ਸਿੱਖੋ! ਮੋਗਾ ਗੋਲ਼ੀ ਕਾਂਡ ਨੂੰ ਭੁੱਲ ਨਾ ਜਾਇਓ...
- ਗੁਰਬਾਣੀ-ਇਤਿਹਾਸ
- 25 Apr, 2026 11:54 PM (Asia/Kolkata)
ਸਿੱਖੋ! ਮੋਗਾ ਗੋਲ਼ੀ ਕਾਂਡ ਨੂੰ ਭੁੱਲ ਨਾ ਜਾਇਓ...
ਮਾਰਚ 1984 'ਚ ਪੰਜਾਬ ਪੁਲੀਸ ਨੇ ਦਮਦਮੀ ਟਕਸਾਲ ਦੇ ਚੌਦ੍ਹਵੇਂ ਮੁਖੀ ਸੰਤ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਦੇ ਵੱਡੇ ਭਰਾ ਭਾਈ ਜਗਜੀਤ ਸਿੰਘ ਰੋਡੇ ਨੂੰ ਗ੍ਰਿਫ਼ਤਾਰ ਕਰ ਲਿਆ ਤੇ ਸੰਗਰੂਰ ਜੇਲ੍ਹ ਦੀਆਂ ਸਲਾਖਾਂ ਪਿੱਛੇ ਡੱਕ ਦਿੱਤਾ। ਖ਼ਾਲਸਾ ਪੰਥ ਨੇ ਉਹਨਾਂ ਦੀ ਰਿਹਾਈ ਲਈ ਮੋਗਾ ਸ਼ਹਿਰ ਦੇ 'ਗੁਰਦੁਆਰਾ ਬੀਬੀ ਕਾਹਨ ਕੌਰ' ਵਿਖੇ ਮੋਰਚਾ ਲਾ ਦਿੱਤਾ ਜਿੱਥੇ ਸੰਗਤਾਂ ਦਾ ਬੜਾ ਭਾਰੀ ਠਾਠਾਂ ਮਾਰਦਾ ਇਕੱਠ ਸੀ। ਇਸ ਤਰ੍ਹਾਂ ਮੋਗਾ ਵੀ ਸ੍ਰੀ ਅੰਮ੍ਰਿਤਸਰ ਵਿੱਚ ਲੱਗੇ ਧਰਮ ਯੁੱਧ ਮੋਰਚੇ ਵਾਂਗ ਪੰਥਕ ਸਰਗਰਮੀਆਂ ਦਾ ਕੇਂਦਰ ਬਣ ਗਿਆ। ਸੰਤ ਜਰਨੈਲ ਸਿੰਘ ਭਿੰਡਰਾਂਵਾਲ਼ਿਆਂ ਦੇ ਪਿਤਾ ਬਾਪੂ ਜੋਗਿੰਦਰ ਸਿੰਘ ਜੀ ਰੋਡੇ ਇਸ ਮੋਰਚੇ ਦੀ ਅਗਵਾਈ ਕਰ ਰਹੇ ਸਨ।
ਮਿਤੀ 26 ਅਪ੍ਰੈਲ 1984 ਨੂੰ ਸੀ.ਆਰ.ਪੀ. ਅਤੇ ਪੁਲੀਸ ਨੇ ਮੋਗੇ ਵਿੱਚ ਗੁਰਦੁਆਰਾ ਬੀਬੀ ਕਾਹਨ ਕੌਰ, ਗੁਰਦੁਆਰਾ ਸਿੰਘ ਸਭਾ ਅਤੇ ਗੁਰਦੁਆਰਾ ਅਕਾਲਸਰ ਸਾਹਿਬ ਦੀ ਘੇਰਾਬੰਦੀ ਕਰਕੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ। ਪੁਲੀਸ ਦੀ ਗੋਲ਼ੀ ਨਾਲ਼ ਭਾਈ ਗੁਰਮੇਲ ਸਿੰਘ ਅਜੀਤਵਾਲ (ਸਰਪੰਚ), ਭਾਈ ਬਲਜੀਤ ਸਿੰਘ ਅਜੀਤਵਾਲ, ਭਾਈ ਗੁਰਮੇਲ ਸਿੰਘ ਮਹੇਸ਼ਰੀ, ਭਾਈ ਅਜੀਤ ਸਿੰਘ ਭਲੂਰ, ਭਾਈ ਹਰਬੰਸ ਸਿੰਘ ਧਰਮਕੋਟ, ਭਾਈ ਮਲਕੀਤ ਸਿੰਘ ਢੁੱਡੀਕੇ, ਭਾਈ ਕੁਲਦੀਪ ਸਿੰਘ ਕੋਟਲਾ ਰਾਇਕਾ ਅਤੇ ਭਾਈ ਕਰਨੈਲ ਸਿੰਘ ਗ੍ਰੰਥੀ ਸ਼ਹੀਦ ਹੋ ਗਏ (ਭਾਈ ਕਰਨੈਲ ਸਿੰਘ ਗ੍ਰੰਥੀ ਜੋ ਕਿ ਭਾਈ ਗੁਰਜੰਟ ਸਿੰਘ ਬੁੱਧਸਿੰਘਵਾਲਾ ਦੇ ਦਾਦੇ ਦੇ ਭਰਾ ਸਨ) ਤੇ ਹੋਰ ਵੀ ਕਾਫ਼ੀ ਸਿੰਘ ਸਖ਼ਤ ਜ਼ਖਮੀ ਹੋ ਗਏ।
ਗੁਰਦੁਆਰਿਆਂ ਵਿੱਚ ਘਿਰੀ ਹੋਈ ਸੰਗਤ ਲਈ ਬੜੀ ਔਖ ਸੀ, ਕਿਉਂਕਿ ਬਾਹਰੋਂ ਬਿਜਲੀ ਤੇ ਪਾਣੀ ਦੀ ਸਪਲਾਈ ਬੰਦ ਹੋ ਚੁੱਕੀ ਸੀ। ਸਾਰੇ ਸਿੱਖ ਜਗਤ ਵਿੱਚ ਹਾਹਾਕਾਰ ਮੱਚੀ ਪਈ ਸੀ। ਇਹੋ ਜਿਹਾ ਘੇਰਾ ਤਾਂ ਸੰਨ 1704 ਵਿੱਚ ਮੁਗਲ ਫ਼ੌਜਾਂ ਨੇ ਕਿਲ੍ਹਾ ਅਨੰਦਗੜ੍ਹ ਸਾਹਿਬ ਨੂੰ ਪਾਇਆ ਸੀ। ਘੇਰੇ ਨੂੰ ਚੁਕਵਾਉਣ ਲਈ ਜਦ ਕੋਈ ਹੀਲਾ-ਵਸੀਲਾ ਨਾ ਬਚਿਆ ਤਾਂ ਸਿੰਘ ਸਾਹਿਬਾਨਾਂ ਨੇ ਐਲਾਨ ਕੀਤਾ ਕਿ "ਜੇ 4 ਮਈ ਤਕ ਘੇਰਾ ਨਾ ਚੁੱਕਿਆ ਗਿਆ ਤਾਂ ਉਹ ਸੰਗਤਾਂ ਨੂੰ ਅਜ਼ਾਦ ਕਰਵਾਉਣ ਲਈ ਚਾਰੇ ਪਾਸਿਓਂ ਦਸ-ਦਸ ਹਜ਼ਾਰ ਸਿੰਘਾਂ ਨੂੰ ਨਾਲ਼ ਲੈ ਕੇ ਮਾਰਚ ਕਰਨਗੇ ਤੇ ਜੇ ਸੀ.ਆਰ.