ਜਦੋਂ ਪਿੰਡ ਮਨੈਲਾ ਦੇ ਗੁ: ਘਰ ਚ ਬੀਬੀਆਂ ਨੂੰ ਮੋਦੀ ਵੱਲੋਂ 2500 ਰੁਪਏ ਰੱਖੜੀ ਸ਼ਗਨ ਦੇਣ ਦੀ ਝੂਠੀ ਅਨਾਉਂਸਮੈਂਟ ਕੀਤੀ
- ਰਾਜਨੀਤੀ
- 04 Aug, 2026 06:34 AM (Asia/Kolkata)
ਖਮਾਣੋ,4 ਅਗਸਤ , ( ਪੱਤਰ ਪ੍ਰੇਰਕ)- ਪਿੰਡ ਮਨੈਲਾ ਦੇ ਗੁਰਦੁਆਰਾ ਸਾਹਿਬ ਵਿਖੇ ਪਿੰਡ ਧਨੌਲੇ ਦੀ ਇੱਕ ਔਰਤ ਵੱਲੋਂ ਗੁਰਦੁਆਰਾ ਸਾਹਿਬ ਵਿਖੇ ਅਨਾਊਂਸਮੈਂਟ ਕਰਵਾਈ ਗਈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਹਰ ਔਰਤ ਨੂੰ ਸ਼ਗਨ ਵਜੋਂ 2500 ਰੁਪਏ ਦੀ ਨਗਦੀ ਦਿੱਤੀ ਜਾਣੀ ਹੈ ਇਸ ਲਈ ਆਪਣੇ ਆਪਣੇ ਆਧਾਰ ਕਾਰਡ ਲੈ ਕੇ ਗੁਰਦੁਆਰਾ ਸਾਹਿਬ ਪਹੁੰਚੋ ਜਿਵੇਂ ਹੀ ਉਕਤ ਅਨਾਊਂਸਮੈਂਟ ਪਿੰਡ ਮਨੈਲਾ ਦੀਆਂ ਔਰਤਾਂ ਨੇ ਸੁਣੀ ਤਾਂ ਵੱਡੀ ਗਿਣਤੀ 'ਚ ਔਰਤਾਂ ਗੁਰਦੁਆਰਾ ਸਾਹਿਬ ਵਿਖੇ ਇਕੱਤਰ ਹੋਣੀਆਂ ਸ਼ੁਰੂ ਹੋ ਗਈਆਂ। ਇਸ ਉਪਰੰਤ ਸਿੱਖੀ ਪ੍ਰਚਾਰ ਮਿਸ਼ਨ ਦੇ ਪ੍ਰਧਾਨ ਸਤਵਿੰਦਰ ਸਿੰਘ ਮਨੈਲਾ ਗੁਰਦੁਆਰਾ ਸਾਹਿਬ ਪਹੁੰਚੇ ਤਾਂ ਉਸਨੇ ਉਕਤ ਔਰਤ ਕੋਲੋਂ ਜੋ ਪਿੰਡ ਧਨੌਲਾ ਦੀ ਰਹਿਣ ਵਾਲੀ ਸੀ ਅਨਾਊਂਸਮੈਂਟ ਕਰਨ ਦਾ ਕਾਰਨ ਪੁੱਛਿਆ ਤਾਂ ਉਕਤ ਔਰਤ ਕੋਈ ਪੁਖਤਾ ਜਵਾਬ ਨਹੀਂ ਦੇ ਸਕੀ ਤੇ ਸਿਰਫ ਇਨਾ ਹੀ ਕਿਹਾ ਕਿ ਔਰਤਾਂ ਨੂੰ ਸੰਬੋਧਨ ਕਰਨ ਲਈ ਬੀ.ਜੇ.ਪੀ ਵੱਲੋ ਹਲਕੇ ਦੇ ਇੰਚਾਰਜ ਕੁਲਦੀਪ ਸਿੰਘ ਸਿੱਧੂ ਪੁਰ ਪਹੁੰਚ ਰਹੇ ਹਨ। ਸਤਵਿੰਦਰ ਸਿੰਘ ਮਨੈਲਾ ਨੇ ਕਿਹਾ ਕਿ ਗੁਰਦੁਆਰਾ ਸਾਹਿਬ ਵਿੱਚੋਂ ਉਕਤ ਔਰਤ ਵੱਲੋਂ ਅਨਾਉਂਸਮੈਂਟ ਕਰਵਾਈ ਗਈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਔਰਤਾਂ ਲਈ ਰੱਖੜੀ ਦੀ ਸ਼ਗਨ ਸਕੀਮ ਰਾਹੀ ਹਰ ਔਰਤ ਨੂੰ 2500 ਰੁਪਏ ਦਿੱਤਾ ਜਾਣਾ ਜਿਸ ਕਰਕੇ ਔਰਤਾਂ ਆਪਣੇ ਆਧਾਰ,ਪੈਨ ਕਾਰਡ ਤੇ ਬੈਂਕ ਦੀ ਕਾਪੀ ਲੈ ਕੇ ਗੁਰਦੁਆਰਾ ਸਾਹਿਬ ਪਹੁੰਚਣ ਜਦੋਂ ਕਿ ਅਜਿਹਾ ਕੁਝ ਵੀ ਨਹੀਂ ਸੀ। ਮਨੈਲਾ ਨੇ ਦੱਸਿਆ ਕਿ ਬਾਅਦ ਵਿੱਚ ਪਤਾ ਲਗਾਇਆ ਕਿ ਅਜਿਹੀ ਕੋਈ ਵੀ ਸਕੀਮ ਕੇਂਦਰ ਸਰਕਾਰ ਵਲੋਂ ਨਹੀਂ ਲਾਗੂ ਕੀਤੀ ਗਈ ਤਾਂ ਫਿਰ ਇੱਕਠ ਕਰਨ ਲਈ ਲੋਕਾਂ ਵਿੱਚ ਭਰਮ ਪੈਦਾ ਕਿਉਂ ਕਿਤੇ ਜਾ ਰਹੇ ਹਨ। ਉਨਾਂ ਕਿਹਾ ਕਿ ਰਾਜਨੀਤੀ ਵਿਚਾਰਾਂ ਅਤੇ ਕੰਮਾਂ ਦੇ ਆਧਾਰ 'ਤੇ ਹੋਣੀ ਚਾਹੀਦੀ ਹੈ, ਨਾ ਕਿ ਅਜਿਹੇ ਦਾਅਵਿਆਂ ਦੇ ਆਧਾਰ 'ਤੇ ਜਿਨ੍ਹਾਂ ਨਾਲ ਲੋਕਾਂ ਨੂੰ ਗਲਤਫ਼ਹਿਮੀ ਵਿੱਚ ਪਾਇਆ ਜਾਵੇ।
ਉਨਾਂ ਸਮੂਹ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ-ਆਪਣੇ ਪਿੰਡਾਂ,ਵਾਰਡਾਂ ਅਤੇ ਮਹੱਲਿਆਂ ਵਿੱਚ ਸੁਚੇਤ ਰਹਿਣ ਕਿਉਂਕਿ ਕੋਈ ਅਣਅਧਿਕਾਰਤ ਵਿਅਕਤੀ ਉਹਨਾਂ ਦਾ ਡਾਟਾ ਲੈ ਕੇ ਉਸਨੂੰ ਗਲਤ ਤਰੀਕੇ ਨਾਲ ਵਰਤ ਸਕਦਾ ਹੈ। ਜੇ ਕੋਈ ਵਿਅਕਤੀ ਕਿਸੇ ਝੂਠੇ ਜਾਂ ਅਪ੍ਰਮਾਣਿਤ ਦਾਅਵੇ ਦੇ ਆਧਾਰ 'ਤੇ ਲੋਕਾਂ ਨੂੰ ਇਕੱਠ ਕਰਨ ਜਾਂ ਗੁਮਰਾਹ ਕਰਨ ਦੀ ਕੋਸ਼ਿਸ਼ ਕਰੇ, ਤਾਂ ਉਸ ਤੋਂ ਤੁਰੰਤ ਪੁੱਛੋ ਕਿ ਉਹ ਕਿਸ ਸਰਕਾਰੀ ਹੁਕਮ ਜਾਂ ਸਕੀਮ ਦੇ ਆਧਾਰ 'ਤੇ ਇਹ ਜਾਣਕਾਰੀ ਦੇ ਰਿਹਾ ਹੈ ਅਤੇ ਲੋਕਾਂ ਨੂੰ ਸਹੀ ਤੱਥਾਂ ਤੋਂ ਜਾਣੂ ਕਰਵਾਓ। ਜਾਗਰੂਕ ਸਮਾਜ ਹੀ ਝੂਠੇ ਪ੍ਰਚਾਰ ਨੂੰ ਰੋਕ ਸਕਦਾ ਹੈ। ਕਿਉਂਕਿ ਕਿਸੇ ਵੀ ਸਿਆਸੀ ਨੇਤਾ ਦੇ ਨਾਮ ਤੇ ਕੋਈ ਗਲਤ ਵਿਅਕਤੀ ਵੀ ਗੁਰੂ ਘਰ 'ਚ ਆ ਕੇ ਲੋਕਾਂ ਕੋਲੋਂ ਡਾਟਾ ਇਕੱਤਰ ਕਰਕੇ ਉਸ ਦੀ ਗਲਤ ਵਰਤੋਂ ਕਰ ਸਕਦਾ ਹੈ ਜਿਸ ਕਰਕੇ ਉਨ੍ਥਾਂ ਸਥਾਨਕ ਪਿੰਡ ਦੀਆਂ ਔਰਤਾਂ ਤੇ ਪਿੰਡ ਵਾਸੀਆਂ ਨੂੰ ਸੁਚੇਤ ਕੀਤਾ। ਜਦੋਂ ਇਸ ਸਬੰਧੀ ਬੀ.ਜੇ.ਪੀ ਦੇ ਹਲਕਾ ਇੰਚਾਰਜ ਕੁਲਦੀਪ ਸਿੰਘ ਸਿੱਧੂਪੁਰ ਨਾਲ ਗੱਲ ਕੀਤੀ ਤਾਂ ਉਹਨਾਂ ਦੱਸਿਆ ਕਿ ਉਹਨਾਂ ਨੇ ਅਜਿਹੀ ਕਿਸੇ ਵੀ ਔਰਤ ਨੂੰ ਪਿੰਡ ਮਨੈਲਾ 'ਚ ਅਨਾਊਂਸਮੈਂਟ ਕਰਨ ਲਈ ਨਹੀਂ ਭੇਜਿਆ। ਸਗੋਂ ਬੀ.ਜੇ.ਪੀ ਦੀਆਂ ਨੀਤੀਆਂ ਘਰ ਘਰ ਪੁੱਜਦੀਆਂ ਕਰਨ ਓਹ ਪਿੰਡ ਪਿੰਡ ਜਾਕੇ ਲਗਾਤਾਰ ਮਿਹਨਤ ਕਰ ਰਹੇ ਹਨ ਹਰ ਪਿੰਡ ਦੇ ਵਿੱਚ ਜਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਪ੍ਰੰਤੂ ਰੱਖੜੀ ਸਬੰਧੀ ਕੋਈ ਅਜਿਹੀ ਸਕੀਮ ਕੇਂਦਰ ਸਰਕਾਰ ਵੱਲੋਂ ਜਾਰੀ ਨਹੀਂ ਕੀਤੀ ਗਈ।
Leave a Reply