ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਵੱਲੋਂ ਵਾਤਾਵਰਣ ਸੰਭਾਲ ਲਈ ਲੱਖਾਂ ਬੂਟੇ ਲਗਾਉਣ ਦਾ ਟੀਚਾ
- ਸਮਾਜ ਸੇਵਾ
- 03 Jul, 2026 07:07 PM (Asia/Kolkata)
ਹਲ ਸਾਲ ਦੀ ਤਰ੍ਹਾਂ ਵਰਖਾ ਰੁੱਤ ਵਿੱਚ ਪੌਦੇ ਲਗਾਉਣ ਦੀ ਸੇਵਾ ਵੱਡੇ ਪੱਧਰ 'ਤੇ ਆਰੰਭ
ਰਾਕੇਸ਼ ਨਈਅਰ ਚੋਹਲਾ ਸਾਹਿਬ/ਤਰਨਤਾਰਨ
ਵਧ ਰਹੀ ਗਲੋਬਲ ਵਾਰਮਿੰਗ ਨੇ ਦੁਨੀਆ ਭਰ ਦੇ ਚਿੰਤਕਾਂ ਅਤੇ ਵਾਤਾਵਰਣ ਪ੍ਰੇਮੀਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਇਸ ਚੁਣੌਤੀ ਨਾਲ ਨਜਿੱਠਣ ਲਈ ਜਿੱਥੇ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਵੱਲੋਂ ਉਪਰਾਲੇ ਕੀਤੇ ਜਾ ਰਹੇ ਹਨ,ਉੱਥੇ ਪੰਜਾਬ ਦੀ ਧਾਰਮਿਕ ਧਰਤੀ ’ਤੇ ਵੀ ਵਾਤਾਵਰਣ ਦੀ ਸੰਭਾਲ ਲਈ ਵਿਸ਼ੇਸ਼ ਯਤਨ ਜਾਰੀ ਹਨ।
ਸੰਪਰਦਾਇ ਕਾਰ ਸੇਵਾ ਸੰਤ ਬਾਬਾ ਤਾਰਾ ਸਿੰਘ ਜੀ ਸਰਹਾਲੀ ਸਾਹਿਬ ਦੇ ਮੁਖੀ ਸੰਤ ਬਾਬਾ ਸੁੱਖਾ ਸਿੰਘ ਜੀ ਅਤੇ ਸੰਤ ਬਾਬਾ ਹਾਕਮ ਸਿੰਘ ਜੀ ਦੀ ਅਗਵਾਈ ਹੇਠ ਹਰ ਸਾਲ ਵੱਡੇ ਪੱਧਰ ’ਤੇ ਪੌਦੇ ਲਗਾਉਣ ਦੀ ਸੇਵਾ ਕੀਤੀ ਜਾਂਦੀ ਹੈ। ਬਾਬਾ ਜੀ ਵੱਲੋਂ ਵਾਤਾਵਰਣ ਦੀ ਰੱਖਿਆ ਲਈ ਹਰ ਸਾਲ ਲੱਖਾਂ ਦੀ ਗਿਣਤੀ ਵਿੱਚ ਬੂਟੇ ਲਗਾਏ ਜਾਂਦੇ ਹਨ। ਵਰਖਾ ਰੁੱਤ ਦੀ ਸ਼ੁਰੂਆਤ ਨਾਲ ਹੀ ਇਸ ਸਾਲ ਵੀ ਪੌਦੇ ਲਗਾਉਣ ਦੀ ਮੁਹਿੰਮ ਆਰੰਭ ਕਰ ਦਿੱਤੀ ਗਈ ਹੈ, ਜੋ ਜੁਲਾਈ ਅਤੇ ਅਗਸਤ ਮਹੀਨੇ ਦੌਰਾਨ ਵੱਡੇ ਪੱਧਰ ’ਤੇ ਜਾਰੀ ਰਹੇਗੀ।
