ੍ਰਿਤਪਾਲ ਸਿੰਘ ਸਨੌਰ ਅਤੇ ਸਾਰੰਗੀ ਵਾਦਕ ਗੁਰਮੁੱਖ ਸਿੰਘ ਬੀ.ਏ. ਸ਼ਾਮਲ ਹਨ।
ਨਗਮੇ ਦੇ ਸੰਗੀਤ ਦੀ ਜ਼ਿੰਮੇਵਾਰੀ ਹਰਦੀਪ ਸਿੰਘ ਨੇ ਨਿਭਾਈ ਹੈ, ਜਦਕਿ ਗੁਰਪ੍ਰੀਤ ਸਿੰਘ ਵੀਡੀਓ ਡਾਇਰੈਕਟਰ, ਰਵੀ ਸੰਗਰੂਰ ਵੀਡੀਓ ਐਡੀਟਰ ਅਤੇ ਗੁਰਦੇਵ ਸਿੰਘ ਕੈਮਰਾਮੈਨ ਵਜੋਂ ਇਸ ਪ੍ਰੋਜੈਕਟ ਨਾਲ ਜੁੜੇ ਹਨ। ਜੱਥੇ ਅਨੁਸਾਰ ਪੂਰੀ ਟੀਮ ਨੇ ਨਗਮੇ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਸੰਗਤਾਂ ਤੱਕ ਪਹੁੰਚਾਉਣ ਲਈ ਰਿਕਾਰਡਿੰਗ ਤੋਂ ਲੈ ਕੇ ਵੀਡੀਓ ਫ਼ਿਲਮਾਂਕਣ ਤੱਕ ਵਿਸ਼ੇਸ਼ ਮਿਹਨਤ ਕੀਤੀ ਹੈ।
ਗਿਆਨੀ ਰਜਿੰਦਰ ਸਿੰਘ ਸਭਰਾ ਨੇ ਆਪਣੇ ਸੋਸ਼ਲ ਮੀਡੀਆ ਮੰਚ ’ਤੇ ਨਗਮੇ ਦਾ ਪੋਸਟਰ ਜਾਰੀ ਕਰਦਿਆਂ ਇਸ ਸਬੰਧੀ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਨੇ ਨਜ਼ਰਾਨਾ ਟਾਈਮਜ਼ ਨਾਲ ਫ਼ੋਨ ’ਤੇ ਗੱਲਬਾਤ ਕਰਦਿਆਂ ਆਪਣੇ ਉਸਤਾਦ ਗਿਆਨੀ ਸਰੂਪ ਸਿੰਘ ਕਡਿਆਣਾ ਦਾ ਵਿਸ਼ੇਸ਼ ਧੰਨਵਾਦ ਕੀਤਾ।
ਗਿਆਨੀ ਸਭਰਾ ਨੇ ਕਿਹਾ ਕਿ ਉਸਤਾਦ ਜੀ ਵੱਲੋਂ ਕਰਵਾਈ ਗਈ ਮਿਹਨਤ ਅਤੇ ਗੁਰੂ ਸਾਹਿਬ ਦੀ ਕਿਰਪਾ ਸਦਕਾ ਜੱਥਾ ਢਾਡੀ ਕਲਾ ਰਾਹੀਂ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਨ ਅਤੇ ਸਿੱਖ ਇਤਿਹਾਸ ਤੇ ਵਿਰਸੇ ਦੀ ਸਿਫ਼ਤ ਨੂੰ ਅੱਗੇ ਲਿਜਾਣ ਲਈ ਯਤਨਸ਼ੀਲ ਹੈ। ਉਨ੍ਹਾਂ ਕਿਹਾ ਕਿ ‘ਗੋਬਿੰਦ ਦਿਆਂ ਲਾਲਾਂ’ ਵੀ ਇਸੇ ਉਦੇਸ਼ ਨਾਲ ਤਿਆਰ ਕੀਤਾ ਗਿਆ ਹੈ।
ਉਨ੍ਹਾਂ ਦੇ ਅਨੁਸਾਰ ਢਾਡੀ ਪਰੰਪਰਾ ਸਿੱਖ ਇਤਿਹਾਸ, ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਅਤੇ ਪੰਥ ਦੇ ਮਹਾਨ ਵਿਰਸੇ ਨੂੰ ਸੰਗਤਾਂ ਤੱਕ ਪਹੁੰਚਾਉਣ ਦਾ ਅਹਿਮ ਮਾਧਿਅਮ ਰਹੀ ਹੈ। ਉਨ੍ਹਾਂ ਸਿੱਖ ਸੰਗਤਾਂ ਨੂੰ ਇਸ ਨਵੇਂ ਢਾਡੀ ਨਗਮੇ ਨੂੰ ਵੱਧ ਤੋਂ ਵੱਧ ਹੁੰਗਾਰਾ ਦੇਣ ਅਤੇ ਅੱਗੇ ਸਾਂਝਾ ਕਰਨ ਦੀ ਅਪੀਲ ਕੀਤੀ।
ਗਿਆਨੀ ਰਜਿੰਦਰ ਸਿੰਘ ਸਭਰਾ ਨੇ ਇਹ ਵੀ ਦੱਸਿਆ ਕਿ ਗੁਰਮਤਿ ਸਮਾਗਮਾਂ ਦੌਰਾਨ ਜੱਥੇ ਤੋਂ ਢਾਡੀ ਵਾਰਾਂ ਅਤੇ ਗੁਰ-ਇਤਿਹਾਸ ਸਰਵਣ ਕਰਨ ਲਈ ਪ੍ਰਬੰਧਕ ਜੱਥੇ ਨਾਲ ਮੋਬਾਈਲ ਨੰਬਰ +91 8567002522 ’ਤੇ ਸੰਪਰਕ ਕਰ ਸਕਦੇ ਹਨ।
‘ਗੋਬਿੰਦ ਦਿਆਂ ਲਾਲਾਂ’ ਦੀ ਰਿਲੀਜ਼ 23 ਸਤੰਬਰ 2026 ਨੂੰ ਯੂਟਿਊਬ ’ਤੇ ਕੀਤੀ ਜਾਵੇਗੀ।
Leave a Reply