29 ਅਪ੍ਰੈਲ 1986 ਨੂੰ ਖ਼ਾਲਿਸਤਾਨ ਦੇ ਐਲਾਨ ਪਿੱਛੋਂ ਖ਼ਾਲਿਸਤਾਨੀ ਸੰਘਰਸ਼ ਨੇ ਸਿਖਰਾਂ ਛੋਹੀਆਂ

29 ਅਪ੍ਰੈਲ 1986 ਨੂੰ ਖ਼ਾਲਿਸਤਾਨ ਦੇ ਐਲਾਨ ਪਿੱਛੋਂ ਖ਼ਾਲਿਸਤਾਨੀ ਸੰਘਰਸ਼ ਨੇ ਸਿਖਰਾਂ ਛੋਹੀਆਂ

29 ਅਪ੍ਰੈਲ 1986 ਨੂੰ ਖ਼ਾਲਿਸਤਾਨ ਦੇ ਐਲਾਨ ਪਿੱਛੋਂ ਖ਼ਾਲਿਸਤਾਨੀ ਸੰਘਰਸ਼ ਨੇ ਸਿਖਰਾਂ ਛੋਹੀਆਂ
ਖ਼ਾਲਿਸਤਾਨ ਦਾ ਐਲਾਨ 29 ਅਪ੍ਰੈਲ 1986 ਨੂੰ ਹੋਇਆ ਸੀ। ਖ਼ਾਲਿਸਤਾਨੀ ਸੰਘਰਸ਼ ਸਿਖ਼ਰ ਛੋਹ ਕੇ ਇੱਕ ਥਾਂ ਉੱਤੇ ਆ ਕੇ ਠਹਿਰ ਬੇਸ਼ੱਕ ਗਿਆ ਜਾਪਦਾ ਹੋਵੇਗਾ ਪਰ ਨਾ ਤਾਂ ਇਹ ਸੰਕਲਪ ਰੂਪ ਵਿੱਚ ਖ਼ਤਮ ਹੋਣਾ ਹੈ ਨਾ ਇਸ ਸੰਘਰਸ਼ ਨੂੰ ਹਮਾਇਤ ਮੁੱਕਣੀ ਹੈ ਤੇ ਨਾ ਹੀ ਜੁਝਾਰੂ ਕਾਰਵਾਈਆਂ ਲਈ ਖਾੜਕੂ ਸਿੰਘਾਂ ਤੇ ਹਥਿਆਰਾਂ ਦੀ ਘਾਟ ਹੋਣੀ ਹੈ।
ਹਰ ਸਾਲ ਭਾਰਤੀ ਹਕੂਮਤ ਸੌ ਕੁ ਖ਼ਾਲਿਸਤਾਨੀ ਜੁਝਾਰੂ ਫੜਨ ਦਾ ਦਾਅਵਾ ਕਰਦੀ ਹੈ। ਇੱਕ ਪਾਸੇ ਪੂਰਾ ਜ਼ੋਰ ਲਾ ਕੇ ਹਕੂਮਤ ਕਹਿ ਰਹੀ ਹੈ ਕਿ ਖ਼ਾਲਿਸਤਾਨੀ ਸੰਘਰਸ਼ ਮਰ ਮੁਕ ਗਿਆ ਹੈ, ਇੱਕ ਵੀ ਸਿੱਖ ਇਸ ਦਾ ਹਾਮੀ ਨਹੀਂ, ਇਹ ਤਾਂ ਬਹੁਤ ਮਾੜੇ ਸੁਪਨੇ ਵਾਂਗ ਸਿੱਖਾਂ ਨੇ ਭੁਲਾ ਦਿੱਤਾ ਹੈ। ਦੂਜੇ ਪਾਸੇ ਹਰ ਰੋਜ਼ ਹਕੂਮਤੀ ਏਜੰਸੀਆਂ ਦਾ ਬੁਰਾ ਹਾਲ ਹੋਇਆ ਪਿਆ ਹੁੰਦਾ ਕਿ ਖ਼ਾਲਿਸਤਾਨ ਦਾ ਸੰਘਰਸ਼ ਫੇਰ ਜ਼ੋਰ ਫੜ ਰਿਹਾ, ਫਲਾਣੀ ਗੱਲ ਵਿੱਚ ਖ਼ਾਲਿਸਤਾਨੀਆਂ ਦਾ ਹੱਥ ਹੈ, ਆ ਗਏ ਖ਼ਾਲਿਸਤਾਨੀ, ਫੜ ਲਏ ਖ਼ਾਲਿਸਤਾਨੀ।
ਹਕੀਕਤ ਇਹੋ ਹੈ ਕਿ ਬੇਸ਼ੱਕ ਖ਼ਾਲਿਸਤਾਨ ਬਾਰੇ ਕੋਈ ਮਰਜ਼ੀ ਕੁਝ ਕਹੀ ਜਾਵੇ ਜਦ ਤਕ ਧਰਤੀ ਹੈ ਤੇ ਖ਼ਾਲਿਸਤਾਨ ਬਣ ਨਹੀਂ ਜਾਂਦਾ, ਸਰਕਾਰ ਨੇ ਖ਼ਾਲਿਸਤਾਨ ਦੇ ਵਿਰੋਧ ਵਿੱਚ ਡਟੇ ਰਹਿਣਾ ਹੈ ਤੇ ਸਿੱਖਾਂ ਨੇ ਖ਼ਾਲਿਸਤਾਨ ਦੇ ਹੱਕ ਵਿੱਚ ਡਟੇ ਰਹਿਣਾ ਹੈ। ਕਦੇ ਸੰਘਰਸ਼ ਤੇਜ, ਕਦੇ ਹੌਲੀ ਚੱਲਦਾ ਰਹੇਗਾ ਪਰ ਇਹ ਕਦੇ ਵੀ ਨਹੀਂ ਹੋਣਾ ਕਿ ਖ਼ਾਲਿਸਤਾਨ ਦਾ ਮੁੱਦਾ ਸਦਾ-ਸਦਾ ਲਈ ਮਰ ਗਿਆ।
ਕਈ ਲੋਕਾਂ ਨੂੰ ਸਮਝ ਨਹੀਂ ਆ ਰਹੀ ਕਿ ਜਦੋਂ ਹਿੰਦੋਸਤਾਨੀਆਂ ਨੂੰ ਯਕੀਨ ਹੈ ਕਿ “ਖ਼ਾਲਿਸਤਾਨ ਦੀ ਸਿੱਖਾਂ ਵਿੱਚ ਕੋਈ ਹਮਾਇਤ ਨਹੀਂ, ਐਂਵੇ ਚਾਰ ਕੁ ਬੰਦੇ ਨੇ ਜਿਹੜੇ ਨਾਅਰੇ-ਨੂਹਰੇ ਜਿਹੇ ਲਾਉਂਦੇ ਰਹਿੰਦੇ ਨੇ”, ਫੇਰ ਖ਼ਾਲਿਸਤਾਨ ਦੇ ਨਾਂ ’ਤੇ ਇਹ ਹਿੰਦੋਸਤਾਨੀ ਹਰ ਵੇਲੇ ਚੀਕ-ਚਿਹਾੜਾ ਕਿਉਂ ਪਾਈ ਰੱਖਦੇ ਨੇ? ਜਦ ਹਿੰਦੋਸਤਾਨੀਆਂ ਨੂੰ ਯਕੀਨ ਹੈ ਕਿ “ਨਾ ਖ਼ਾਲਿਸਤਾਨ ਬਣ ਸਕਦਾ ਹੈ, ਨਾ ਕੋਈ ਆਸ ਹੈ, ਨਾ ਸੰਭਾਵਨਾ” ਤਾਂ ਫੇਰ ਤਾਂ ਕੋਈ ਡਰ-ਡੁੱਕਰ ਈ ਨਹੀਂ ਹੋਣਾ ਚਾਹੀਦਾ। ਆਪਣੀ ਬਾਂਹ ਸਿਰਾਣ੍ਹੇ ਹੇਠਾਂ ਦੇ ਕੇ ਸੌਂ ਜਾਣ। ਐਂਵੇ ਚੀਕਾਂ ਕਿਉਂ ਮਾਰਦੇ ਰਹਿੰਦੇ ਨੇ।
ਦਰਅਸਲ ਹਿੰਦੋਸਤਾਨੀਆਂ ਨੂੰ ਪੂਰਾ ਯਕੀਨ ਹੈ ਕਿ ਖ਼ਾਲਿਸਤਾਨ ਅਟੱਲ ਸੱਚਾਈ ਹੈ ਤੇ ਇਹ ਹੋਂਦ ਵਿੱਚ ਆ ਕੇ ਰਹੇਗਾ।
ਕਹਿੰਦੇ ਇੱਕ ਕਿਸਾਨ ਦੀ ਜ਼ਮੀਨ ਪਹਾੜ ਦੇ ਪੈਰਾਂ ਵਿੱਚ ਸੀ। ਜਦ ਮੀਂਹ ਆਵੇ ਤਾਂ ਫਸਲ ਹੜ੍ਹ ਕੇ ਲੈ ਜਾਇਆ ਕਰੇ। ਜੇ ਮੀਂਹ ਨਾ ਵੀ ਆਵੇ ਤਾਂ ਪਹਾੜ ਨੇ ਸੂਰਜ ਦੀ ਧੁੱਪ ਰੋਕ ਲੈਣੀ ਤੇ ਛਾਂ ਜਿਹੀ ਨਾਲ਼ ਫਸਲ ਮਾਰੀ ਜਾਣੀ। ਇੱਕ ਦਿਨ ਕਿਸਾਨ ਦੀ ਘਰਵਾਲੀ ਨੇ ਕਿਹਾ ਕਿ ਐਂਵੇ ਹਰ ਸਾਲ ਖੱਜਲ ਹੁੰਦੇ ਆਂ, ਇੱਥੋਂ ਕਿਤੇ ਹੋਰ ਚੱਲਦੇ ਆਂ। ਕਿਸਾਨ ਨੇ ਸਿਰ ਫੇਰਤਾ, ਕਹਿੰਦਾ, “ਆਪਾਂ ਨਹੀਂ ਭੱਜਣਾ, ਪਹਾੜ ਨੂੰ ਭਜਾਵਾਂਗੇ।” ਅਗਲੀ ਸਵੇਰ ਕਿਸਾਨ ਨੇ ਕਹੀ ਚੁੱਕੀ ਤੇ ਪਹਾੜ ਨੂੰ ਪੈਰਾਂ ਵਾਲ਼ੇ ਪਾਸਿਓਂ ਮਿੱਟੀ ਪੁੱਟ ਕੇ ਪੱਧਰ ਕਰਨ ਲੱਗ ਪਿਆ। ਪਹਾੜ ਨੇ ਵੇਖਿਆ ਤੇ ਹੱਸਿਆ ਕਿ ਐਡੇ ਪਹਾੜ ਨਾਲ਼ ਮੱਥਾ ਲਾਈ ਬੈਠਾ। ਦੁਪਹਿਰ ਤਕ ਕਿਸਾਨ ਦੀ ਘਰਵਾਲੀ ਵੀ ਘਰਦੇ ਕੰਮਾਂ ਤੋਂ ਵਿਹਲੀ ਹੋ ਕੇ ਕਿਸਾਨ ਦੇ ਨਾਲ਼ ਆ ਲੱਗੀ। ਤਿੰਨ ਕੁ ਵੱਜਦੇ ਨੂੰ ਵੀ ਮੁੰਡਾ ਵੀ ਸਕੂਲੋਂ ਆ ਕੇ ਨਾਲ਼ ਆ ਲੱਗਿਆ। ਹਰ ਰੋਜ਼ ਸਾਰਾ ਟੱਬਰ ਡਟ ਕੇ ਥਾਂ ਪੱਧਰਾ ਕਰਨ ਲੱਗਿਆ ਰਿਹਾ ਕਰੇ ਤਾਂ ਹਫ਼ਤੇ ਕੁ ਬਾਅਦ ਪਹਾੜ ਡਰ ਗਿਆ। ਜਾ ਕੇ ਕੁਦਰਤ-ਦੇਵਤੇ ਕੋਲ਼ ਕਲਪਿਆ ਕਿ ਕਿਸਾਨ ਤਾਂ ਮੇਰਾ ਵਜੂਦ ਹੀ ਮੁਕਾ ਦਊ। ਕੁਦਰਤ-ਦੇਵਤੇ ਨੇ ਧਰਵਾਸ ਦਿਵਾਇਆ ਕਿ ਤੂੰ ਐਡਾ ਪਹਾੜ ਹੋ ਕੇ ਕਿਸਾਨ ਦੀ ਨਿੱਕੀ ਜਿਹੀ ਕਹੀ ਤੋਂ ਡਰੀ ਜਾਂਨੈ? ਤਾਂ ਪਹਾੜ ਕਹਿੰਦਾ, “ਮੈਂ ਕਿਸਾਨ ਦੀ ਕਹੀ ਤੋਂ ਨਹੀਂ, ਉਹਦੇ ਦ੍ਰਿੜ੍ਹ ਇਰਾਦੇ ਤੋਂ ਡਰਦਾਂ। ਜਿੰਨੀ ਦ੍ਰਿੜ੍ਹਤਾ ਨਾਲ਼ ਉਹ ਡਟਿਆ ਹੋਇਆ, ਵਕਤ ਵੱਧ-ਘੱਟ ਲੱਗ ਸਕਦਾ ਪਰ ਉਹ ਮੇਰਾ ਵਜੂਦ ਮਲੀਆਮੇਟ ਕਰਕੇ ਰਹੂ।”
ਹਿੰਦੋਸਤਾਨ ਨੂੰ ਵੀ ਸਿੱਖਾਂ ਦੀ ਦ੍ਰਿੜਤਾ ਈ ਚੀਕਾਂ ਮਰਵਾਉਂਦੀ ਹੈ। ਖ਼ਾਲਿਸਤਾਨ ਪ੍ਰਤੀ ਦ੍ਰਿੜ੍ਹਤਾ ਵਾਲ਼ੇ ਸਿੱਖਾਂ ਦੀ ਗੱਲ ਤਾਂ ਇੱਕ ਪਾਸੇ ਹਿੰਦੋਸਤਾਨੀਆਂ ਨੂੰ ਤਾਂ ਉਹ ਸਿੱਖ ਵੀ ਬੜੇ ‘ਖ਼ਤਰਨਾਕ’ ਲੱਗਦੇ ਨੇ, ਜਿਹੜੇ ਸਿੱਖੀ ਸਰੂਪ ਵਿੱਚ ਵੀ ਨਹੀਂ। ਜਦ ਕਿਸੇ ਸਮਾਗਮ ਤੋਂ ਬਾਅਦ ਅਰਦਾਸ ਮਗਰੋਂ ਸਾਰੇ ਸਿੱਖ ਇਕਸੁਰ ਹੋ ਕੇ ਬੋਲਦੇ ਨੇ, “ਰਾਜ ਕਰੇਗਾ ਖ਼ਾਲਸਾ, ਆਕੀ ਰਹੇ ਨਾ ਕੋਇ....” ਤਾਂ ਹਿੰਦੋਸਤਾਨੀਆਂ ਨੂੰ ਹਰੇਕ ਸਿੱਖ ਵਿੱਚੋਂ ‘ਭਿੰਡਰਾਂਵਾਲ਼ੇ ਸੰਤ’ ਹੀ ਦਿੱਸਦੇ ਨੇ। ਇਸੇ ਕਰਕੇ ਵਿਚਾਰੇ ਚੀਕਾਂ ਮਾਰਦੇ ਨੇ। ਦੁਨੀਆਂ ਹੈਰਾਨ-ਪ੍ਰੇਸ਼ਾਨ ਹੈ ਕਿ ਹਿੰਦੋਸਤਾਨੀ ਤਾਂ ਉੱਪਰ ਪਏ ਭਲਵਾਨ ਵਾਂਗ ਈ ਚੀਕਾਂ ਮਾਰੀ ਜਾਂਦੇ ਨੇ। ਇੱਕ ਪਾਸੇ ਕਹਿੰਦੇ ‘ਖ਼ਾਲਿਸਤਾਨ ਦੀ ਕੋਈ ਗੱਲ ਈ ਨਹੀਂ, ਐਂਵੇ ਚਾਰ ਕੁ ਬੰਦੇ ਲੱਗੇ ਰਹਿੰਦੇ ਨੇ...” ਦੂਜੇ ਪਾਸੇ ਵੇਲ਼ਾ-ਕੁਵੇਲ਼ਾ ਵੀ ਨਹੀਂ ਵੇਖਦੇ ਤੇ ਖ਼ਾਲਿਸਤਾਨ ਦਾ ਨਾਂ ਲੈ ਕੇ ਚੰਘਿਆੜਾਂ ਮਾਰੀ ਜਾਂਦੇ ਨੇ!