ਪਹਿਲੇ ਦਿਨ ਆਈ.ਟੀ.ਆਈ. ਸਰਹਾਲੀ ਕਲਾਂ ਵਿਖੇ ਲਗਾਏ 500 ਬੂਟੇ
ਮੁਹਿੰਮ ਦੇ ਪਹਿਲੇ ਦਿਨ 1 ਜੁਲਾਈ ਨੂੰ ਬਾਬਾ ਗੁਰਦਿੱਤ ਸਿੰਘ ਕਾਮਾਗਾਟਾ ਮਾਰੂ ਸਰਕਾਰੀ ਆਈ.ਟੀ.ਆਈ. ਸਰਹਾਲੀ ਕਲਾਂ ਵਿਖੇ 500 ਬੂਟੇ ਲਗਾਏ ਗਏ। ਇਸ ਮੌਕੇ ਸੰਸਥਾ ਦੇ ਕਾਰ ਸੇਵਕਾਂ, ਜਥੇਦਾਰਾਂ ਅਤੇ ਆਈ.ਟੀ.ਆਈ. ਦੇ ਸਮੂਹ ਸਟਾਫ ਨੇ ਉਤਸ਼ਾਹ ਨਾਲ ਪੌਦੇ ਲਗਾਉਣ ਦੀ ਸੇਵਾ ਨਿਭਾਈ। ਇਸ ਸੇਵਾ ਵਿੱਚ ਪ੍ਰਿੰਸੀਪਲ ਮਨਜੀਤ ਸਿੰਘ, ਸੁਪਰਿੰਟੈਂਡੈਂਟ ਗੁਰਬਾਜ ਸਿੰਘ, ਸ਼ਰਨਜੀਤ ਸਿੰਘ, ਅਰਸ਼ਦੀਪ ਸਿੰਘ, ਜਸਵੰਤ ਸਿੰਘ, ਨਿਸ਼ਾਨ ਸਿੰਘ, ਅਵਤਾਰ ਸਿੰਘ, ਦੇਬਾ, ਤਜਿੰਦਰ ਸਿੰਘ, ਨਰੇਸ਼, ਸੁਖਨੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਸਮੇਤ ਹੋਰ ਸੇਵਾਦਾਰ ਸ਼ਾਮਲ ਹੋਏ।
ਇਸ ਤੋਂ ਇਲਾਵਾ 2 ਅਤੇ 3 ਜੁਲਾਈ ਨੂੰ ਸਰਹਾਲੀ ਤੋਂ ਸੁਹਾਵਾ ਲਿੰਕ ਰੋਡ ’ਤੇ ਵੀ ਪੌਦੇ ਲਗਾਉਣ ਦੀ ਸੇਵਾ ਕੀਤੀ ਗਈ। ਸੰਪਰਦਾਇ ਕਾਰ ਸੇਵਾ ਵੱਲੋਂ ਜਥੇਦਾਰ ਥਲਬੀਰ ਸਿੰਘ, ਜਥੇਦਾਰ ਹਿੰਮਤ ਸਿੰਘ, ਜਥੇਦਾਰ ਸ਼ਬਦਲ ਸਿੰਘ, ਜਥੇਦਾਰ ਤਰਸੇਮ ਸਿੰਘ, ਜਥੇਦਾਰ ਗੋਰਾ ਸਿੰਘ ਅਤੇ ਸਮਾਜ ਸੇਵੀ ਅਰਜਨ ਸਿੰਘ ਸੰਧੂ ਸਮੇਤ ਵੱਡੀ ਗਿਣਤੀ ਵਿੱਚ ਸੇਵਾਦਾਰਾਂ ਨੇ ਪ੍ਰੇਮ ਅਤੇ ਸ਼ਰਧਾ ਨਾਲ ਯੋਗਦਾਨ ਪਾਇਆ। ਵੱਖ-ਵੱਖ ਪਿੰਡਾਂ ਤੋਂ ਸੰਗਤਾਂ ਵੀ ਇਸ ਸੇਵਾ ਨਾਲ ਜੁੜ ਰਹੀਆਂ ਹਨ। ਅੱਜ ਪਿੰਡ ਦੇਉ ਬਾਠ ਦੀ ਸੰਗਤ ਨੇ ਵੀ ਹਾਜ਼ਰੀ ਭਰ ਕੇ ਵਾਤਾਵਰਣ ਸੰਭਾਲ ਦੇ ਇਸ ਮਹੱਤਵਪੂਰਨ ਉਪਰਾਲੇ ਵਿੱਚ ਆਪਣਾ ਯੋਗਦਾਨ ਪਾਇਆ।
Leave a Reply