ਸਿੱਖ ਫ਼ਿਲਮਾਂ ਦਾ ਬੇਲੋੜਾ ਵਿਰੋਧ ਕਰਨਾ ਸਿੱਖਾਂ ਦੇ ਹਿੱਤ ਵਿੱਚ ਹੈ ਜਾਂ ਸਿੱਖਾਂ ਦੇ ਦੁਸ਼ਮਣਾਂ ਦੇ.....?

ਸਿੱਖ ਫ਼ਿਲਮਾਂ ਦਾ ਬੇਲੋੜਾ ਵਿਰੋਧ ਕਰਨਾ ਸਿੱਖਾਂ ਦੇ ਹਿੱਤ ਵਿੱਚ ਹੈ ਜਾਂ ਸਿੱਖਾਂ ਦੇ ਦੁਸ਼ਮਣਾਂ ਦੇ.....?

ਜਦੋਂ ਮੈਂ ਇਹ ਲਿਖ ਰਿਹਾ ਹਾਂ, ਸੋਸ਼ਲ ਮੀਡੀਆ ਉੱਤੇ ਬੀਬੀ ਬਿਮਲ ਕੌਰ ਖ਼ਾਲਸਾ ਦੇ ਜੀਵਨ ਉੱਤੇ ਬਣੀ ਫ਼ਿਲਮ 'ਚੜਦੀ ਕਲਾ' ਦਾ ਕੁਝ ਸਿੱਖ ਜਥੇਬੰਦੀਆਂ ਵੱਲੋਂ ਵਿਰੋਧ ਪ੍ਰਚੰਡ ਹੋ ਰਿਹਾ ਹੈ।
ਕਿੰਨੀ ਦੁੱਖਦਾਈ ਗੱਲ ਹੈ, ਦੇਸ਼ ਵਿੱਚ ਹਿੰਦੂ ਰਾਸ਼ਟਰਵਾਦ ਨੂੰ ਪ੍ਰਚੰਡ ਕਰਨ ਲਈ ਧੜਾਧੜ ਫ਼ਿਲਮਾਂ ਬਣ ਰਹੀਆਂ ਹਨ, ਚੱਲ ਰਹੀਆਂ ਹਨ। 
ਮੁਸਲਮਾਨਾਂ ਅਤੇ ਸਿੱਖਾਂ ਨੂੰ ਅੱਤਵਾਦੀ ਸਾਬਤ ਕਰਨ ਵਾਲ਼ੀਆਂ ਫ਼ਿਲਮਾਂ ਧੜਾ ਧੜ ਬਣ ਰਹੀਆਂ ਹਨ, ਚੱਲ ਰਹੀਆਂ ਹਨ। 
ਪਿਛਲੇ ਸਮੇਂ ਵਿੱਚ ਫ਼ਿਲਮਾਂ ਅੰਦਰ ਸਿੱਖ ਦਾ ਕਿਰਦਾਰ 'ਹੀਰੋ' ਦੀ ਬਜਾਏ 'ਜੋਕਰ' ਵਾਂਗ ਬਣਾ ਕੇ ਪੇਸ਼ ਕੀਤਾ ਜਾਂਦਾ ਰਿਹਾ, ਫ਼ਿਲਮਾਂ ਚੱਲਦੀਆਂ ਰਹੀਆਂ। 
ਬੜਾ ਲੰਮਾ ਅਰਸਾ ਪੰਜਾਬ ਵਿੱਚ ਪੰਜਾਬੀ ਫ਼ਿਲਮਾਂ ਅੰਦਰ ਪੰਜਾਬ ਦੇ ਜੱਟ ਨੂੰ ਕਲੀਨ ਸ਼ੇਵ ਵਿਖਾਇਆ ਜਾਂਦਾ ਰਿਹਾ, ਫ਼ਿਲਮਾਂ ਧੜਾ ਧੜ ਚੱਲਦੀਆਂ ਰਹੀਆਂ। 
