ਭਾਈ ਅੰਮ੍ਰਿਤਪਾਲ ਸਿੰਘ ਨਾਲ ਸਰਕਾਰੀ ਧੱਕੇਸ਼ਾਹੀ ਬਰਕਰਾਰ
- ਧਾਰਮਿਕ/ਰਾਜਨੀਤੀ
- 18 Apr, 2026 12:00 PM (Asia/Kolkata)
ਪੰਜਾਬ ਸਰਕਾਰ ਨੇ ਅਦਾਲਤ 'ਚ ਪਟੀਸ਼ਨ ਦਾਇਰ ਕੀਤੀ ਸੀ ਕਿ ਐਨ.ਐਸ.ਏ. ਨਾ ਵਧਾਉਣ ਦੇ ਬਾਵਜੂਦ ਵੀ ਭਾਈ ਅੰਮ੍ਰਿਤਪਾਲ ਸਿੰਘ ਨੂੰ ਪੰਜਾਬ ਤੋਂ ਬਾਹਰ ਹੀ ਜੇਲ੍ਹ 'ਚ ਰੱਖਿਆ ਜਾਵੇ ਕਿਉਂਕਿ ਉਸਦੇ ਪੰਜਾਬ 'ਚ ਆਉਣ ਨਾਲ ਮਹੌਲ ਵਿਗੜ ਜਾਏਗਾ ਉਹ ਇੱਕ ਅਜਿਹਾ ਬਿਰਤਾਂਤ ਸਿਰਜਦਾ ਹੈ ਜੋ ਵੱਖਵਾਦ ਫੈਲਾਉਂਦਾ ਹੈ। ਜਿਸ ਉੱਤੇ ਅਦਾਲਤ ਨੇ ਫ਼ੈਸਲਾ ਦਿੰਦਿਆਂ ਕਿਹਾ ਹੈ ਕਿ ਅੰਮ੍ਰਿਤਪਾਲ ਸਿੰਘ ਨੂੰ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਹੀ ਨਜ਼ਰਬੰਦ ਰੱਖਿਆ ਜਾਏਗਾ ਅਤੇ ਪੰਜਾਬ ਵਿੱਚ ਦਰਜ਼ ਉਸ ਉੱਤੇ 12 ਕੇਸ ਇੱਥੋਂ ਹੀ ਚੱਲਣਗੇ, ਪੰਜਾਬ ਪੁਲਿਸ ਉਸਨੂੰ ਅਜਨਾਲਾ ਥਾਣਾ ਹਮਲਾ ਕੇਸ ਸਮੇਤ ਹੋਰ ਮਾਮਲਿਆਂ ਵਿੱਚ ਗ੍ਰਿਫ਼ਤਾਰ ਕਰਕੇ ਟਰਾਇਲ ਚਲਾਏਗੀ। ਪੰਜਾਬ ਸਰਕਾਰ ਵੱਲੋਂ 'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਰਾਸ਼ਟਰੀ ਸੁਰੱਖਿਆ ਕਾਨੂੰਨ (ਐੱਨਐੱਸਏ) ਸਾਲ 2023 ਵਿੱਚ ਲਗਾਇਆ ਗਿਆ ਸੀ ਜਿਸ ਨੂੰ ਸਾਲ 2024 ਵਿੱਚ ਇੱਕ ਸਾਲ ਲਈ ਵਧਾਇਆ ਗਿਆ ਅਤੇ ਫਿਰ ਸਾਲ 2025 ਵਿੱਚ ਵੀ ਇਸ ਨੂੰ ਇੱਕ ਸਾਲ ਲਈ ਹੋਰ ਵਧਾ ਦਿੱਤਾ ਗਿਆ ਸੀ। ਇਹ ਐੱਨ.ਐੱਸ.ਏ. 22 ਅਪ੍ਰੈਲ ਨੂੰ ਖ਼ਤਮ ਹੋਣੀ ਹੈ। ਹਾਲਾਂਕਿ ਉਹਨਾਂ ਉੱਤੇ ਅੱਗੇ ਐਨ.ਐਸ.