ਸ਼ਹਾਦਤਾਂ ਨਾਲ ਭਰਿਆ ਜੂਨ ਮਹੀਨਾ...
- ਗੁਰਬਾਣੀ-ਇਤਿਹਾਸ
- 05 Jun, 2026 04:41 AM (Asia/Kolkata)
ਸ਼ਹਾਦਤਾਂ ਨਾਲ ਭਰਿਆ ਜੂਨ ਮਹੀਨਾ…
ਵੈਸੇ ਤਾਂ ਸਾਲ ਦੇ 365 ਦਿਨਾਂ 'ਚੋਂ ਹਰ ਦਿਨ ਹੀ ਸਿੱਖਾਂ ਨੇ ਸ਼ਾਨਾਮੱਤਾ ਇਤਿਹਾਸ ਸਿਰਜਿਆ ਹੈ ਤੇ ਸਿੱਖ ਇਤਿਹਾਸ ਦੇ ਪੰਨਿਆਂ ਵਿੱਚ ਹਰ ਦਿਨ ਸ਼ਹਾਦਤਾਂ ਨਾਲ਼ ਜੁੜਿਆ ਹੋਇਆ ਹੈ ਪਰ ਜੂਨ ਮਹੀਨਾ ਸਿੱਖ ਕੌਮ ਲਈ ਵੱਡੀ ਮਹੱਤਤਾ ਰੱਖਦਾ ਹੈ। ਸ਼ਹੀਦਾਂ ਦੇ ਸਿਰਤਾਜ, ਬਾਣੀ ਦੇ ਬੋਹਿਥ, ਪੰਜਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਤੱਤੀ ਤਵੀ 'ਤੇ ਬਹਿ ਕੇ, ਸਰੀਰ 'ਤੇ ਗਰਮ ਰੇਤਾ ਪਵਾ ਕੇ ਸ਼ਾਂਤਮਈ ਸ਼ਹਾਦਤ ਦਿੰਦਿਆਂ ਸਿੱਖ ਕੌਮ 'ਚ ਸ਼ਹਾਦਤਾਂ ਦਾ ਬੀਅ ਬੀਜਿਆ ਸੀ ਜਿਸ ਨਾਲ਼ ਧਰਮ ਦੀ ਰਾਖੀ, ਪੰਥ ਦੀ ਚੜ੍ਹਦੀ ਕਲਾ, ਜ਼ੁਲਮ ਦੇ ਖ਼ਿਲਾਫ਼, ਹਲੇਮੀ ਰਾਜ ਦੀ ਸਥਾਪਨਾ ਤੇ ਸਰਬੱਤ ਦੇ ਭਲੇ ਲਈ ਸਿੱਖਾਂ 'ਚ ਸ਼ਹਾਦਤਾਂ ਦਾ ਦੌਰ ਸ਼ੁਰੂ ਹੋ ਗਿਆ ਸੀ।
ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਥਾਪੜੇ ਸਦਕਾ ਮੁਗ਼ਲੀਆ ਸਲਤਨਤ ਨਾਲ਼ ਟੱਕਰ ਲੈ ਕੇ ਖ਼ਾਲਸਾ ਰਾਜ ਦੀ ਸਥਾਪਨਾ ਕਰਨ ਵਾਲੇ ਪਹਿਲੇ ਸਿੱਖ ਬਾਦਸ਼ਾਹ ਬਾਬਾ ਬੰਦਾ ਸਿੰਘ ਜੀ ਬਹਾਦਰ ਦੀ ਅਦੁੱਤੀ ਸ਼ਹਾਦਤ ਜੂਨ ਮਹੀਨੇ ਹੀ ਹੋਈ ਸੀ। ਜ਼ਾਲਮਾਂ ਵੱਲੋਂ ਕੌਮ ਦੇ ਇਸ ਜਰਨੈਲ ਦਾ ਮਾਸ ਜਮੂਰਾਂ ਨਾਲ਼ ਨੋਚਿਆ ਗਿਆ ਤੇ ਉਹਨਾਂ ਦੇ ਭੁਝੰਗੀ ਅਜੈ ਸਿੰਘ ਦਾ ਦਿਲ ਕੱਢ ਕੇ ਬਾਬਾ ਜੀ ਦੇ ਮੂੰਹ ਵਿੱਚ ਪਾਇਆ ਗਿਆ ਪਰ ਬਾਬਾ ਜੀ ਫਿਰ ਵੀ ਨਾ ਡੋਲ੍ਹੇ ਤੇ ਫ਼ਰੁੱਖ਼ਸੀਅਰ ਨੂੰ ਲਲਕਾਰਦੇ ਰਹੇ।
ਭਾਰਤੀ/ਹਿੰਦੂਤਵੀ ਹਕੂਮਤ ਵੱਲੋਂ ਸਿੱਖ ਕੌਮ ਉੱਤੇ ਤੀਜਾ ਘੱਲੂਘਾਰਾ ਵੀ ਜੂਨ ਮਹੀਨੇ ਦੇ ਪਹਿਲੇ ਹਫ਼ਤੇ ਹੀ ਵਪਰਾਇਆ ਗਿਆ ਸੀ ਜਿਸ ਵਿੱਚ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਪਵਿੱਤਰਤਾ ਦੀ ਰਾਖੀ ਕਰਦਿਆਂ ਵੀਹਵੀਂ ਸਦੀ ਦੇ ਮਹਾਨ ਸਿੱਖ, ਜਰਨੈਲਾਂ ਦੇ ਜਰਨੈਲ, ਦਮਦਮੀ ਟਕਸਾਲ ਦੇ ਚੌਦ੍ਹਵੇਂ ਮੁਖੀ ਸੰਤ ਬਾਬਾ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲ਼ਿਆਂ, ਫੈਡਰੇਸ਼ਨ ਦੇ ਪ੍ਰਧਾਨ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਖ਼ਾਲਸਾ, ਮੇਜਰ ਜਨਰਲ ਸ਼ਾਬੇਗ ਸਿੰਘ ਜੀ ਅਤੇ ਬਾਬਾ ਠਾਹਰਾ ਸਿੰਘ ਜੀ ਦੀ ਅਗਵਾਈ ਵਿੱਚ ਭਾਰਤੀ ਫ਼ੌਜਾਂ ਵਿਰੁੱਧ ਜੂਝਦਿਆਂ ਸਿੰਘਾਂ-ਸਿੰਘਣੀਆਂ ਨੇ ਸ਼ਹਾਦਤਾਂ ਪਾਈਆਂ ਤੇ ਚਮਕੌਰ ਦੀ ਗੜ੍ਹੀ ਵਾਂਗ ਵਿਲੱਖਣ ਇਤਿਹਾਸ ਨੂੰ ਜਨਮ ਦਿੱਤਾ। ਸ੍ਰੀ ਦਰਬਾਰ ਸਾਹਿਬ ਉੱਤੇ ਹੋਏ ਇਸ ਭਿਆਨਕ ਹਮਲੇ ਨਾਲ਼ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੇ ਨਿਰਣਾਇਕ ਬਚਨਾਂ ਅਨੁਸਾਰ ਸਿੱਖਾਂ ਦੇ ਵੱਖਰੇ ਮੁਲਕ ਖ਼ਾਲਿਸਤਾਨ ਦੀ ਨੀਂਹ ਰੱਖੀ ਗਈ।
1984 ਵਿੱਚ ਜੂਨ ਮਹੀਨੇ ਦੀ 1 ਤਰੀਕ ਨੂੰ ਬੱਬਰ ਖ਼ਾਲਸਾ ਦੇ ਭਾਈ ਮਹਿੰਗਾ ਸਿੰਘ ਅਤੇ ਦਮਦਮੀ ਟਕਸਾਲ ਦੇ ਭਾਈ ਰਾਮ ਸਿੰਘ ਦੇਗੀਆ (ਯੂ.ਪੀ.), ਭਾਈ ਬਾਜ਼ ਸਿੰਘ ਤਬਲਾਵਾਦਕ ਦੀਆਂ ਪਹਿਲੀਆਂ ਸ਼ਹਾਦਤਾਂ ਅਤੇ 10 ਜੂਨ ਨੂੰ ਭਾਈ ਮੇਜਰ ਸਿੰਘ ਨਾਗੋਕੇ, ਭਾਈ ਸਵਰਣ ਸਿੰਘ ਰੋਡੇ, ਭਾਈ ਦਲਬੀਰ ਸਿੰਘ ਅਭਿਆਸੀ ਅਤੇ ਭਾਈ ਰਾਮ ਸਿੰਘ ਚੁਲੱਧਾ ਦੀਆਂ ਸ੍ਰੀ ਦਰਬਾਰ ਸਾਹਿਬ ਦੀ ਰੱਖਿਆ ਲਈ ਆਖ਼ਰੀ ਸ਼ਹਾਦਤਾਂ ਹੋਈਆਂ ਸਨ।
ਜੂਨ 1984 ਘੱਲੂਘਾਰੇ ਦੇ ਦੋਸ਼ੀ ਚੀਫ਼ ਜਨਰਲ ਅਰੁਣ ਵੈਦਿਆ ਅਤੇ ਨਵੰਬਰ 1984 ਦੀ ਸਿੱਖ ਨਸਲਕੁਸ਼ੀ ਦੇ ਦੋਸ਼ੀ ਲਲਿਤ ਮਾਕਨ ਤੇ ਅਰਜਨ ਦਾਸ ਨੂੰ ਖ਼ਾਲਸਈ ਰਵਾਇਤਾਂ ਅਨੁਸਾਰ ਸੋਧਣ ਵਾਲੇ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਤੇ ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾ ਦੇ ਨੇੜਲੇ ਸਾਥੀ ਜੁਝਾਰੂ ਭਾਈ ਮਥੁਰਾ ਸਿੰਘ ਨੇ 30 ਜੂਨ 1987 ਨੂੰ ਖ਼ਾਲਿਸਤਾਨ ਦੀ ਅਜ਼ਾਦੀ ਲਈ ਹਥਿਆਰਬੰਦ ਸੰਘਰਸ਼ ਵਿੱਚ ਜੂਝਦਿਆਂ ਸ਼ਹਾਦਤ ਪ੍ਰਾਪਤ ਪਾਈ ਸੀ।
ਭਿੰਡਰਾਂਵਾਲਾ ਟਾਈਗਰ ਫੋਰਸ ਦੇ ਜਰਨੈਲ ਭਾਈ ਰਛਪਾਲ ਸਿੰਘ ਛੰਦੜਾ ਜਦੋਂ ਇੱਕ ਮੁਕਾਬਲੇ ਦੌਰਾਨ ਪੁਲੀਸ ਦੇ ਹੱਥ ਆ ਗਏ ਤਾਂ ਫਿਰ ਬੁੱਚੜ ਪੁਲਸੀਆਂ ਨੇ ਉਹਨਾਂ ਦੇ ਸਰੀਰ ਉੱਤੇ ਗਰਮ ਪ੍ਰੈੱਸਾਂ ਲਾ-ਲਾ ਕੇ ਉਹਨਾਂ ਦਾ ਮਾਸ ਸਾੜ ਦਿੱਤਾ, ਲੱਤਾਂ ਤੋੜ ਦਿੱਤੀਆਂ, ਗਰਮ ਸਲਾਖਾਂ ਨਾਲ ਅੱਖਾਂ ਕੱਢ ਦਿੱਤੀਆਂ ਪਰ ਫਿਰ ਵੀ ਉਹਨਾਂ ਨੇ ਆਪਣੇ ਸਾਥੀਆਂ ਦੀਆਂ ਠਾਹਰਾਂ ਅਤੇ ਹਥਿਆਰਾਂ ਬਾਰੇ ਕੱਖ ਨਾ ਦੱਸਿਆ ਤੇ ਤਸ਼ੱਦਦ ਝੱਲਦੇ ਹੋਏ 12 ਜੂਨ 1992 ਨੂੰ ਸ਼ਹੀਦੀ ਜਾਮ ਪੀ ਗਏ।
ਮੇਰੇ ਚਾਚਾ ਜੀ ਭਾਈ ਕਸ਼ਮੀਰ ਸਿੰਘ ਸ਼ੀਰਾ 'ਪੱਟੀ' (ਖ਼ਾਲਿਸਤਾਨ ਕਮਾਂਡੋ ਫੋਰਸ) ਨੇ ਵੀ ਮੌਜੂਦਾ ਸੰਘਰਸ਼ ਵਿੱਚ ਪੰਥ ਦੀ ਸੇਵਾ ਕਰਦਿਆਂ 30 ਜੂਨ 1993 ਨੂੰ ਅੱਤ ਦਾ ਜ਼ੁਲਮ ਝੱਲ ਕੇ ਤੇ ਪੁਲੀਸ ਦੀਆਂ ਗੋਲ਼ੀਆਂ ਛਾਤੀ ਉੱਤੇ ਖਾ ਕੇ ਤੇ 'ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ' ਦੇ ਜੈਕਾਰੇ ਅਤੇ 'ਖ਼ਾਲਿਸਤਾਨ ਜ਼ਿੰਦਾਬਾਦ' ਦੇ ਨਾਹਰੇ ਗਜਾਉਂਦਿਆਂ ਹੱਸ-ਹੱਸ ਸ਼ਹਾਦਤ ਪਾਈ ਸੀ।
ਸ੍ਰੀ ਦਰਬਾਰ ਸਾਹਿਬ ਸਮੂਹ ਵਿੱਚੋਂ ਖ਼ਾਲਿਸਤਾਨ ਦਾ ਦਸਤਾਵੇਜ਼ ਜਾਰੀ ਕਰਨ ਵਾਲੇ ਪੰਥਕ ਕਮੇਟੀ ਦੇ ਮੈਂਬਰ ਜਥੇਦਾਰ ਭਾਈ ਅਰੂੜ ਸਿੰਘ ਉਰਫ਼ ਭਾਈ ਗੁਰਦਿਆਲ ਸਿੰਘ ਡੱਲਾ (ਮੁਖੀ ਖ਼ਾਲਿਸਤਾਨ ਲਿਬਰੇਸ਼ਨ ਫੋਰਸ) ਦੀ ਸ਼ਹਾਦਤ ਵੀ ਜੂਨ ਮਹੀਨੇ ਹੋਈ। ਪੁਲਿਸ ਨੇ ਉਹਨਾਂ ਦੇ ਸਿਰ ਉੱਤੇ ਤਪਦਾ ਬਾਲਟਾ ਮੂਧਾ ਰੱਖ ਦਿੱਤਾ ਜਿਸ ਕਾਰਨ ਉਹਨਾਂ ਦਾ ਮਾਨਸਿਕ ਸੰਤੁਲਨ ਵਿਗੜ ਗਿਆ ਤੇ ਉਹ ਤਸ਼ੱਦਦ ਨਾ ਸਹਾਰਦਿਆਂ 30 ਜੂਨ 1993 ਨੂੰ ਸ਼ਹੀਦੀ ਪਾ ਗਏ।
ਇੰਗਲੈਂਡ ਵਿੱਚ 15 ਜੂਨ 2023 ਸ਼ਹੀਦ ਭਾਈ ਕੁਲਵੰਤ ਸਿੰਘ ਖੁਖਰਾਣਾ ਦੇ ਸਪੁੱਤਰ ਭਾਈ ਅਵਤਾਰ ਸਿੰਘ ਖੰਡਾ ਦੀ ਸ਼ਹਾਦਤ ਹੋਈ ਅਤੇ ਕੈਨੇਡਾ ਵਿੱਚ 18 ਜੂਨ 2023 ਨੂੰ ਜਥੇਦਾਰ ਭਾਈ ਹਰਦੀਪ ਸਿੰਘ ਨਿੱਝਰ (ਪ੍ਰਧਾਨ ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ/ਡੈਲਟਾ) ਦੀ ਸ਼ਹਾਦਤ ਹੋਈ ਜਿਸ ਨੇ ਪੂਰੀ ਦੁਨੀਆਂ ਵਿੱਚ ਇੱਕ ਵਾਰ ਫਿਰ ਖ਼ਾਲਿਸਤਾਨੀ ਸੰਘਰਸ਼ ਦੇ ਡੰਕੇ ਵਜਾ ਦਿੱਤੇ ਤੇ ਭਾਰਤ ਦਾ ਖ਼ੂਨੀ ਚਿਹਰਾ ਨੰਗਾ ਹੋਇਆ।
