ਦਿਵਾਲੀ ਤੋਹਫ਼ਾ - ਕੇਂਦਰੀ ਕਰਮਚਾਰੀਆਂ ਅਤੇ ਪੈਨਸ਼ਨਰਾਂ ਦੇ ਮਹਿੰਗਾਈ ਭੱਤੇ ਵਿੱਚ 3 ਫ਼ੀਸਦੀ ਦਾ ਵਾਧਾ
- ਰਾਸ਼ਟਰੀ
- (Asia/Kolkata)
ਬਿੰਦਰ ਸਿੰਘ ਖੁੱਡੀ ਕਲਾਂ
ਕੇਂਦਰੀ ਮੰਤਰੀ ਮੰਡਲ ਨੇ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਲਈ ਮਹਿੰਗਾਈ ਭੱਤੇ ਅਤੇ ਪੈਨਸ਼ਨਰਾਂ ਲਈ ਮਹਿੰਗਾਈ ਰਾਹਤ 'ਚ 3 ਫ਼ੀਸਦੀ ਵਾਧਾ ਕਰਨ ਦੇ ਵੱਡੇ ਫ਼ੈਸਲੇ ਨੂੰ ਹਰੀ ਝੰਡੀ ਦੇ ਦਿੱਤੀ ਹੈ। ਇਹ ਨਵੀਂ ਦਰ 1 ਜੁਲਾਈ 2026 ਤੋਂ ਲਾਗੂ ਮੰਨੀ ਜਾਵੇਗੀ, ਜਿਸ ਨਾਲ ਲੰਬੇ ਸਮੇਂ ਤੋਂ ਇਸ ਐਲਾਨ ਦੀ ਉਡੀਕ ਕਰ ਰਹੇ ਲੱਖਾਂ ਮੁਲਾਜ਼ਮ ਪਰਿਵਾਰਾਂ ਨੂੰ ਤਿਉਹਾਰਾਂ ਦੇ ਮੌਸਮ ਤੋਂ ਠੀਕ ਪਹਿਲਾਂ ਵੱਡੀ ਰਾਹਤ ਮਿਲੀ ਹੈ।
ਇਸ ਫ਼ੈਸਲੇ ਨਾਲ ਕੇਂਦਰ ਸਰਕਾਰ ਦੇ 48.54 ਲੱਖ ਮੌਜੂਦਾ ਕਰਮਚਾਰੀਆਂ ਅਤੇ 68.71 ਲੱਖ ਤੋਂ ਵੱਧ ਪੈਨਸ਼ਨਰਾਂ ਸਮੇਤ ਕੁੱਲ 1.16 ਕਰੋੜ ਤੋਂ ਵੱਧ ਲਾਭਪਾਤਰੀਆਂ ਨੂੰ ਸਿੱਧਾ ਵਿੱਤੀ ਲਾਭ ਪਹੁੰਚੇਗਾ। ਇਸ 3 ਫ਼ੀਸਦੀ ਵਾਧੇ ਤੋਂ ਬਾਅਦ ਹੁਣ ਮਹਿੰਗਾਈ ਭੱਤਾ ਅਤੇ ਮਹਿੰਗਾਈ ਰਾਹਤ ਦੀ ਕੁੱਲ ਦਰ ਮੂਲ ਤਨਖਾਹ ਅਤੇ ਪੈਨਸ਼ਨ ਦਾ 60 ਫ਼ੀਸਦੀ ਤੋਂ ਵਧ ਕੇ 63 ਫ਼ੀਸਦੀ ਹੋ ਗਈ ਹੈ। ਜੁਲਾਈ 2026 ਤੋਂ ਅਕਤੂਬਰ 2026 ਤੱਕ ਦੇ 4 ਮਹੀਨਿਆਂ ਦਾ ਬਕਾਇਆ ਵੀ ਮੁਲਾਜ਼ਮਾਂ ਨੂੰ ਆਉਣ ਵਾਲੀ ਤਨਖਾਹ ਨਾਲ ਮਿਲੇਗਾ।ਜਿਸ ਨਾਲ ਉਨ੍ਹਾਂ ਦੀ ਮਾਸਿਕ ਆਮਦਨ ਵਿੱਚ ਚੰਗਾ ਵਾਧਾ ਹੋਵੇਗਾ।
ਵਰਨਣਯੋਗ ਹੈ ਕਿ ਸਰਕਾਰ ਵਲੋਂ ਸਾਲ ਵਿੱਚ ਦੋ ਵਾਰ ਜਨਵਰੀ ਅਤੇ ਜੁਲਾਈ ਦੌਰਾਨ ਆਲ ਇੰਡੀਆ ਕੰਜ਼ਿਊਮਰ ਪ੍ਰਾਈਸ ਇੰਡੈਕਸ ਦੇ ਅੰਕੜਿਆਂ ਦੇ ਆਧਾਰ 'ਤੇ ਮਹਿੰਗਾਈ ਭੱਤੇ ਦੀ ਸਮੀਖਿਆ ਕੀਤੀ ਜਾਂਦੀ ਹੈ। ਮਹਿੰਗਾਈ ਭੱਤਾ ਸਰਕਾਰੀ ਸੇਵਾ ਵਿੱਚ ਤਾਇਨਾਤ ਮੁਲਾਜ਼ਮਾਂ ਨੂੰ ਵੱਧ ਰਹੀ ਮਹਿੰਗਾਈ ਦੇ ਪ੍ਰਭਾਵ ਤੋਂ ਬਚਾਉਣ ਲਈ ਦਿੱਤਾ ਜਾਂਦਾ ਹੈ, ਜਦੋਂ ਕਿ ਮਹਿੰਗਾਈ ਰਾਹਤ ਦੀ ਵਿਵਸਥਾ ਸੇਵਾਮੁਕਤ ਪੈਨਸ਼ਨਰਾਂ ਦੀ ਆਰਥਿਕ ਸੁਰੱਖਿਆ ਲਈ ਕੀਤੀ ਜਾਂਦੀ ਹੈ। ਇਸ ਨਵੇਂ ਵਾਧੇ ਨਾਲ ਸਰਕਾਰੀ ਖਜ਼ਾਨੇ 'ਤੇ ਸਾਲਾਨਾ ਕਰੋੜਾਂ ਰੁਪਏ ਦਾ ਵਾਧੂ ਵਿੱਤੀ ਬੋਝ ਪਵੇਗਾ, ਪਰ ਇਸ ਨਾਲ ਕਰਮਚਾਰੀਆਂ ਦੀ ਖਰੀਦ ਸ਼ਕਤੀ ਵਿੱਚ ਵਾਧਾ ਹੋਵੇਗਾ।
Leave a Reply