ਏ. ਨਹੀਂ ਵਧਾਇਆ ਗਿਆ ਪਰ ਇਸ ਦੇ ਬਾਵਜੂਦ ਵੀ ਉਹਨਾਂ ਨੂੰ ਪੰਜਾਬ ਦੀ ਜੇਲ੍ਹ ਵਿੱਚ ਨਹੀਂ ਤਬਦੀਲ ਕੀਤਾ ਜਾ ਰਿਹਾ। ਕੀ ਇਹ ਨਵੀਂ ਕਾਰਵਾਈ ਐਨ.ਐਸ.ਏ. ਨਾਲੋਂ ਘੱਟ ਹੈ ? ਭਾਈ ਅੰਮ੍ਰਿਤਪਾਲ ਸਿੰਘ ਅਕਾਲੀ ਦਲ ਵਾਰਿਸ ਪੰਜਾਬ ਦੇ ਮੁਖੀ ਅਤੇ ਲੋਕ ਸਭਾ ਹਲਕਾ ਖਡੂਰ ਸਾਹਿਬ ਸਾਹਿਬ ਤੋਂ ਸੰਸਦ ਮੈਂਬਰ ਹਨ। ਅੰਮ੍ਰਿਤਪਾਲ ਸਿੰਘ ਉੱਤੇ ਭਾਜਪਾ ਦੀ ਕੇਂਦਰ ਸਰਕਾਰ ਅਤੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਾਰਵਾਈ ਕੀਤੀ ਸੀ। ਸਰਕਾਰ ਦੀਆਂ ਨਜ਼ਰਾਂ 'ਚ ਭਾਈ ਅੰਮ੍ਰਿਤਪਾਲ ਸਿੰਘ ਦਾ ਕਸੂਰ ਇਹ ਹੈ ਕਿ ਉਹ ਪਤਿਤਪੁਣੇ ਅਤੇ ਨਸ਼ਿਆਂ 'ਚ ਸ਼ਿਕਾਰ ਹੋਏ ਨੌਜਵਾਨਾਂ ਨੂੰ ਕੇਸਾਧਾਰੀ ਅਤੇ ਅੰਮ੍ਰਿਤਧਾਰੀ ਬਣਨ ਲਈ ਪ੍ਰੇਰ ਰਿਹਾ ਸੀ, ਉਸ ਨੇ ਖੰਡੇ-ਬਾਟੇ ਦੇ ਅੰਮ੍ਰਿਤ ਸੰਚਾਰ ਦੀ ਲਹਿਰ ਚਲਾਈ ਹੋਈ ਸੀ ਅਤੇ ਸਿੱਖ ਨੌਜਵਾਨਾਂ ਵਿੱਚ ਜਾਗ੍ਰਿਤੀ ਭਰਨ ਲਈ ਖ਼ਾਲਸਾ ਵਹੀਰ ਵੀ ਕੱਢੀ ਜਾ ਰਹੀ ਸੀ। ਉਸ ਵੱਲੋਂ ਪੰਥ ਅਤੇ ਪੰਜਾਬ ਦੇ ਹੱਕਾਂ ਅਤੇ ਕੌਮੀ ਅਜ਼ਾਦੀ ਖ਼ਾਲਿਸਤਾਨ ਦੀ ਗੱਲ ਬੜੇ ਧੜੱਲੇ ਨਾਲ ਕੀਤੀ ਜਾਂਦੀ ਸੀ। ਜਦੋਂ ਭਾਈ ਅੰਮ੍ਰਿਤਪਾਲ ਸਿੰਘ ਸੰਗਤਾਂ ਵਿੱਚ ਵਿਚਰ ਰਹੇ ਸਨ ਤਾਂ ਉਸਦੀ ਵੱਧਦੀ ਲੋਕ ਪ੍ਰਿਅਤਾ ਨੂੰ ਵੇਖ ਕੇ ਸਾਰੀਆਂ ਸਿਆਸੀ ਪਾਰਟੀਆਂ ਘਬਰਾਈਆਂ ਹੋਈਆਂ ਸਨ। ਕਾਂਗਰਸ, ਬਾਦਲਕੇ, ਭਾਜਪਾ ਅਤੇ ਝਾੜੂ ਵਾਲੇ ਸਾਰੇ ਹੀ ਉਸ ਦੇ ਵਿਰੋਧੀ ਬਣੇ ਹੋਏ ਸਨ। ਹਰਸਿਮਰਤ ਕੌਰ ਬਾਦਲ ਤਾਂ ਸੂਬਾ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਵਾਰ-ਵਾਰ ਗੁਹਾਰ ਲਾ ਰਹੀ ਸੀ ਕਿ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਜਾਏ। ਬਿਕਰਮਜੀਤ ਸਿੰਘ ਮਜੀਠੀਆ ਆਖਦਾ ਸੀ ਕਿ ਅੰਮ੍ਰਿਤਪਾਲ ਸਿੰਘ ਨੂੰ ਸਾਡੇ ਹਵਾਲੇ ਕਰੋ ਦਸ ਮਿੰਟਾਂ 'ਚ ਹੀ ਇਸ ਨੂੰ ਬੰਦੇ ਦਾ ਪੁੱਤ ਬਣਾ ਦਿਆਂਗੇ। ਕਾਂਗਰਸ ਦਾ ਰਾਜਾ ਵੜਿੰਗ ਅੰਮ੍ਰਿਤਪਾਲ ਸਿੰਘ ਨੂੰ ਦੇਸ਼ ਧ੍ਰੋਹੀ ਦੱਸਦਾ ਸੀ। ਭਾਜਪਾ ਦੀ ਲਕਸ਼ਮੀ ਕਾਂਤਾ ਚਾਵਲਾ ਵੀ ਉਸ ਦੇ ਖਿਲਾਫ਼ ਜ਼ਹਿਰ ਉਗਲ ਰਹੀ ਸੀ। ਝਾੜੂ ਪਾਰਟੀ ਵਾਲੇ ਸਭ ਤੋਂ ਵੱਧ ਉਸ ਤੋਂ ਔਖੇ ਸਨ ਕਿਉਂਕਿ ਪੰਜਾਬ ਦਾ ਮੁੱਖ ਮੰਤਰੀ ਭਾਵੇਂ ਭਗਵੰਤ ਮਾਨ ਸੀ ਪਰ ਪੂਰੇ ਪੰਜਾਬ ਵਿੱਚ ਚਰਚਾ ਭਾਈ ਅੰਮ੍ਰਿਤਪਾਲ ਸਿੰਘ ਦੀ ਹੀ ਚੱਲਦੀ ਸੀ। ਅੰਮ੍ਰਿਤਪਾਲ ਸਿੰਘ ਦੀ ਹਰ ਸਰਗਰਮੀ ਉੱਤੇ ਸੂਬਾ ਸਰਕਾਰ, ਕੇਂਦਰ ਸਰਕਾਰ ਤੇ ਏਜੰਸੀਆਂ ਕੜੀ ਨਿਗ੍ਹਾ ਰੱਖ ਰਹੀਆਂ ਸਨ। ਉਹਨੀਂ ਦਿਨੀਂ ਹੀ ਸਰਕਾਰ ਵੱਲੋਂ ਭਾਈ ਅੰਮ੍ਰਿਤਪਾਲ ਸਿੰਘ ਉੱਤੇ ਹੇਟ ਸਪੀਚ ਸਮੇਤ ਦੋ-ਤਿੰਨ ਕੇਸ ਪਾਏ ਗਏ ਤੇ ਸਰਕਾਰ ਉਸ ਨੂੰ ਗ੍ਰਿਫ਼ਤਾਰ ਕਰਨ ਲਈ ਵੱਡਾ ਬਹਾਨਾ ਲੱਭ ਰਹੀ ਸੀ। ਓਦੋਂ ਕੁ ਹੀ ਅਜਨਾਲਾ ਥਾਣਾ ਕਾਂਡ ਵਾਪਰ ਗਿਆ ਤੇ ਉਸ ਨੂੰ ਆਧਾਰ ਬਣਾ ਕੇ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੰਮ੍ਰਿਤਪਾਲ ਸਿੰਘ ਅਤੇ ਸਾਥੀਆਂ ਨੂੰ ਗ੍ਰਿਫ਼ਤਾਰ ਕਰਨ ਲਈ ਇੱਕ ਵੱਡਾ ਅਪ੍ਰੇਸ਼ਨ ਕੀਤਾ। ਭਾਈ ਅੰਮ੍ਰਿਤਪਾਲ ਸਿੰਘ ਸਮੇਤ ਦਸ ਸਾਥੀਆਂ ਨੂੰ ਪੰਜਾਬ ਤੋਂ ਦੂਰ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਭੇਜ ਦਿੱਤਾ ਤੇ ਬਾਕੀ 30 ਤੋਂ ਵੱਧ ਸਾਥੀਆਂ ਨੂੰ ਪੰਜਾਬ ਦੀਆਂ ਵੱਖ-ਵੱਖ ਜੇਲਾਂ ਵਿੱਚ ਕੈਦ ਕਰ ਦਿੱਤਾ ਸੀ। ਸੰਨ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਹਲਕਾ ਖਡੂਰ ਸਾਹਿਬ ਦੇ ਵਾਸੀਆਂ ਨੇ ਜੇਲ੍ਹ ਵਿੱਚ ਹੀ ਕੈਦ ਭਾਈ ਅੰਮ੍ਰਿਤਪਾਲ ਸਿੰਘ ਨੂੰ ਰਿਕਾਰਡਤੋੜ ਵੋਟਾਂ ਨਾਲ ਮੈਂਬਰ ਪਾਰਲੀਮੈਂਟ ਚੁਣ ਲਿਆ। ਇਸ ਦੇ ਬਾਵਜੂਦ ਵੀ ਸਰਕਾਰਾਂ ਨੇ ਨਾ ਤਾਂ ਭਾਈ ਅੰਮ੍ਰਿਤਪਾਲ ਸਿੰਘ ਨੂੰ ਰਿਹਾਅ ਕੀਤਾ, ਨਾ ਹੀ ਐਨ.ਐਸ.ਏ. ਹਟਾਈ ਅਤੇ ਨਾ ਹੀ ਉਹਨਾਂ ਨੂੰ ਪੰਜਾਬ ਦੀ ਜੇਲ੍ਹ ਵਿੱਚ ਲਿਆਂਦਾ ਗਿਆ। ਐਨਾ ਹੀ ਬਸ ਨਹੀਂ ਇਹ ਐਨ.ਐਸ.ਏ. ਵੀ ਵਧਾਈ ਗਈ ਅਤੇ ਉਸਨੂੰ ਦਿੱਲੀ ਪਾਰਲੀਮੈਂਟ ਵਿੱਚ ਵੀ ਬੋਲਣ ਲਈ ਇਜਾਜ਼ਤ ਨਾ ਦਿੱਤੀ ਗਈ। ਇਹ ਸਰਕਾਰ ਦਾ ਭਾਈ ਅੰਮ੍ਰਿਤਪਾਲ ਸਿੰਘ ਅਤੇ ਪੰਜਾਬ ਦੇ ਲੋਕਾਂ ਨਾਲ ਇੱਕ ਵੱਡਾ ਧੱਕਾ ਹੈ। ਭਾਈ ਅੰਮ੍ਰਿਤਪਾਲ ਸਿੰਘ ਦੀ ਸਲਾਹ ਨਾਲ ਉਹਨਾਂ ਦੇ ਪਿਤਾ ਸ. ਤਰਸੇਮ ਸਿੰਘ ਨੇ 'ਵਾਰਿਸ ਪੰਜਾਬ ਦੇ' ਸਮਾਜਿਕ ਜਥੇਬੰਦੀ ਨੂੰ ਸਿਆਸੀ ਪਾਰਟੀ ਵਿੱਚ ਤਬਦੀਲ ਕਰ ਦਿੱਤਾ ਅਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਬਣਾਈ ਗਈ ਜਿਸ ਦੇ ਪ੍ਰਧਾਨ ਭਾਈ ਅੰਮ੍ਰਿਤਪਾਲ ਸਿੰਘ ਹਨ ਤੇ ਉਹ ਜੇਲ੍ਹ 'ਚ ਕੈਦ ਹੋਣ ਕਾਰਨ ਬਾਹਰ ਸਾਰੀ ਜ਼ਿੰਮੇਵਾਰੀ ਉਹਨਾਂ ਦੇ ਪਿਤਾ ਜੀ ਨਿਭਾ ਰਹੇ ਹਨ। ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਇਸ ਸਮੇਂ ਪੰਜਾਬ ਦੇ ਲੋਕਾਂ ਅਤੇ ਸਿਆਸੀ ਸਫਾਵਾਂ ਵਿੱਚ ਚਰਚਾ ਵਿੱਚ ਹੈ ਅਤੇ ਮੁੱਖ ਮੰਤਰੀ ਭਗਵੰਤ ਮਾਨ ਇਸ ਨੂੰ ਆਪਣੇ ਲਈ ਵੱਡਾ ਖਤਰਾ ਸਮਝ ਰਿਹਾ ਹੈ। ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਇਹ ਲਹਿਰ ਵੀ ਚਲਾਈ ਜਾ ਰਹੀ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾ ਕੇ ਜੇਲ੍ਹੋਂ ਬਾਹਰ ਕਢਵਾਇਆ ਜਾਏ। ਹਾਲਾਂਕਿ ਅੰਮ੍ਰਿਤਪਾਲ ਸਿੰਘ ਮੁੱਖ ਮੰਤਰੀ ਬਣਦੇ ਹਨ ਜਾਂ ਨਹੀਂ ਇਹ ਤਾਂ ਭਵਿੱਖ ਦੀ ਗੱਲ ਹੈ ਪਰ ਇਸ ਦੇ ਨਾਲ-ਨਾਲ ਇਹ ਸਵਾਲ ਵੀ ਚਰਚਾ ਵਿੱਚ ਹੈ ਕਿ ਕਿ ਜੇਕਰ ਭਾਈ ਅੰਮ੍ਰਿਤਪਾਲ ਸਿੰਘ ਮੁੱਖ ਮੰਤਰੀ ਬਣ ਜਾਂਦੇ ਹਨ ਤਾਂ ਕੀ ਸਰਕਾਰ ਉਹਨਾਂ ਨੂੰ ਰਿਹਾਅ ਕਰ ਦੇਵੇਗੀ ? ਥਾਣਾ ਅਜਨਾਲਾ ਕਾਂਡ ਸਮੇਤ 12 ਕੇਸ ਅੰਮ੍ਰਿਤਪਾਲ ਸਿੰਘ ਉੱਤੇ ਪੁਲਿਸ ਨੇ ਪਾਏ ਹੋਏ ਹਨ, ਭਾਈ ਗੁਰਪ੍ਰੀਤ ਸਿੰਘ ਹਰੀਨੋਂ ਦੇ ਕਤਲ ਕੇਸ ਵਿੱਚ ਵੀ ਸਰਕਾਰ ਨੇ ਉਸਨੂੰ ਉਲਝਾਇਆ ਹੋਇਆ ਹੈ। ਪੰਥਕ ਜਥੇਬੰਦੀਆਂ ਅਤੇ ਪੰਜਾਬ ਦੇ ਲੋਕ ਆਵਾਜ਼ ਬੁਲੰਦ ਕਰ ਰਹੇ ਹਨ ਕਿ ਭਾਈ ਅੰਮ੍ਰਿਤਪਾਲ ਸਿੰਘ ਤੋਂ ਐਨ.ਐਸ.ਏ. ਹਟਾਈ ਜਾਵੇ ਤੇ ਉਸਨੂੰ ਤੁਰੰਤ ਰਿਹਾਅ ਕੀਤਾ ਜਾਵੇ ਤੇ ਪਾਰਲੀਮੈਂਟ ਵਿੱਚ ਬੋਲਣ ਦਿੱਤਾ ਜਾਏ। ਪਰ ਸਰਕਾਰ ਆਪਣੀ ਜ਼ਿੱਦ ਉੱਤੇ ਅੜੀ ਹੋਈ ਹੈ ਕਿ ਅੰਮ੍ਰਿਤਪਾਲ ਸਿੰਘ ਨੂੰ ਅਸਾਮ ਜੇਲ੍ਹ ਵਿੱਚ ਹੀ ਰੱਖਣਾ ਹੈ। ਭਾਜਪਾ ਅਤੇ ਝਾੜੂ ਪਾਰਟੀ ਦੇ ਸੋਹਿਲੇ ਗਾਉਣ ਵਾਲੇ ਅਖੌਤੀ ਧਾਰਮਿਕ ਅਤੇ ਸਿਆਸੀ ਆਗੂਆਂ ਨੂੰ ਚੱਪਣੀ ਵਿੱਚ ਨੱਕ ਡੋਬ ਕੇ ਮਰ ਜਾਣਾ ਚਾਹੀਦਾ ਹੈ ਜੋ ਇਹ ਸਰਕਾਰਾਂ ਸਾਡੇ ਸਿੱਖ ਨੌਜਵਾਨਾਂ ਨਾਲ ਐਨੀ ਧੱਕੇਸ਼ਾਹੀ ਕਰ ਰਹੀਆਂ ਹਨ ਤੇ ਇਹ ਆਗੂ ਚੁੱਪ ਕਰਕੇ ਬੈਠੇ ਹਨ। ਸਰਕਾਰ ਨੇ ਪੁਰਾਣੇ ਬੰਦੀ ਸਿੰਘ ਤਾਂ ਰਿਹਾਅ ਨਹੀਂ ਕੀਤੇ, ਉਲਟਾ ਭਾਈ ਅੰਮ੍ਰਿਤਪਾਲ ਸਿੰਘ ਤੇ ਸਾਥੀਆਂ ਨੂੰ ਵੀ ਬੰਦੀ ਬਣਾਇਆ ਹੋਇਆ ਹੈ। ਭਾਈ ਅੰਮ੍ਰਿਤਪਾਲ ਸਿੰਘ ਨਾਲ ਹੋ ਰਹੀ ਸਰਕਾਰੀ ਧੱਕੇਸ਼ਾਹੀ ਵਿਰੁੱਧ ਹਰੇਕ ਸਿੱਖ ਅਤੇ ਪੰਜਾਬੀ ਨੂੰ ਅਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਭਾਜਪਾ ਤੇ ਝਾੜੂ ਵਾਲੇ ਸਿੱਖਾਂ ਦੇ ਹਮਦਰਦ ਹੋਣ ਦੇ ਸਿਰਫ ਡਰਾਮੇ ਕਰਦੇ ਹਨ ਪਰ ਅਸਲ ਵਿੱਚ ਤਾਂ ਉਹ ਸਿੱਖ ਨੌਜਵਾਨਾਂ ਨੂੰ ਲਗਾਤਾਰ ਜੇਲ੍ਹਾਂ ਵਿੱਚ ਡੱਕ ਰਹੇ ਹਨ। ਇਹ ਸਿੱਖਾਂ ਲਈ ਗ਼ੁਲਾਮੀ ਨਹੀਂ ਤਾਂ ਹੋਰ ਕੀ ਹੈ ? ਸਿੱਖ ਕੌਮ ਦੀਆਂ ਸਾਰੀਆਂ ਧਿਰਾਂ ਨੂੰ ਚਾਹੀਦਾ ਹੈ ਕਿ ਉਹ ਆਪਸੀ ਵਖਰੇਵੇਂ, ਮੱਤਭੇਦ ਅਤੇ ਗਿਲੇ-ਸ਼ਿਕਵੇ ਤਿਆਗ ਕੇ ਭਾਈ ਅੰਮ੍ਰਿਤਪਾਲ ਸਿੰਘ ਦੇ ਹੱਕ ਵਿੱਚ ਇੱਕ ਵੱਡੀ ਲਹਿਰ ਖੜ੍ਹੀ ਕਰਨ ਤੇ ਉਸਨੂੰ ਜੇਲੋਂ ਬਾਹਰ ਕਢਵਾਉਣ ਲਈ ਸਾਰਥਿਕ ਕਦਮ ਪੁੱਟੇ ਜਾਣ।

ਰਣਜੀਤ ਸਿੰਘ ਦਮਦਮੀ ਟਕਸਾਲ
(ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ)
ਮੋ: 8872293883.
Leave a Reply