ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਵੱਲੋਂ ਸਰਹਾਲੀ–ਚੋਹਲਾ ਸਾਹਿਬ ਸੜਕ ’ਤੇ ਲਗਾਏ ਗਏ ਪੌਦੇ

ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਵੱਲੋਂ ਸਰਹਾਲੀ–ਚੋਹਲਾ ਸਾਹਿਬ ਸੜਕ ’ਤੇ ਲਗਾਏ ਗਏ ਪੌਦੇ

ਡੇਢ ਲੱਖ ਪੌਦੇ ਲਗਾਉਣ ਦਾ ਮਿਥਿਆ ਗਿਆ ਟੀਚਾ-ਸੰਤ ਬਾਬਾ ਸੁੱਖਾ ਸਿੰਘ ਜੀ
ਸੰਗਤਾਂ ਨੇ ਉਤਸ਼ਾਹਪੂਰਵਕ ਸੇਵਾ ਵਿੱਚ ਲਿਆ ਹਿੱਸਾ

ਰਾਕੇਸ਼ ਨਈਅਰ
ਚੋਹਲਾ ਸਾਹਿਬ/ਤਰਨਤਾਰਨ, 3 ਅਗਸਤ

ਵਾਤਾਵਰਨ ਦੀ ਸੰਭਾਲ ਅਤੇ ਧਰਤੀ ਨੂੰ ਹਰਿਆ-ਭਰਿਆ ਬਣਾਉਣ ਦੇ ਉਦੇਸ਼ ਨਾਲ ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਵੱਲੋਂ ਅੱਜ ਸਰਹਾਲੀ ਸਾਹਿਬ ਤੋਂ ਚੋਹਲਾ ਸਾਹਿਬ ਨੂੰ ਜਾਂਦੀ ਲਿੰਕ ਸੜਕ ਦੇ ਦੋਵੇਂ ਪਾਸਿਆਂ ਪੌਦੇ ਲਗਾਉਣ ਦੀ ਸੇਵਾ ਕੀਤੀ ਗਈ।ਇਸ ਸੇਵਾ ਦੌਰਾਨ ਸੰਪਰਦਾਇ ਦੇ ਮੁਖੀ ਸੰਤ ਬਾਬਾ ਸੁੱਖਾ ਸਿੰਘ ਜੀ ਨੇ ਸੰਗਤਾਂ ਨਾਲ ਮਿਲ ਕੇ ਖ਼ੁਦ ਪੌਦੇ ਲਗਾਏ ਅਤੇ ਉਨ੍ਹਾਂ ਦੀ ਸੰਭਾਲ ਕਰਨ ਲਈ ਵੀ ਪ੍ਰੇਰਿਤ ਕੀਤਾ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੰਤ ਬਾਬਾ ਸੁੱਖਾ ਸਿੰਘ ਜੀ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਬਰਸਾਤ ਦੇ ਮੌਸਮ ਦੌਰਾਨ ਸੰਗਤਾਂ ਦੇ ਸਹਿਯੋਗ ਨਾਲ ਡੇਢ ਲੱਖ ਪੌਦੇ ਲਗਾਉਣ ਦਾ ਟੀਚਾ ਮਿਥਿਆ ਗਿਆ ਹੈ।ਉਨ੍ਹਾਂ ਕਿਹਾ ਕਿ ਸਰਹਾਲੀ ਸਾਹਿਬ–ਚੋਹਲਾ ਸਾਹਿਬ ਮਾਰਗ ਉੱਤੇ ਫਲਦਾਰ, ਛਾਂਦਾਰ ਅਤੇ ਫੁੱਲਦਾਰ ਕਿਸਮਾਂ ਦੇ ਪੌਦੇ ਲਗਾਏ ਜਾ ਰਹੇ ਹਨ, ਤਾਂ ਜੋ ਆਉਣ ਵਾਲੇ ਸਮੇਂ ਵਿੱਚ ਇਹ ਮਾਰਗ ਹਰਿਆਵਲ ਅਤੇ ਸੁੰਦਰਤਾ ਦਾ ਪ੍ਰਤੀਕ ਬਣ ਸਕੇ।
ਉਨ੍ਹਾਂ ਦੱਸਿਆ ਕਿ ਇਹ ਮਾਰਗ ਧਾਰਮਿਕ ਅਤੇ ਇਤਿਹਾਸਕ ਪੱਖੋਂ ਵੀ ਵਿਸ਼ੇਸ਼ ਮਹੱਤਤਾ ਰੱਖਦਾ ਹੈ,ਕਿਉਂਕਿ ਇਸੇ ਪਵਿੱਤਰ ਰਸਤੇ ਰਾਹੀਂ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਸਰਹਾਲੀ ਸਾਹਿਬ ਤੋਂ ਚੱਲ ਕੇ ਚੋਹਲਾ ਸਾਹਿਬ ਪਹੁੰਚੇ ਸਨ। ਗੁਰੂ ਸਾਹਿਬ ਦੀ ਚੋਹਲਾ ਸਾਹਿਬ ਆਮਦ ਦੀ ਯਾਦ ਵਿੱਚ ਹਰ ਸਾਲ 4 ਹਾੜ ਨੂੰ ਸਜਾਏ ਜਾਂਦੇ ਨਗਰ ਕੀਰਤਨ ਦੌਰਾਨ ਵੱਡੀ ਗਿਣਤੀ ਵਿੱਚ ਸੰਗਤਾਂ ਇਸ ਮਾਰਗ ਰਾਹੀਂ ਪੈਦਲ ਸਫ਼ਰ ਕਰਦੀਆਂ ਹਨ। ਰੁੱਖਾਂ ਦੀ ਛਾਂ ਨਾਲ ਸੰਗਤਾਂ ਅਤੇ ਰਾਹਗੀਰਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ।
ਸੰਤ ਬਾਬਾ ਸੁੱਖਾ ਸਿੰਘ ਜੀ ਨੇ ਕਿਹਾ ਕਿ ਪੌਦੇ ਲਗਾਉਣ ਦੀ ਇਹ ਮੁਹਿੰਮ ਪੂਰਾ ਅਗਸਤ ਮਹੀਨਾ ਜਾਰੀ ਰਹੇਗੀ।ਰੋਜ਼ਾਨਾ ਵੱਖ-ਵੱਖ ਪਿੰਡਾਂ ਅਤੇ ਨਗਰਾਂ ਦੀਆਂ ਸੰਗਤਾਂ ਸੇਵਾ ਵਿੱਚ ਹਾਜ਼ਰੀ ਭਰ ਰਹੀਆਂ ਹਨ।ਉਨ੍ਹਾਂ ਸੰਗਤਾਂ ਨੂੰ ਆਪਣੇ ਘਰਾਂ, ਖੇਤਾਂ ਅਤੇ ਸਾਂਝੀਆਂ ਥਾਵਾਂ ਉੱਤੇ ਵੱਧ ਤੋਂ ਵੱਧ ਪੌਦੇ ਲਗਾ ਕੇ ਉਨ੍ਹਾਂ ਦੀ ਨਿਰੰਤਰ ਦੇਖਭਾਲ ਕਰਨ ਦੀ ਅਪੀਲ ਵੀ ਕੀਤੀ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.