ਇੱਕ ਵੀਰ ਨੇ ਸਵਾਲ ਕੀਤਾ ਕਿ “ਖ਼ਾਲਿਸਤਾਨ ਦੇਸ਼ ਦੀ ਸਥਾਪਤੀ ਲਈ ਤੁਹਾਡੇ ਕੋਲ਼ ਕੀ ਪ੍ਰੋਗਰਾਮ ਹੈ? ਕੋਈ ਪਲੈਨ, ਕੋਈ ਰੋਡ-ਮੈਪ, ਕੋਈ ਸਕੀਮ ਹੈ? ਕੀ ਤੁਸੀਂ ਕੋਈ ਪਲੈਨ ਨੰਬਰ ਦੋ ਵੀ ਤਿਆਰ ਕੀਤਾ ਹੈ ਕਿ ਜੇ ਇੱਕ ਨੰਬਰ ਪਲੈਨ ਅਸਫਲ ਹੋ ਗਿਆ ਤਾਂ ਪਲੈਨ ਨੰਬਰ ਦੋ ਵਰਤਿਆ ਜਾਵੇ।”
ਇਹੋ ਜਿਹਾ ਲੰਮਾ-ਚੌੜਾ ਸਵਾਲ ਪੁੱਛਣ ਵਾਲ਼ੇ ਵੀਰ ਦੀ ਸਾਰੀ ਗੱਲਬਾਤ ਪੜ੍ਹਨ-ਵਿਚਾਰਨ ਮਗਰੋਂ ਇਹੀ ਖ਼ਿਆਲ ਬਣਿਆ ਕਿ ਇਹ ਵੀਰ ਅੰਗਰੇਜੀ ਫ਼ਿਲਮਾਂ ਬਹੁਤ ਵੇਖਦਾ ਹੋਣਾ ਹੈ ਕਿ ਹਰ ਪ੍ਰੋਜੈਕਟ ਦੀ ਪਲੈਨਿੰਗ, ਸਕੀਮ, ਰੋਡ-ਮੈਪ ਬਣੇ, ਪਲੈਨ ਨੰਬਰ ਦੋ ਵੀ ਹੋਵੇ ਤੇ ਡਿਸ਼ੂੰ-ਡਿਸ਼ੂੰ ਕਰ ਕੇ ਨਿਸ਼ਾਨੇ ਵੱਲ ਵਧੀਏ, ਜਿੱਥੇ ਮੁਸ਼ਕਿਲ ਆ ਜਾਵੇ, ਓਥੇ ਹੀ ‘ਸਪਾਈਡਰਮੈਨ, ਸੁਪਰਮੈਨ’ ਜਾਂ ਇਹੋ ਜਿਹੀ ਕੋਈ ਹੋਰ ਬਾਹਰੀ ਤਾਕਤ ਸਹਾਇਤਾ ਕਰ ਦੇਵੇ ਤੇ ਇੰਝ ਟੀ.ਵੀ. ਚੈਨਲਾਂ ਦੀਆਂ ਖੇਡਾਂ ਤੇ ਮੋਬਾਈਲ ਦੀਆਂ ਗੇਮਾਂ ਵਾਂਗ ਕਾਮਯਾਬ ਹੋ ਜਾਈਏ। ਪਰ ਇਹੋ ਜਿਹੇ ਸਵਾਲ ਹੋਰ ਵੀ ਵੀਰਾਂ ਦੇ ਮਨਾਂ ਵਿੱਚ ਹੋਣਗੇ।
ਸਾਨੂੰ ਚੇਤੇ ਰੱਖਣ ਦੀ ਲੋੜ ਹੈ ਕਿ ਮੁਲਕਾਂ ਦੀ ਸਿਰਜਣਾ ਕਿਸੇ ਨਵੇਂ ਮਕਾਨ ਦੀ ਉਸਾਰੀ ਵਾਂਗ ਨਹੀਂ ਕਿ ਨਕਸ਼ਾ-ਨਵੀਸ ਤੋਂ ਕੋਠੀ ਦਾ ਨਕਸ਼ਾ ਬਣਵਾ ਕੇ ਠੇਕੇਦਾਰ ਨੂੰ ਠੇਕਾ ਦੇ ਦੇਈਏ ਤੇ ਉਹ ਮਜਦੂਰ ਲਾ ਕੇ ਕੋਠੀ ਤਿਆਰ ਕਰ ਦੇਵੇ ਤੇ ਆਪਾਂ ਕੋਠੀ ਵਿੱਚ ਜਾ ਕੇ ਸੱਜ ਜਾਈਏ। ਖ਼ਾਲਿਸਤਾਨ ਇੱਕ ਨਵੇਂ ਮੁਲਕ ਦੇ ਜਨਮ ਦੀ ਘਟਨਾ ਹੈ ਜੀਹਦੇ ਵਾਪਰਨ ਦੇ ਬੜੇ ਵੱਡੇ ਅਰਥ ਹਨ ਤੇ ਇਹ ਬਜ਼ਾਰੋਂ ਖਿਡੌਣਾ ਖ਼ਰੀਦਣ ਵਾਲੀ ਗੱਲ ਨਹੀਂ। ਖ਼ਾਲਿਸਤਾਨ ਦੀ ਸਥਾਪਤੀ ਕੋਈ ਹਿਸਾਬ ਦਾ ਸਵਾਲ ਨਹੀਂ ਕਿ ਗੁਣਾ-ਘਟਾਓ ਤੇ ਤਕਸੀਮ ਕਰ ਕੇ ਜਵਾਬ ਕੱਢ ਲੈਣਾ ਹੈ। ਨਾ ਹੀ ਇਸ ਦੇ ਢੰਗ-ਤਰੀਕੇ ਸੋਸ਼ਿਲ ਮੀਡੀਆ ਉੱਤੇ ਮਿਲਦੇ ਹੁੰਦੇ ਨੇ। ਨਾ ਇਸ ਵਿਸ਼ੇ ਦੀਆਂ ਕੋਈ ਟੈਕਸਟ-ਬੁਕ ਹੁੰਦੀਆਂ ਨੇ। ਮੁਲਕਾਂ ਦੀਆਂ ਸਿਰਜਣਾ ਕਰਨ-ਕਰਾਉਣ ਦੇ ਅਮਲ ਇੱਕ ਚਮਤਕਾਰੀ ਵਰਤਾਰਾ ਹੁੰਦੇ ਹਨ।
ਪਰ ਫੇਰ ਵੀ ਐਨਾ ਕੁ ਜ਼ਰੂਰ ਕਹਾਂਗਾ ਕਿ ਖ਼ਾਲਿਸਤਾਨ ਬਣਾਉਣ ਲਈ ਸਿੱਖਾਂ ਨੂੰ ਲੋਕ ਰਾਇ ਖ਼ਾਲਿਸਤਾਨ ਦੇ ਹੱਕ ਵਿੱਚ ਭੁਗਤਾਉਣੀ ਪਵੇਗੀ। ਸਿੱਖਾਂ ਨੂੰ ਉਹ ਕਾਰਜ ਕਰਨੇ ਪੈਣਗੇ ਜਿਨ੍ਹਾਂ ਨਾਲ਼ ਲੋਕ ਖ਼ਾਲਿਸਤਾਨ ਦੇ ਸਮਰਥਕ ਬਣਨ ਤੇ ਉਹ ਕਾਰਜ ਰੋਕਣੇ ਪੈਣਗੇ ਜਿਨ੍ਹਾਂ ਨਾਲ਼ ਲੋਕ ਖ਼ਾਲਿਸਤਾਨ ਦੇ ਵਿਰੋਧੀ ਬਣਦੇ ਹੋਣ। ਸਾਨੂੰ ਦੁਨੀਆਂ ਨੂੰ ਖ਼ਾਲਿਸਤਾਨ ਦੇ ਸਮਰੱਥਕ ਬਣਾਉਣਾ ਪਵੇਗਾ ਤਾਂ ਕਿ ਹਰ ਸਖ਼ਸ਼ ਕਹੇ ਕਿ ਸਿੱਖਾਂ ਨੂੰ ਅਜ਼ਾਦੀ ਮਿਲਣੀ ਹੀ ਚਾਹੀਦੀ ਹੈ। ਸਿੱਖਾਂ ਨੂੰ ਇਸ ਲਈ ਮਿਹਨਤ ਕਰਨੀ ਪਵੇਗੀ ਤੇ ਦੁਨੀਆਂ ਨੂੰ ਕਾਇਲ ਕਰਨਾ ਪਵੇਗਾ ਕਿ ਸਿੱਖ ਇਸ ਨਵੇਂ ਬਣਨ ਵਾਲ਼ੇ ਮੁਲਕ ਨੂੰ ਸੰਭਾਲ ਲੈਣਗੇ। ਪਰ ਕਈ ਵੀਰ ਇੰਝ ਗੱਲ ਕਰਦੇ ਨੇ ਜਿਵੇਂ ਸਿੱਖਾਂ ਨੇ ਕੋਈ ਤਰੀਕ ਮਿਥ ਦੇਣੀ ਹੈ ਕਿ ਐਨੀ ਤਰੀਕ ਨੂੰ ਖ਼ਾਲਿਸਤਾਨ ਬਣ ਜਾਣਾ ਹੈ। ਇੰਝ ਬਿਲਕੁਲ ਨਹੀਂ। ਸਾਡੇ ਤਾਂ ਦ੍ਰਿੜ੍ਹਤਾ ਸਹਿਤ ਉਪਰਾਲੇ ਹਨ, ਮਿਹਨਤ ਹੈ ਤੇ ਸਿਦਕ ਹੈ ਕਿ ਸਿੱਖਾਂ ਦਾ ਆਪਣਾ ਮੁਲਕ ਹੋਣਾ ਚਾਹੀਦਾ ਹੈ, ਬਾਕੀ ਸਭ ਕੁਝ ਵਾਹਿਗੁਰੂ ਦਾ ਹੁਕਮ ਹੈ। ਵਾਹਿਗੁਰੂ ਚਾਹੁਣ ਤਾਂ ਪੰਜਾਹ ਸਾਲ ਲੱਗ ਸਕਦੇ ਨੇ ਵਾਹਿਗੁਰੂ ਚਾਹੁਣ ਤਾਂ ਪੰਜ ਮਹੀਨੇ ਵਿੱਚ ਵੀ ਬਣ ਸਕਦਾ ਹੈ ਤੇ ਪੰਜ ਮਿੰਟ ਵਿੱਚ ਵੀ। ਸਾਨੂੰ ਵਿਸਵਾਸ਼ ਹੈ ਕਿ ਵਾਹਿਗੁਰੂ ਸਾਡੀਆਂ ਅਰਦਾਸਾਂ ਤੇ ਮਿਹਨਤਾਂ ਨੂੰ ਫਲ਼ ਲਾਉਣਗੇ।
ਭਾਈ ਜੁਗਰਾਜ ਸਿੰਘ ਤੂਫਾਨ ਦੇ ਸ਼ਹੀਦੀ ਸਮਾਗਮ ਮੌਕੇ ਜਦ ਪੰਜ ਲੱਖ ਸੰਗਤ ਪਹੁੰਚੀ ਤਾਂ ਪਾਰਲੀਮੈਂਟ ਤਕ ਰੌਲ਼ਾ ਪੈ ਗਿਆ ਕਿ ਪੰਜਾਬ ਦੇ ਅਸਲ ਨੁਮਾਇੰਦੇ ਇਹ ਲੋਕ ਨੇ ਜਿਨ੍ਹਾਂ ਦੇ ਭੋਗ ’ਤੇ ਲੱਖਾਂ ਸੰਗਤਾਂ ਡਾਂਗਾਂ-ਗੋਲ਼ੀਆਂ ਦੀ ਪਰਵਾਹ ਕੀਤੇ ਬਗੈਰ ਪਹੁੰਚਦੀਆਂ ਨੇ, ਕਿ ਪੰਜਾਬ ਦੇ ਨੁਮਾਇੰਦੇ ਉਹ ਲੀਡਰ ਨੇ ਜਿਹੜੇ ਜ਼ੈੱਡ ਸਕਿਓਰਿਟੀ ਬਗੈਰ ਘਰੋਂ ਕਦਮ ਨਹੀਂ ਪੁੱਟ ਸਕਦੇ?
ਸੋ, ਇੱਕ ਵੇਲ਼ਾ ਉਹ ਸੀ ਜਦ ਸ਼ਹੀਦਾਂ ਦੇ ਭੋਗਾਂ ਉੱਪਰ ਜਾਣੋਂ ਰੋਕਣ ਲਈ ਫ਼ੌਜ-ਪੁਲੀਸ ਲਾਈ ਜਾਂਦੀ ਸੀ ਪਰ ਸਿੱਖ ਸੰਗਤਾਂ ਪੰਜ-ਪੰਜ ਲੱਖ ਦੀ ਗਿਣਤੀ ਵਿੱਚ ਵੀ ਪਹੁੰਚ ਜਾਂਦੀਆਂ ਸੀ। ਜਦ ਗੋਲ਼ੀ-ਡਾਂਗ ਦਾ ਖ਼ਤਰਾ ਸੀ ਤਾਂ ਸੰਗਤਾਂ ਰੁਕੀਆਂ ਨਹੀਂ ਪਰ ਹੁਣ ਸ਼ਹੀਦੀ ਸਮਾਗਮਾਂ ਵਿੱਚ ਦੋ-ਢਾਈ ਸੌ ਹੀ ਸੰਗਤ ਪਹੁੰਚਦੀ ਹੈ। ਇਹ ਕਿਵੇਂ ਵਾਪਰ ਗਿਆ?
ਦਰਅਸਲ ਜਿਸ ਜਵਾਨੀ ਨੇ ਸ਼ਹੀਦੀ ਸਮਾਗਮਾਂ ਵਿੱਚ ਹਾਜ਼ਰੀਆਂ ਭਰਨੀਆਂ ਸੀ, ਉਹ ਤਾਂ ਜਾਂ ਨਸ਼ੇ ਦੀ ਭਾਲ਼ ਵਿੱਚ ਮੋਟਰਸਾਈਕਲ ਭਜਾਈ ਫਿਰਦੀ ਹੁੰਦੀ ਆ ਜਾਂ ਆਈਲੈਟਸ ਸੈਂਟਰ ਹੁੰਦੀ ਹੈ। ਜਦ ਸ਼ਹੀਦੀ ਸਮਾਗਮਾਂ ਵਿੱਚ ਪੰਜ-ਪੰਜ ਲੱਖ ਸੰਗਤਾਂ ਪਹੁੰਚਦੀਆਂ ਸਨ ਤਾਂ ਹਕੂਮਤ ਨੇ ਅਹਿਦ ਕਰ ਲਿਆ ਸੀ ਕਿ ਅਸੀਂ ਐਹੋ ਜਿਹੇ ਹਾਲਾਤ ਸਿਰਜ ਦਿਆਂਗੇ ਕਿ ਨਾਲ਼ ਦੇ ਘਰ ਵਿੱਚ ਹੋਣ ਵਾਲ਼ੇ ਸ਼ਹੀਦੀ ਸਮਾਗਮ ਵਿੱਚ ਵੀ ਉੱਠ ਕੇ ਸਿੱਖ ਨਹੀਂ ਜਾਇਆ ਕਰੇਗਾ। ਅੱਜ ਇਹ ਹਾਲਾਤ ਬਣ ਗਏ ਹਨ। ਜਿੱਦਣ 1981 ਵਿੱਚ ਸੰਤ ਭਿੰਡਰਾਂਵਾਲ਼ਿਆਂ ਦੀ ਗ੍ਰਿਫ਼ਤਾਰੀ ਹੋਈ ਤਾਂ ਸਾਰਾ ਸਿੱਖ ਜਗਤ ਇੱਕਮੁੱਠ ਹੋ ਕੇ ਡਟ ਗਿਆ ਤਾਂ ਹਕੂਮਤ ਨੇ ਅਹਿਦ ਕੀਤਾ ਸੀ ਕਿ ਅੱਜ ਜਿਸ ਟਕਸਾਲ ਦੇ ਹੱਕ ਵਿੱਚ ਸਾਰਾ ਖ਼ਾਲਸਾ ਪੰਥ ਡਟਿਆ ਖੜ੍ਹਾ, ਅਸੀਂ ਐਹੋ ਜਿਹੀਆਂ ਚਾਲਾਂ ਚੱਲਾਂਗੇ ਤੇ ਐਹੋ ਜਿਹਾ ਮਹੌਲ ਸਿਰਜਾਂਗੇ ਕਿ ਸਿੱਖ ਖ਼ੁਦ ਹੀ ਟਕਸਾਲ ਖ਼ਿਲਾਫ਼ ਹੋ ਜਾਣਗੇ। ਇਉਂ ਹੀ ਜਦ ਜੇਲ੍ਹ ਵਿੱਚ ਬੈਠੇ ਸ. ਸਿਮਰਨਜੀਤ ਸਿੰਘ ਮਾਨ ਨੂੰ ਰਿਕਾਰਡ ਤੋੜ ਵੋਟਾਂ ਨਾਲ਼ ਲੋਕਾਂ ਨੇ ਪਾਰਲੀਮੈਂਟ ਚੋਣਾਂ ਵਿੱਚ ਜਿਤਾਇਆ ਸੀ ਤਾਂ ਹਕੂਮਤ ਨੇ ਮਿੱਥ ਲਿਆ ਸੀ ਕਿ ਅਸੀਂ ਉਹ ਦਿਨ ਲਿਆਵਾਂਗੇ ਜਦ ਪੰਥ ਦੀ ਗੱਲ ਕਰਨ ਵਾਲ਼ਿਆਂ ਦੀਆਂ ਜ਼ਮਾਨਤਾਂ ਜਬਤ ਹੋਇਆ ਕਰਨਗੀਆ। 1989 ਦੀਆਂ ਲੋਕ ਸਭਾ ਚੋਣਾਂ ਮੌਕੇ ਪੰਥ ਦਾ ਸਿੱਧਾ ਸੁਨੇਹਾ ਸੀ ਕਿ ਧਰਮ-ਕੌਮ ਦੀ ਗੱਲ ਕਰਨ ਵਾਲ਼ੇ ਜਿਹੜੇ ਮਰਜ਼ੀ ਉਮੀਦਵਾਰ ਨੂੰ ਸਾਡੇ ਇਲਾਕੇ ਵਿੱਚ ਖੜ੍ਹਾ ਕਰ ਦਿਓ, ਅਸੀਂ ਜਿਤਾ ਦਿਆਂਗੇ। ਪਰ ਹੁਣ ਧਰਮ-ਕੌਮ ਦੀ ਗੱਲ ਕਰਨ ਵਾਲ਼ਿਆਂ ਦਾ ਹਸ਼ਰ ਕੀ ਹੁੰਦਾ, ਕਿਸੇ ਤੋਂ ਭੁੱਲਿਆ ਨਹੀਂ।
ਅਸੀਂ ਅਕਸਰ ਪੰਥਕ ਸਫਾਂ ਵਿੱਚ ਵਿਚਰਦੇ ਆਗੂਆਂ ਨੂੰ ਜਿੰਮੇਵਾਰ ਦਰਸਾਉਂਦੇ ਹਾਂ ਜਦਕਿ ਬੇਸ਼ੱਕ ਇਸ ਲੀਡਰਸ਼ਿਪ ਦੀਆਂ ਵੀ ਕਮਜ਼ੋਰੀਆਂ ਨੇ ਪਰ ਹਕੀਕਤ ਵਿੱਚ ਖ਼ੁਫ਼ੀਆ ਏਜੰਸੀਆਂ ਰਾਹੀਂ ਖ਼ਰਚੇ ਅਰਬਾਂ ਰੁਪਈਏ ਦਾ ਕਮਾਲ ਹੈ ਕਿ ਅੱਜ ਸਿੱਖ ਹੱਕਾਂ ਲਈ ਸ਼ਹੀਦ ਹੋਣ ਵਾਲ਼ਿਆਂ ਜਾਂ ਹੁਣ ਜੂਝਣ ਵਾਲ਼ਿਆਂ ਦੀ ਗੱਲ ਕਰਨ-ਕਰਾਉਣ ਦੀ ਥਾਂ ਲੋਕਾਂ ਨੂੰ ਉਹ ਲੋਕ ਪ੍ਰਵਾਨ ਨੇ, ਜਿਹੜੇ ਭਾਰਤੀ ਮੁੱਖਧਾਰਾ ਨੂੰ ਮੱਥਾ ਟੇਕੀ ਬੈਠੇ ਨੇ। ਸਿੱਖੀ ਦੀ ਮੁੱਖ ਧਾਰਾ ਨਾਲ਼ ਧਰੋਹ ਕਮਾਈ ਬੈਠੇ ਲੋਕਾਂ ਨੂੰ ਤਾਕਤ ਤੇ ਸੱਤਾ ਦੇਣ ਮਗਰੋਂ ਸਿੱਖੀ ਦਾ ਭਲਾ ਕਿਵੇਂ ਹੋ ਜਾਊ?
