ਬਾਬੇ ਧੁੰਮੇ ਨੂੰ ਖ਼ਾਲਿਸਤਾਨ ਦੇ ਨਾਹਰੇ ਤੋਂ ਤਕਲੀਫ਼, ਪਰ ਆਰ.ਐੱਸ.ਐੱਸ. ਤੋਂ ਜੈ ਹਿੰਦ ਦੇ ਨਾਹਰੇ ਮਹਿਤੇ ਵਿਖੇ ਲਗਵਾ ਰਿਹਾ : ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
- ਧਾਰਮਿਕ/ਰਾਜਨੀਤੀ
- 13 Jun, 2026 03:43 PM (Asia/Kolkata)
ਜੂਨ 1984 ਘੱਲੂਘਾਰੇ ਵਿੱਚ ਕਾਂਗਰਸ ਅਤੇ ਭਾਜਪਾ ਬਰਾਬਰ ਦੀਆਂ ਦੋਸ਼ੀ ਸਨ
ਚੰਡੀਗੜ੍ਹ, 13 ਜੂਨ , ਮੰਗਤ ਸਿੰਘ ਸੈਦਪੁਰ , ਸਟਾਫ ਰਿਪੋਰਟਰ ਚੰਡੀਗੜ੍ਹ/ ਮੋਹਾਲੀ - ਸਿੱਖ ਪ੍ਰਚਾਰਕ, ਪੰਥਕ ਲੇਖਕ ਅਤੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਕੌਮੀ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਸਿੱਖ ਕੌਮ ਲਈ ਬੜੀ ਤ੍ਰਾਸਦੀ ਵਾਲੀ ਗੱਲ ਹੈ ਕਿ ਆਪਣੇ ਆਪ ਨੂੰ ਦਮਦਮੀ ਟਕਸਾਲ ਦਾ ਮੁਖੀ ਅਖਵਾਉਣ ਵਾਲਾ ਹਰਨਾਮ ਸਿੰਘ ਧੁੰਮਾ ਮਹਿਤੇ ਵਿਖੇ ਆਰ ਐਸ ਐਸ ਦੇ ਆਗੂਆਂ ਕੋਲੋਂ ਜੈ ਹਿੰਦ ਦੇ ਨਾਹਰੇ ਲਗਵਾ ਰਿਹਾ ਹੈ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ 6 ਜੂਨ ਨੂੰ ਹਰ ਸਾਲ ਲੱਗਦੇ ਖ਼ਾਲਿਸਤਾਨ ਦੇ ਨਾਹਰਿਆਂ ਦਾ ਇੰਟਰਵਿਊ ਵਿੱਚ ਬੜੀ ਮੱਕਾਰੀ ਨਾਲ ਵਿਰੋਧ ਕਰ ਰਿਹਾ ਹੈ ਅਤੇ ਘੱਲੂਘਾਰੇ ਵਿੱਚ ਦੋਸ਼ੀ ਭਾਜਪਾ ਨੂੰ ਬਰੀ ਕਰ ਰਿਹਾ ਹੈ। ਨੌਜਵਾਨ ਸਿੱਖ ਆਗੂ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਬਹੁਤਾਂਤ ਸਿੱਖਾਂ ਤੇ ਗ਼ੈਰ-ਸਿੱਖਾਂ ਨੂੰ ਇਹ ਵੱਡਾ ਭੁਲੇਖਾ ਹੈ ਕਿ ਜੂਨ 1984 ਵਿੱਚ ਸ੍ਰੀ ਦਰਬਾਰ ਸਾਹਿਬ ਉੱਤੇ ਹੋਏ ਹਮਲੇ ਵਿੱਚ ਕੇਵਲ ਕਾਂਗਰਸ ਹੀ ਦੋਸ਼ੀ ਸੀ ਪਰ ਸੱਚ ਇਹ ਹੈ ਕਿ ਸ੍ਰੀ ਦਰਬਾਰ ਸਾਹਿਬ ਉੱਤੇ ਹਮਲਾ ਕਿਸੇ ਇੱਕ ਸਿਆਸੀ ਪਾਰਟੀ ਨੇ ਨਹੀਂ ਬਲਕਿ ਪੂਰੇ ਭਾਰਤੀ ਰਾਜ-ਤੰਤਰ ਨੇ ਕੀਤਾ ਸੀ। ਇਸ ਹਮਲੇ ਵਿੱਚ ਕਾਂਗਰਸ ਅਤੇ ਭਾਜਪਾ ਬਰਾਬਰ ਦੀਆਂ ਦੋਸ਼ੀ ਹਨ। ਕਾਂਗਰਸ ਤੇ ਭਾਜਪਾ ਇੱਕੋ ਸਿੱਕੇ ਦੇ ਹੀ ਦੋ ਪਹਿਲੂ ਹਨ ਜਿਨ੍ਹਾਂ ਦੀ ਸਿੱਖਾਂ ਪ੍ਰਤੀ ਫ਼ਿਰਕੂ ਸੋਚ ਵਿੱਚ ਰੱਤਾ ਜਿੰਨਾ ਵੀ ਅੰਤਰ ਨਹੀਂ ਹੈ। ਕਾਂਗਰਸ ਨੇ ਹਮਲੇ ਨੂੰ ਅੰਜ਼ਾਮ ਦਿੱਤਾ, ਭਾਜਪਾ ਨੇ ਹਮਲਾ ਕਰਵਾਇਆ ਤੇ ਦੇਸ਼ ਦੇ ਸਮੂਹ ਕੱਟੜ ਹਿੰਦੂਵਾਦੀਆਂ ਨੇ ਖ਼ੁਸ਼ੀ ਮਨਾਈ ਸੀ। ਇਹ ਗੱਲ ਖ਼ੁਦ ਭਾਜਪਾ ਦਾ ਸੀਨੀਅਰ ਆਗੂ ਲਾਲ ਕ੍ਰਿਸ਼ਨ ਅਡਵਾਨੀ ਆਪਣੀ ਕਿਤਾਬ 'ਮਾਈ ਕੰਟਰੀ ਮਾਈ ਲਾਈਫ' ਵਿੱਚ ਲਿਖਦਾ ਹੈ ਕਿ ਅਸੀਂ ਇੰਦਰਾ ਗਾਂਧੀ ਉੱਤੇ ਦਬਾਅ ਪਾ ਕੇ ਸ੍ਰੀ ਦਰਬਾਰ ਸਾਹਿਬ ਉੱਤੇ ਹਮਲਾ ਕਰਵਾਇਆ ਅਤੇ ਇਹ ਹਮਲਾ ਛੇ ਮਹੀਨੇ ਪਹਿਲਾਂ ਹੀ ਹੋ ਜਾਣਾ ਚਾਹੀਦਾ ਸੀ। ਉਸ ਨੇ ਤਾਂ ਸਿੱਖਾਂ ਦੇ ਨਾਇਕ ਸੰਤ ਜਰਨੈਲ ਸਿੰਘ ਜੀ ਦੀ ਤੁਲਨਾ ਭਸਮਾਸੁਰ ਦੈਂਤ ਨਾਲ ਕੀਤੀ। ਇਸ ਤੋਂ ਪਹਿਲਾਂ ਭਾਜਪਾ ਆਗੂਆਂ ਨੇ ਮਾਰਚ ਵੀ ਕੱਢੇ ਸਨ ਤੇ ਕਈ ਧਰਨੇ ਲਾ ਕੇ ਕਿਹਾ ਕਿ "ਪੰਜਾਬ ਵਿੱਚ ਫ਼ੌਜ ਭੇਜੋ" ਅਤੇ ਸੰਤ ਭਿੰਡਰਾਂਵਾਲ਼ਿਆਂ ਨੂੰ ਗ੍ਰਿਫ਼ਤਾਰ ਕਰਨ ਤੇ ਮਾਰਨ ਲਈ ਬਿਆਨ ਦਿੰਦੇ ਰਹੇ ਸਨ। 