ਹੁਣ ਕਿੱਥੇ ਗਈਆਂ ਨਿਖੇਧੀਆਂ ?
- ਰਾਜਨੀਤੀ
- 18 Aug, 2026 08:59 PM (Asia/Kolkata)
ਜਦੋਂ ਸੁਖਬੀਰ ਬਾਦਲ ਉੱਤੇ ਹਮਲਾ ਹੋਇਆ ਤਾਂ ਨਿਖੇਧੀਆਂ ਦਾ ਬਜ਼ਾਰ ਸਰਗਰਮ ਹੋ ਗਿਆ ਪਰ ਜਦੋਂ ਬੰਦੀ ਸਿੰਘਾਂ ਦੀ ਰਿਹਾਈ ਮੰਗਦੇ ਸਿੱਖਾਂ ਉੱਤੇ ਪੁਲਿਸ ਨੇ ਜ਼ੁਲਮ ਕੀਤਾ ਤਾਂ ਨਿਖੇਧੀਆਂ ਗਾਇਬ ਹੋ ਗਈਆਂ! ਇਸ ਦਾ ਸਿੱਧਾ ਜਿਹਾ ਮਤਲਬ ਹੈ ਕਿ ਨਿਖੇਧੀਆਂ ਕਰਨ ਵਾਲ਼ਿਆਂ ਨੂੰ ਬੰਦੀ ਸਿੰਘ ਨਹੀਂ ਬਲਕਿ ਸੁਖਬੀਰ ਬਾਦਲ ਪਿਆਰਾ ਹੈ। ਸੁਖਬੀਰ ਉੱਤੇ ਹਮਲੇ ਦੀ ਖ਼ਬਰ ਸੁਣਦਿਆਂ ਸਾਰ ਜਥੇਦਾਰ, ਸਿੰਘ ਸਾਹਿਬ, ਸ਼੍ਰੋਮਣੀ ਕਮੇਟੀ ਪ੍ਰਧਾਨ, ਅਕਾਲੀ ਦਲ ਦੇ ਆਗੂ, ਸੰਪਰਦਾਵਾਂ ਦੇ ਮੁਖੀਆਂ, ਜਥੇਬੰਦੀਆਂ ਦੇ ਪ੍ਰਧਾਨਾਂ, ਸੰਸਥਾਵਾਂ ਦੇ ਅਹੁਦੇਦਾਰਾਂ ਅਤੇ ਕਾਂਗਰਸ, ਭਾਜਪਾ, ਝਾੜੂ ਪਾਰਟੀ ਤੇ ਹੋਰ ਸਿਆਸੀ ਦਲਾਂ ਦੇ ਆਗੂਆਂ ਨੇ ਤੁਰੰਤ ਵੀਡੀਓਜ਼ ਜਾਰੀ ਕਰ ਦਿੱਤੀਆਂ ਅਤੇ ਨਿਖੇਧੀਆਂ ਨਾਲ ਅਖ਼ਬਾਰਾਂ ਭਰ ਦਿੱਤੀਆਂ। ਇਸ ਤਰ੍ਹਾਂ ਕੀਰਨੇ ਪਾਏ ਗਏ ਜਿਵੇਂ ਸੁਖਬੀਰ ਬਾਦਲ ਦਾ ਰਾਮ-ਨਾਮ ਸੱਤ ਹੋ ਗਿਆ ਹੋਵੇ।
ਪਰ ਜਦੋਂ ਚੰਡੀਗੜ੍ਹ ਪੁਲਿਸ ਪ੍ਰਸ਼ਾਸਨ ਨੇ ਸਿੱਖਾਂ ਦਾ ਸ਼ਾਂਤਮਈ ਮਾਰਚ ਰੋਕਿਆ, ਲਾਠੀਚਾਰਜ ਕੀਤਾ, ਅੱਥਰੂ ਗੈਸ ਦੇ ਗੋਲੇ ਸੁੱਟੇ, ਪਾਣੀ ਦੀਆਂ ਬੁਛਾੜਾਂ ਮਾਰੀਆਂ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਅਸਥਾਨ ਵਾਲੇ ਪੰਡਾਲ ਵਿੱਚ ਵੀ ਡਰੋਨ ਰਾਹੀਂ ਗੋਲ਼ੇ ਸੁੱਟੇ ਤੇ ਲੰਗਰ ਛਕਦੀਆਂ ਸੰਗਤਾਂ ਨੂੰ ਵੀ ਜ਼ਖਮੀਂ ਕੀਤਾ ਤਾਂ ਇਹ ਖ਼ਬਰ ਸੁਣ ਕੇ ਪਤਾ ਨਹੀਂ ਧਾਰਮਿਕ ਤੇ ਸਿਆਸੀ ਆਗੂਆਂ ਦਾ ਖ਼ੂਨ ਕਿਉਂ ਨਹੀਂ ਖੌਲ੍ਹਿਆ ? ਇਹਨਾਂ ਦੀ ਜ਼ੁਬਾਨ ਨੂੰ ਤਾਲੇ ਕਿਉਂ ਲੱਗ ਗਏ ? ਇਹਨਾਂ ਨੂੰ ਆਪਣੇ ਹੀ ਸਿੱਖ ਦੋਸ਼ੀ ਕਿਉਂ ਲੱਗਣ ਲੱਗ ਪਏ ?
ਤੇ ਦੂਜੇ ਪਾਸੇ ਜਿਸ ਸੁਖਬੀਰ ਬਾਦਲ ਨੇ ਪੰਥ ਅਤੇ ਪੰਜਾਬ ਨਾਲ ਗ਼ੱਦਾਰੀਆਂ ਕੀਤੀਆਂ ਉਸ ਪ੍ਰਤੀ ਐਨਾ ਹੇਜ ਕਿਉਂ ? ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਮੌਕੇ 'ਤੇ ਹੀ ਬਿਆਨ ਜਾਰੀ ਕਰਕੇ ਸੁਖਬੀਰ ਬਾਦਲ ਦੀ ਚਾਪਲੂਸੀ ਕਰਦਿਆਂ ਕਹਿ ਦਿੱਤਾ ਕਿ ਸੁਖਬੀਰ 'ਤੇ ਹਮਲਾ ਕਰਨ ਵਾਲਾ ਸਿੱਖ ਨਹੀਂ ਹੋ ਸਕਦਾ। ਜਥੇਦਾਰ ਜੀ ਫਿਰ ਇਹ ਵੀ ਦੱਸ ਦਿਓ ਕਿ ਕੀ ਸੁਖਬੀਰ ਬਾਦਲ ਸਿੱਖ ਹੈ ? ਕੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀ ਦੇ ਦੋਸ਼ੀਆਂ ਨੂੰ ਬਚਾਉਣ ਵਾਲਾ, ਇਨਸਾਫ਼ ਮੰਗਦੀਆਂ ਸੰਗਤਾਂ ਉੱਤੇ ਗੋਲ਼ੀਆਂ ਚਲਾਉਣ ਵਾਲਾ, ਸਿੱਖਾਂ ਦੇ ਝੂਠੇ ਪੁਲਿਸ ਮੁਕਾਬਲੇ ਬਣਾਉਣ ਵਾਲੇ ਬੁੱਚੜ ਪੁਲਿਸ ਅਫ਼ਸਰਾਂ ਨੂੰ ਤਰੱਕੀਆਂ ਦੇਣ ਵਾਲਾ, ਬਲਾਤਕਾਰੀ ਡੇਰਾ ਸਿਰਸਾ ਮੁਖੀ ਨੂੰ ਮਾਫ਼ੀ ਦਿਵਾਉਣ ਵਾਲਾ, ਗੁਰੂ ਦੀ ਗੋਲਕ ਵਿੱਚੋਂ 95 ਲੱਖ ਰੁਪਏ ਦੇ ਇਸ਼ਤਿਹਾਰ ਆਪਣੇ ਸਿਆਸੀ ਮੁਫ਼ਾਦਾਂ ਲਈ ਦਿਵਾਉਣ ਵਾਲਾ, ਜਥੇਦਾਰਾਂ ਦੇ ਫ਼ੈਸਲੇ ਨੂੰ ਭਾਜਪਾ ਦੀ ਸ਼ਹਿ ਉੱਤੇ ਹੋਏ ਫ਼ੈਸਲੇ ਦੱਸਣ ਵਾਲਾ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਤੋਂ ਭਗੌੜਾ ਹੋਣ ਵਾਲਾ, ਸ਼ਹੀਦ ਭਾਈ ਅਮਰੀਕ ਸਿੰਘ ਜੀ ਦੀ ਸਪੁੱਤਰੀ ਬੀਬਾ ਸਤਵੰਤ ਕੌਰ ਦੀ ਕਿਰਦਾਰਕੁਸ਼ੀ ਕਰਨ ਵਾਲਾ, ਜ਼ਾਲਮ ਅਫ਼ਸਰ ਸਵਰਨ ਘੋਟਣੇ ਦੇ ਭੋਗ 'ਤੇ ਰਾਗੀ ਜੱਥਾ ਭੇਜਣ ਵਾਲਾ, ਜਥੇਦਾਰ ਭਾਈ ਗੁਰਦੇਵ ਸਿੰਘ ਕਾਉਂਕੇ ਦੀ ਸ਼ਹਾਦਤ ਦੀ ਫਾਇਲ ਦੱਬਣ ਵਾਲਾ, ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਨੂੰ ਕਾਤਲ ਅਤੇ ਪ੍ਰੋਫ਼ੈਸਰ ਦਵਿੰਦਰਪਾਲ ਸਿੰਘ ਭੁੱਲਰ ਨੂੰ ਅੱਤਵਾਦੀ ਦੱਸਣ ਵਾਲਾ ਸਿੱਖ ਹੋ ਸਕਦਾ ਹੈ ?
ਗਿਆਨੀ ਕੁਲਦੀਪ ਸਿੰਘ ਗੜਗੱਜ ਜੀ ਤੁਸੀਂ ਤਾਂ ਜਥੇਦਾਰ ਬਣਨ ਤੋਂ ਪਹਿਲਾਂ ਆਖਦੇ ਹੁੰਦੇ ਸੀ ਕਿ ਆਪਣੇ ਪੁੱਤਰ ਸੁਖਬੀਰ ਬਾਦਲ ਦੇ ਮੋਹ ਵਿੱਚ ਪ੍ਰਕਾਸ਼ ਸਿੰਘ ਬਾਦਲ ਨੇ ਅਕਾਲੀ ਦਲ ਦਾ ਸੱਤਿਆਨਾਸ ਕਰ ਦਿੱਤਾ ਹੈ। ਤੇ ਹੁਣ ਪੰਥ ਦੇ ਗ਼ੱਦਾਰ ਸੁਖਬੀਰ ਬਾਦਲ ਪ੍ਰਤੀ ਤੁਹਾਡਾ ਐਨਾ ਮੋਹ ਕਿਉਂ ਹੈ ? ਤੁਹਾਡਾ ਵੱਸ ਚੱਲੇ ਤਾਂ ਤੁਸੀਂ ਤਾਂ ਸੁਖਬੀਰ ਬਾਦਲ ਦਾ ਵਿਰੋਧ ਕਰਨ ਵਾਲੇ ਸਾਰੇ ਸਿੱਖਾਂ ਨੂੰ ਹੀ ਪੰਥ ਵਿੱਚੋਂ ਛੇਕ ਸਕਦੇ ਹੋ! ਬਾਦਲ ਦਲ ਅਤੇ ਸ਼੍ਰੋਮਣੀ ਕਮੇਟੀ ਨੇ ਤਾਂ ਸੁਖਬੀਰ ਦੀ ਚਮਚਾਗਿਰੀ ਕਰਨੀ ਹੀ ਸੀ ਪਰ ਤੁਸੀਂ ਵੀ ਪਿੱਛੇ ਨਹੀਂ ਰਹੇ ਅਫ਼ਸੋਸ ਹੈ।
