ਅਹਿਮ ਖ਼ਬਰ: ਬਟਾਲਾ ਵਿਖੇ ਸਿੱਖ ਕੌਮ ਦੀ ਏਕਤਾ ਨਾਲ ਮਾਮਲਾ ਸੁਲਝਿਆ

ਅਹਿਮ ਖ਼ਬਰ: ਬਟਾਲਾ ਵਿਖੇ ਸਿੱਖ ਕੌਮ ਦੀ ਏਕਤਾ ਨਾਲ ਮਾਮਲਾ ਸੁਲਝਿਆ

ਬਟਾਲਾ , ਨਜ਼ਰਾਨਾ ਟਾਈਮਜ 
ਪਿਛਲੇ ਕੁਝ ਦਿਨਾਂ ਤੋਂ ਸ਼ਹੀਦ ਬਾਬਾ ਸੁੱਖਾ ਸਿੰਘ ਜੀ ਅਤੇ ਸ਼ਹੀਦ ਬਾਬਾ ਮਹਿਤਾਬ ਸਿੰਘ ਜੀ ਦੀ ਯਾਦਗਾਰੀ ਥਾਂ ਨੂੰ ਲੈ ਕੇ ਚੱਲ ਰਿਹਾ ਮਾਮਲਾ ਆਖ਼ਿਰਕਾਰ ਸਿੱਖ ਕੌਮ ਦੀ ਏਕਤਾ ਨਾਲ ਸੁਲਝ ਗਿਆ। ਇਸ ਮਾਮਲੇ ਨੇ ਪੂਰੀ ਸਿੱਖ ਕੌਮ ਨੂੰ ਇਕੱਠਾ ਕਰ ਦਿੱਤਾ ਸੀ, ਜੋ ਸ਼ਾਂਤੀਪੂਰਨ ਢੰਗ ਨਾਲ ਆਪਣੀ ਅਵਾਜ਼ ਬੁਲੰਦ ਕਰ ਰਹੀ ਸੀ।


ਇਸ ਦੌਰਾਨ ਪੁਲਿਸ ਪ੍ਰਸ਼ਾਸਨ ਵੱਲੋਂ  ਭਾਈ ਅਮਰੀਕ ਸਿੰਘ ਅਜਨਾਲਾ ਸਮੇਤ ਹੋਰ ਸਿੱਖ ਆਗੂਆਂ ਨੂੰ ਗ੍ਰਿਫ਼ਤਾਰ ਕਰਕੇ ਨਜ਼ਰਬੰਦ ਕੀਤਾ ਗਿਆ, ਜਿਸ ਨਾਲ ਸੰਗਤ ਦੇ ਦਿਲਾਂ ਨੂੰ ਠੇਸ ਪਹੁੰਚੀ। ਫਿਰ ਵੀ ਸਿੱਖ ਕੌਮ ਨੇ ਹਿੰਮਤ ਨਹੀਂ ਹਾਰੀ ਅਤੇ ਸੰਘਰਸ਼ ਜਾਰੀ ਰੱਖਿਆ।
ਦੋ ਦਿਨਾਂ ਦੇ ਲਗਾਤਾਰ ਸੰਘਰਸ਼ ਤੋਂ ਬਾਅਦ ਸਿਵਲ ਪ੍ਰਸ਼ਾਸਨ, ਪੁਲਿਸ ਅਤੇ ਸਿੱਖ ਜਥੇਬੰਦੀਆਂ ਵਿਚਕਾਰ ਗੱਲਬਾਤ ਹੋਈ, ਜਿਸ ਤੋਂ ਬਾਅਦ ਇੱਕ ਸਤਿਕਾਰਯੋਗ ਸਹਿਮਤੀ ਤੱਕ ਪਹੁੰਚਿਆ ਗਿਆ।


ਇਸ ਸੰਘਰਸ਼ ਦੌਰਾਨ ਭਾਈ ਸੁਖਜੀਤ ਸਿੰਘ ਖੋਸੇ ਨੇ ਦ੍ਰਿੜਤਾ ਅਤੇ ਸਮਝਦਾਰੀ ਨਾਲ ਅਹਿਮ ਭੂਮਿਕਾ ਨਿਭਾਈ ਅਤੇ ਸੰਗਤ ਦੀ ਅਵਾਜ਼ ਨੂੰ ਮਜ਼ਬੂਤੀ ਨਾਲ ਪ੍ਰਸ਼ਾਸਨ ਤੱਕ ਪਹੁੰਚਾਇਆ।
ਸਹਿਮਤੀ ਦੇ ਤਹਿਤ  ਭਾਈ ਅਮਰੀਕ ਸਿੰਘ ਅਜਨਾਲਾ ਅਤੇ ਹੋਰ ਸਾਰੇ ਸਿੰਘਾਂ ਨੂੰ ਰਿਹਾਅ ਕਰ ਦਿੱਤਾ ਗਿਆ ਅਤੇ 11 ਵਿਅਕਤੀਆਂ ਖ਼ਿਲਾਫ਼ ਦਰਜ ਮਾਮਲੇ ਵੀ ਰੱਦ ਕਰ ਦਿੱਤੇ ਗਏ। ਇਹ ਸਿੱਖ ਕੌਮ ਦੀ ਏਕਤਾ ਅਤੇ ਸ਼ਾਂਤੀਪੂਰਨ ਸੰਘਰਸ਼ ਦੀ ਵੱਡੀ ਜਿੱਤ ਮੰਨੀ ਜਾ ਰਹੀ ਹੈ।
ਫੈਸਲਾ ਕੀਤਾ ਗਿਆ ਹੈ ਕਿ ਬਣਨ ਵਾਲੀ ਕਲੀਨਿਕ ਦਾ ਨਾਮ ਸਿਰਫ਼ ਸ਼ਹੀਦ ਬਾਬਾ ਸੁੱਖਾ ਸਿੰਘ ਜੀ ਅਤੇ ਸ਼ਹੀਦ ਬਾਬਾ ਮਹਿਤਾਬ ਸਿੰਘ ਜੀ ਦੇ ਨਾਮ ‘ਤੇ ਹੀ ਰੱਖਿਆ ਜਾਵੇਗਾ ਅਤੇ ਕਿਸੇ ਹੋਰ ਦਾ ਨਾਮ ਸ਼ਾਮਲ ਨਹੀਂ ਕੀਤਾ ਜਾਵੇਗਾ।


ਇਹ ਸਿਰਫ਼ ਇੱਕ ਫੈਸਲਾ ਨਹੀਂ, ਸਗੋਂ ਸਿੱਖ ਕੌਮ ਦੀ ਇਕਜੁਟਤਾ, ਆਪਣੇ ਸ਼ਹੀਦਾਂ ਨਾਲ ਪਿਆਰ ਅਤੇ ਸ਼ਾਂਤੀਪੂਰਨ ਸੰਘਰਸ਼ ਦੀ ਮਿਸਾਲ ਹੈ।
ਸੰਗਤ ਨੇ ਇਹ ਵੀ ਚੇਤਾਵਨੀ ਦਿੱਤੀ ਕਿ ਜੇ ਅੱਗੇ ਕਿਸੇ ਵੀ ਤਰ੍ਹਾਂ ਦੀ ਵਾਅਦਾ ਖ਼ਿਲਾਫ਼ੀ ਹੋਈ, ਤਾਂ ਸਿੱਖ ਕੌਮ ਫਿਰ ਇਕੱਠੀ ਹੋ ਕੇ ਆਪਣੀ ਅਵਾਜ਼ ਉਠਾਏਗੀ।
ਅਖੀਰ ਵਿੱਚ ਸਾਰੇ ਮਿਲ ਕੇ ਸੱਚੇ ਪਾਤਸ਼ਾਹ ਜੀ ਦਾ ਸ਼ੁਕਰ ਅਦਾ ਕੀਤਾ ਗਿਆ ਕਿ ਉਹਨਾਂ ਨੇ ਕੌਮ ਨੂੰ ਇਕੱਠੇ ਰਹਿਣ ਅਤੇ ਸੱਚ ਦੇ ਰਾਹ ‘ਤੇ ਡਟੇ ਰਹਿਣ ਦੀ ਤਾਕਤ ਬਖ਼ਸ਼ੀ।
ਇਸ ਮੌਕੇ ਭਾਈ ਤਰਲੋਚਨ ਸਿੰਘ, ਭਾਈ ਸਤਨਾਮ ਸਿੰਘ ਸਮਸਾ, ਭਾਈ ਪਲਵਿੰਦਰ ਸਿੰਘ, ਬਾਬਾ ਭਾਊ, ਭਾਈ ਦਿਲਬਾਗ ਸਿੰਘ, ਭਾਈ ਜਗਤਾਰ ਸਿੰਘ, ਭਾਈ ਗੁਰਨਾਮ ਸਿੰਘ, ਭਾਈ ਹਰੀਸ਼ ਸਿੰਘ, ਭਾਈ ਸਾਬ ਸਿੰਘ, ਭਾਈ ਅਮਰੀਕ ਸਿੰਘ ਖੋਸੇ, ਭਾਈ ਮਨਜੀਤ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਮੌਜੂਦ ਸਨ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.