ਸਰਬੱਤ ਖ਼ਾਲਸਾ ਵਿੱਚ ਚੁਣੀ ਗਈ ਪੰਥਕ ਕਮੇਟੀ ਨੇ 29 ਅਪ੍ਰੈਲ 1986 ਨੂੰ ਜੋ ਖ਼ਾਲਿਸਤਾਨ ਦਾ ਐਲਾਨ ਕੀਤਾ, ਉਸ ਵਿੱਚ ਬਹੁਤ ਸਾਰੇ ਪੱਖ ਬੜੇ ਵਿਸਥਾਰ ਨਾਲ਼ ਦਰਜ਼ ਹਨ ਪਰ ਅਫਸੋਸ ਕਿ ਸਾਡੀ ਕੌਮ ਅਜੇ ਵੀ ਭਾਰਤੀ ਹਕੂਮਤ ਦੇ ਵਿਛਾਏ ਭਰਮ ਜਾਲ਼ ਵਿੱਚ ਉਲ਼ਝ ਕੇ ਖ਼ਾਲਿਸਤਾਨ ਬਾਰੇ ਭੰਬਲ਼ਭੂਸਿਆਂ ਵਿੱਚ ਫਸੀ ਹੋਈ ਹੈ। ਖ਼ਾਲਿਸਤਾਨ ਬਾਰੇ ਸ਼ੰਕੇ, ਖ਼ਦਸ਼ੇ, ਸਵਾਲ ਲਗਾਤਾਰ ਵਧ ਰਹੇ ਹਨ। ਸਿੱਖਾਂ ਦਾ ਇੱਕ ਵਰਗ ਤਾਂ ਸ਼ਰੇਆਮ ਖ਼ਾਲਿਸਤਾਨ ਦੇ ਖ਼ਿਲਾਫ਼ ਤੇ ਹਿੰਦੋਸਤਾਨ ਦੇ ਹੱਕ ਵਿੱਚ ਹੈ। ਇੱਕ ਵਰਗ ਉਹ ਹੈ ਜੋ ਹਿੰਦੋਸਤਾਨ ਦੇ ਜਬਰ-ਜ਼ੁਲਮ, ਵਧੀਕੀਆਂ, ਬੇਇਨਸਾਫ਼ੀਆਂ ਤੋਂ ਦੁਖੀ ਹੋ ਕੇ ਹਿੰਦੋਸਤਾਨ ਮੁਰਦਾਬਾਦ ਤਾਂ ਕਹਿਣ ਨੂੰ ਤਿਆਰ ਹੈ ਪਰ ਅਜੇ ਉਹ ਖ਼ਾਲਿਸਤਾਨ ਜਿੰਦਾਬਾਦ ਲਈ ਤਿਆਰ ਨਹੀਂ।
ਜੂਨ 1984 ਦੇ ਘਲੂਘਾਰਿਆਂ ਤੇ ਬਾਅਦ ਵਿੱਚ ਲਗਾਤਾਰ ਸਿੱਖਾਂ ਦੀ ਨਸਲਕੁਸ਼ੀ ਤੇ ਸਿੱਖਾਂ ਦੀ ਧਰਮ, ਬੋਲੀ ਤੇ ਸੱਭਿਆਚਾਰ ਨੂੰ ਬਰਬਾਦ ਕਰ ਕੇ ਸਿੱਖਾਂ ਦਾ ਹਿੰਦੂਕਰਨ ਕਰਨ ਬਾਰੇ ਚੰਗੀ ਤਰ੍ਹਾਂ ਜਾਣਦਾ ਹੋਣ ਦੇ ਬਾਵਜੂਦ ਇਹ ਵਰਗ ਅਜੇ ਵੀ ਖ਼ਾਲਿਸਤਾਨ ਦੀ ਹਮਾਇਤ ਨਹੀਂ ਕਰਦਾ। ਹਕੂਮਤੀ ਨਿਜਾਮ ਨੇ ਜੋ ਜ਼ਖ਼ਮ ਸਿੱਖਾਂ ਤੇ ਸਿੱਖੀ ਨੂੰ ਦਿੱਤੇ ਨੇ, ਉਹ ਨਾਸੂਰ ਬਣ ਚੁੱਕੇ ਨੇ। ਕੁਝ ਲੋਕਾਂ ਦੇ ਬਿਆਨ ਤੇ ਐਲਾਨ ਐਹੋ ਜਿਹੇ ਨੇ ਜਿਵੇਂ ਕੈਂਸਰ ਦਾ ਇਲਾਜ ‘ਬੈਂਡ-ਏਡ’ ਨਾਲ਼ ਕਰਨਾ ਚਾਹੁੰਦੇ ਹੋਣ। ਜਦ ਕੋਈ ਮਰੀਜ ਹਰ ਰੋਜ਼ ਨਵੀਆਂ ਬਿਮਾਰੀਆਂ ਨਾਲ਼ ਜੂਝਦਾ ਰਹੇ ਤਾਂ ਇੱਕ ਨਾ ਇੱਕ ਦਿਨ ਡਾਕਟਰ ਕਹਿ ਦਿੰਦੇ ਨੇ ਕਿ ਇਹਨੂੰ ਤਾਂ ਕੈਂਸਰ ਹੈ ਤੇ ਅਪਰੇਸ਼ਨ ਹੀ ਇਲਾਜ ਹੈ। ਸਿੱਖਾਂ ਦੇ ਸਾਰੇ ਮਸਲਿਆਂ ਦਾ ਹੱਲ ਵੀ ਆਜ਼ਾਦ ਕੌਮੀ ਘਰ ਦੀ ਸਿਰਜਣਾ ਵਿੱਚ ਹੈ। ਜੇ ਸਿੱਖਾਂ ਨੇ ਤੇ ਸਿੱਖੀ ਨੇ ਬਚਣਾ ਹੈ ਤਾਂ ਇਸ ਮੁਲਕ ਵਿੱਚ ਇਹ ਨਾ-ਮੁਮਕਿਨ ਹੈ। ਮੁਲਕ ਦੀ ਬਹੁਗਿਣਤੀ ਨੇ ਕਨੂੰਨੀ ਤੌਰ ’ਤੇ ਸਿੱਖੀ ਤੇ ਸਿੱਖਾਂ ਨੂੰ ਘੇਰਨ ਤੇ ਮਲੀਆਮੇਟ ਕਰਨ ਦੇ ਜੋ ਰਾਹ ਫੜ ਲਏ ਨੇ ਇਹਦਾ ਇਲਾਜ ਸਿਰਫ਼ ਤੇ ਸਿਰਫ਼ ਖ਼ਾਲਿਸਤਾਨ ਦੀ ਸਿਰਜਣਾ ਹੈ।
ਖ਼ਾਲਿਸਤਾਨ ਦੀ ਗੱਲ ਨੂੰ ਇਕਦਮ ਹਿੰਸਕ ਘਟਨਾਵਾਂ ਨਾਲ਼ ਜੋੜ ਲਿਆ ਜਾਂਦਾ ਹੈ ਕਿ ਜੀ ਹਥਿਆਰਬੰਦ ਜੁਝਾਰੂ ਖਾੜਕੂ ਵਾਰਦਾਤਾਂ ਕਰਨਗੇ ਤਾਂ ਅਜੋਕੇੇ ਸੰਸਾਰ ਵਿੱਚ ਕਿਤੋਂ ਵੀ ਸਿੱਖਾਂ ਨੂੰ ਹਮਾਇਤ ਨਹੀਂ ਮਿਲਣੀ ਤੇ ਭਾਰਤੀ ਹਕੂਮਤ ਨੂੰ ਸਿੱਖਾਂ ਦਾ ਘਾਣ ਕਰਨ ਦਾ ਖੁੱਲ੍ਹਾ ਮੌਕਾ ਮਿਲੇਗਾ ਕਿਉਂਕਿ ਸਿੱਖਾਂ ਦੇ ਇੱਕ ਗੋਲ਼ੀ ਬਦਲੇ ਹਕੂਮਤ ਨੂੰ ਹਜ਼ਾਰ ਗੋਲ਼ੇ ਚਲਾਉਣ ਦਾ ਹੱਕ ਮਿਲ਼ ਜਾਂਦਾ ਹੈ।
ਖ਼ਾਲਿਸਤਾਨੀ ਹੋਣ ਦੇ ਅਰਥ ਏ.ਕੇ. ਸੰਤਾਲ਼ੀ ਤੇ ਹੋਰ ਖਤਰਨਾਕ ਹਥਿਆਰਾਂ ਨਾਲ਼ ਲੈਸ ਹੋ ਕੇ ਹਿੰਸਕ ਵਾਰਦਾਤਾਂ ਕਰਨੀਆਂ ਹੀ ਨਹੀਂ ਹੁੰਦਾ। ਖ਼ਾਲਿਸਤਾਨੀ ਹੋਣ ਦਾ ਮਤਲਬ ਕੇਵਲ ਹਥਿਆਰ ਚੁਕਣਾ ਨਹੀਂ ਹੁੰਦਾ। ਖ਼ਾਲਿਸਤਾਨੀ ਹੋਣ ਦਾ ਮਤਲਬ ਕੇਵਲ ਨਾਅਰੇ ਮਾਰਨਾ ਵੀ ਨਹੀਂ ਹੁੰਦਾ। ਖ਼ਾਲਿਸਤਾਨੀ ਇੱਕ ਆਦਰਸ਼ਕ ਸਿੱਖ ਹੁੰਦਾ ਹੈ ਜੋ ਸਿੱਖਾਂ ਦਾ ਰਾਜ-ਭਾਗ ਸਿਰਜਣ ਦੀ ਰੀਝ ਰੱਖਦਾ ਹੋਵੇ। ਖ਼ਾਲਿਸਤਾਨੀ ਸਿੰਘ ਨੂੰ ਸਿੱਖ ਵਿਚਾਰਧਾਰਾ ਦੀ ਸੋਝੀ ਹੁੰਦੀ ਹੈ ਕਿ ਖ਼ਾਲਿਸਤਾਨ ਦਾ ਸੰਕਲਪ ਹੈ ਕੀ, ਇਸ ਦੀ ਲੋੜ ਕੀ ਹੈ? ਗੁਰਬਾਣੀ ਵਿੱਚ ਜੋ ਰਾਜ ਦਾ ਸੰਕਲਪ ਹੈ, ਜਿਸ ਵਿੱਚ ਸਰਬੱਤ ਦੇ ਭਲੇ ਵਾਲ਼ਾ ਕਲਿਆਣਕਾਰੀ ਰਾਜ-ਪ੍ਰਬੰਧ ਸਿਰਜਣ ਦਾ ਹੋਕਾ ਹੈ, ਉਹ ਸਮਝਣਾ ਚਾਹੀਦਾ, ਅਫਸੋਸ ਕਿ ਇਸ ਵਿਸ਼ੇ ਉੱਤੇ ਬਹੁਤ ਕੁਝ ਨਹੀਂ ਛਪਿਆ।
ਪਟਿਆਲੇ ਯੂਨੀਵਰਸਿਟੀ ਵਾਲ਼ੇ ਵੀ.ਸੀ. ਜਸਪਾਲ ਸਿੰਘ ਦੀ ਕਿਤਾਬ ‘ਰਾਜ ਦਾ ਸਿੱਖ ਸੰਕਲਪ’ ਸਾਨੂੰ ਕਾਫੀ ਸੇਧ ਦਿੰਦੀ ਹੈ। ਜਿਹੜੇ ਸਿੱਖ ਹਕੂਮਤੀ ਮੱਕੜਜਾਲ਼ ਵਿੱਚ ਫਸ ਕੇ ਖ਼ਾਲਿਸਤਾਨੀ ਸੋਚ ਦੇ ਖ਼ਿਲਾਫ਼ ਨੇ ਉਹਨਾਂ ਨੂੰ ਸਮਝਾਉਣਾ ਪੈਣਾ ਹੈ ਕਿ ਹਰ ਰੋਜ਼ ਜੋ ਅਰਦਾਸ ਕਰਦੇ ਹਾਂ, ‘ਰਾਜ ਕਰੇਗਾ ਖ਼ਾਲਸਾ’ ਉਹਦੇ ਅਰਥ ਕੀ ਨੇ? ਦਸਮੇਸ਼ ਪਿਤਾ ਦੇ ਵਚਨ ਨੇ, “ਇਨ ਗਰੀਬ ਸਿੰਘਨ ਕੋ ਦਿਉਂ ਪਾਤਸ਼ਾਹੀ, ਯਾਦ ਕਰੇ ਹਮਰੀ ਗੁਰਿਆਈ”। ਗੁਰੂ ਜੀ ਨੇ ਕਿਹੜੀ ‘ਪਾਤਸ਼ਾਹੀ’ ਦੇਣ ਦੀ ਗੱਲ ਕੀਤੀ ਹੈ? ਇੱਕ ਹੋਰ ਵਚਨ ਹੈ ਸਿੰਘਾਂ ਦਾ, ‘ਰਾਜ ਕਰਿੰਹ ਕਿ ਲੜ ਮਰਹਿੰ ਹੈ’ ਮਤਲਬ ਖ਼ਾਲਸਾ ‘ਬਾਗੀ’ ਹੁੰਦਾ ਜਾਂ ‘ਬਾਦਸ਼ਾਹ’। ਜਾਂ ਰਾਜ ਕਰਾਂਗੇ ਜਾਂ ਲੜ ਮਰਾਂਗੇ। ਜਦ ਜਕਰੀਆਂ ਖਾਂ ਨੇ ਨਵਾਬੀ ਦੀ ਖਿਲਅਤ ਭੇਜੀ ਸੀ ਤਾਂ ਸਿੰਘਾਂ ਨੇ ਕਿਹਾ ਸੀ, “ਹਮ ਕੋ ਸਤਿਗੁਰ ਬਚਨ ਪਾਤਿਸ਼ਾਹੀ, ਹਮ ਕੋ ਜਾਪਤ ਢਿਗ ਸੋਊ ਆਹੀ। ਹਮ ਰਾਖਤ ਪਾਤਿਸ਼ਾਹੀ ਦਾਵਾ। ਜਾ ਇਤ ਕੋ ਜਾ ਅਗਲੋ ਪਾਵਾ।” ਉਹ ਸਿੰਘ ਤਾਂ ਕਹਿੰਦੇ ਰਹੇ ਕਿ ਸਾਨੂੰ ਬਾਦਸ਼ਾਹੀ ਭੋਗਣ ਦਾ ਵਚਨ ਸਤਿਗੁਰਾਂ ਨੇ ਕੀਤਾ ਹੋਇਆ ਹੈ ਤੇ ਇਹ ਸਾਡਾ ਬਾਦਸ਼ਾਹੀ ਦਾ ਦਾਅਵਾ ਬਣਦਾ ਹੈ। ਹਰ ਪੁਰਾਤਨ ਗਰੰਥ ਤਾਂ ਸਾਨੂੰ ਇਹ ਦੱਸਦਾ ਹੈ ਕਿ ਸਿੰਘਾਂ ਨੂੰ ਸਤਿਗੁਰਾਂ ਨੇ ਖ਼ਾਲਸਾ ਰਾਜ ਕਾਇਮ ਕਰਨ ਦਾ ਹੁਕਮ ਕੀਤਾ ਹੈ ਤੇ ਹੁਣ ਨਵੇਂ ਨਵੇਂ ਉੱਠੇ 'ਵਿਦਵਾਨ' ਸਾਨੂੰ ਮੱਤਾਂ ਦਿੰਦੇ ਨੇ ਗੁਰੂ ਸਾਹਿਬ ਨੇ ਰਾਜ-ਭਾਗ ਦੀ ਕਦੇ ਕੋਈ ਗੱਲ ਹੀ ਨਹੀਂ ਕੀਤੀ। ‘ਨਾਨਕਿ ਰਾਜ ਚਲਾਇਆ ਸਚ ਕੋਟੁ ਸਤਾਣੀ ਨੀਵ ਦੇ।’ ਇਸ ਪੰਕਤੀ ਵਿੱਚ ਰਾਜ ਦੀ ਗੱਲ ਹੈ, ਕੀ ਇਹ 'ਵਿਦਵਾਨ' ਇਸ ਗੁਰਵਾਕ ਨੂੰ ਖ਼ਤਮ ਕਰ ਦੇਣਗੇ। ‘ਫਰੀਦਾ ਬਾਰਿ ਪਰਾਇਆ ਬੈਸਣਾ ਸਾਂਈ ਮੁਝੇ ਨਾ ਦੇਹਿ। ਜੇ ਤੂ ਏਵੇ ਰਖਸੀ ਜੀਓ ਸਰੀਰਹੁ ਲੇਹਿ’।