ਸੁਖਬੀਰ ਬਾਦਲ ਨੇ ਪੰਥ ਨਾਲ ਜੋ ਗ਼ੱਦਾਰੀਆਂ, ਮੱਕਾਰੀਆਂ ਅਤੇ ਦਗੇਬਾਜ਼ੀਆਂ ਕੀਤੀਆਂ ਉਸ ਕਾਰਨ ਪੰਥ ਵਿੱਚ ਰੋਹ ਅਤੇ ਰੋਸ ਹੈ ਤੇ ਉਹ ਵਾਰ-ਵਾਰ ਸਿੱਖਾਂ ਦੇ ਸ਼ਬਦੀ ਅਤੇ ਸਰੀਰਕ ਹਮਲਿਆਂ ਦਾ ਸ਼ਿਕਾਰ ਬਣ ਰਿਹਾ ਹੈ।
ਪੰਥ ਦੋਖੀ ਗੁਰਸਿਮਰਨ ਮੰਡ 'ਤੇ ਹਮਲਾ ਕਰਨ ਵਾਲੇ ਸਿੱਖਾਂ ਉੱਤੇ ਵੀ ਅੰਬਾਲੇ ਵਿੱਚ ਲਾਠੀਚਾਰਜ ਅਤੇ ਪਰਚੇ ਦਰਜ ਹੋਏ ਤੇ ਸਿੱਖਾਂ ਦੇ ਹੱਕ ਵਿੱਚ ਬਾਬਾ ਧੁੰਮਾ ਜੀ ਵੀ ਨਾ ਬੋਲੇ ਤੇ ਗਿਆਨੀ ਸ਼ੇਰ ਸਿੰਘ ਨਿਹੰਗ ਜੋ ਮੰਡ ਦੇ ਹੀ ਸਮਰਥਨ ਵਿੱਚ ਆ ਗਏ। ਇਹ ਸਿੱਖ ਆਗੂ ਕਿੱਧਰ ਨੂੰ ਤੁਰਦੇ ਜਾਂਦੇ ਨੇ ? ਇਹਨਾਂ ਨੂੰ ਪੰਥ ਦੋਖੀਆਂ ਦੀ ਏਨੀ ਚਿੰਤਾ ਕਿਉਂ ਹੈ ? ਬੰਦੀ ਸਿੰਘਾਂ ਦੀ ਰਿਹਾਈ ਮੰਗਦੇ ਸਿੱਖਾਂ ਉੱਤੇ ਪੁਲਿਸ ਨੇ ਹੁਣ ਪਰਚੇ ਵੀ ਦਰਜ਼ ਕਰ ਦਿੱਤੇ ਹਨ ਪਰ ਧਾਰਮਿਕ ਅਤੇ ਸਿਆਸੀ ਆਗੂਆਂ ਨੇ ਮੌਨ ਧਾਰਨ ਕਰ ਲਿਆ। ਜੇ ਤੁਸੀਂ ਪੰਥ ਤੇ ਪੰਜਾਬ ਲਈ ਹੀ ਨਹੀਂ ਬੋਲਣਾ ਤਾਂ ਫਿਰ ਸੰਗਤਾਂ ਤੋਂ ਸਤਿਕਾਰ ਦੀ ਕੋਈ ਆਸ ਨਾ ਰੱਖਿਓ, ਤੁਹਾਡਾ ਨਾਂ ਵੀ ਪੰਥ ਦੋਖੀਆਂ ਵਿੱਚ ਹੀ ਗਿਣਿਆ ਜਾਏਗਾ।
ਰਣਜੀਤ ਸਿੰਘ ਦਮਦਮੀ ਟਕਸਾਲ
(ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ)
ਮੋ: 8872293883.
Leave a Reply