ਪੀ. ਨੇ ਗੋਲ਼ੀ ਚਲਾਈ ਤਾਂ ਉਹ ਹਿੱਕ ਵਿੱਚ ਗੋਲ਼ੀਆਂ ਖਾ ਕੇ ਸ਼ਹੀਦੀਆਂ ਪਾਉਣਗੇ।" ਜਦ ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਨੇ ਆਪਣੀ ਜੋਸ਼ੀਲੀ ਸੁਰ 'ਚ ਠੋਸ ਸੰਘਰਸ਼ ਉਲੀਕਣ ਦਾ ਪ੍ਰਤੀਕਰਮ ਦਿੱਤਾ ਤਾਂ 3 ਮਈ 1984 ਨੂੰ ਸਰਕਾਰ ਨੇ ਘੇਰਾ ਚੁੱਕ ਲਿਆ।
ਜਦ ਸ਼ਹੀਦਾਂ ਦੀ ਯਾਦ ਵਿੱਚ ਪਿੰਡ ਅਜੀਤਵਾਲ 'ਚ ਖ਼ਾਲਸਾ ਪੰਥ ਇਕੱਤਰ ਹੋਣ ਲੱਗਾ ਤਾਂ ਸੰਗਤਾਂ ਦੇ ਹੜ੍ਹ ਨੂੰ ਰੋਕਣ ਲਈ ਪੁਲੀਸ ਨੇ ਨਾਕੇਬੰਦੀ ਕਰ ਦਿੱਤੀ। ਬਾਪੂ ਜੋਗਿੰਦਰ ਸਿੰਘ ਜੀ ਰੋਡੇ ਦੇ ਜਥੇ ਨੂੰ ਪੁਲੀਸ ਨੇ ਘੇਰਾ ਪਾ ਲਿਆ ਤੇ ਅੱਗੇ ਨਾ ਵਧਣ ਦਿੱਤਾ। (ਸ਼ਹੀਦ) ਭਾਈ ਦਰਸ਼ਨ ਸਿੰਘ ਤਖਾਣਵੱਧ ਨੇ ਪੁਲੀਸ ਨੂੰ ਕਿਹਾ ਕਿ "ਸਰਕਾਰ ਸਿੱਖਾਂ ਦੀਆਂ ਛਾਤੀਆਂ 'ਚ ਗੋਲ਼ੀਆਂ ਮਾਰਦੀ ਐ, ਤੇ ਹੁਣ ਸਿੱਖਾਂ ਨੂੰ ਰੋਸ ਵੀ ਪ੍ਰਗਟ ਨਹੀਂ ਕਰਨ ਦਿੰਦੀ, ਪਰ੍ਹੇ ਹੋ ਜਾਉ, ਅਸੀਂ ਅੱਜ ਪਿੱਛੇ ਨਈਂ ਹਟਾਂਗੇ।" ਮੌਕੇ 'ਤੇ ਹਾਜ਼ਰ ਇੱਕ ਅਫ਼ਸਰ ਕਹਿੰਦਾ ਕਿ "ਓਏ ! ਛੇਤੀ ਸੜਕਾਂ ਖਾਲੀ ਕਰੋ ਨਹੀਂ ਤਾਂ ਮੈਂ ਗੋਲੀ ਮਾਰ ਦਿਆਂਗਾ।" ਭਾਈ ਦਰਸ਼ਨ ਸਿੰਘ ਨੇ ਮਿਆਨ 'ਚੋਂ ਕੱਢ ਕੇ ਤਿੰਨ ਫੁੱਟੀ ਕਿਰਪਾਨ ਓਸ ਅਫ਼ਸਰ ਦੀ ਧੌਣ 'ਤੇ ਰੱਖ ਦਿੱਤੀ। ਭਾਈ ਸਾਹਿਬ ਕਹਿੰਦੇ "ਹੁਣ ਬੋਲ ਦੁਸ਼ਟਾ! ਮੈਂ ਤੇਰਾ ਸਿਰ ਕਿਰਪਾਨ ਨਾਲ਼ ਵੱਢ ਕੇ ਕੱਦੂ ਵਾਂਗ ਸੁੱਟ ਦੂੰ ਜਿਵੇਂ ਭਾਈ ਸੁੱਖਾ ਸਿੰਘ ਤੇ ਮਹਿਤਾਬ ਸਿੰਘ ਨੇ ਮੱਸੇ ਰੰਘੜ ਦਾ ਵੱਢਿਆ ਸੀ।" ਦੋਨਾਂ ਧਿਰਾਂ 'ਚ ਜਬਰਦਸਤ ਹੱਥੋ-ਪਾਈ ਹੋ ਗਈ ਤੇ ਸਿੰਘਾਂ ਨੇ ਡਾਂਗਾਂ ਨਾਲ਼ ਪੁਲਸੀਏ ਕੁੱਟ ਛੱਡੇ। ਆਖ਼ਰ ਬਾਪੂ ਜੋਗਿੰਦਰ ਸਿੰਘ ਜੀ ਰੋਡੇ ਨੇ ਇਸ ਮਾਹੌਲ ਨੂੰ ਸ਼ਾਂਤ ਕਰਵਾਇਆ। ਇਸ ਘਟਨਾ ਤੋਂ ਬਾਅਦ ਪੂਰੇ ਪੰਜਾਬ ਵਿੱਚ ਮਹੌਲ ਗਰਮਾ ਗਿਆ ਤੇ ਸਿੱਖ ਜਗਤ ਨੇ ਰੋਹ 'ਚ ਆ ਕੇ ਕਈ ਥਾਂਈਂ ਜਬਰਦਸਤ ਮੁਜਾਹਰੇ ਤੇ ਰੋਸ ਮਾਰਚ ਕੀਤੇ।
ਜੂਨ 1984 ਦੇ ਘੱਲੂਘਾਰੇ ਤੋਂ 35 ਕੁ ਦਿਨ ਪਹਿਲਾਂ ਭਾਰਤ ਸਰਕਾਰ ਨੇ ਸ੍ਰੀ ਦਰਬਾਰ ਸਾਹਿਬ ਉੱਤੇ ਫ਼ੌਜੀ ਹਮਲਾ ਕਰਨ ਲਈ ਪਹਿਲਾਂ 26 ਅਪ੍ਰੈਲ ਨੂੰ ਮੋਗਾ ਦੇ ਤਿੰਨ ਗੁਰਦੁਆਰਿਆਂ ਨੂੰ ਘੇਰਾ ਪਾ ਕੇ ਅਤੇ ਹਮਲਾ ਕਰਕੇ ਆਪਣੀ ਰਿਹਰਸਲ ਕੀਤੀ ਸੀ ਤੇ ਸਿੱਖਾਂ ਦਾ ਕਰੰਟ ਚੈੱਕ ਕੀਤਾ ਸੀ ਕਿ ਸਿੱਖ ਕੀ ਪ੍ਰਤੀਕਿਰਿਆ ਕਰਦੇ ਹਨ! ਇਹ ਸਰਕਾਰ ਦਾ ਸਿੱਖਾਂ ਨੂੰ ਸਪਸ਼ਟ ਸੁਨੇਹਾ ਸੀ ਕਿ ਜੇ ਤੁਸੀਂ ਆਪਣੇ ਹੱਕਾਂ ਲਈ ਸੰਘਰਸ਼ ਕਰਨੋਂ ਨਾ ਹਟੇ ਤਾਂ ਸਰਕਾਰ ਸਿੱਖਾਂ ਦੇ ਗੁਰਧਾਮਾਂ ਉੱਤੇ ਹਮਲਾ ਕਰਨ ਲੱਗਿਆਂ ਵੀ ਗੁਰੇਜ਼ ਨਹੀਂ ਕਰੇਗੀ। ਜੂਨ 1984 ਦੇ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹਮਲੇ ਸਮੇਂ ਭਾਰਤ ਸਰਕਾਰ ਨੇ ਇਹ ਬਹਾਨਾ ਘੜ ਲਿਆ ਕਿ ਓਥੇ ਸੰਤ ਭਿੰਡਰਾਂਵਾਲੇ ਤੇ ਹੋਰ ਖਾੜਕੂ ਸਿੰਘ ਹਥਿਆਰਬੰਦ ਹੋ ਕੇ ਕਬਜ਼ਾ ਜਮਾਈ ਬੈਠੇ ਸਨ ਪਰ ਅਪ੍ਰੈਲ 1984 ਵਿੱਚ ਤਾਂ ਮੋਗੇ ਦੇ ਗੁਰਦੁਆਰਿਆਂ ਵਿੱਚ ਸੰਤ ਭਿੰਡਰਾਂਵਾਲੇ ਜਾਂ ਹੋਰ ਖਾੜਕੂ ਸਿੰਘ ਮੌਜੂਦ ਨਹੀਂ ਸਨ ਫਿਰ ਸਰਕਾਰ ਨੇ ਸ਼ਾਂਤਮਈ ਢੰਗ ਨਾਲ ਆਵਾਜ਼ ਬੁਲੰਦ ਕਰਦੇ ਸਿੰਘਾਂ ਨੂੰ ਗੋਲ਼ੀਆਂ ਨਾਲ ਕਿਉਂ ਭੁੰਨਿਆਂ ? ਇਹਨਾਂ ਗੱਲਾਂ ਦਾ ਭਾਰਤ ਸਰਕਾਰ ਕਦੋਂ ਜਵਾਬ ਦੇਵੇਗੀ ?
ਜੂਨ 1984 ਵਿੱਚ ਵੀ ਭਾਰਤੀ ਫ਼ੌਜ ਨੇ ਸ੍ਰੀ ਦਰਬਾਰ ਸਾਹਿਬ ਸਮੇਤ 50 ਤੋਂ ਵੱਧ ਗੁਰਦੁਆਰਿਆਂ ਨੂੰ ਨਿਸ਼ਾਨਾ ਬਣਾਇਆ ਤਾਂ ਓਦੋਂ ਫਿਰ ਗੁਰਦੁਆਰਾ ਬੀਬੀ ਕਾਹਨ ਕੌਰ ਅਤੇ ਗੁਰਦੁਆਰਾ ਸਿੰਘ ਸਭਾ ਮੋਗਾ ਨੂੰ ਘੇਰਿਆ ਗਿਆ ਤੇ ਪੰਜਵੇਂ ਪਾਤਸ਼ਾਹ ਦੀ ਸ਼ਹਾਦਤ ਨੂੰ ਸਮਰਪਿਤ ਨਗਰ ਕੀਰਤਨ ਵੀ ਨਾ ਨਿਕਲਣ ਦਿੱਤਾ। ਫੌਜ ਨੇ ਗੁਰਦੁਆਰਾ ਸਿੰਘ ਸਭਾ ਵਿਖੇ ਅੰਨ੍ਹੇਵਾਹ ਗੋਲ਼ੀ ਚਲਾਈ, ਚੁਬਾਰੇ ਉੱਤੇ ਗੋਲ਼ੇ ਦਾਗੇ ਜਿਸ ਨਾਲ ਓਥੇ ਅੱਗ ਲੱਗ ਗਈ। ਫ਼ੌਜ ਦੀ ਗੋਲ਼ੀ ਨਾਲ ਨੇਤਰਹੀਣ ਰਾਗੀ ਭਾਈ ਸੋਹਣ ਸਿੰਘ ਸ਼ਹੀਦੀ ਪਾ ਗਏ ਅਤੇ ਇਥੋਂ ਹੀ ਫ਼ੌਜ ਨੇ ਭਾਈ ਹੁਸ਼ਿਆਰ ਸਿੰਘ ਗ੍ਰੰਥੀ, ਪ੍ਰਬੰਧਕ ਭਾਈ ਗੁਰਦੇਵ ਸਿੰਘ, ਬਾਬਾ ਜੋਗਿੰਦਰ ਸਿੰਘ ਲਾਂਗਰੀ, ਭਾਈ ਜਸਪਾਲ ਸਿੰਘ ਤਬਲਾਵਾਦਕ ਅਤੇ ਜੁਝਾਰੂ ਭਾਈ ਗੁਰਜੰਟ ਸਿੰਘ ਬੁੱਧਸਿੰਘਵਾਲਾ, ਭਾਈ ਬੋਹੜ ਸਿੰਘ ਮੁਹੱਬਤ ਪੱਤੀ ਅਤੇ ਪੱਪੂ ਸਿੰਘ ਸਮੇਤ 13 ਤੋਂ ਵੱਧ ਸਿੰਘਾਂ ਨੂੰ ਗ੍ਰਿਫ਼ਤਾਰ ਕਰ ਲਿਆ।
ਫ਼ੌਜ ਅਤੇ ਪੁਲੀਸ ਨੇ ਇਹਨਾਂ ਸਾਰੇ ਸਿੰਘਾਂ ਦੀਆਂ ਬਾਂਹਾਂ ਪਿੱਛੇ ਬੰਨ੍ਹ ਕੇ ਅਤੇ ਧੁੱਪੇ ਲਿਟਾ ਕੇ ਇੱਥੇ ਹੀ ਬਹੁਤ ਕਹਿਰ ਢਾਹਿਆ, ਫਿਰ ਇਹਨਾਂ ਨੂੰ ਲੰਢੇ ਕੇ ਛਾਉਣੀ, ਘੱਲ ਕਲਾਂ ਅਤੇ ਹੋਰ ਵੱਖ-ਵੱਖ ਥਾਣਿਆਂ ਵਿੱਚ ਰੱਖ ਕੇ ਜ਼ੁਲਮ ਕੀਤਾ। ਬਾਅਦ ਵਿੱਚ ਕੁਝ ਗੁਰਦੁਆਰਾ ਕਮੇਟੀ ਦੇ ਮੈਂਬਰਾਂ ਨੂੰ ਤਾਂ ਛੱਡ ਦਿੱਤਾ ਪਰ ਭਾਈ ਗੁਰਜੰਟ ਸਿੰਘ ਬੁੱਧਸਿੰਘਵਾਲਾ ਅਤੇ ਹੋਰ ਫੈਡਰੇਸ਼ਨ ਦੇ ਮੈਂਬਰਾਂ ਨੂੰ ਫਿਰੋਜ਼ਪੁਰ ਦੀ ਜੇਲ੍ਹ ਭੇਜ ਦਿੱਤਾ। ਅਪ੍ਰੈਲ ਅਤੇ ਜੂਨ 1984 ਵਿੱਚ ਮੋਗਾ ਵਿੱਚ ਵਾਪਰੇ ਗੋਲ਼ੀ ਕਾਂਡਾਂ ਨੂੰ ਸਿੱਖ ਜਗਤ ਹਮੇਸ਼ਾਂ ਯਾਦ ਰੱਖੇ ਤੇ ਆਪਣੇ ਕੌਮੀ ਸ਼ਹੀਦਾਂ ਦੇ ਸੁਪਨੇ ਨੂੰ ਸਾਕਾਰ ਕਰਦਿਆਂ ਕੌਮੀ ਅਜ਼ਾਦੀ ਦੇ ਸੰਘਰਸ਼ ਨੂੰ ਅਗਾਂਹ ਜਾਰੀ ਰੱਖਿਆ ਜਾਏ, ਇਹ ਸ਼ਹੀਦਾਂ ਅਤੇ ਕੁਰਬਾਨੀ ਕਰਨ ਵਾਲੀਆਂ ਸ਼ਖਸੀਅਤਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।
ਰਣਜੀਤ ਸਿੰਘ ਦਮਦਮੀ ਟਕਸਾਲ
(ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ)
ਮੋ: 8872293883.