ਗੁਰੂ ਗਰੰਥ ਸਾਹਿਬ ਤਾਂ ਹੁਕਮ ਕਰਦੇ ਨੇ ਕਿ ਗ਼ੁਲਾਮ ਰਹਿਣ ਨਾਲ਼ੋਂ ਮੌਤ ਵਧੀਆ ਪਰ ਇਹ ਕਹਿੰਦੇ ਜੀ ਗ਼ੁਲਾਮੀ ਭੋਗੋ। ਕਿੰਨਾ ਕੁਫਰ ਤੋਲਦੇ ਨੇ ਕਿ ਗੁਰੂ ਸਾਹਿਬ ਨੇ ਰਾਜ ਦੀ ਗੱਲ ਨਹੀਂ ਕੀਤੀ। ਬਾਬਾ ਬੰਦਾ ਸਿੰਘ ਬਹਾਦਰ ਨੂੰ ਸਰਹਿੰਦ ਕੀ ਕਰਨ ਭੇਜਿਆ ਸੀ? ਜੇ ਬਾਬਾ ਬੰਦਾ ਸਿੰਘ ਬਹਾਦਰ ਨੇ ਖ਼ਾਲਸਾ ਰਾਜ ਦੀ ਕਾਇਮੀ ਗੁਰੂ ਸਾਹਿਬ ਦੀ ਇੱਛਾ ਤੋਂ ਉਲ਼ਟ ਕੀਤੀ ਹੁੰਦੀ ਤਾਂ ਜਿਹੜੇ ਸਿੰਘ ਦਸਮੇਸ਼ ਪਿਤਾ ਜੀ ਨੇ ਬਾਬਾ ਬੰਦਾ ਸਿੰਘ ਦੇ ਨਾਲ਼ ਦੱਖਣ ਤੋਂ ਭੇਜੇ ਸੀ, ਉਹ ਨਾ ਰੋਕਦੇ-ਟੋਕਦੇ। ਕਲਗ਼ੀਧਰ ਪਾਤਸ਼ਾਹ ਦੇ ਖ਼ਾਸਮ-ਖ਼ਾਸ, ਭਰੋਸੇਯੋਗ ਸਿੱਖਾਂ ਨਾਲ਼ੋਂ ਆਹ ਅੱਜ ਦੇ ‘ਵਿਦਵਾਨਾਂ’ ਨੂੰ ਬਹੁਤੀ ਅਕਲ ਐ। ਜਿਹੜੇ ਕਹਿੰਦੇ ਕਿ ਗੁਰੂ ਸਾਹਿਬ ਨੇ ਤਾਂ ਕਦੇ ਰਾਜ ਸਿਰਜਣ ਦੀ ਗੱਲ ਨਹੀਂ ਕੀਤੀ।
ਸਿੱਖ ਰਾਜ-ਖ਼ਾਲਿਸਤਾਨ ਦੇ ਵਿਰੋਧੀ ਇਹਨਾਂ ਲੋਕਾਂ ਨੂੰ ਬਾਬਾ ਬੰਦਾ ਸਿੰਘ ਬਹਾਦਰ, ਮਹਾਰਾਜਾ ਰਣਜੀਤ ਸਿੰਘ ਵਰਗੇ ਸਾਰੇ ਸਿੱਖ ਗ਼ਲਤ ਲੱਗਦੇ ਹੋਣਗੇ। ਸੰਤ ਭਿੰਡਰਾਂਵਾਲ਼ੇ ਕਹਿੰਦੇ ਹੁੰਦੇ ਸੀ ਕਿ ‘ਕੌਮ ਦੇ ਗਲ਼ੋਂ ਗ਼ੁਲਾਮੀ ਲਾਹੁਣੀ ਐ’, ਉਹ ਤਾਂ ਬਹੁਤ ਮਾੜੇ ਲੱਗਦੇ ਹੋਣਗੇ। ਸਿੱਖ ਇਤਿਹਾਸ ਦਾ ਹਰ ਉਹ ਪਾਤਰ ਜੀਹਨੇ ਖ਼ਾਲਸਾ ਰਾਜ ਸਿਰਜਣ ਲਈ, ਕਾਇਮ ਰੱਖਣ ਲਈ, ਗ਼ੁਲਾਮੀ ਦੇ ਖ਼ਿਲਾਫ਼ ਤੇ ਆਜ਼ਾਦੀ ਦੇ ਹੱਕ ਵਿੱਚ ਕੋਈ ਵੀ ਸਰਗਰਮੀ ਕੀਤੀ ਹੋਵੇਗੀ, ਉਹ ਸਾਰੇ ਲੋਕ ਇਹਨਾਂ ਨਵੇਂ ਵਿਦਵਾਨਾਂ ਨੂੰ ਗ਼ਲਤ ਜਾਪਦੇ ਹੋਣੇ ਨੇ। ਕੀ ਗੱਲ ਸਿੱਖੀ ਕੋਈ ਟੱਲੀਆਂ ਵਜਾਉਣ ਵਾਲ਼ਿਆਂ ਦਾ ਧਰਮ ਐ, ਕੀ ਸਿੱਖੀ ਵਿੱਚ ਮੀਰੀ-ਪੀਰੀ ਦਾ ਸਿਧਾਂਤ ਨਹੀਂ? ਖ਼ਾਲਸੇ ਨੇ ਧਰਮ ਦਾ ਰਾਜ ਕਾਇਮ ਕਰਨਾ ਹੈ ਜਿੱਥੇ ਗੁਰਮਤਿ ਅਨੁਸਾਰੀ ਕਲਿਆਣਕਾਰੀ ਸਿਧਾਂਤ ਲਾਗੂ ਕਰ ਕੇ ਮਨੁੱਖਤਾ ਦਾ ਭਲਾ ਕੀਤਾ ਜਾ ਸਕੇ। ਕਿਸੇ ਨਾਲ਼ ਰੰਗ, ਨਸਲ, ਜਾਤ, ਧਰਮ ਕਰਕੇ ਵਿਤਕਰਾ ਨਾ ਹੋਵੇ ਜਿਵੇਂ ਕਿ ਪਹਿਲਾਂ ਜਦ ਵੀ ਸਿੱਖਾਂ ਕੋਲ਼ ਰਾਜ-ਭਾਗ ਆਇਆ ਤਾਂ ਇੱਕ ਵੀ ਸਖ਼ਸ਼ ਨਾਲ਼ ਉਹਦੇ ਧਰਮ ਕਰਕੇ ਵਿਤਕਰਾ ਨਹੀਂ ਹੋਇਆ। ਵੀਰੋ! ਇਹਨਾਂ ਵਿਦਵਾਨਾਂ ਤੋਂ ਸਾਵਧਾਨ ਰਹੋ ਜਿਹੜੇ ਗੁਰਬਾਣੀ ਤੇ ਸਿੱਖ ਇਤਿਹਾਸ ਦੀ ਇੱਕ ਵੀ ਲਾਈਨ ਪੜ੍ਹੇ ਬਿਨਾ ਸਿੱਖੀ ਦੀ ਵਿਆਖਿਆ ਕਰਨ ਦਾ ਦਾਅਵਾ ਕਰਦੇ ਫਿਰਦੇ ਨੇ।
ਖ਼ਾਲਿਸਤਾਨੀ ਹੋਣ ਦੇ ਅਰਥ ਨੇ ਸਿੱਖੀ ਤੇ ਸਿੱਖਾਂ ਦੀ ਚੜ੍ਹਦੀ ਕਲਾ ਲਈ ਤੇ ਸਰਬੱਤ ਦੇ ਭਲੇ ਲਈ ਸਰਗਰਮ ਹੋਣਾ। ਇਸ ਮੁਲਕ ਦਾ ਸਿਸਟਮ ਕੋਈ ਵੀ ਐਹੋ ਜਿਹੀ ਸਰਗਰਮੀ ਬਰਦਾਸ਼ਤ ਕਰਨ ਨੂੰ ਤਿਆਰ ਨਹੀਂ ਜਿਸ ਨਾਲ਼ ਸਿੱਖੀ ਦੀ ਚੜ੍ਹਦੀ ਕਲਾ ਹੋਵੇ। ਇਸ ਮੁਲਕ ਦਾ ਸਿਸਟਮ ਸਮਝਦਾ ਹੈ ਕਿ ਜੇ ਸਿੱਖ ਆਪਣੇ ਧਰਮ ਵਿੱਚ ਪਰਪੱਕ ਹੋਣਗੇ, ਬਾਣੀ ਤੇ ਬਾਣੇ ਨਾਲ਼ ਜੁੜਨਗੇ, ਮਰਿਆਦਾ ਵਿੱਚ ਪਰਪੱਕ ਹੋਣਗੇ ਤਾਂ ਇਹ ਬਹੁਤ ਖ਼ਤਰਨਾਕ ਗੱਲ ਹੈ ਇਸ ਕਰਕੇ ਉਹ ਵਰਤਾਰੇ ਪੈਦਾ ਕਰਕੇ ਵਧਾਏ-ਫੈਲਾਏ ਜਾਣ ਜੋ ਸਿੱਖਾਂ ਨੂੰ ਮਰਿਆਦਾ ਵਿੱਚ ਕੱਚੇ ਕਰ ਕੇ ਸਿੱਖ ਇਤਿਹਾਸ ਤੇ ਬਾਣੀ ਤੋਂ ਦੂਰ ਲੈ ਜਾਣ। ਸਿੱਖਾਂ ਨੂੰ ‘ਦਿੱਲੀ ਤੇ ਨਾਗਪੁਰ ਨੂੰ ਮਨਜੂਰ ਸਿੱਖੀ ਦਾ ਪਾਠ’ ਪੜ੍ਹਾਉਣ ਲਈ ਹਰ ਸਾਲ ਕਰੋੜਾਂ ਰੁਪਏ ਖਰਚੇ ਜਾਂਦੇ ਹਨ। ਤੇ ਜਿਹੜੇ ਸਿੱਖ ਸਹੀ ਤੇ ਸੱਚੀ ਸਿੱਖੀ ਦੀ ਗੱਲ ਕਰਨ ਉਹਨਾਂ ਪੰਥਪ੍ਰਸਤ ਸਿੱਖਾਂ ਨੂੰ ਅੱਤਵਾਦੀ, ਰੈਡੀਕਲ, ਗਰਮ-ਖ਼ਿਆਲੀ, ਪਾਕਿਸਤਾਨ ਦੇ ਪਿੱਠੂ, ਹਿੰਦੂ-ਸਿੱਖ ਏਕਤਾ ਦੇ ਵੈਰੀ, ਖ਼ਾਲਿਸਤਾਨੀ ਤੇ ਹੋਰ ਐਹੋ ਜਿਹੇ ਨਾਂ ਦਿੱਤੇ ਜਾਂਦੇ ਨੇ ਤਾਂ ਕਿ ਡਰਦੇ ਹੋਏ ਬਾਕੀ ਸਿੱਖ ਉਹਨਾਂ ਤੋਂ ਦੂਰ ਰਹਿਣ। ਪੰਥ-ਪ੍ਰਸਤ ਸਿੱਖਾਂ ਦੇ ਬਰਾਬਰ ਉਹ ਸਿੱਖ ਉਭਾਰੇ ਜਾਂਦੇ ਨੇ ਜੋ ਸਿੱਖਾਂ ਨੂੰ ਕੁਰਾਹੇ ਪਾ ਕੇ ਸਿੱਖੀ ਦੀ ਢਹਿੰਦੀ ਕਲਾ ਵਾਲ਼ਾ ਮਹੌਲ ਸਿਰਜਦੇ ਹੋਣ। ਜੇ ਧਰਮ ਵਿੱਚ ਪਰਪੱਕ ਹੋਣਾ, ਆਪਣੇ ਧਰਮ ਦੀ ਮਰਿਆਦਾ ਵਿੱਚ ਵੱਧ ਤੋਂ ਵੱਧ ਦ੍ਰਿੜ੍ਹਤਾ ਨਾਲ਼ ਪਹਿਰਾ ਦੇਣਾ, ਆਪਣੇ ਹਿੱਤਾਂ ਤੇ ਹੱਕਾਂ ਲਈ ਜੂਝਣਾ ਕੱਟੜਪੰਥੀ ਹੋਣਾ ਹੈ ਤਾਂ ਉਹ ਸਾਰੇ ਹੀ ਕੱਟੜਪੰਥੀ ਹਨ ਜਿਨ੍ਹਾਂ ਨੂੰ ਅਸੀਂ ਅਰਦਾਸ ਵਿੱਚ ਚੇਤੇ ਕਰਦੇ ਹਾਂ। ਧਰਮੀ ਲੋਕਾਂ ਨੂੰ ਬਦਨਾਮ ਕਰਨ ਤੇ ਉਹਨਾਂ ਨੂੰ ਸਮਾਜ ਵਿੱਚ ਮਾੜੇ ਬਣਾ ਕੇ ਪੇਸ਼ ਕਰਨ ਵਾਲ਼ੇ ਲੋਕ ਜਦ ਧਰਮ ਹੇਤ ਸੀਸ ਵਾਰਨ ਵਾਲ਼ਿਆਂ ਨੂੰ ਕੱਟੜਪੰਥੀ, ਅੱਤਵਾਦੀ, ਗਰਮਖਿਆਲੀ. ਉਗਰਵਾਦੀ, ਇਕਸਰੀਮਿਸਟ, ਰੈਡੀਕਲ ਵਰਗੇ ਸ਼ਬਦਾਂ ਨਾਲ਼ ਭੰਡਦੇ ਨੇ ਤਾਂ ਅਸਲ ਵਿੱਚ ਉਹ ਨਾਸਤਕਿਤਾ, ਅਧਾਰਮਿਕਤਾ ਤੇ ਆਪਾਧਾਪੀ ਵਾਲ਼ੇ ਇੱਕ ਐਹੋ ਜਿਹੀ ਦੁਨੀਆਂ ਦੀ ਕਲਪਨਾ ਕਰ ਰਹੇ ਹੁੰਦੇ ਨੇ ਜਿਸ ਵਿੱਚ ਕੋਈ ਮਰਿਆਦਾ ਦਾ ਬੰਧਨ, ਕੋਈ ਸਮਾਜਿਕ ਬੰਦਿਸ਼ ਤੇ ਕੋਈ ਰੋਕ-ਟੋਕ ਨਾ ਹੋਵੇ ਤੇ ਬੇਲਗਾਮ ਮਨੁੱਖਤਾ ਮਨਮਰਜੀਆਂ ਕਰਦੀ ਅੰਤ ਭਿਆਨਕਤਾ ਦੀਆਂ ਹੱਦਾਂ ਪਾਰ ਕਰ ਜਾਵੇ। ਇਹ ਬਦੀ ਦਾ ਪੱਖ ਹੈ। ਧਰਮ ਨੇਕੀ ਦਾ ਰਾਹ ਹੈ। ਸਿੱਖ ਸਤਿਗੁਰਾਂ ਦੇ ਬਖ਼ਸ਼ੇ ਸਿਧਾਂਤ ਮਨੁੱਖਤਾ ਲਈ ਕਲਿਆਣਕਾਰੀ ਹਨ। ਸਰਬੱਤ ਦਾ ਭਲਾ ਮੰਗਦੇ ਸਿੱਖਾਂ ਨੂੰ ਕੱਟੜਪੰਥੀ ਕਹਿ ਕੇ ਭੰਡਣ ਵਾਲ਼ੇ ਪਾਪ ਕਮਾ ਰਹੇ ਨੇ।
ਸੋ, ਸਿੱਖੀ ਦੀ ਚੜ੍ਹਦੀ ਕਲਾ ਲੋਚਣ ਵਾਲ਼ੇ ਹਰੇਕ ਸਿੱਖ ਨੂੰ ਹਕੂਮਤੀ ਸਿਸਟਮ ਅੱਤਵਾਦੀ ਮੰਨਦਾ ਹੈ। ਬੇਸ਼ੱਕ ਉਸ ਨੇ ਰਵਾਇਤੀ ਸ਼ਸ਼ਤਰਾਂ ਤੋਂ ਬਗੈਰ ਕੋਈ ਹੋਰ ਹਥਿਆਰ ਵੇਖਿਆ ਵੀ ਨਾ ਹੋਵੇ ਪਰ ਉਸ ਦੇ ਬਾਰੇ ਐਹੋ ਜਿਹਾ ਮਹੌਲ ਬਣਾਇਆ ਜਾਂਦਾ ਹੈ ਜਿਵੇਂ ਉਹ ਅਸਲੇ ਦੇ ਭਰੇ ਟਰੱਕ ਲਈ ਫਿਰਦਾ ਹੋਵੇ। ਮੀਡੀਆ ਰਾਹੀਂ ਉਸ ਨੂੰ ਖ਼ੌਫ਼ਨਾਕ ਤੇ ਹਿੰਸਕ ਸਾਬਿਤ ਕਰਨ ਲਈ ਬੜੀ ਸਖ਼ਤ ਮਿਹਨਤ ਕੀਤੀ ਜਾਂਦੀ ਹੈ। ਉਸ ਦੇ ਨੇੜਲੇ ਲੋਕ ਵੀ ਭਰਮ ਵਿੱਚ ਫਸ ਜਾਂਦੇ ਨੇ ਕਿ ਸ਼ਾਇਦ ਸਾਨੂੰ ਨਾ ਪਤਾ ਹੋਵੇ ਤੇ ਇਹ ਸਖ਼ਸ਼ ਵਾਕਿਆ ਹੀ ਖ਼ਤਰਨਾਕ ਹੋਵੇ। ਸੋ, ਪੰਥਕ ਸੋਚ ਵਾਲ਼ਿਆਂ ਸਿੱਖਾਂ ਨੂੰ ਅੱਤਵਾਦੀ ਕਹਿ ਕੇ ਬਦਨਾਮ ਕਰਨ, ਦਹਿਸ਼ਤਜ਼ਦਾ ਕਰਨ ਤੇ ਬਾਕੀ ਸਿੱਖਾਂ ਨੂੰ 'ਵਧੀਆ ਸਿੱਖ' ਦਰਸਾਉਣ ਦੇ ਇਸ ਅਮਲ ਨਾਲ਼ ਸਿੱਖਾਂ ਵਿੱਚ ਪਾਟੋਧਾੜ, ਦੁਫੇੜ ਵਧਾਈ ਜਾਂਦੀ ਹੈ; ਟਕਰਾਅ ਪੈਦਾ ਕੀਤੇ ਜਾਂਦੇ ਹਨ।
ਨੈਸਲਨ ਮੰਡੇਲਾ ਦੇ ਬੋਲ ਨੇ ਕਿ “ਕੱਲ੍ਹ ਤਕ ਮੈਨੂੰ ਅੱਤਵਾਦੀ ਕਹਿੰਦੇ ਸਨ, ਪਰ ਜਦੋਂ ਜੇਲ੍ਹ ਤੋਂ ਬਾਹਰ ਆਇਆ ਤਾਂ ਬਹੁਤ ਸਾਰੇ ਲੋਕਾਂ ਨੇ ਗਲ਼ ਨਾਲ਼ ਲਾਇਆ, ਸਮੇਤ ਮੇਰੇ ਦੁਸ਼ਮਣਾਂ ਦੇ। ਇਹ ਗੱਲ ਮੈਂ ਉਹਨਾਂ ਸਾਰੇ ਲੋਕਾਂ ਨੂੰ ਆਖਦਾ ਹਾਂ ਜੋ ਆਪਣੀ ਕੌਮ ਦੀ ਆਜ਼ਾਦੀ ਲਈ ਲੜ ਰਹੇ ਹਨ ਅਤੇ ਜਿਨ੍ਹਾਂ ਨੂੰ ਅੱਤਵਾਦੀ ਕਿਹਾ ਜਾਂਦਾ ਹੈ। ਮੈਂ ਉਹਨਾਂ ਨੂੰ ਕਹਿੰਦਾ ਹਾਂ ਕਿ ਕੱਲ੍ਹ ਤਕ ਮੈਂ ਵੀ ਅੱਤਵਾਦੀ ਸੀ ਪਰ ਅੱਜ ਉਹੀ ਲੋਕ ਮੇਰੀ ਸਿਫ਼ਤ ਕਰਦੇ ਹਨ ਜੋ ਕਦੇ ਮੈਨੂੰ ਅਜਿਹਾ ਆਖਦੇ ਸਨ।”
ਸੋ ਹਰ ਸਿੱਖ ਨੂੰ ਚੜ੍ਹਦੀ ਕਲਾ ਦੇ ਰਾਹ ਤੋਂ ਰੋਕਣ ਲਈ ਅੱਤਵਾਦੀ ਕਹਿ ਕੇ ਡਰਾਇਆ ਜਾਂਦਾ ਹੈ। ਐਹੋ ਜਿਹੇ ਪਰਿਵਾਰ ਵੀ ਨੇ ਜਿੱਥੇ ਕੋਈ ਰਿਸ਼ਤੇਦਾਰ ਪਰਿਵਾਰ ਨੂੰ ਸਮਝਾਉਂਦਾ ਹੈ ਕਿ, “ਕਾਕੇ ਦੇ ਕੇਸ ਕਿਉਂ ਐਡੇ ਵੱਡੇ ਰੱਖੇ ਹੋਏ ਨੇ, ਕਿਵੇਂ ਇਹ ਗੋਲ਼ ਜਿਹਾ ਪੀਲਾ ਪਰਨਾ ਬੰਨ੍ਹਦਾ ਹੈ, ਤੇ ਕਿਵੇਂ ਸਿੱਖੀ ਵਾਲ਼ੀਆਂ ਕਿਤਾਬਾਂ ਪੜ੍ਹਦਾ ਹੈ, ਇਹਨੂੰ ਸੰਭਾਲੋ।” ਤੇ ਅੱਗਿਓ ਇਹ ਕਹਿਣ ਦੀ ਬਜਾਇ ਕਿ ਸਾਡਾ ਕਾਕਾ ਬਿਲਕੁਲ ਸਹੀ ਹੈ ਮਾਪੇ ਵਿਚਾਰੇ ਜਿਹੇ ਬਣ ਕੇ ਦੋਸ਼ੀਆਂ ਵਾਂਗ ਸਫਾਈਆਂ ਦੇਣ ਬਹਿ ਜਾਂਦੇ ਨੇ ਕਿ ਬੱਸ ਜੀ, ਕਰਦੇ ਆਂ, ਇਹਦਾ ਇਲਾਜ।
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਤੇ ਹੋਰ ਇਹੋ ਜਿਹੀਆਂ ਸੰਸਥਾਵਾਂ ਦੇ ਸਾਹਿਤ, ਸ਼੍ਰੋਮਣੀ ਕਮੇਟੀ ਦੇ ਗੁਰਮਤਿ ਪ੍ਰਕਾਸ਼ ਤੇ ਹੋਰ ਕਿਤਾਬਾਂ ਨੂੰ ਵੇਖ ਕੇ ਜਿਹੜੇ ਲੋਕ ਸਿੱਖ ਬੱਚਿਆਂ ਬਾਰੇ ਸੋਚਣ ਬਹਿ ਜਾਣ ਕਿ ਇਹ ਤਾਂ ਖ਼ਤਰਨਾਕ ਖਾੜਕੂ ਬਣਨ ਦੇ ਰਾਹ ਪੈ ਗਿਆ, ਉਹਨਾਂ ਬਾਰੇ ਕੀ ਗੱਲ ਕਰਾਂਗੇ? ਧਰਮ ਵਾਲ਼ੇ ਪਾਸੇ ਤੁਰਦੇ ਨਿਆਣਿਆਂ ਨੂੰ ਉਤਸ਼ਾਹਿਤ ਕਰਨ ਦੀ ਥਾਂ ਉਹਨਾਂ ਨੂੰ ਇਉਂ ਮਹਿਸੂਸ ਕਰਵਾਉਣਾ ਜਿਵੇਂ ਇਸ ਪਾਸੇ ਵੱਲ ਆਉਣਾ ਬੜੀ ਮਾੜੀ ਗੱਲ ਹੋਵੇ, ਇਹੋ ਜਿਹੇ ਸਿੱਖ ਭਾਰਤ ਸਰਕਾਰ ਲਈ 'ਮਹਾਨ ਸਿੱਖ' ਹਨ। ਇਹੋ ਜਿਹੇ ਸਿੱਖਾਂ ਦੇ ਬੱਚਿਆਂ ਦੇ ਕਮਰਿਆਂ ਵਿੱਚ ਸਿੱਖੀ ਨਾਲ਼ ਸਬੰਧਤ ਕੋਈ ਕਿਤਾਬ ਨਹੀਂ ਹੋ ਸਕਦੀ, ਉਹਨਾਂ ਨੂੰ 'ਮਾਡਰਨ' ਬਣਾਉਣ ਦੇ ਨਾਂ ਹੇਠ ਸਿੱਖੀ ਤੋਂ ਦੂਰ ਕੀਤਾ ਜਾਂਦਾ ਹੈ। ਉਹਨਾਂ ਦੇ ਦਿਲ ਦਿਮਾਗ ਵਿੱਚ ਉਹਨਾਂ ਬੱਚਿਆਂ ਖ਼ਿਲਾਫ਼ ਖਿਆਲ ਭਰੇ ਜਾਂਦੇ ਨੇ ਜੋ ਸਿੱਖੀ ਵਿੱਚ ਪਰਪੱਕ ਹੋਣ। ਉਹਨਾਂ ਨੂੰ ਸਮਝਾਇਆ ਜਾਂਦਾ ਹੈ ਕਿ ਆਪਾਂ 'ਵਧੀਆ ਤੇ ਮਹਾਨ ਸਿੱਖ' ਹਾਂ ਤੇ ਸਿੱਖੀ ਵਿੱਚ ਪਰਪੱਕਤਾ ਵਾਲ਼ੇ ਬੇਕਾਰ ਜਿਹੇ ਲੋਕ ਨੇ, ਜਿਨ੍ਹਾਂ ਨਾਲ਼ ਆਪਣਾ ਕੋਈ ਵੀ ਤਾਲਮੇਲ ਨਹੀਂ ਹੋਣਾ ਚਾਹੀਦਾ। ਇਹਨਾਂ ਬੱਚਿਆਂ ਨੂੰ ਸਿੱਖੀ ਨਾਲ਼ੋਂ ਤੋੜ ਕੇ ਸਿੱਖੀ ਦੇ ਖ਼ਿਲਾਫ਼ ਭੁਗਤਣ ਵਾਲ਼ੇ ਸਿੱਖਾਂ ਵਜੋਂ ਤਿਆਰ ਕੀਤਾ ਜਾਂਦਾ ਹੈ। ਇਹੀ ਉਹ ਸਿੱਖ ਨੇ ਜਿਨ੍ਹਾਂ ਨੂੰ ਹਰਨੇਕ ਸਿੰਘ ਨੇਕੀ, ਢੱਡਰੀਆਂ ਵਾਲ਼ਾ, ਤਰਕਸ਼ੀਲ, ਕਾਮਰੇਡ ਤੇ ਹੋਰ ਏਹੋ ਜਿਹੇ ਵਰਤਾਰੇ ਪਸੰਦ ਆਉਂਦੇ ਨੇ ਜਿਹੜੇ ਸਿੱਖੀ ਦੀ ਹੋਰ ਹੀ ਤਰ੍ਹਾਂ ਦੀ ਵਿਆਖਿਆ ਕਰਦੇ ਨੇ।
ਭਾਰਤੀ ਹਕੂਮਤੀ ਸਿਸਟਮ ਨੂੰ ਇਹ ਸਾਰੇ ਲੋਕ ਪ੍ਰਵਾਨ ਨੇ, ਪਸੰਦ ਨੇ ਜਿਹੜੇ ਸਿੱਖਾਂ ਨੂੰ ਚੜ੍ਹਦੀ ਕਲਾ ਦੇ ਰਾਹ ਤੋਂ ਮੋੜਦੇ ਹਨ, ਸਿੱਖਾਂ ਵਿੱਚ ਪੰਥ-ਪ੍ਰਸਤੀ ਦੀ ਭਾਵਨਾ ਕਮਜ਼ੋਰ ਕਰਦੇ ਹਨ ਤੇ ਸਿੱਖੀ ਦੀ ਚੜ੍ਹਤ ਵਾਲ਼ੇ ਹਰ ਵਰਤਾਰੇ, ਘਟਨਾਕ੍ਰਮ ਦੇ ਖ਼ਿਲਾਖ਼ ਮਹੌਲ ਸਿਰਜਦੇ ਹਨ।
ਹਕੂਮਤ ਜਾਣਦੀ ਹੈ ਕਿ ਸਿੱਖ ਜਿੰਨਾ ਜ਼ਿਆਦਾ ਧਰਮ ਵਿੱਚ ਪਰਪੱਕ ਹੋਵੇਗਾ, ਓਨਾ ਜ਼ਿਆਦਾ ਉਹ ਪੰਥਕ ਦਰਦ ਨਾਲ਼ ਭਰਿਆ ਹੋਇਆ ਹੋਵੇਗਾ ਤੇ ਓਨੀ ਹੀ ਸ਼ਿੱਦਤ ਨਾਲ਼ ਉਸ ਅੰਦਰ ਕੌਮ ਉਪਰ ਹੁੰਦੇ ਜਬਰ-ਜ਼ੁਲਮ, ਵਧੀਕੀਆਂ, ਬੇਇਨਸਾਫੀਆਂ ਖ਼ਿਲਾਫ਼ ਰੋਹ ਹੋਵੇਗਾ।
ਸੋ, ਇਸ ਤੋਂ ਪਹਿਲਾਂ ਕਿ ਸਿੱਖ ਖਾਲਿਸਤਾਨ ਦੇ ਰਾਹ ਪਵੇ, ਪਹਿਲਾਂ ਹੀ ਉਹਨੂੰ 'ਨਵੀਂ ਜਿਹੀ ਸਿੱਖੀ' ਦੇ ਦੇਵੋ ਤਾਂ ਕਿ ਉਸ ਦੇ ਅੰਦਰ ਹਰ ਪਲ ਇਹੋ ਗੱਲ ਹੋਵੇ ਕਿ ਸਿੱਖੀ ਦੀ ਚੜ੍ਹਦੀ ਕਲਾ ਲੋਚਣਾ ਬੇਹੱਦ ਮਾੜੀ, ਨੀਚ ਤੇ ਖ਼ਤਰਨਾਕ ਗੱਲ ਹੈ।
ਭਾਰਤੀ ਹਕੂਮਤੀਤੰਤਰ ਐਹੋ ਜਿਹੇ ਸਿੱਖ ਘੜ ਰਹੀ ਹੈ ਜਿਹੜੇ ਪੋਲੀ ਜਿਹੀ ਸਿੱਖੀ ਵਾਲ਼ੇ ਹੋਣ, ਜਿਨ੍ਹਾਂ ਨੂੰ ਸਿੱਖੀ ਦੀ ਚੜ੍ਹਦੀ ਕਲਾ ਲੋਚਣ ਵਾਲ਼ਿਆਂ ਸਿੱਖਾਂ ਖ਼ਿਲਾਫ਼ ਵਰਤਿਆ ਜਾ ਸਕੇ। ਇਹ ਸਿੱਖ ਖ਼ਾਲਿਸਤਾਨ ਬਾਰੇ ਹਕੂਮਤੀ ਪ੍ਰਚਾਰ ਨੂੰ ਹੀ ਸੱਚ ਮੰਨਦੇ ਨੇ ਤੇ ਉਹਨੂੰ ਹੀ ਪ੍ਰਚਾਰਦੇ ਨੇ। ਇਹਨਾਂ ਲਈ ਹਰ ਮੌਕੇ ਹਰ ਗੱਲ ਵਿੱਚ ਸਿੱਖ ਹੀ ਗ਼ਲਤ ਸਨ ਤੇ ਹੁਣ ਵੀ ਸਿੱਖ ਹੀ ਗ਼ਲਤ ਹਨ। ਇਹ ਕਦੇ ਨਹੀਂ ਮੰਨਦੇ ਕਿ 1947 ਤੋਂ ਲੈ ਕੇ ਓਸ ਬ੍ਰਾਹਮਣਵਾਦੀ ਸੋਚ ਵਾਲ਼ਿਆਂ ਨੇ ਸਿੱਖਾਂ ਦੇ ਧਰਮ, ਬੋਲੀ, ਕੌਮ ਨੂੰ ਖ਼ਤਮ ਕਰਨ ਲਈ ਹਰ ਹਰਬਾ ਵਰਤਿਆ, ਜਿਹੜੀ ਗੁਰੂ ਨਾਨਕ ਪਾਤਸ਼ਾਹ ਦੇ ਜਨੇਊ ਤੋਂ ਇਨਕਾਰ ਕਰਨ ਤੋਂ ਹੀ ਸਿੱਖੀ ਤੇ ਸਿੱਖਾਂ ਨੂੰ ਦੁਸ਼ਮਣ ਸਮਝਦੀ ਹੈ। ਸਿੱਖ ਕੌਮ ਨੇ ਤਾਂ ਆਪਣਾ ਸਭ ਕੁਝ ਦਾਅ ਉੱਤੇ ਲਾ ਕੇ ਇਹਨਾਂ ਹਿੰਦੂ ਆਗੂਆਂ ਦੇ ਵਾਅਦਿਆਂ ਉੱਤੇੇ ਯਕੀਨ ਕਰ ਕੇ ਪਾਕਿਸਤਾਨ ਦੀ ਥਾਂ ਭਾਰਤ ਨਾਲ਼ ਰਲ਼ਣ ਦਾ ਫ਼ੈਸਲਾ ਕਰ ਲਿਆ ਸੀ ਪਰ ਮਗਰੋਂ ਇਹ ਆਗੂ ਕੀਤੇ ਵਾਅਦਿਆਂ ਤੋਂ ਮੁੱਕਰ ਕੇ ਸਿੱਖੀ ਤੇ ਸਿੱਖਾਂ ਨੂੰ ਬਰਬਾਦ ਕਰਨ ਦੇ ਰਾਹ ਪੈ ਗਏ। ਲੋੜ ਤਾਂ ਇਹ ਸੀ ਕਿ ਸਿੱਖਾਂ ਨਾਲ਼ ਐਨਾ ਵਧੀਆ ਵਿਹਾਰ ਹੁੰਦਾ ਕਿ ਹਰੇਕ ਸਿੱਖ 'ਸਾਰੇ ਜਹਾਂ ਸੇ ਅੱਛਾ ਹਿੰਦੋਸਤਾਂ ਹਮਾਰਾ' ਗਾਉਂਦਾ ਫਿਰਦਾ, ਪਰ ਮਹੌਲ ਉਹ ਸਿਰਜ ਦਿੱਤਾ ਕਿ ਹਰੇਕ ਸਿੱਖ ਕਹਿੰਦਾ ਫਿਰੇ, ‘ਸ਼ਰਮ ਸੀ ਆਤੀ ਹੈ, ਇਸ ਵਤਨ ਕੋ ਵਤਨ ਕਹਤੇ ਹੂਏ।’ ਵਾਅਦੇ ਪੂਰੇ ਨਾ ਕਰਨ ਹਿੰਦੂ ਆਗੂ, ਸਿੱਖੀ ਤੇ ਸਿੱਖਾਂ ਨੂੰ ਮਲੀਆਮੇਟ ਕਰਨ ਦੀਆਂ ਸਾਜ਼ਿਸ਼ਾਂ ਬਣਾਉਣ ਹਿੰਦੂ ਆਗੂ, ਜਬਰ, ਜ਼ੁਲਮ, ਬੇਇਨਸਾਫੀਆਂ ਕਰੇ ਭਾਰਤੀ ਹਕੂਮਤ। ਸਿੱਖਾਂ ਦੇੇ ਜਾਇਜ਼ ਹੱਕ ਦੇਣ ਦੀ ਥਾਂ ਹਰ ਮੌਕੇ ਧੱਕੇਸ਼ਾਹੀ ਕਰੇ ਭਾਰਤੀ ਹਕੂਮਤੀ ਸਿਸਟਮ ਪਰ ਜੇ ਸਿੱਖ ਆਵਾਜ਼ ਬੁਲੰਦ ਕਰਨ ਤਾਂ ਇਹ 'ਮਹਾਨ ਤੇ ਵਧੀਆ ਸਿੱਖ' ਕਹਿੰਦੇ ਨੇ ਕਿ ਕਸੂਰ ਤਾਂ ਸਿੱਖਾਂ ਦਾ ਹੀ ਹੋਣਾ। ਪਤਾ ਨਹੀਂ ਇਹ ਕਿਹੋ ਜਿਹੇ ਸਿੱਖ ਨੇ ਜਿਹੜੇ ਸਿੱਖੀ ਦੇ ਹੱਕ ਵਿੱਚ ਡਟਣ ਵਾਲ਼ਿਆਂ ਨੂੰ ਹੀ ਭੰਡੀ ਜਾਂਦੇ ਨੇ। ਪਤਾ ਨਹੀਂ ਇਹ ਕਿਹੋ ਜਿਹੇ ਸਿੱਖ ਨੇ ਜਿਹੜੇ ਸਿੱਖੀ ਦੇ ਖ਼ਿਲਾਫ਼ ਡਟਣ ਵਾਲ਼ਿਆਂ ਨੂੰ ਹੀ ਸਹੀ ਠਹਿਰਾਈ ਜਾਂਦੇੇ ਨੇ।
ਸਿੱਖੀ ਦੀ ਚੜ੍ਹਦੀ ਕਲਾ ਦੇ ਰਾਹ ਵਿੱਚ ਸਭ ਤੋਂ ਵੱਡੇ ਰੋੜੇ ਇਹ ਲੋਕ ਨੇ। ਪੰਥਕ ਸੋਚ ਦਾ ਸਾਰਾ ਜ਼ੋਰ, ਸਰਮਾਇਆ ਤਾਂ ਇਹ ਖ਼ਰਚਾਈ ਜਾਂਦੇ ਨੇ, ਸਿੱਖਾਂ ਨੇ ਇਸ ਤੋਂ ਅੱਗੇ ਕੀ ਕਰਨਾ ਹੈ? ਇਹ ਲੋਕ ਸਿੱਖਾਂ ਨੂੰ ਖ਼ਾਲਿਸਤਾਨ ਦੇ ਰਾਹ ਤੋਂ ਰੋਕ ਕੇ ਦੁਬਾਰਾ 'ਭਾਰਤ ਮਾਤਾ ਕੀ ਜੈ' ਕਹਾਉਣ ਲਈ ਹਕੂਮਤ ਦੇ ਸਬ-ਸੈਂਟਰਾਂ ਵਜੋਂ ਸਰਗਰਮ ਹਨ। 1984 ਮਗਰੋਂ ਸਿੱਖ ਜਗਤ ਨੇ ਜਿਸ ਤਰ੍ਹਾਂ ਖ਼ਾਲਿਸਤਾਨ ਦੇ ਸੰਘਰਸ਼ ਨੂੰ ਹਮਾਇਤ ਦਿੱਤੀ ਸੀ, ਓਸ ਖ਼ਿਲਾਫ਼ ਮਹੌਲ ਸਿਰਜ ਕੇ ਸਿੱਖਾਂ ਦੀ ਨਵੀਂ ਪੀੜ੍ਹੀ ਨੂੰ ਕੁਰਾਹੇ ਪਾ ਕੇ ਉਹਨਾਂ ਨੂੰ 'ਭਾਰਤ ਮਾਤਾ ਦੇ ਲਾਡਲੇ ਪੁੱਤ' ਬਣਾਉਣ ਦੇ ਨਾਲ਼ ਇਹ ਵਰਤਾਰਾ, 'ਕਲਗੀਧਰ ਦੇ ਲਾਲ' ਬਣਨ ਤੋਂ ਰੋਕਣ ਦਾ ਵੀ ਪੂਰਾ ਪ੍ਰਬੰਧ ਕਰਦਾ ਹੈ। ਜੋ ਵੀ ਸਿੱਖ ਇਹਨਾਂ ਸਿੱਖਾਂ ਦੀਆਂ ਗੱਲਾਂ-ਬਾਤਾਂ ਸੁਣਦਾ ਹੈ, ਕੰਧਾਂ ਵਿੱਚ ਟੱਕਰਾਂ ਮਾਰਨ ਵਾਲ਼ਾ ਹੋ ਜਾਂਦਾ ਹੈ ਕਿ ਐਹੋ ਜਿਹੇ ਸਿੱਖਾਂ ਦੇ ਹੁੰਦਿਆਂ, ਸਿੱਖੀ ਨੂੰ ਖ਼ਤਮ ਕਰਨ ਲਈ ਦੁਸ਼ਮਣ ਦੀ ਕੀ ਲੋੜ ਹੈ? ਇਹ ਲੋਕ ਸਿੱਖੀ ਦੀ ਚੜ੍ਹਦੀ ਕਲਾ ਲਈ ਸਿਰਜੇ ਜਾਣ ਵਾਲ਼ੇ ਖ਼ਾਲਿਸਤਾਨ ਦੇ ਖ਼ਿਲਾਫ਼ ਮਹੌਲ ਸਿਰਜਣ ਲਈ 1978 ਤੋਂ ਚੱਲੇ ਸੰਘਰਸ਼ ਦੇ ਨਾਇਕਾਂ, ਏਜੰਡਿਆਂ ਤੇ ਹੋਰ ਵਰਤਾਰਿਆਂ ਨੂੰ ਬੁਰੀ ਤਰ੍ਹਾਂ ਰੱਦ ਕਰਦੇ ਤੇ ਭੰਡਦੇ ਨੇ। ਇਹ ਲੋਕ ਹਰ ਓਸ ਸਖ਼ਸ਼ੀਅਤ ਤੇ ਸੰਸਥਾ ਨੂੰ ਛੁਟਿਆਉਂਦੇ ਨੇ, ਜਿਸ ਤੋਂ ਪ੍ਰੇਰਨਾ ਲੈ ਕੇ ਸਿੱਖਾਂ ਅੰਦਰ ਕੌਮ ਦੀ ਚੜ੍ਹਦੀ ਕਲਾ ਦਾ ਜਜ਼ਬਾ ਵਧ ਸਕਦਾ ਹੋਵੇ। ਇਹ ਲੋਕ ਆਪਣੇ ਆਲ਼ੇ ਦੁਆਲੇ ਪੂਰੀ ਤਰ੍ਹਾਂ ਸਰਗਰਮ ਹਨ। ਇਹਨਾਂ ਨੂੰ ਭੋਰਾ ਸਮਝ ਨਹੀਂ ਕਿ ਇਹ ਕਿਵੇਂ ਸਿੱਖ ਕੌਮ ਦਾ ਨੁਕਸਾਨ ਕਰੀ ਜਾਂਦੇ ਨੇ, ਪਰ ਇਹ ਖ਼ੁਦ ਨੂੰ ਦੁਨੀਆਂ ਦੇ ਸਭ ਤੋਂ ਵਧੀਆ ਸਿੱਖ ਹੋਣ ਦਾ ਦਾਅਵਾ ਕਰਦੇ ਨੇ ਕਿ ਆਪਾਂ ਨਹੀਂ ਕਿਸੇ ‘ਪੰਗੇ’ ਵਿੱਚ ਪੈਂਦੇ। ਇਹ ਲੋਕ ਹਰੇਕ ਸਖ਼ਸ਼ ਦੇ ਦਿਲ-ਦਿਮਾਗ ਵਿੱਚ ਖ਼ਾਲਿਸਤਾਨ-ਵਿਰੋਧੀ ਵਿਚਾਰ ਥੋਪਦੇ ਹਨ। ਇਹਨਾਂ ਕਰਕੇ ਖ਼ਾਲਿਸਤਾਨ-ਵਿਰੋਧੀਆਂ ਦਾ ਕੰਮ ਸੌਖਾ ਹੋ ਗਿਆ ਹੈ।
ਸਾਡੇ ਕਈ ਸੱਜਣ ਖ਼ਾਲਿਸਤਾਨ ਦੇ ਵਿਰੋਧੀਆਂ ਦੇ ਕੂੜ-ਪ੍ਰਚਾਰ ਦਾ ਸ਼ਿਕਾਰ ਹੋ ਕੇ ਐਂ ਸੋਚਦੇ ਨੇ ਜਿਵੇਂ ਖ਼ਾਲਿਸਤਾਨ ਵਿੱਚ ਤਾਂ ਕੇਵਲ ਸਿੱਖ ਹੀ ਹੋਣਗੇ ਤੇ ਸਿੱਖਾਂ ਵਿੱਚੋਂ ਵੀ ਉਹ ਸਿੱਖ ਜਿਹੜੇ ਸਿਰਫ਼ ਨਿਹੰਗ ਸਿੰਘਾਂ ਵਾਂਗ ਪੂਰੇ ਬਾਣੇ ਵਿੱਚ ਹੋਣਗੇ। ਜਦ ਇਹ ਗੱਲਾਂ ਪਹਿਲਾਂ-ਪਹਿਲਾਂ ਸੁਣਦੇ ਸਾਂ ਤਾਂ ਬੜਾ ਅਜ਼ੀਬ ਲੱਗਦਾ ਸੀ, ਫੇਰ ਹਾਸਾ ਆਇਆ ਕਰੇ ਤੇ ਹੋਣ ਇਹਨਾਂ ਲੋਕਾਂ ਦੀ ਅਕਲ ’ਤੇ ਰੋਣ ਆਉਂਦਾ ਹੈ ਕਿ ਕਿੰਨੀ ਗ਼ਲਤ ਸੋਚ ਵਾਲ਼ੇ ਲੋਕ ਹਨ। ਕੀ ਕੋਈ ਮੁਲਕ ਇਹੋ ਜਿਹਾ ਹੋ ਸਕਦਾ ਹੈ ਜਿੱਥੇ ਇੱਕ ਧਰਮ ਦੇ ਲੋਕ ਹੀ ਹੋਣ? ਪਰ ਇਹ ਲੋਕ ਤਾਂ ਐਨੇ ਭਰਮ ਵਿੱਚ ਪਏ ਹੋਏ ਨੇ ਕਿ ਸੋਚਦੇ ਨੇ ਕਿ ਪਾਕਿਸਤਾਨ ਵਿੱਚ ਤਾਂ ਕੇਵਲ ਮੁਸਲਮਾਨ ਹੀ ਨੇ। ਇਹ ਗੱਲ ਉਹਨਾਂ ਦੇ ਮੰਨਣ ਵਿੱਚ ਨਹੀਂ ਆਉਂਦੀ ਕਿ ਪਾਕਿਸਤਾਨ ਵਿੱਚ ਹੋਰ ਧਰਮਾਂ ਦੇ ਲੋਕ ਵੀ ਮੌਜ ਨਾਲ਼ ਰਹਿੰਦੇ ਨੇ ਪਰ ਇਹ ਲੋਕ ਤਾਂ ਖ਼ਾਲਿਸਤਾਨ ਬਾਰੇ ਐਨੀ ਭੈੜੀ ਤੇ ਭੱਦੀ ਸੋਚ ਬਣਾਈ ਬੈਠੇ ਨੇ ਜਿਵੇਂ ਹਰ ਰੋਜ਼ ਤੜਕੇ ਹੀ ਸਿੰਘ ਨਿਕਲਿਆ ਕਰਨਗੇ ਕਿ ਕੌਣ-ਕੌਣ ਨਿਤਨੇਮ ਨਹੀਂ ਕਰ ਰਿਹਾ ਤੇ ਫੇਰ ਉਹਨਾਂ ਨੂੰ ਸਖ਼ਤ ਸਜ਼ਾਵਾਂ ਦੇਣਗੇ। ਕਦੇ ਕਹਿੰਦੇ ਨੇ ਕਿ ਖ਼ਾਲਿਸਤਾਨ ਵਿੱਚ ਤਾਂ ਖਾਣ-ਪੀਣ, ਪਹਿਨਣ ਤੇ ਹੋਰ ਸਭ ਕੁਝ ਬਾਰੇ ਖ਼ਾਲਿਸਤਾਨ ਦੀ ਸਰਕਾਰ ਹੀ ਨਿਸਚਿਤ ਕਰੂਗੀ ਤੇ ਮਮੂਲੀ ਗ਼ਲਤੀ ਬਦਲੇ ਹੀ ਸਿਰ ਕਲਮ ਕਰ ਦਿਆ ਕਰਨਗੇ। ਇਹੋ ਜਿਹੇ ਪ੍ਰਾਪੇਗੰਡੇ ਦੇ ਅਸਰ ਹੇਠ ਬੜੇ ਲੋਕ ਖ਼ਾਲਿਸਤਾਨ ਦਾ ਵਿਰੋਧ ਕਰਦੇ ਨੇ। ਕੋਈ ਕਹਿੰਦਾ ਕਿ ਅਸੀਂ ਤਾਂ ਵਾਲ ਮੁੰਨਦੇ ਆ, ਦੂਜਾ ਕਹਿੰਦਾ ਕਿ ਅਸੀਂ ਤਾਂ ਸ਼ਰਾਬ ਪੀਨੇ ਆ, ਤੀਜਾ ਕਹਿੰਦਾ ਕਿ ਖ਼ਾਲਿਸਤਾਨ ਵਿੱਚ ਤਾਂ ਗਾਣੇ-ਗੂਣੇ ਵੀ ਬੰਦ ਈ ਹੋਣਗੇ। ਮਤਲਬ ਹਰੇਕ ਬੰਦੇ ਨੂੰ ਖ਼ਾਲਿਸਤਾਨ ਦੇ ਖ਼ਿਲਾਫ਼ ਭੁਗਤਾਉਣ ਲਈ ਕੋਈ ਨਾ ਕੋਈ ਬਹਾਨਾ ਦੇ ਦਿੱਤਾ ਗਿਆ ਹੈ ਤੇ ਉਹ ਆਪਣੇ ਮਨ ਵਿੱਚ ਇਹੀ ਸੋਚਦਾ ਰਹਿੰਦਾ ਹੈ ਕਿ ਜੇ ਖ਼ਾਲਿਸਤਾਨ ਇਸ ਤਰ੍ਹਾਂ ਦਾ ਬਣਨਾ ਹੈ ਤਾਂ ਫੇਰ ਨਾ ਹੀ ਬਣੇ। ਖ਼ਾਲਿਸਤਾਨੀ ਧਿਰਾਂ ਦੀ ਜਿੰਮੇਵਾਰੀ ਹੈ ਕਿ ਲੋਕਾਂ ਨੂੰ ਦੱਸਣ ਕਿ ਖ਼ਾਲਿਸਤਾਨ ਵੀ ਹੋਰ ਮੁਲਕਾਂ ਵਰਗਾ ਮੁਲਕ ਹੋਵੇਗਾ, ਜਿੱਥੇ ਹਰੇਕ ਨੂੰ ਆਪਣੇ ਅਕੀਦੇ ਦੀ ਅਜ਼ਾਦੀ ਹੋਵੇਗੀ, ਹਰ ਕੋਈ ਆਪਣੇ ਵਿਸਵਾਸ਼ਾਂ ਅਨੁਸਾਰ ਜਿਊਣ ਲਈ ਅਜ਼ਾਦ ਹੋਵੇਗਾ। ਇਹ ਕੋਈ ਤਾਲਿਬਾਨੀ ਰਾਜ ਨਹੀਂ ਹੋਵੇਗਾ।