1984 ਤੋਂ ਪਹਿਲਾਂ ਭਾਜਪਾ ਦੇ ਵਿਧਾਇਕ ਹਰਬੰਸ ਲਾਲ ਖੰਨਾ ਨੇ ਸ੍ਰੀ ਅੰਮ੍ਰਿਤਸਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਦੀ ਮੰਗ ਦਾ ਵਿਰੋਧ ਕੀਤਾ ਅਤੇ ਸ੍ਰੀ ਅੰਮ੍ਰਿਤਸਰ ਵਿੱਚ ਸਿੱਖ ਵਿਰੋਧੀ ਨਾਹਰੇ ਲਾਏ। ਭਾਜਪਾਈਆਂ ਨੇ ਤਲਵਾਰਾਂ ਤੇ ਤ੍ਰਿਸ਼ੂਲਾਂ ਉੱਤੇ ਸਿਗਰਟਾਂ-ਬੀੜੀਆਂ ਅਤੇ ਪਾਨ-ਤੰਬਾਕੂ ਦੇ ਪੈਕਟ ਬੰਨ੍ਹ ਕੇ ਸ਼ਹਿਰ ਵਿੱਚ ਜਲੂਸ ਕੱਢਿਆ ਤੇ ਕਿਹਾ ਕਿ "ਸਿਗਰਟ ਬੀੜੀ ਪੀਏਂਗੇ ਬੜੀ ਸ਼ਾਨ ਸੇ ਜੀਏਂਗੇ, ਕੱਛ ਕੜਾ ਕਿਰਪਾਨ ਭੇਜ ਦਿਆਂਗੇ ਪਾਕਿਸਤਾਨ, ਦੁੱਕੀ ਤਿੱਕੀ ਖਹਿਣ ਨ੍ਹੀਂ ਦੇਣੀ ਸਿਰ 'ਤੇ ਪੱਗੜੀ ਰਹਿਣ ਨ੍ਹੀਂ ਦੇਣੀ, ਊੜਾ ਈੜੀ ਨਹੀ ਪੜੇਂਗੇ ਜੂੜਾ ਜੂੜੀ ਕਾਟ ਧਰੇਂਗੇ।" ਭਾਜਪਾਈਆਂ ਨੇ ਸ੍ਰੀ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ 'ਤੇ ਲੱਗਾ ਸ੍ਰੀ ਦਰਬਾਰ ਸਾਹਿਬ ਦਾ ਮਾਡਲ ਵੀ ਤੋੜਿਆ ਤੇ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦੇ ਚਿੱਤਰ ਉੱਤੇ ਜੁੱਤੀਆਂ ਰੱਖੀਆਂ ਤੇ ਸਿਗਰਟਾਂ ਸੁੱਟੀਆਂ ਸਨ। ਜਦੋਂ ਸੰਤ ਭਿੰਡਰਾਂਵਾਲ਼ਿਆਂ ਨੇ ਪੰਥ ਅਤੇ ਪੰਜਾਬ ਦੇ ਹੱਕਾਂ ਲਈ ਮੋਰਚਾ ਲਾਇਆ ਹੋਇਆ ਸੀ ਤਾਂ ਜਿੱਥੇ ਕਾਂਗਰਸ ਵਿਰੋਧ ਕਰ ਰਹੀ ਸੀ ਓਥੇ ਭਾਜਪਾ ਵੀ ਪਿੱਛੇ ਨਹੀਂ ਸੀ ਰਹੀ। ਭਾਜਪਾ ਨੇ ਇਸ ਮੋਰਚੇ ਅਤੇ 'ਅਨੰਦਪੁਰ ਸਾਹਿਬ ਦੇ ਮਤੇ' ਨੂੰ ਵੱਖਰੇ ਦੇਸ਼ ਦੀ ਮੰਗ ਅਤੇ ਅੱਤਵਾਦ ਨਾਲ ਜੋੜਿਆ ਸੀ। ਜਦੋਂ ਸ੍ਰੀ ਦਰਬਾਰ ਸਾਹਿਬ ਉੱਤੇ ਫ਼ੌਜੀ ਹਮਲਾ ਹੋਇਆ ਤਾਂ ਭਾਜਪਾਈ/ਹਿੰਦੂਤਵੀਆਂ ਨੇ ਫ਼ੌਜੀਆਂ ਨੂੰ ਲੱਡੂ, ਪੂੜੀਆਂ, ਛੋਲੇ ਅਤੇ ਤਰ੍ਹਾਂ-ਤਰ੍ਹਾਂ ਦੇ ਪਕਵਾਨ ਬਣਾ ਕੇ ਖਵਾਏ। ਅੰਮ੍ਰਿਤਸਰ ਦੇ ਹਾਲ ਬਜ਼ਾਰ ਵਿੱਚ ਜਗ੍ਹਾ-ਜਗ੍ਹਾ ਉੱਤੇ ਇਹਨਾਂ ਨੇ ਲਿਖਿਆ ਹੋਇਆ ਸੀ ਕਿ "ਇੰਡੀਅਨ ਆਰਮੀ ਵੈਲਕਮ, ਹਮ ਤੁਮ੍ਹਾਰੇ ਸਾਥ ਹੈਂ।" ਭਾਜਪਾ ਦਾ ਆਗੂ ਅਤੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਵੀ ਸ੍ਰੀ ਦਰਬਾਰ ਸਾਹਿਬ ਉੱਤੇ ਹੋਏ ਹਮਲੇ ਨੂੰ ਜਾਇਜ਼ ਠਹਿਰਾਉਂਦਾ ਰਿਹਾ ਸੀ। ਭਾਜਪਾ ਦੀ ਆਗੂ ਲਕਸ਼ਮੀ ਕਾਂਤਾ ਚਾਵਲਾ ਅੱਜ ਵੀ ਸੰਤ ਜਰਨੈਲ ਸਿੰਘ ਅਤੇ ਸਿੱਖਾਂ ਪ੍ਰਤੀ ਜ਼ਹਿਰ ਉਗਲਦੀ ਹੈ। ਅੱਜ ਵੀ ਭਾਜਪਾ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੰਦਰਾ ਗਾਂਧੀ ਨੂੰ ਸ਼ਰਧਾਂਜਲੀਆਂ ਦਿੰਦੇ ਹਨ ਤੇ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਨੂੰ ਭਾਜਪਾ ਦੇ ਆਗੂ ਆਪਣੇ ਬਿਆਨਾਂ ਵਿੱਚ ਅੱਤਵਾਦੀ ਆਖਦੇ ਹਨ। ਅੱਜ ਵੀ ਜਦੋਂ ਹਰ ਸਾਲ ਘੱਲੂਘਾਰੇ ਦੀ ਯਾਦ ਨੂੰ ਸਿੱਖ ਮਨਾਉਂਦੇ ਹਨ ਤਾਂ ਇਹ ਭਾਜਪਾਈ, ਸ਼ਿਵ ਸੈਨਿਕ ਅਤੇ ਹੋਰ ਫ਼ਿਰਕੂ ਹਿੰਦੂਤਵੀਏ ਵਿਰੋਧ ਕਰਦੇ ਹਨ, ਸੰਤ ਭਿੰਡਰਾਂਵਾਲਿਆਂ ਦੀਆਂ ਤਸਵੀਰਾਂ ਪਾੜਨ ਅਤੇ ਪੁਤਲੇ ਸਾੜਨ ਦਾ ਯਤਨ ਕਰਦੇ ਹਨ ਤੇ ਸਾਡੇ ਸ਼ਹੀਦਾਂ ਪ੍ਰਤੀ ਮੰਦੀ ਸ਼ਬਦਾਵਲੀ ਬੋਲਦੇ ਹਨ ਜਿਸ ਦੇ ਜਵਾਬ ਵਿੱਚ ਅਣਖੀਲੇ ਸਿੱਖ ਨੌਜਵਾਨ ਇਹਨਾਂ ਕੱਟੜਵਾਦੀ ਹਿੰਦੂਤਵੀਆਂ ਨੂੰ ਟੱਕਰਦੇ ਹਨ। ਭਾਈ ਰਣਜੀਤ ਸਿੰਘ ਨੇ ਇਹ ਵਿਚਾਰ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੀ ਅਗਵਾਈ ਵਿੱਚ ਸ੍ਰੀ ਦਰਬਾਰ ਸਾਹਿਬ ਦੀ ਪਵਿੱਤਰਤਾ ਦੀ ਰਾਖੀ ਕਰਦਿਆਂ ਜੂਨ 1984 ਦੇ ਘੱਲੂਘਾਰੇ ਵਿੱਚ 10 ਜੂਨ ਨੂੰ ਸ਼ਹਾਦਤ ਦਾ ਜਾਮ ਪੀਣ ਵਾਲੇ ਦਮਦਮੀ ਟਕਸਾਲ ਦੇ ਜੁਝਾਰੂ ਯੋਧੇ ਸ਼ਹੀਦ ਭਾਈ ਮੇਜਰ ਸਿੰਘ ਨਾਗੋਕੇ ਦੀ ਯਾਦ ਵਿੱਚ ਪਿੰਡ ਨਾਗੋਕੇ ਵਿਖੇ ਹੋਏ ਸਮਾਗਮ ਵਿੱਚ ਸਾਂਝੇ ਕੀਤੇ ਅਤੇ ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਨਰਲ ਸਕੱਤਰ ਭਾਈ ਹਰਪਾਲ ਸਿੰਘ ਬਲੇਰ, ਦਮਦਮੀ ਟਕਸਾਲ ਸੰਗਰਾਵਾਂ ਦੇ ਮੁਖੀ ਸਿੰਘ ਸਾਹਿਬ ਗਿਆਨੀ ਰਾਮ ਸਿੰਘ ਜੀ ਖ਼ਾਲਸਾ ਵੱਲੋਂ ਗਿਆਨੀ ਦਲੇਰ ਸਿੰਘ, ਅਕਾਲੀ ਦਲ ਵਾਰਿਸ ਪੰਜਾਬ ਦੇ ਪ੍ਰਧਾਨ ਤੇ ਮੈਂਬਰ ਪਾਰਲੀਮੈਂਟ ਭਾਈ ਅੰਮ੍ਰਿਤਪਾਲ ਸਿੰਘ (ਨਜ਼ਰਬੰਦ ਡਿਬਰੂਗੜ੍ਹ ਜੇਲ੍ਹ) ਦੇ ਪਿਤਾ ਸ. ਤਰਸੇਮ ਸਿੰਘ, ਗੁਰਦੁਆਰਾ ਸ਼ਹੀਦ ਗੰਜ ਦੇ ਹੈੱਡ ਗ੍ਰੰਥੀ ਗਿਆਨੀ ਗੁਰਪ੍ਰੀਤ ਸਿੰਘ, ਬਾਬਾ ਸੇਵਾ ਸਿੰਘ ਕਾਰ ਸੇਵਾ ਖਡੂਰ ਸਾਹਿਬ ਵਾਲਿਆਂ ਦੇ ਨੁਮਾਇੰਦੇ, ਭਾਈ ਪ੍ਰਤਾਪ ਸਿੰਘ ਧਰਮੀ ਫੌਜੀ ਅਤੇ ਸਰਪੰਚ ਸੰਦੀਪ ਸਿੰਘ ਨਾਗੋਕੇ, ਭਾਈ ਜਰਮਨਜੀਤ ਸਿੰਘ ਖ਼ਾਲਸਾ ਤੇ ਮਾਸਟਰ ਅਮਰਜੀਤ ਸਿੰਘ ਨੇ ਵੀ ਵਿਚਾਰਾਂ ਦੀ ਸਾਂਝ ਪਾਈ ਅਤੇ ਸ਼ਹੀਦ ਭਾਈ ਮੇਜਰ ਸਿੰਘ ਨਾਗੋਕੇ ਦੇ ਸਪੁੱਤਰਾਂ ਭਾਈ ਕੁਲਦੀਪ ਸਿੰਘ ਤੇ ਭਾਈ ਗੁਰਪ੍ਰੀਤ ਸਿੰਘ ਤੇ ਨਾਗੋਕੇ ਪਿੰਡ ਦੇ ਹੋਰ ਸ਼ਹੀਦਾਂ ਦੇ ਪਰਿਵਾਰਾਂ ਦਾ ਸਨਮਾਨ ਵੀ ਕੀਤਾ ਗਿਆ।
Leave a Reply