ਮੈਂ ਸਾਲਾਂ ਨਹੀਂ, ਦਹਾਕਿਆਂ ਤੋਂ ਲਿਖਦਾ ਆ ਰਿਹਾ ਹਾਂ ਕਿ ਸਿੱਖ ਫ਼ਿਲਮਾਂ ਦੀ ਲੋੜ ਹੈ। ਸਿਰਫ਼ ਮੈਂ ਹੀ ਨਹੀਂ, ਹੋਰ ਵੀ ਕਈ ਪੰਥ ਦਰਦੀ ਇਹੀ ਵਿਚਾਰ ਰੱਖਦੇ ਹਨ। 
ਹੇਠਾਂ ਫ਼ੋਟੋ 'ਦੇਸ ਪੰਜਾਬ' ਮੈਗ਼ਜ਼ੀਨ ਵਿੱਚ ਪ੍ਰਕਾਸ਼ਿਤ ਸਿੱਖ ਯੋਧੇ, ਦਲ ਖ਼ਾਲਸਾ ਦੇ ਭਾਈ ਗਜਿੰਦਰ ਸਿੰਘ ਦਾ ਇੱਕ ਲੇਖ ਦੀ ਹੈ, ਜਿਸ ਵਿੱਚ ਉਹਨਾਂ ਨੇ ਸਿੱਖ ਇਤਿਹਾਸ ਦੇ ਨਾਇਕਾਂ ਉੱਤੇ ਫ਼ਿਲਮਾਂ ਬਣਾਏ ਜਾਣ ਦੀ ਲੋੜ ਤੇ ਜ਼ੋਰ ਦਿੱਤਾ ਹੈ। ਵੈਸੇ ਤਾਂ ਇਹ ਪੂਰਾ ਲੇਖ ਹੀ ਪੜ੍ਹਨ ਵਾਲਾ ਹੈ, ਜ਼ੂਮ ਕਰ ਕੇ ਪੜ੍ਹਿਆ ਵੀ ਜਾ ਸਕਦਾ ਹੈ, ਫਿਰ ਵੀ ਇਸ ਦੇ ਦੋ ਪੈਰੇ ਇਸ ਤਰ੍ਹਾਂ ਹਨ: 


".....ਸਿੱਖ ਕੌਮ ਕੋਲ਼ ਹੀਰੋਆਂ ਦੀ ਕਮੀ ਨਹੀਂ ਹੈ, ਪਰ ਹੀਰੋ ਵਾਲ਼ਾ ਅਕਸ ਉਜਾਗਰ ਕਰਨ ਦੇ ਮਾਧਿਅਮ ਦੀ ਕਮੀ ਜ਼ਰੂਰ ਹੈ। ਬਾਬਾ ਬੰਦਾ ਸਿੰਘ ਬਹਾਦਰ ਤੇ ਭਾਈ ਬਘੇਲ ਸਿੰਘ ਤੋਂ ਸੰਤ ਜਰਨੈਲ ਸਿੰਘ ਤੇ ਭਾਈ ਹਰਜਿੰਦਰ ਸਿੰਘ ਜਿੰਦੇ-ਭਾਈ ਸੁਖਦੇਵ ਸਿੰਘ ਸੁੱਖਾ ਤਕ, ਸਿੱਖਾਂ ਕੋਲ਼ ਨਾਇਕਾਂ ਦੀ ਕੋਈ ਕਮੀ ਨਹੀਂ !