ਸਿੱਖਾਂ ਨੇ ਮੁਗਲਾਂ ਦਾ ਰਾਜ ਵੇਖਿਆ ਹੈ, ਜਿੱਥੇ ਸਿੱਧੀ ਵੰਗਾਰ ਸੀ ਕਿ ਦੀਨ ਕਬੂਲ ਕਰੋ ਜਾਂ ਮੌਤ। ਸਿੱਖਾਂ ਨੇ ਹਿੰਦੂ ਦਾ ਰਾਜ ਵੀ ਦੇਖ ਲਿਆ ਕਿ ਜਾਂ ਤੇ ਹਿੰਦੂ ਮੰਨਣਾ ਮੰਨ ਲੈ, ਨਹੀਂ ਜ਼ਲੀਲ ਹੋ ਕੇ ਮਰਨਾ ਪਊ ਪਰ ਖ਼ਾਲਿਸਤਾਨ ਵਿੱਚ ਕਿਸੇ ਨਾਲ਼ ਜਬਰ ਨਹੀਂ ਹੋਵੇਗਾ। ਕਿਸੇ ਉੱਪਰ ਸਿੱਖੀ ਥੋਪੀ ਨਹੀਂ ਜਾਵੇਗੀ, ਨਾ ਹੀ ਹਰੇਕ ਨੂੰ ਮਜਬੂਰ ਕਰਕੇ ਸਿੱਖੀ ਵਾਲ਼ੀਆਂ ਗੱਲਾਂ ਮਨਾਈਆਂ ਜਾਣਗੀਆਂ ਜਿਵੇਂ ਹੁਣ ਗਊ ਮੂਤ, ਜਨ ਗਨ ਮਨ, ਤਿਰੰਗਾ ਝੰਡਾ, ਸੰਵਿਧਾਨ ਤੇ ਹੋਰ ਬੜਾ ਕੁਝ ਧੱਕੇ ਨਾਲ਼ ਥੋਪਿਆ ਹੋਇਆ ਹੈ। ਹੁਣ ਤਾਂ ਹਰੇਕ ਬੰਦੇ ਕੋਲ਼ੋਂ ਉਸ ਦਾ ਧਰਮ ਖੋਹਿਆ ਜਾ ਰਿਹਾ ਹੈ ਪਰ ਖ਼ਾਲਿਸਤਾਨ ਵਿੱਚ ਵੱਸਣ ਵਾਲ਼ੇ ਤਾਂ ਹਿੰਦੂ ਵੀ ਐਨੇ ਖ਼ੁਸ਼ ਹੋਣਗੇ ਕਿ ਜੇ ਗਵਾਂਢੀ ਮੁਲਕ ਭਾਰਤ ਤੋਂ ਕੋਈ ਉਹਨਾਂ ਨੂੰ ਪੰਪ ਮਾਰ ਕੇ ਖ਼ਾਲਿਸਤਾਨ ਨਾਲ਼ ਗ਼ੱਦਾਰੀ ਲਈ ਭੜਕਾਏਗਾ ਤਾਂ ਖ਼ਾਲਿਸਤਾਨ ਦੇ ਹਿੰਦੂ ਉਸ ਨੂੰ ਕਹਿਣਗੇ ਕਿ ਇਹ ਖ਼ਾਲਿਸਤਾਨ ਹੈ, ਜਿੱਥੇ ਇੱਕ ਵੀ ਹਿੰਦੂ ਕਦੇ ਦੁਖੀ ਨਹੀਂ ਹੋ ਸਕਦਾ ਕਿਉਂਕਿ ਸਾਰਾ ਮੁਲਕ ਇੱਕ ਸਕਿੰਟ ਵਿੱਚ ਓਸ ਹਿੰਦੂ ਦੀ ਹਮਾਇਤ ਵਿੱਚ ਡਟ ਜਾਂਦਾ ਹੈ। ਖ਼ਾਲਿਸਤਾਨ ਵਿੱਚ ਵੱਸਦੇ ਹਿੰਦੂਆਂ ਨੂੰ ਖ਼ਾਲਿਸਤਾਨ ਵਿੱਚ ਐਨੇ ਸੁਖ ਹੋਣਗੇ ਕਿ ਖ਼ਾਲਿਸਤਾਨੀਆ ਨੇ ਇਨਾਮ ਰੱਖ ਦਿਆ ਕਰਨੇ ਨੇ ਭਾਰਤ ਵਾਲਿਓ! ਸਾਡੇ ਮੁਲਕ ਦੇ ਕਿਸੇ ਹਿੰਦੂ ਨੂੰ ਕਾਇਲ ਕਰਕੇ ਖ਼ਾਲਿਸਤਾਨ ਦੇ ਖ਼ਿਲਾਖ਼ ਕਰ ਕੇ ਵਿਖਾ ਦੇਵੋ ਤੇ ਐਨੇ ਲੱਖ ਦਾ ਇਨਾਮ ਲੈ ਲਵੋ।
ਖ਼ਾਲਿਸਤਾਨ ਵਿੱਚ ਧਰਮਾਂ ਨੂੰ ਨਾ ਮੰਨਣ ਵਾਲ਼ੇ ਨਾਸਤਿਕ ਵੀ ਖ਼ੁਸ਼ ਰਹਿਣਗੇ ਕਿ ਸਾਨੂੰ ਆਪਣੀ ਗੱਲ ਕਹਿਣ ਦੀ ਅਜ਼ਾਦੀ ਹੈ। ਖ਼ਾਲਿਸਤਾਨ ਵਿੱਚ ਹਰੇਕ ਤਰ੍ਹਾਂ ਦੀ ਖੁੱਲ੍ਹ ਹੋਵੇਗੀ ਪਰ ਹਰ ਗੱਲ ਉੱਪਰ ਕਨੂੰਨੀ ਪਹਿਰੇਦਾਰੀ ਹੋਵੇਗੀ ਜਿਵੇਂ ਕੈਨੇਡਾ-ਅਮਰੀਕਾ ਵਿੱਚ ਸ਼ਰਾਬ ਆਮ ਮਿਲਦੀ ਹੈ ਪਰ ਪੀ ਕੇ ਹੁੜਦੰਗ ਮਚਾਉਣ ਜਾਂ ਡਰਾਈਵਿੰਗ ਕਰਨ ਵਾਲ਼ੇ ਨੂੰ ਖ਼ੁਦ ਨੂੰ ਡਰ ਹੁੰਦਾ ਹੈ ਕਿ ਗਲਤੀ ਦੀ ਸਜ਼ਾ ਬੜੀ ਖ਼ਤਰਨਾਕ ਮਿਲੇਗੀ। ਖ਼ਾਲਿਸਤਾਨ ਵਿੱਚ ਹਰ ਤਰਾਂ ਦੀ ਖੁੱਲ੍ਹ ਹੋਵੇਗੀ ਪਰ ਅਪਰਾਧ ਕਰਨ ਵਾਲ਼ੇ ਨੂੰ ਮਿਸਾਲੀ ਸਜ਼ਾ ਹੋਣ ਕਾਰਨ ਹਰੇਕ ਨਾਗਰਿਕ ਆਪਣੇ ਫ਼ਰਜ਼ਾਂ ਪ੍ਰਤੀ ਸੁਚੇਤ ਰਹੇਗਾ। ਖ਼ਾਲਿਸਤਾਨ ਮਨੁੱਖਤਾ ਲਈ ਇੱਕ ਐਹੋ ਜਿਹਾ ਹਲੇਮੀ ਰਾਜ ਹੋਵੇਗਾ ਜਿੱਥੇ ਵਸਣ ਲਈ ਹਰੇਕ ਦਾ ਮਨ ਚਾਹੇਗਾ। ਜੇ ਖ਼ਾਲਿਸਤਾਨ ਐਨਾ ਚੰਗਾ ਬਣਾਉਣਾ ਹੈ ਤਾਂ ਕੋਈ ਵੀ ਮਾੜੀ, ਭੈੜੀ ਤੇ ਭੱਦੀ ਗੱਲ ਕਿਉਂ ਇਸ ਮੁਲਕ ਵਿੱਚ ਲਾਗੂ ਹੋਵੇਗੀ?
ਸੋ, ਖ਼ਾਲਿਸਤਾਨ ਦੇ ਹਮਾਇਤੀਆਂ ਦੀ ਜਿੰਮੇਵਾਰੀ ਹੈ ਕਿ ਖ਼ਾਲਿਸਤਾਨ ਬਾਰੇ ਸਹੀ ਗੱਲ ਲੋਕਾਂ ਵਿੱਚ ਪ੍ਰਚਾਰਨ। ਗਾਂਧੀ ਦਾ ਲਿਿਖਆ, “ਮੇਰੇ ਸਪਨੋਂ ਕਾ ਭਾਰਤ” ਪੜ੍ਹ ਕੇ ਲੱਖਾਂ ਭਾਰਤੀ ਅੰਗਰੇਜਾਂ ਖ਼ਿਲਾਫ਼ ਲਾਮਬੰਦ ਹੋਏ ਸਨ। ਹੁਣ ਲੋੜ ਹੈ ਕਿ ਇੱਕ ਖ਼ਾਲਿਸਤਾਨ ਬਾਰੇ ਕਿਤਾਬ ਲਿਖੀਏ, “ਕਿਹੋ ਜਿਹਾ ਹੋਵੇਗਾ-ਖ਼ਾਲਿਸਤਾਨ?” ਇਸ ਵਿੱਚ ਦੱਸਿਆ ਜਾਵੇ ਕਿ ਖ਼ਾਲਿਸਤਾਨ ਵਿੱਚ ਕੀ ਹੋਵੇਗਾ ਤੇ ਕੀ ਨਹੀਂ?
ਦੁਨੀਆਂ ਭਰ ਵਿੱਚ ਵੱਸਦੇ ਸਿੱਖੋ! ਤੁਹਾਡੇ ਆਲ਼ੇ-ਦੁਆਲੇ ਬਹੁਤ ਸਾਰੇ ਐਹੋ ਜਿਹੇ ਬਹਿਰੂਪੀਏ ਨੇ ਜਿਹੜੇ ਸਿੱਖਾਂ ਦਾ ਅਕਸ ਸੰਸਾਰ ਭਰ ਵਿੱਚ ਖ਼ਰਾਬ ਕਰਨ ਦਾ ਕੋਈ ਮੌਕਾ ਕਦੇ ਨਹੀਂ ਖੁੰਝਣ ਦਿੰਦੇ। ਐਹੋ ਜਿਹੇ ਲੋਕਾਂ ਦੀ ਨਿਸ਼ਾਨਦੇਹੀ ਕਰੋ ਤੇ ਉਹਨਾਂ ਬਾਰੇ ਦੂਜਿਆਂ ਲੋਕਾਂ ਨੂੰ ਵੀ ਦੱਸਿਆ ਕਰੋ। ਬਹੁਤਿਆਂ ਨੂੰ ਭਾਰਤ ਸਰਕਾਰ ਨੇ ਤਨਖ਼ਾਹ ਲਾਈ ਹੋਈ ਹੈ ਪਰ ਕਈ ਤਾਂ ਬਗੈਰ ਤਨਖ਼ਾਹ ਤੋਂ ਹੀ ‘ਸਿੱਖਾਂ ਦਾ ਅਕਸ ਖ਼ਰਾਬ ਕਰਨ ਦੀ ਸੇਵਾ’ ਕਰ ਰਹੇ ਨੇ। ਖ਼ਿਆਲ ਰੱਖਿਆ ਕਰੋ, ਕਿਤੇ ਇਹ ਸਿੱਖੀ ਤੇ ਸਿੱਖਾਂ ਨੂੰ ਬਦਨਾਮ ਕਰਨ ਲਈ ਤੁਹਾਡਾ ਹੀ ਸਹਾਰਾ ਨਾ ਲਈ ਬੈਠੇ ਹੋਣ।
ਸਾਨੂੰ ਏਜੰਡਾ ਬਣਾਉਣਾ ਪੈਣਾ ਕਿ ਸਿੱਖ ਦੁਨੀਆ ਵਿੱਚ ਹਰ ਮੁਲਕ, ਹਰ ਸਖ਼ਸ਼ ਤੇ ਹਰ ਥਾਂ ’ਤੇ ਸਤਿਕਾਰੇ ਕਿਵੇਂ ਜਾਣ? ਭਾਰਤੀ ਗ਼ੁਲਾਮੀ ਸਾਨੂੰ ਹਰ ਤਰ੍ਹਾਂ ਨਾਂਹਵਾਚਕਤਾ ਨਾਲ਼ ਭਰੇਗੀ, ਜਿਸ ਨਾਲ਼ ਸਾਡਾ ਵਕਾਰ, ਹੈਸੀਅਤ, ਰੁਤਬਾ, ਪਛਾਣ ਹਰ ਥਾਂ ਸਿਫ਼ਰ ਹੋ ਜਾਵੇ। ਗ਼ੁਲਾਮੀ ਕਰਕੇ ਸਿੱਖਾਂ ਅੰਦਰ ਜ਼ੋਰ ਫੜ ਰਹੀਆਂ ਗ਼ਲਤ ਬਿਰਤੀਆਂ ਦੇ ਬਹਾਨੇ ਸਿੱਖਾਂ ਨੂੰ ਧਰਤੀ ਦੇ ਸਭ ਤੋਂ ਭੈੜੇ ਬੰਦੇ ਗਰਦਾਨਣ ਦੀ ਜ਼ਿੱਦ ਫੜੀ ਬੈਠੇ ਲੋਕਾਂ ਦਾ ਏਜੰਡਾ ਸਾਫ਼ ਹੈ ਕਿ ਅਸੀਂ ਹਰ ਤਰ੍ਹਾਂ ਸਿੱਖਾਂ ਨੂੰ ਗ਼ਲਤ ਦਰਸਾਉਣਾ ਹੈ ਪਰ ਸਾਨੂੰ ਚਾਹੀਦਾ ਕਿ ਐਹੋ ਜਿਹੇ ਕਿਰਦਾਰ ਬਣਾਈਏ ਕਿ ਹਰ ਮੁਲਕ ਵਿੱਚ ਸਿੱਖਾਂ ਲਈ ਵੀਜ਼ਾ ਮੁਕਤ ਦਾਖ਼ਲਾ (ਫਰੀ ਐਂਟਰੀ) ਹੋਵੇ। ਹਰ ਮੁਲਕ ਦਾ ਐਲਾਨ ਹੋਵੇ ਕਿ ਸਿੱਖ ਚਾਹੇ ਵਪਾਰ ਕਰਨ ਆਉਣ, ਚਾਹੇ ਘੁੰਮਣ ਫਿਰਨ ਲਈ ਆਉਣ, ਚਾਹੇ ਪੜ੍ਹਨ ਲਈ ਆਉਣ ਤੇ ਚਾਹੇ ਪੱਕੇ ਤੌਰ ’ਤੇ ਰਹਿਣ ਆਉਣ, ਅਸੀਂ ਸਿੱਖਾਂ ਨੂੰ ਹਰ ਵਕਤ ਜੀ ਆਇਆਂ ਕਹਾਂਗੇ। ਪਰ ਇਹਦੇ ਲਈ ਲਾਜ਼ਮੀ ਹੈ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਤੋਂ ਸੇਧ ਲੈ ਕੇ ਗੁਰਸਿੱਖ ਬਣੀਏ। ਇਹ ਕੌਮੀ ਏਜੰਡਾ ਹੋਵੇ ਕਿ ਹਰ ਥਾਂ, ਹਰ ਸਖ਼ਸ਼ ਸਿੱਖਾਂ ਦੀ ਸਿਫ਼ਤ ਕਰੇ। ਦੁਸ਼ਮਣ ਦਾ ਏਜੰਡਾ ਸਾਫ਼ ਹੈ ਕਿ ਸਿੱਖਾਂ ਨੂੰ ਸਭ ਤੋਂ ਭੈੜੇ ਬੰਦੇ ਦਰਸਾਉਣਾ ਹੈ। ਵੇਖ ਲਵੋ ਕਿੱਧਰ ਭੁਗਤਣਾ?