ਜੂਨ ਮਹੀਨੇ ਵਿੱਚ ਹੀ ਸ਼ਹੀਦ ਭਾਈ ਬਲਜਿੰਦਰ ਸਿੰਘ ਰਾਜੂ, ਸ਼ਹੀਦ ਬਾਬਾ ਰਣਜੀਤ ਸਿੰਘ ਦਿਆਲਗੜ੍ਹ, ਸ਼ਹੀਦ ਭਾਈ ਗੁਰਮੇਜ ਸਿੰਘ ਢਿਲਵਾਂ, ਸ਼ਹੀਦ ਭਾਈ ਮੱਖਣ ਸਿੰਘ ਛਿੱਥ, ਭਾਈ ਕੁਲਵੰਤ ਸਿੰਘ ਖੋਖਰ, ਸ਼ਹੀਦ ਭਾਈ ਜੋਗਿੰਦਰ ਸਿੰਘ ਕੰਡਾ, ਸ਼ਹੀਦ ਭਾਈ ਸੁਖਜਿੰਦਰ ਸਿੰਘ ਜੱਬੋਵਾਲ, ਸ਼ਹੀਦ ਭਾਈ ਜਸ਼ਜੀਤ ਸਿੰਘ ਜੰਮੂ, ਸ਼ਹੀਦ ਭਾਈ ਜਗਰੂਪ ਸਿੰਘ ਕਾਲਖ, ਸ਼ਹੀਦ ਬੀਬੀ ਹਰਪ੍ਰੀਤ ਕੌਰ ਰਾਣੋ, ਸ਼ਹੀਦ ਭਾਈ ਮਨਜਿੰਦਰ ਸਿੰਘ ਨਾਨਕ, ਸ਼ਹੀਦ ਭਾਈ ਅਰਵਿੰਦਰਜੀਤ ਸਿੰਘ ਗੋਲਡੀ, ਸ਼ਹੀਦ ਭਾਈ ਜਗਦੀਸ਼ ਸਿੰਘ ਦੀਸ਼ਾ ਜਹੂਰਾ, ਸ਼ਹੀਦ ਭਾਈ ਸੁਰਜੀਤ ਸਿੰਘ ਬਹਿਲਾ, ਸ਼ਹੀਦ ਬੀਬੀ ਉਪਕਾਰ ਕੌਰ ਕਰਨਾਲ, ਸ਼ਹੀਦ ਬੀਬੀ ਪਰਮਜੀਤ ਕੌਰ ਸੰਧੂ ਤੇ ਸ਼ਹੀਦ ਬੀਬੀ ਰਵਿੰਦਰ ਕੌਰ ਰਾਣੋ ਆਦਿ ਦੀ ਸ਼ਹਾਦਤ ਹੋਈ ਸੀ। ਜੂਨ ਮਹੀਨੇ ਵਿੱਚ ਵੱਖ-ਵੱਖ ਸਾਲਾਂ ਵਿੱਚ ਪੁਰਾਤਨ ਸਿੱਖ ਇਤਿਹਾਸ ਅਤੇ ਅਜੋਕੇ ਸਿੱਖ ਸੰਘਰਸ਼ ਵਿੱਚ ਦਸ ਹਜ਼ਾਰ ਤੋਂ ਵੀ ਵੱਧ ਸ਼ਹਾਦਤਾਂ ਹੋਈਆਂ ਹਨ। ਇਹ ਜੂਨ ਮਹੀਨਾ ਸ਼ਹਾਦਤਾਂ ਨਾਲ ਹੀ ਭਰਿਆ ਪਿਆ ਹੈ, ਸਮੁੱਚੇ ਸ਼ਹੀਦਾਂ ਨੂੰ ਸਾਡਾ ਖ਼ਾਲਸਈ ਪ੍ਰਣਾਮ ਹੈ।
ਰਣਜੀਤ ਸਿੰਘ ਦਮਦਮੀ ਟਕਸਾਲ
(ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ)
ਮੋ: 8872293883.
Leave a Reply