ਕੀ ਗੁਰਦੁਆਰਾ ਕਮੇਟੀਆਂ ਦੇ ਵੱਡੇ ਵੱਡੇ ਬਜਟ ਤੇ ਸਿੱਖ ਸਰਮਾਏਦਾਰਾਂ ਦੀ ਦੌਲਤ ਨੂੰ ਅੱਜ ਦੇ ਪ੍ਰਚਲਿਤ ਇਲੈਕਟ੍ਰੌਨਿਕ ਮਾਧਿਅਮਾਂ ਰਾਹੀਂ ਨੌਜਵਾਨ ਪੀੜ੍ਹੀ ਨੂੰ ਸਹੀ ਸਿੱਖ ਕਿਰਦਾਰ ਦੇਣ ਲਈ ਇਸਤੇਮਾਲ ਨਹੀਂ ਕੀਤਾ ਜਾ ਸਕਦਾ? ਕੀ ਐਸੀਆਂ ਫ਼ਿਲਮਾਂ ਤੇ ਡਰਾਮੇ ਨਹੀਂ ਬਣ ਸਕਦੇ ਜਿਹੜੇ ਸਿੱਖ ਇਤਿਹਾਸ ਤੇ ਸਿੱਖ ਜੀਵਨ ਜਾਚ ਨੂੰ ਹਾਂ-ਪੱਖੀ ਰੂਪ ਵਿੱਚ ਪੇਸ਼ ਕਰ ਸਕਦੇ ਹੋਣ? ਕੀ ਸਾਬਤ ਸੂਰਤ ਸਿੱਖ ਨੌਜਵਾਨ ਵਧੀਆ ਕਲਾਕਾਰ ਜਾਂ ਵਧੀਆ ਖਿਡਾਰੀ ਨਹੀਂ ਬਣ ਸਕਦੇ ਜਾਂ ਬਣਾਏ ਜਾ ਸਕਦੇ...?"
(ਭਾਈ ਗਜਿੰਦਰ ਸਿੰਘ, ਦੇਸ ਪੰਜਾਬ, ਮਈ 2005)
ਭਾਈ ਗਜਿੰਦਰ ਸਿੰਘ ਦੇ ਵਿਚਾਰ ਦਰੁਸਤ ਹਨ ਅਤੇ ਬਿਨਾਂ ਸ਼ੱਕ ਕਈ ਸਿੱਖਾਂ ਨੇ ਅਜਿਹੇ ਯਤਨ ਕੀਤੇ, ਪਰ ਭਾਰਤੀ ਸਟੇਟ ਨੇ ਉਹਨਾਂ ਦੇ ਕਦਮ ਕਦਮ ਤੇ ਰੁਕਾਵਟਾਂ ਪਾਈਆਂ। 
ਜਦੋਂ ਕੁਲਜਿੰਦਰ ਸਿੱਧੂ ਨੇ ਭਾਈ ਜਗਤਾਰ ਸਿੰਘ ਹਵਾਰਾ ਉੱਤੇ ਫ਼ਿਲਮ 'ਸਾਡਾ ਹੱਕ' ਬਣਾਉਣੀ ਸ਼ੁਰੂ ਕੀਤੀ, ਤਾਂ ਭਾਈ ਜਗਤਾਰ ਸਿੰਘ ਹਵਾਰਾ ਦੇ ਇਹ ਨੋਟਿਸ ਵਿੱਚ ਸੀ ਅਤੇ ਉਹਨਾਂ ਨੂੰ ਕੋਈ ਇਤਰਾਜ਼ ਨਹੀਂ ਸੀ। ਹਾਂ, ਫ਼ਿਲਮ ਬਣਨ ਤੋਂ ਬਾਅਦ ਹਿੰਦੂਵਾਦੀ ਤਾਕਤਾਂ ਜ਼ਰੂਰ ਪਿੱਟ ਉੱਠੀਆਂ ਅਤੇ ਇਸ ਫ਼ਿਲਮ ਤੇ ਪਾਬੰਦੀ ਲਾ ਦਿੱਤੀ ਗਈ, ਜਿਸ ਲਈ ਫ਼ਿਲਮ ਬਣਾਉਣ ਵਾਲ਼ਿਆਂ ਨੂੰ ਲੰਮੀ ਕਨੂੰਨੀ ਲੜਾਈ ਲੜਨੀ ਪਈ। 
ਸ਼ਹੀਦ ਸਰਦਾਰ ਜਸਵੰਤ ਸਿੰਘ ਖਾਲੜਾ ਉੱਤੇ ਬਣੀ ਫ਼ਿਲਮ ਭਾਰਤ ਵਿੱਚ ਚੱਲਣ ਨਹੀਂ ਦਿੱਤੀ ਜਾ ਰਹੀ, ਜਿਸ ਤੋਂ ਸਪਸ਼ਟ ਹੈ ਕਿ ਸਾਡੇ ਦੁਸ਼ਮਣਾਂ ਨੂੰ ਪਤਾ ਹੈ ਕਿ ਇਹ ਫਿਲਮਾਂ ਮਾਨਸਿਕਤਾ ਤੇ ਕਿਵੇਂ ਅਸਰ ਪਾਉਂਦੀਆਂ ਹਨ, ਪਰ ਸਾਨੂੰ ਆਪਣੇ ਆਪ ਨੂੰ ਸ਼ਾਇਦ ਪਤਾ ਹੀ ਨਹੀਂ। 
ਮੈਂ ਸੋਚਦਾ ਹਾਂ ਕਿ ਭਾਰਤੀ ਸਟੇਟ ਨੇ ਐਵੇਂ ਹੀ ਬਦਨਾਮੀ ਮੁੱਲ ਲਈ। ਜੇਕਰ ਉਹ ਸਰਦਾਰ ਜਸਵੰਤ ਸਿੰਘ ਖਾਲੜਾ ਦੀ ਫ਼ਿਲਮ ਤੇ ਪਾਬੰਦੀ ਨਾ ਲਾਉਂਦੀ, ਤਾਂ ਉਸਨੇ ਫ਼ਾਇਦੇ ਵਿੱਚ ਰਹਿਣਾ ਸੀ, ਕਿਉਂਕਿ ਸਾਡੇ ਆਪਣਿਆਂ ਨੇ ਖ਼ੁਦ ਹੀ ਡਾਂਗਾਂ ਫੜ ਕੇ ਖਲੋ ਜਾਣਾ ਸੀ ਕਿ ਅਸੀਂ ਇਹ ਫ਼ਿਲਮ ਨਹੀਂ ਚੱਲਣ ਦੇਣੀ, ਸਿੱਖ ਨਾਇਕਾਂ ਤੇ ਫ਼ਿਲਮਾਂ ਨਹੀਂ ਬਣ ਸਕਦੀਆਂ, ਵਗੈਰਾ ਵਗੈਰਾ..!
ਸਾਨੂੰ ਅਕਲ ਤੋਂ ਕੰਮ ਲੈਣਾ ਚਾਹੀਦਾ ਹੈ। ਨਵੀਂ ਪੀੜ੍ਹੀ ਤਕ ਨਵੇਂ ਮਾਧਿਅਮਾਂ ਰਾਹੀਂ ਆਪਣੀ ਗੱਲ ਪਹੁੰਚਾਈ ਜਾ ਸਕਦੀ ਹੈ। ਭਾਈ ਗਜਿੰਦਰ ਸਿੰਘ ਦਾ ਵੀ ਇਹੀ ਵਿਚਾਰ ਸੀ। ਅਜੇ ਵੀ ਸੰਭਲੀਏ, ਨਹੀਂ ਤਾਂ ਅਸੀਂ ਆਪਣੇ ਦੁਸ਼ਮਣਾਂ ਦਾ ਕੰਮ ਆਪਾਂ ਖੁਦ ਹੀ ਕਰੀ ਜਾਵਾਂਗੇ, ਤੇ ਸਾਡੇ ਦੁਸ਼ਮਣ ਸਿਰ੍ਹਾਣੇ ਹੇਠ ਬਾਂਹ ਦੇ ਕੇ ਅਰਾਮ ਦੀ ਨੀਂਦ ਸੌਣਗੇ ਜਾਂ ਬੁੱਕਲ ਵਿੱਚ ਮੂੰਹ ਦੇ ਕੇ ਹੱਸਦੇ ਰਹਿਣਗੇ। ਗਿਆਨੀ ਗਿਆਨ ਸਿੰਘ ਨੇ ਸ਼ਾਇਦ ਇਸੇ ਲਈ ਲਿਖਿਆ ਸੀ: 
ਧੰਨ ਗੁਰੂ ਕੇ ਸਿੱਖ, ਅਕਲ ਕੇ ਪੱਕੇ ਬੈਰੀ..!
 

                       ਬਲਜੀਤ ਸਿੰਘ ਖ਼ਾਲਸਾ, 
            ਸੰਪਾਦਕ ਵੰਗਾਰ-98558 31284

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.