ਖ਼ਾਲਿਸਤਾਨੀ ਸੋਚ ਦੇ ਵਿਰੋਧੀ ਬੜੀ ਸਕੀਮ ਨਾਲ਼ ਚੱਲਦੇ ਆ। ਉਹ ਆਪਣੀ ਗੱਲ ਇਉਂ ਲਿਖਦੇ ਆ ਕਿ ਪੜ੍ਹਨ ਵਾਲ਼ੇ ਦੇ ਮਨ ਵਿੱਚ ਖ਼ਾਲਿਸਤਾਨ ਵਿਰੋਧੀ ਭਾਵ ਪੈਦਾ ਹੋ ਜਾਣ। ਜਿਹੜੇ ਲੋਕ ਸ਼ਰੇਆਮ ਖ਼ਾਲਿਸਤਾਨੀ ਸੋਚ ਦੇ ਵਿਰੋਧ ਵਿੱਚ ਲਿਖਦੇ-ਬੋਲਦੇ ਨੇ, ਉਹਨਾਂ ਨਾਲ਼ੋਂ ਉਹ ਜ਼ਿਆਦਾ ਖ਼ਤਰਨਾਕ ਨੇ, ਜਿਹੜੇ ਲੋਕਾਂ ਦੇ ਮਨ ਵਿੱਚ ਖ਼ਾਲਿਸਤਾਨ ਵਿਰੋਧੀ ਭਾਵ ਪੈਦਾ ਕਰਦੇ ਨੇ। ਖ਼ੈਰ, ਜਿੱਥੇ ਹੋਰ ਮੱਥਾ ਮਾਰਦੇ ਫਿਰਦੇ ਨੇ, ਓਥੇ ਇਹ ਵੀ ਜ਼ੋਰ ਲਾ ਲੈਣ।
ਖ਼ਾਲਿਸਤਾਨ ਤਾਂ ਇੱਕ ਦਿਨ ਬਣੇਗਾ ਹੀ ਬਣੇਗਾ। ਇਤਿਹਾਸ ਵਿੱਚ ਇਹ ਵੀ ਦਰਜ ਹੋਵੇਗਾ ਕਿ ਕਾਮਰੇਡ ਹਰਕ੍ਰਿਸ਼ਨ ਸਿੰਘ ਸੁਰਜੀਤ ਨੇ ਸਿੱਖ ਹੋਮਲੈਂਡ/ਖ਼ਾਲਿਸਤਾਨ ਦਾ ਮਤਾ ਪਾਸ ਕਰਵਾਇਆ ਪਰ ਮਗਰੋਂ ਕਾਮਰੇਡ ਖ਼ਾਲਿਸਤਾਨੀ ਲਹਿਰ ਦੇ ਉਲ਼ਟ ਡਟ ਗਏ। ਇਤਿਹਾਸ ਵਿੱਚ ਇਹ ਵੀ ਦਰਜ ਹੋਵੇਗਾ ਕਿ ਇੱਕ ਵਾਰ ਜਥੇਦਾਰ ਜੀਵਨ ਸਿੰਘ ਉਮਰਾਨੰਗਲ ਨੇ ਸਿੱਖ ਰਾਜ ਦਾ ਝੰਡਾ ਅੰਮ੍ਰਿਤਸਰ ਕੋਤਵਾਲੀ ਜਾ ਕੇ ਲਹਿਰਾਇਆ ਸੀ, ਮਗਰੋਂ ਇਹ ਪਰਿਵਾਰ ਖ਼ਾਲਿਸਤਾਨੀ ਲਹਿਰ ਦਾ ਕੱਟੜ ਵੈਰੀ ਬਣ ਗਿਆ। ਇਸੇ ਲੜੀ ਵਿੱਚ ਹੋਰ ਬਥੇਰੇ ਨੇ ਜਿਹੜੇ ਪਿਠ ਵਿਖਾ ਗਏ ਪਰ ਇਤਿਹਾਸ ਦੇ ਨਾਇਕ ਤਾਂ ਉਹੀ ਹੋਣਗੇ ਜਿਹੜੇ ਡਟੇ ਰਹੇ।
ਵੀਡੀਓ ਗੇਮਾਂ, ਟੀ.ਵੀ., ਕਾਰਟੂਨ ਸੀਰੀਅਲਾਂ ਨੂੰ ਵੇਖ-ਵੇਖ ਕੇ ਸਮੁੱਚੀ ਮਾਨਸਿਕਤਾ ’ਤੇ ਮਾਰੂ ਅਸਰ ਲਾਜਮੀ ਪੈਂਦਾ ਹੈ। ਬੰਦਾ ਸੋਚਣ ਲੱਗ ਪੈਂਦਾ ਕਿ ਜਦ ਵੀ ਮੁਸ਼ਕਿਲ ਆਵੇਗੀ ਤਾਂ ਕੋਈ ‘ਸੁਪਰ ਹੀਰੋ’ ਆ ਕੇ ਮਦਦ ਕਰੇਗਾ ਤੇ ਮੁਸ਼ਕਿਲ ਵਿੱਚੋਂ ਕੱਢ ਦੇਵੇਗਾ। ਮਹਾਂਭਾਰਤ ਵਿੱਚ ਤਾਂ ਕ੍ਰਿਸ਼ਨ ਨੇ ਹਿੰਦੂਆਂ ਨਾਲ਼ ਇਹੋ ਜਿਹਾ ਵਾਅਦਾ ਵੀ ਕੀਤਾ ਹੋਇਆ ਹੈ ਕਿ ਜਦ ਵੀ ਮੁਸ਼ਕਿਲ ਬਣੇਗੀ, ਮੈਂ ਆਵਾਂਗਾ। ਚਲੋ ਹਿੰਦੂਆਂ ਨੂੰ ਤਾਂ ਉਹਨਾਂ ਦੇ ਭਗਵਾਨ ਨੇ ਵਾਅਦਾ ਕੀਤਾ ਹੋਇਆ ਪਰ ਸਾਨੂੰ ਤਾਂ ਸਿੱਖ ਧਰਮ ਤੇ ਸਿੱਖ ਇਤਿਹਾਸ ਇਹੀ ਦੱਸਦਾ ਹੈ ਕਿ ਸਾਨੂੰ ਸਾਡੀਆਂ ਮੁਸ਼ਕਿਲਾਂ, ਔਕੜਾਂ, ਦੁੱਖਾਂ-ਤਕਲੀਫ਼ਾਂ ਖ਼ਿਲਾਫ਼ ਆਪ ਹੀ ਲੜਨਾ ਪੈਣਾ ਹੈ। ਸਤਿਗੁਰਾਂ ਨੇ ਸਾਨੂੰ 'ਖ਼ਾਲਸਾ' ਨਾਮੀ ‘ਸੁਪਰਮੈਨ’ ਬਣਾ ਦਿੱਤਾ ਹੈ। ਸਤਿਗੁਰੂ ਹਰ ਵੇਲੇ ਸਾਡੇ ਅੰਗ-ਸੰਗ ਵੀ ਹਨ। ਪਰ ਬਿਨਾਂ ਕੋਈ ਹਿਲਜੁਲ ਕੀਤਿਆਂ, ਕੋਈ ਉੱਦਮ ਕੀਤਿਆਂ ਕੁਝ ਨਹੀਂ ਹੋਣਾ। ਕਿਸੇ ਰੱਬ, ਭਗਵਾਨ, ਦੇਵੀ-ਦੇਵਤੇ ਨੇ ਜਾਂ ਕਿਸੇ ਸੁਪਰ ਹੀਰੋ ਨੇ ਆ ਕੇ ਸਾਡੇ ਮਸਲੇ ਹੱਲ ਨਹੀਂ ਕਰਨੇ। ਇਸ ਕਰਕੇ ਇਹ ਅਰਦਾਸਾਂ ਬੰਦ ਕਰੀਏ ਕਿ ਭਿੰਡਰਾਂਵਾਲ਼ਾ ਆ ਜਾਵੇ, ਬਾਜ ਆ ਜਾਵੇ, ਔਹ ਆ ਜੇ, ਔਹ ਹੋ ਜੇ। ਜੋ ਕੁਝ ਸਿੱਖੀ ਤੇ ਸਿੱਖਾਂ ਦੇ ਹਿੱਤ ਵਿੱਚ ਹੈ, ਉਹ ਸਾਨੂੰ ਮਿਲ਼ ਕੇ ਆਪ ਹੀ ਕਰਨਾ ਪੈਣਾ ਹੈ। ਸਤਿਗੁਰੂ ਸਾਡਾ ਸਾਥ ਸਹਿਯੋਗ ਤਾਂ ਹੀ ਦੇਣਗੇ ਜੇ ਅਸੀਂ ਕੁਝ ਕਰਾਂਗੇ।
ਆਓ, ਸਿੱਖੀ ਦੀ ਚੜ੍ਹਦੀ ਕਲਾ ਲਈ ਉਹਨਾਂ ਮੁਸ਼ਕਿਲਾਂ, ਗ਼ਲਤ ਰੁਝਾਨਾਂ ਤੇ ਹੋਰ ਮਾਰੂ ਵਰਤਾਰਿਆਂ ਖ਼ਿਲਾਫ਼ ਲਾਮਬੰਦ ਹੋਈਏ।
ਸਿੱਖਾਂ ਦੇ ਬਾਰੇ ਬ੍ਰਾਹਮਣਵਾਦੀ ਲੋਕ ਇਹ ਫ਼ੈਸਲਾ ਕਰੀ ਬੈਠੇ ਨੇ ਕਿ ਇਹ ਤਾਂ ਸਾਡੇ ਗ਼ੁਲਾਮ ਨੇ ਤੇ ਜੋ ਅਸੀਂ ਚਾਹਾਂਗੇ, ਓਹੀ ਕੁਝ ਇਹਨਾਂ ਸਿੱਖਾਂ ਨੂੰ ਕਰਨਾ ਪਵੇਗਾ। ਸਿੱਖ ਕੀ ਸੋਚਣਗੇ, ਕੀ ਨਹੀਂ ਸੋਚਣਗੇ, ਸਿੱਖਾਂ ਨੇ ਕੀ ਖਾਣਾ, ਕੀ ਨਹੀਂ ਖਾਣਾ, ਸਿੱਖਾਂ ਨੇ ਕੀ ਪਹਿਨਣਾ, ਕੀ ਨਹੀਂ, ਸਿੱਖਾਂ ਨੇ ਯੋਗਾ ਕਰਨਾ ਕਿ ਨਹੀਂ, ਸਿੱਖਾਂ ਦੇ ਦੋਸਤ ਕੌਣ ਹੋਣਗੇ, ਸਿੱਖਾਂ ਦੇ ਦੁਸ਼ਮਣ ਕੌਣ ਹੋਣਗੇ, ਸਿੱਖਾਂ ਦੇ ਜਥੇਦਾਰ ਕੌਣ ਹੋਣਗੇ; ਇਹੋ ਜਿਹੇ ਸਾਰੇ ਫ਼ੈਸਲੇ ਬ੍ਰਾਹਮਣਵਾਦੀ ਖ਼ੁਦ ਕਰਨ ਨੂੰ ਫਿਰਦੇ ਨੇ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਬਾਦਲਕਿਆਂ ਸਮੇਤ ਸਿੱਖਾਂ ਦੇ ਇੱਕ ਹਿੱਸੇ ਨੇ ਬ੍ਰਾਹਮਣਵਾਦ ਦੀ ਗ਼ੁਲਾਮੀ ਪ੍ਰਵਾਨ ਕਰ ਕੇ ਨਿਵਾਜ਼ਿਸ਼ਾਂ ਮਾਨਣੀਆਂ ਸ਼ੁਰੂ ਕਰ ਦਿੱਤੀਆਂ ਹਨ ਪਰ ਗੁਰਾਂ ਦਾ ਖ਼ਾਲਸਾ ਅੱਜ ਵੀ ਆਪਣੀ ਅਜ਼ਾਦ ਤੇ ਵੱਖਰੀ ਹੋਂਦ ਹਸਤੀ ਲਈ ਜੂਝ ਰਿਹਾ ਹੈ। ਕਹਿਰੀ ਹੱਲਿਆਂ ਵਿੱਚੋਂ ਬਚ ਕੇ ਸਿੱਖੀ ਦਾ ਝੰਡਾ ਬੁਲੰਦ ਕਰ ਰਿਹਾ ਇਹ ਸਿੱਖ ਵਰਗ ਲਲਕਾਰ ਰਿਹਾ ਹੈ ਕਿ ਬ੍ਰਾਹਮਣਵਾਦੀਓ! ਜੋ ਮਰਜ਼ੀ ਕਰੀ ਤੇ ਕਹੀ ਜਾਓ, ਭਵਿੱਖ ਫੇਰ ਵੀ ਸਾਡਾ ਹੈ।
ਅਸਲ ਵਿੱਚ ਸਿੱਖ ਸੱਭਿਅਤਾ ਤੇ ਇਸ ਦੀਆਂ ਦੋਖੀਆਂ ਵਿਚਾਲੇ ਗਹਿਗੱਚ ਜੰਗ ਹੋ ਰਹੀ ਹੈ ਜਿਸ ਵਿੱਚ ਸਿਧਾਂਤਕ ਤੇ ਸਰੀਰਿਕ ਜੰਗ ਟੱਕਰ ਲੱਗੀ ਹੋਈ ਹੈ। ਜੇ ਸਿੱਖਾਂ ਨੇ ਹਰ ਹਮਲੇ, ਹਰ ਵਾਰ, ਹਰ ਚੱਕਰਵਿਊ ਨੂੰ ਪਛਾਨਣ ਦੀ ਬਿਰਤੀ ਨਾ ਧਾਰਨ ਕੀਤੀ ਤਾਂ ਲਾਜ਼ਮੀ ਖਤਾ ਖਾਵਾਂਗੇ। ਸਿੱਖ ਸੱਭਿਅਤਾ ਦੇ ਹਰ ਪੱਖ ਦੀ ਪ੍ਰਫੁਲਤਾ ਤੇ ਪ੍ਰਚੰਡਤਾ ਦੇ ਨਾਲ਼-ਨਾਲ਼ ਹਮਲਿਆਂ ਦੀ ਨਿਸ਼ਾਨਦੇਹੀ ਜ਼ਰੂਰ ਕਰਨੀ ਪੈਣੀ ਹੈ। ਅੰਦਰੂਨੀ ਕਮਜ਼ੋਰੀਆਂ, ਘਾਟਾਂ ਤੇ ਕਮੀਆਂ-ਪੇਸ਼ੀਆਂ ਦੀ ਪਛਾਣ ਕਰ ਕੇ ਜ਼ਖ਼ਮਾਂ ਦਾ ਇਲਾਜ ਕਰ ਕੇ ਖਾਲੀ ਖੱਪੇ ਭਰਨੇ ਪੈਣਗੇ ਨਹੀਂ ਤਾਂ ਦੁਸਮਣ ਉਹਨਾਂ ਖੱਪਿਆਂ ਵਿੱਚ ਆ ਬੈਠੇਗਾ। ਦੁਸ਼ਮਣ ਦੇ ਹਮਲੇ ਦਿਸਦੇ ਵੀ ਹੋ ਸਕਦੇ ਨੇ, ਸੂਖਮ ਵੀ, ਹਮਲੇ ਕਹਿਰ ਢਾਹੁਣ ਵਾਲ਼ੇ ਵੀ ਹੋ ਸਕਦੇ ਹਨ ਤੇ ਮਸੂਮ ਵੀ। ਕਈ ਵਾਰ ਤਾਂ ਸਮਝ ਹੀ ਨਹੀਂ ਆਉਂਦੀ ਕਿ ਇਹ ਹਮਲਾ ਹੈ ਕਿ ਕੋਈ ਸੁਭਾਵਿਕ ਵਰਤਾਰਾ। ਕੁਝ ਹਮਲੇ ਖੁੱਲ੍ਹੀ ਅੱਖ ਨਾਲ਼ ਵੇਖਣੇ ਪੈਂਦੇ ਹਨ ਤੇ ਕਈ ਅੱਖਾਂ ਬੰਦ ਕਰਕੇ ਮਹਿਸੂਸ ਕਰਨੇ ਪੈਂਦੇ ਹਨ। ਸਿੱਖਾਂ ਨੂੰ ਖ਼ਾਲਸਈ ਸਿਧਾਂਤ ਤੋਂ ਸੇਧ ਲੈ ਕੇ ਸਿੱਖ ਸੱਭਿਅਤਾ ਦੀ ਰਾਖੀ ਲਈ ਮੈਦਾਨ ਵਿੱਚ ਨਿਤਰਨਾ ਹੀ ਪੈਣਾ ਹੈ।

       ਸਰਬਜੀਤ ਸਿੰਘ ਘੁਮਾਣ (ਖ਼ਾਲਿਸਤਾਨੀ ਚਿੰਤਕ)

ਸ . ਸਰਬਜੀਤ ਸਿੰਘ ਘੁਮਾਣ ,ਖ਼ਾਲਿਸਤਾਨੀ ਸਿੱਖ ਚਿੰਤਕ
ਸ . ਸਰਬਜੀਤ ਸਿੰਘ ਘੁਮਾਣ ,ਖ਼ਾਲਿਸਤਾਨੀ ਸਿੱਖ ਚਿੰਤਕ
+91 97819 91622
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.