ਜਥੇਦਾਰ ਹਵਾਰਾ ਦੀ ਪੈਰੋਲ ਸੰਬੰਧੀ ਕ੍ਰੈਡਿਟ ਲੈਣ ਦੀ ਲੱਗੀ ਦੌੜ

ਜਥੇਦਾਰ ਹਵਾਰਾ ਦੀ ਪੈਰੋਲ ਸੰਬੰਧੀ ਕ੍ਰੈਡਿਟ ਲੈਣ ਦੀ ਲੱਗੀ ਦੌੜ

ਜਗਰਾਉਂ, 10 ਅਗਸਤ (ਕੁਲਵਿੰਦਰ ਸਿੰਘ ਚੰਦੀ): ਦਿੱਲੀ ਦੀ ਮੰਡੋਲੀ ਜੇਲ੍ਹ ਵਿੱਚ ਨਜ਼ਰਬੰਦ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਨੂੰ ਅਜੇ ਪੈਰੋਲ ਮਿਲੀ ਨਹੀਂ ਹੈ। ਪਰ ਕੁਝ ਅਖੌਤੀ ਆਗੂਆਂ ਨੇ ਕ੍ਰੈਡਿਟ ਲੈਣੇ ਸ਼ੁਰੂ ਵੀ ਕਰ ਦਿੱਤੇ ਹਨ। ਕੋਈ ਜਥੇਦਾਰ ਹਵਾਰੇ ਦੇ ਪਿੰਡ ਪਹੁੰਚ ਗਿਆ ਹੈ ਤੇ ਦਾਅਵੇ ਕਰ ਰਿਹਾ ਹੈ ਕਿ ਮੇਰੇ ਕਹੇ ਉੱਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਗਵਰਨਰ ਨੂੰ ਚਿੱਠੀ ਲਿਖ ਕੇ ਪੈਰੋਲ ਦੀ ਸਿਫਾਰਿਸ਼ ਕੀਤੀ ਹੈ। ਕੋਈ ਕਹਿ ਰਿਹਾ ਕਿ ਭਗਵੰਤ ਮਾਨ ਹੀ ਭਾਈ ਹਵਾਰੇ ਨੂੰ ਬਾਹਰ ਕਢਵਾ ਰਿਹਾ ਹੈ। ਫਿਰ ਇਹ ਵੀ ਦੱਸ ਦਿਓ ਕਿ ਸਾਢੇ ਚਾਰ ਸਾਲ ਤੋਂ ਕੀ ਭਗਵੰਤ ਮਾਨ ਸੁੱਤਾ ਸੀ ? ਕਿ ਉਦੋਂ ਉਹਨੂੰ ਭਾਈ ਹਵਾਰਾ ਤੇ ਹੋਰ ਬੰਦੀ ਸਿੰਘ ਯਾਦ ਨਾ ਆਏ ? ਜੇਕਰ ਭਗਵੰਤ ਮਾਨ ਨੇ ਹੁਣ ਭਾਈ ਹਵਾਰਾ ਦੀ ਪੈਰੋਲ ਸਬੰਧੀ ਸਿਫਾਰਿਸ਼ ਕੀਤੀ ਹੈ ਤਾਂ ਇਸ ਦਾ ਸਵਾਗਤ ਹੈ। ਪਰ ਪੈਰੋਲ ਮਿਲਣ ਤੋਂ ਪਹਿਲਾਂ ਹੀ ਭਗਵੰਤ ਮਾਨ ਨੂੰ ਪੰਥ ਅਤੇ ਪੰਜਾਬ ਦਾ ਆਗੂ ਬਣਾ ਕੇ ਪੇਸ਼ ਕਰ ਦੇਣਾ ਜਾਂ ਬਾਅਦ ਵਿੱਚ ਵੀ ਭਗਵੰਤ ਮਾਨ ਦੇ ਹੀ ਸੋਹਿਲੇ ਗਾਈ ਜਾਣੇ ਇਹ ਕਿੰਨੀ ਕੁ ਸਿਆਣਪ ਹੋਵੇਗੀ ? ਪਤਾ ਨਹੀਂ ਸਾਡੇ ਲੋਕਾਂ ਨੂੰ ਯਾਦ ਕਿਉਂ ਨਹੀਂ ਹੈ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਅਤੇ ਉਨਾਂ ਦੀਆਂ ਪੈਰੋਲਾਂ ਸਬੰਧੀ ਆਵਾਜ਼ ਬੁਲੰਦ ਕਰਨ ਵਾਸਤੇ ਚੰਡੀਗੜ੍ਹ ਦੀਆਂ ਬਰੂਹਾਂ ਉੱਤੇ ਕੌਮੀ ਇਨਸਾਫ ਮੋਰਚਾ ਲੱਗਾ ਹੋਇਆ ਹੈ। ਤੇ ਇਸ ਮੋਰਚੇ ਦੇ ਪ੍ਰਬੰਧਕਾਂ ਅਤੇ ਹੋਰ ਪੰਥਕ ਜਥੇਬੰਦੀਆਂ ਦੇ ਆਗੂਆਂ ਅਤੇ ਸਿੱਖ ਸੰਗਤਾਂ ਵੱਲੋਂ ਲੰਬੇ ਸਮੇਂ ਤੋਂ ਬੰਦੀ ਸਿੰਘਾਂ ਦੇ ਵਾਸਤੇ ਸੰਘਰਸ਼ ਕੀਤਾ ਜਾ ਰਿਹਾ ਹੈ। ਉਹਨਾਂ ਸਾਰਿਆਂ ਨੂੰ ਅਸੀਂ ਭੁੱਲ ਕਿਉਂ ਗਏ ਹਾਂ। ਹੁਣ ਤਾਂ ਸ਼ਾਇਦ ਕਿਸੇ ਨੂੰ ਬਾਪੂ ਸੂਰਤ ਸਿੰਘ ਅਤੇ ਭਾਈ ਗੁਰਬਖਸ਼ ਸਿੰਘ ਵੀ ਯਾਦ ਨਹੀਂ ਹੋਣਗੇ ? ਬਸ ਭਗਵੰਤ ਮਾਨ ਦੀ ਇੱਕ ਚਿੱਠੀ ਨਾਲ ਹੀ ਕੁਝ ਲੋਕਾਂ ਨੇ ਭਗਵੰਤ ਮਾਨ ਜਿੰਦਾਬਾਦ ਕਰਨੀ ਸ਼ੁਰੂ ਕਰ ਦਿੱਤੀ ਹੈ। ਇਹ ਗੱਲ ਵੀ ਧਿਆਨ ਦੇਣ ਯੋਗ ਹੈ ਕਿ ਜਿਹੜੇ ਆਗੂਆਂ ਨੇ ਕਦੇ ਕੌਮੀ ਇਨਸਾਫ ਮੋਰਚੇ ਦਾ ਸਾਥ ਨਹੀਂ ਦਿੱਤਾ ਤੇ ਬੰਦੀ ਸਿੰਘਾਂ ਦੀ ਰਿਹਾਈ ਦੀ ਪਹਿਲਾਂ ਗੱਲ ਨਹੀਂ ਸੀ ਕੀਤੀ। ਉਹ ਵੀ ਹੁਣ ਕਹਿ ਰਹੇ ਨੇ ਕਿ ਜੇ ਭਗਵੰਤ ਮਾਨ ਦੀ ਚਿੱਠੀ ਲਿਖਣ ਤੋਂ ਬਾਅਦ ਪੈਰੋਲ ਨਾ ਦਿੱਤੀ ਤਾਂ ਅਸੀਂ ਸੜਕਾਂ ਜਾਮ ਕਰ ਦਿਆਂਗੇ, ਅਸੀਂ ਆਹ ਕਰ ਦਿਆਂਗੇ ਅਸੀਂ ਉਹ ਕਰ ਦਿਆਂਗੇ। ਪਰ ਕੀ ਪਹਿਲਾਂ ਇਹ ਲੋਕ ਕਿਸੇ ਹੋਰ ਗ੍ਰਹਿ 'ਤੇ ਗਏ ਹੋਏ ਸੀ। ਅਸੀਂ ਮਹਿਸੂਸ ਕਰ ਰਹੇ ਹਾਂ ਕਿ ਕੁਝ ਲੋਕ ਜਾਣ ਬੁੱਝ ਕੇ ਅਜਿਹਾ ਮਾਹੌਲ ਪੈਦਾ ਕਰ ਰਹੇ ਹਨ ਕਿ ਭਾਈ ਹਵਾਰੇ ਦੀ ਪੈਰੋਲ ਰੁਕ ਜਾਵੇ। ਕੇਂਦਰ ਦੀ ਭਾਜਪਾ ਸਰਕਾਰ ਤਾਂ ਪਹਿਲਾਂ ਹੀ ਨਹੀਂ ਚਾਹੁੰਦੀ ਕਿ ਬੰਦੀ ਸਿੰਘ ਰਿਹਾ ਹੋਣ ਜਾਂ ਭਾਈ ਜਗਤਾਰ ਸਿੰਘ ਹਵਾਰਾ ਨੂੰ ਪੈਰੋਲ ਮਿਲੇ। ਪ੍ਰੋਫੈਸਰ ਦਵਿੰਦਰ ਪਾਲ ਸਿੰਘ ਭੁੱਲਰ ਦੀ ਰਿਹਾਈ ਵੀ ਪਹਿਲਾਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਕੇਜਰੀਵਾਲ ਅਤੇ ਹੁਣ ਭਾਜਪਾ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਰੋਕ ਕੇ ਰੱਖੀ ਹੋਈ ਹੈ। ਅੱਜ ਸੋਸ਼ਲ ਮੀਡੀਆ ਉੱਤੇ ਲੋਕਾਂ ਨੇ ਪੋਸਟਰ ਬਣਾ ਕੇ ਅਤੇ ਅਖਬਾਰਾਂ ਵਿੱਚ ਭਗਵੰਤ ਮਾਨ ਨੂੰ ਵਧਾਈਆਂ ਤੇ ਧੰਨਵਾਦ ਕੀਤਾ ਹੋਇਆ ਹੈ। ਕਰੈਡਿਟ ਲੈਣ ਦੀ ਦੌੜ ਤਾਂ ਇੰਨੀ ਵੱਧ ਗਈ ਹੈ ਕਿ ਜਿਵੇਂ ਇਹਨਾਂ ਦੇ ਇੱਕ ਬਿਆਨ ਜਾਂ ਸਰਗਰਮੀ ਨੇ ਹੀ ਜਥੇਦਾਰ ਭਾਈ ਹਵਾਰਾ ਦੀ ਪੱਕੀ ਰਿਹਾਈ ਕਰਵਾ ਦਿੱਤੀ ਹੋਵੇ। ਲੋੜ ਹੈ ਕੀ ਮਾਹੌਲ ਨੂੰ ਸਾਰਥਿਕ ਬਣਾ ਕੇ ਰੱਖਿਆ ਜਾਏ, ਸ਼ਾਂਤਮਈ ਢੰਗ ਨਾਲ ਸੰਘਰਸ਼ ਨੂੰ ਜਾਰੀ ਰੱਖਿਆ ਜਾਏ, ਆਪਣੀ ਆਵਾਜ਼ ਨੂੰ ਬੁਲੰਦ ਕੀਤਾ ਜਾਏ ਅਤੇ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਲੱਗੇ ਕੌਮੀ ਇਨਸਾਫ ਮੋਰਚੇ ਦਾ ਸਾਥ ਦਿੱਤਾ ਜਾਵੇ। ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਅਤੇ ਉਨ੍ਹਾਂ ਦੇ ਮਾਤਾ ਜੀ ਬੀਬੀ ਨਰਿੰਦਰ ਕੌਰ ਦਾ ਮਿਲਾਪ ਹੋਣਾ ਬਹੁਤ ਜਰੂਰੀ ਹੈ, ਵਾਹਿਗੁਰੂ ਕਿਰਪਾ ਕਰੇ ਭਾਈ ਹਵਾਰਾ ਨੂੰ ਪੈਰੋਲ ਜਰੂਰ ਮਿਲੇ। ਕੁਝ ਲੋਕਾਂ ਵੱਲੋਂ ਕਿਆਸਅਰਾਈਆਂ ਲਗਾਈਆਂ ਜਾ ਰਹੀਆਂ ਹਨ ਕਿ ਭਾਈ ਹਵਾਰਾ ਦੀ ਪੈਰੋਲ ਦਾ ਛੇਤੀ ਹੀ ਐਲਾਨ ਹੋ ਸਕਦਾ ਹੈ ਅਤੇ ਕੁਝ ਇਹ ਚਿੰਤਾ ਵੀ ਜਾਹਰ ਕਰ ਰਹੇ ਹਨ ਕਿ ਕੇਂਦਰ ਦੀ ਭਾਜਪਾ ਸਰਕਾਰ ਇਸ ਵਿੱਚ ਵੱਡਾ ਅੜਿੱਕਾ ਬਣ ਸਕਦੀ ਹੈ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.