ਬੰਦੀ ਸਿੰਘਾਂ ਦੀ ਰਿਹਾਈ ਲਈ ਪੰਜਾਬ ਬੰਦ ਦੇ ਅਰਥ

ਬੰਦੀ ਸਿੰਘਾਂ ਦੀ ਰਿਹਾਈ ਲਈ ਪੰਜਾਬ ਬੰਦ ਦੇ ਅਰਥ

ਲੋਕਤੰਤਰ ਵਿੱਚ ਸਰਕਾਰਾਂ ਦੇ ਬੰਦ ਪਏ ਕੰਨਾਂ ਅੱਖਾਂ ਅਤੇ ਦਿਮਾਗ਼ਾਂ ਨੂੰ ਖੋਲ੍ਹਣ ਲਈ ਧਰਨੇ ਲਾਉਣੇ , ਮੁਜ਼ਾਹਰੇ ਕਰਨੇ , ਸੜਕਾਂ ਤੇ ਰੇਲਾਂ ਬੰਦ ਕਰਨੀਆਂ ਜਨਤਾ ਦਾ ਅਧਿਕਾਰ ਹੋਇਆ ਕਰਦੇ ਹਨ । ਪਿੱਛਲੇ ਅੱਸੀ ਸਾਲਾਂ ਤੋਂ ਸਿੱਖ ਕੌਮ ਹਿੰਦੋਸਤਾਨ ਵਿੱਚ ਗੁਲਾਮੀ ਨੂੰ ਹੰਢਾ ਰਹੀ ਹੈ । ਹੁਣ ਤੱਕ ਅਨੇਕਾਂ ਤਰ੍ਹਾਂ ਦੇ ਅਣਮਨੁੱਖੀ ਤਸ਼ੱਦਦ ਹਿੰਦੋਸਤਾਨ ਸਿੱਖਾਂ ਉੱਪਰ ਕਰ ਚੁੱਕਿਆ ਹੈ ਕਰ ਰਿਹਾ ਹੈ ਅਤੇ ਕਰਦਾ ਹੀ ਰਹੇਗਾ ਜਿੰਨਾ ਚਿਰ ਸਿੱਖ ਪੰਜਾਬ ਨੂੰ ਹਿੰਦੋਸਤਾਨ ਦੇ ਖੂਨੀ ਪੰਜੇ ਵਿੱਚੋਂ ਆਜ਼ਾਦ ਕਰਵਾ ਕੇ ਆਪਣੇ ਆਜ਼ਾਦ ਦੇਸ਼ ਖਾਲਿਸਤਾਨ ਸਥਾਪਿਤ ਨਹੀਂ ਕਰ ਲੈਂਦੇ ।
ਹਿੰਦੋਸਤਾਨ ਸਿੱਖਾਂ ਲਈ ਇੱਕ ਖੂਨੀ ਪਿੰਜਰੇ ਵਾਂਗ ਹੈ ਜਿਸ ਪਿੰਜਰੇ ਵਿੱਚ ਸਿੱਖਾਂ ਨੇ ਹੋਰ ਤਾਂ ਕੀ ਕਰਨਾ ਹੈ , ਸਿੱਖ ਸਾਹ ਤੱਕ ਵੀ ਆਪਣੀ ਮਰਜ਼ੀ ਨਾਲ ਨਹੀਂ ਸਕਦੇ , ਆਪਣੀ ਮਰਜੀ ਨਾਲ ਬੋਲ ਤੇ ਲਿਖ ਨਹੀਂ ਸਕਦੇ , ਆਪਣੀ ਮਰਜ਼ੀ ਨਾਲ ਖਾ ਤੇ ਪਹਿਨ ਵੀਵਨਹੀਂ ਸਕਦੇ , ਆਪਣੀ ਮਰਜ਼ੀ ਨਾਲ ਪੜ੍ਹ ਨਹੀਂ ਸਕਦੇ ਅਤੇ ਕੋਈ ਵੀ ਕਾਰੋਬਾਰ ਵੀ ਨਹੀਂ ਕਰ ਸਕਦੇ, ਇਹ ਅਟੱਲ ਸਚਾਈ ਹੈ । ਉਹ ਗੱਲ ਵੱਖਰੀ ਹੈ ਕਿ ਇਹ ਗੱਲਾਂ ਇੱਕ ਤਾਂ ਗਦਾਰ ਲਾਣੇ ਨੂੰ ਸਮਝ ਨਹੀਂ ਆਉਂਦੀਆਂ ਤੇ ਦੂਜੀਆਂ ਓਹਨਾ ਸਿੱਖਾਂ ਨੂੰ ਸਮਝ ਨਹੀਂ ਆਉਂਦੀਆਂ ਜਿਹਨਾਂ ਦੇ ਹੱਡਾਂ ਵਿੱਚ ਗੁਲਾਮੀ ਰਚ ਚੁੱਕੀ ਹੈ ਅਤੇ ਜਿਹੜੇ ਸਿੱਖ ਖਾਣ ਪੀਣ ਪਹਿਨਣ ਕੰਮ ਧੰਦੇ ਕਰਨ ਐਸ਼ਪ੍ਰਸਤੀਆਂ ਜਾਂ ਭੋਗ ਬਿਲਾਸਾਂ ਤੋਂ ਅੱਗੇ ਦੀ ਸੋਚ ਹੀ ਨਹੀਂ ਰੱਖਦੇ ਹਨ । ਜਿਹਨਾਂ ਸਿੱਖਾਂ ਨੂੰ ਏਨਾ ਵੀ ਗਿਆਨ ਨਹੀਂ ਹੈ ਕਿ ਹਿੰਦੋਸਤਾਨ ਸਾਡੀ ਹੋਂਦ ਹਸਤੀ ਨੂੰ ਹੀ ਮਿਟਾਈ ਜਾ ਰਿਹਾ ਹੈ ।
ਖੈਰ ਕਰੀਬ ਇੱਕ ਮਹੀਨੇ ਤੋਂ ਮੋਹਾਲੀ ਸਥਿਤ ਬੰਦੀ ਸਿੰਘਾਂ ਦੀ ਰਿਹਾਈ ਲਈ ਲੱਗੇ ਹੋਏ ਮੋਰਚੇ ਦੇ ਪ੍ਰਬੰਧਕਾਂ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਦੇ ਸਬੰਧ ਵਿੱਚ 21-08-2026 ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਹੋਇਆ ਸੀ । ਬੰਦ ਦਾ ਸਮਾਂ ਸੀ ਸਵੇਰੇ ਦੇ ਸੱਤ ਵਜੇ ਤੋਂ ਲੈਕੇ ਦੁਪਹਿਰ ਦੇ ਦੋ ਵਜੇ ਤੱਕ ਦਾ ਸੀ । ਜਿਵੇਂ ਜਿਵੇਂ 21 ਅਗਸਤ 2026 ਨੇੜੇ ਆ ਰਹੀ ਸਾਰੇ ਹੀ ਜਾਗਦੀਆਂ ਜਮੀਰਾਂ ਵਾਲੇ ਸਿੱਖ ਅਤੇ ਹੋਰ ਵੀ ਭਾਈਚਾਰੇ ਪੰਜਾਬ ਬੰਦ ਦੀ ਹਮਾਇਤ ਕਰ ਰਹੇ ਸਨ । ਧਾਰਮਿਕ ਰਾਜਨੀਤਕ ਸਮਾਜਿਕ ਅਤੇ ਆਰਥਿਕ ਪਾਰਟੀਆਂ ਸ਼ੋਸ਼ਲ ਮੀਡੀਆ ਉੱਤੇ ਪੋਸਟਾਂ ਪਾ ਪਾ ਕੇ ਬੰਦ ਦੇ ਸਮਰਥਨ ਨੂੰ ਬੜ੍ਹਾਵਾ ਦੇ ਰਹੇ ਸਨ ਭਾਵ ਕਿ ਤੀਹ ਤੀਹ ਪੈਂਤੀ ਪੈਂਤੀ ਸਾਲਾਂ ਤੋਂ ਜੇਲ੍ਹਾਂ ਵਿੱਚ ਬੰਦ ਸਿੱਖਾਂ ਨਾਲ ਹਰ ਇਨਸਾਨੀਅਤ ਪਸੰਦ ਬੰਦਾ ਹਮਦਰਦੀ ਜਿਤਾ ਰਿਹਾ ਸੀ ।
ਅਕਾਲੀ ਦਲ ਵਾਰਿਸ ਪੰਜਾਬ ਦੇ , ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ , ਸਿੱਖ ਏਡ ਆਸਟਰੀਆ, ਦਲ ਖਾਲਸਾ, ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ, ਅਕਾਲੀ ਦਲ ਪੁਨਰ ਸੁਰਜੀਤ, ਯੂਨਾਈਟਡ ਅਕਾਲੀ ਦਲ ਅਤੇ ਹੋਰ ਵੀ ਅਨੇਕਾਂ ਹੀ ਸੰਸਥਾਵਾਂ ਵਲੋਂ ਪੰਜਾਬ ਬੰਦ ਦੀ ਹਮਾਇਤ ਕਰਨ ਦਾ ਐਲਾਨ ਕੀਤਾ ਹੋਇਆ ਸੀ । 21 ਅਗਸਤ 2026 ਦੀ ਸਵੇਰ ਹੁੰਦਿਆਂ ਹੀ ਸਿੰਘਾਂ ਨੇ ਪੂਰੇ ਪੰਜਾਬ ਵਿੱਚ ਮੋਰਚੇ ਸੰਭਾਲ ਲਏ ਸਨ ।
ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਯੋਧਿਆਂ, ਪ੍ਰਧਾਨ ਭਾਈ ਰਣਜੀਤ ਸਿੰਘ ਜੀ ਦਮਦਮੀ ਟਕਸਾਲ, ਮੀਤ ਪ੍ਰਧਾਨ ਭਾਈ ਭੁਪਿੰਦਰ ਸਿੰਘ ਜੀ ਛੇ ਜੂਨ ਅਤੇ ਬਾਕੀ ਦੇ ਮੈਂਬਰਾਂ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਗੋਲਡਨ ਗੇਟ ਉੱਤੇ ਮੋਰਚਾ ਸੰਭਾਲਿਆ ਹੋਇਆ ਸੀ । ਲੇਕਿਨ ਸਰਕਾਰ ਨੂੰ ਸਿੱਖਾਂ ਦੇ ਸ਼ਾਂਤਮਈ ਰੋਸ ਪ੍ਰਦਰਸ਼ਨ ਤੋਂ ਵੀ ਤਕਲੀਫ਼ ਸੀ ਕਿਉਂਕਿ ਅੱਜ ਸ਼ੋਸ਼ਲ ਮੀਡੀਆ ਦਾ ਯੁੱਗ ਹੈ ਅਤੇ ਸਰਕਾਰਾਂ ਦੀ ਬਦਨਾਮੀ ਦੁਨੀਆਂ ਭਰ ਵਿੱਚ ਹੁੰਦੀ ਹੈ । ਵੈਸੇ ਤਾਂ ਸਾਰੀ ਦੁਨੀਆਂ ਨੂੰ ਹਿੰਦੋਸਤਾਨ ਦੀ ਅਸਲੀਅਤ ਦਾ ਤਕਰੀਬਨ ਤਕਰੀਬਨ ਪਤਾ ਲੱਗ ਹੀ ਚੁੱਕਾ ਹੈ । ਅੰਮ੍ਰਿਤਸਰ ਪੁਲਿਸ ਦੇ ਡੀਸੀਪੀ ਰਵਿੰਦਰ ਪਾਲ ਸਿੰਘ ਅਤੇ ਏਡੀਸੀਪੀ ਹਰਪਾਲ ਸਿੰਘ ਨੇ ਜਬਰੀ ਗੋਲਡਨ ਗੇਟ ਤੋਂ ਆਵਾਜਾਈ ਖੁਲਵਾਉਣ ਦੀ ਕੋਸ਼ਿਸ਼ ਕੀਤੀ ਤਾਂ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਭਾਈ ਭੁਪਿੰਦਰ ਸਿੰਘ ਜੀ ਛੇ ਜੂਨ ਅਤੇ ਬਾਕੀ ਦੇ ਸਿੰਘ ਅਤੇ ਸਿੰਘਣੀਆਂ ਨੇ ਏਸ ਗੱਲ ਦਾ ਜਬਰਦਸਤ ਵਿਰੋਧ ਕੀਤਾ ਤੇ ਪੰਜਾਬ ਪੁਲੀਸ ਨੇ ਸਿੰਘਾਂ ਅਤੇ ਸਿੰਘਣੀਆਂ ਨਾਲ ਧੱਕੇਸ਼ਾਹੀ ਕਰਦਿਆਂ ਉਨ੍ਹਾਂ ਨੂੰ ਜਬਰੀ ਗ੍ਰਿਫ਼ਤਾਰ ਕਰ ਲਿਆ ਤੇ ਸਿੰਘਾਂ ਅਤੇ ਸਿੰਘਣੀਆਂ ਦਾ ਪਾਰਾ ਵੀ ਫੇਰ ਸੱਤਵੇਂ ਅਸਮਾਨ ਉੱਪਰ ਚਲਾ ਗਿਆ ।
ਫੇਰ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਵਾਲਿਆਂ ਨੇ , ਭਾਈ ਭੁਪਿੰਦਰ ਸਿੰਘ ਛੇ ਜੂਨ ਅਤੇ ਬਾਕੀ ਦੇ ਵੀ ਸਿੰਘਾਂ ਸਿੰਘਣੀਆਂ ਨੇ ਬੰਦੀ ਸਿੰਘ ਰਿਹਾਅ ਕਰੋ , ਭਾਰਤ ਸਰਕਾਰ ਮੁਰਦਾਬਾਦ, ਭਾਜਪਾ ਸਰਕਾਰ ਮੁਰਦਾਬਾਦ, ਆਰਐਸਐਸ ਮੁਰਦਾਬਾਦ, ਸੰਤ ਭਿੰਡਰਾਂ ਵਾਲਿਆਂ ਦੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ, ਜਥੇਦਾਰ ਜਗਤਾਰ ਸਿੰਘ ਹਵਾਰਾ ਜਿੰਦਾਬਾਦ, ਖਾਲਿਸਤਾਨ ਜ਼ਿੰਦਾਬਾਦ ਦੇ ਜਬਰਦਸਤ ਨਾਹਰੇ ਲਗਾਏ ।
ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਦੀ ਅਗਵਾਈ ਵਿੱਚ ਨੌਜਵਾਨਾਂ ਅਤੇ ਸੰਗਤਾਂ ਨੇ ਗੁਰੂ ਨਗਰੀ ਸ੍ਰੀ ਅੰਮ੍ਰਿਤਸਰ ਵਿੱਚ ਪੁਲਿਸ ਪ੍ਰਸ਼ਾਸਨ ਨਾਲ ਜੂਝ ਕੇ ਜੋ ਖਾਲਸਾਈ ਜਜ਼ਬਾ ਵਿਖਾਇਆ ਉਸ ਦੀਆਂ ਸੋਸ਼ਲ ਮੀਡੀਆ ਉੱਤੇ ਵੀਡੀਓ ਵੇਖ ਕੇ ਪੰਜਾਬ ਤੋਂ ਦੂਰ ਬੈਠੇ ਵਿਦੇਸ਼ਾਂ ਦੇ ਸਿੰਘਾਂ ਦਾ ਦਿਲ ਖੁਸ਼ ਹੋ ਗਿਆ ਤੇ ਮਹਿਸੂਸ ਹੋਇਆ ਕਿ ਜੁਝਾਰੂ ਖਾਲਸਾ ਅੱਜ ਵੀ ਸਰਕਾਰਾਂ ਨਾਲ ਟੱਕਰ ਲੈਂਦਾ ਹੈ। ਵੀਡੀਓ ਵਿੱਚ ਜਦੋਂ ਅਸੀਂ ਵੇਖਿਆ ਕਿ ਅਨੇਕਾਂ ਪੁਲਸੀਏ ਪੂਰੇ ਜ਼ੋਰ ਸ਼ੋਰ ਨਾਲ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਅਤੇ ਭਾਈ ਭੁਪਿੰਦਰ ਸਿੰਘ ਛੇ ਜੂਨ ਨੂੰ ਜ਼ਬਰਦਸਤੀ ਫੜ ਫੜ ਕੇ ਬੱਸ ਵਿੱਚ ਧੱਕ ਰਹੇ ਸਨ ਤਾਂ ਅੱਗੋਂ ਇਹ ਨੌਜਵਾਨ ਅਨੇਕਾਂ ਪੁਲਸੀਆਂ ਦੀ ਕੋਈ ਵਾਹ ਪੇਸ਼ ਹੀ ਨਹੀਂ ਸੀ ਚੱਲਣ ਦੇ ਰਹੇ। ਸਿੰਘਾਂ ਦਾ ਜੋਸ਼ ਅਤੇ ਜੋਰ ਵੇਖ ਕੇ ਤਾਂ ਪੁਲਸੀਏ ਵੀ ਦੰਗ ਰਹਿ ਗਏ ਸਨ।
ਹੁਸ਼ਿਆਰਪੁਰ ਵਿੱਚ ਵੀ ਉੱਘੇ ਪੰਥਕ ਪੱਤਰਕਾਰ ਅਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਦੇ ਸਰਪ੍ਰਸਤ ਭਾਈ ਭੁਪਿੰਦਰ ਸਿੰਘ ਸੱਜਣ ਜੀ ਨੇ ਮੋਰਚਾ ਸੰਭਾਲਿਆ ਹੋਇਆ ਸੀ ਅਤੇ ਵੀਡੀਓ ਵਿੱਚ ਸਭ ਕੁੱਝ ਬੰਦ ਨਜ਼ਰ ਆ ਰਿਹਾ ਸੀ । ਭਾਵ ਕਿ ਪੰਜਾਬ ਦੇ ਹਰ ਵਰਗ ਹਿੰਦੂਆਂ ਸਿੱਖਾਂ ਮੁਸਲਮਾਨਾਂ ਇਸਾਈਆਂ ਏਥੋਂ ਤੱਕ ਕਾਮਰੇਡ ਵਰਗ ਦਾ ਵੀ ਪੰਜਾਬ ਬੰਦ ਨੂੰ ਪੂਰਨ ਸਮਰਥਨ ਸੀ । ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਦਾਸ ਨਾਲ ਫੋਨ ਤੇ ਗੱਲਬਾਤ ਕਰਦਿ ਦੱਸਿਆ ਕਿ ਕਈ ਸਰਕਾਰੀ ਬੈਂਕਾਂ ਅਤੇ ਕਈ ਬੈਂਕਾਂ ਵਾਲੇ ਵੀ ਇਹ ਉੱਡੀਕ ਕਰ ਰਹੇ ਸਨ ਕਿ ਕੋਈ ਸੰਸਥਾ ਜਾਂ ਸੰਗਠਨ ਆ ਕੇ ਸਾਨੂੰ ਬੰਦ ਕਰਨ ਲਈ ਕਹੇ ਤਾਂ ਅਸੀਂ ਵੀ ਏਹ ਸਾਰਾ ਕੁੱਝ ਬੰਦ ਕਰੀਏ ਅਤੇ ਕਈ ਜਗ੍ਹਾ ਏਸ ਤਰ੍ਹਾਂ ਹੋਇਆ ਵੀ ਹੈ ।
ਪੰਜਾਬ ਬੰਦ ਸੰਪੂਰਨ ਸਫਲ ਰਿਹਾ ਹੈ । ਬਾਕੀ ਹੁਣ ਸਰਕਾਰਾਂ ਨੂੰ ਵੀ ਚਾਹੀਦਾ ਹੈ ਕਿ ਸਿੱਖਾਂ ਦੇ ਸਬਰ ਦੀ ਜਿਆਦਾ ਪਰਖ ਨਾ ਕਰਦਿਆਂ ਹੋਇਆਂ ਬੰਦੀ ਸਿੰਘਾਂ ਨੂੰ ਰਿਹਾਅ ਕਰੇ ਜਾਂ ਉਨ੍ਹਾਂ ਦੀ ਬਣਦੀ ਪੈਰੋਲ ਉੱਹਨਾਂ ਨੂੰ ਦਿੱਤੀ ਜਾਵੇ । ਸਿੱਖਾਂ ਦੇ ਅੰਦਰ ਸਰਕਾਰ ਦੇ ਜੁਲਮ ਅਤੇ ਧੱਕੇਸ਼ਾਹੀਆਂ ਸਹਿ ਸਹਿ ਕੇ ਜਵਾਲਾ ਮੁਖੀ ਬਲ ਰਹੀ ਹੈ । ਅਗਰ ਜਵਾਲਾ ਮੁਖੀ ਕਿਤੇ ਭੜਕ ਗਈ ਤਾਂ ਇਹਨਾਂ ਸਰਕਾਰਾਂ ਨੂੰ ਇਹ ਵੀ ਜਰੂਰੀ ਯਾਦ ਰੱਖਣਾ ਚਾਹੀਦਾ ਹੈ ਕਿ 1984 ਦਾ ਖਿਲਾਰਾ ਏਹਨਾਂ ਕੋਲੋਂ ਪੂਰੇ ਦਸ ਸਾਲ ਸਾਂਭਿਆ ਨਹੀਂ ਗਿਆ ਸੀ । ਕੀ ਬੰਦੀ ਸਿੰਘ ਇਨਸਾਨ ਨਹੀਂ ਹਨ ? ਕੀ ਬੰਦੀ ਸਿੰਘਾਂ ਦੇ ਮਨੁੱਖੀ ਅਤੇ ਮੌਲਿਕ ਅਧਿਕਾਰ ਨਹੀਂ ਹਨ? ਕੀ ਉੱਹਨਾ ਦਾ ਜੀਅ ਨਹੀਂ ਕਰਦਾ ਕਿ ਉਹ ਆਪਣੇ ਘਰਾਂ ਪਰਿਵਾਰਾਂ ਜਮੀਨਾਂ ਜਾਇਦਾਦਾਂ ਨੂੰ ਆ ਕੇ ਵੇਖਣ ? ਕੀ ਉੱਹ ਪੰਜਾਬ ਅਤੇ ਹਿੰਦੋਸਤਾਨ ਦੇ ਵਾਸੀ ਨਹੀਂ ਹਨ ? ਕੀ ਉੱਨ੍ਹਾਂ ਦੇ ਵਿਆਹ ਨਹੀਂ ਹੋ ਸਕਦੇ ਸਨ ? ਕੀ ਉਨ੍ਹਾਂ ਦੇ ਅੱਗੇ ਬੱਚੇ ਨਹੀਂ ਹੋ ਸਕਦੇ ਸਨ ? ਕੀ ਉੱਹਨਾ ਨੇ ਆਪਣੀਆਂ ਬਣਦੀਆਂ ਸਜਾਵਾਂ ਪੂਰੀਆਂ ਨਹੀਂ ਕਰ ਲਈਆਂ?
ਭਾਜਪਾ ਸਰਕਾਰ ਨੇ ਅਨੇਕਾਂ ਹੀ ਹਿੰਦੂ ਅੱਤਵਾਦੀਆਂ ਨੂੰ ਤਾਂ ਆਪਣੇ ਅਸਰ ਰਸੂਖ ਨਾਲ ਰਿਹਾ ਕਰਵਾ ਵੀ ਲਿਆ ਹੈ । ਗੁਰਮੀਤ ਰਾਮ ਰਹੀਮ ਸਿਰਸਾ ਸਾਧ ਨੂੰ ਤਾਂ ਭਾਜਪਾ ਸਰਕਾਰ ਸਾਲ ਵਿੱਚ ਚਾਰ ਵਾਰੀ ਵੀ ਚਾਲੀ ਚਾਲੀ ਦਿਨਾਂ ਦੀ ਪੈਰੋਲ ਦੇ ਦਿੰਦੀ ਹੈ ਜਿਸ ਦੇ ਉੱਪਰ ਕਤਲ ਬਲਾਤਕਾਰ ਔਰਤਾਂ ਦੇ ਜਿਣਸੀ ਸ਼ੋਸ਼ਣ ਅਤੇ ਮਰਦਾਂ ਨੂੰ ਨਾਮਰਦ ਬਣਾਉਣ ਨਿਪੁੰਸਕ ਬਣਾਉਣ ਵਰਗੇ ਸੰਗੀਨ ਕੇਸ ਹਨ । ਸਾਡੇ ਬੰਦੀ ਸਿੰਘ ਤਾਂ ਰਾਜਸੀ ਕੈਦੀ ਹਨ । ਅਸੀਂ ਇੱਕ ਆਜ਼ਾਦ ਦੇਸ਼ ਖਾਲਿਸਤਾਨ ਬਣਾਓਣ ਦੀ ਲੜਾਈ ਲੜ ਰਹੇ ਸੀ ਲੜ ਰਹੇ ਹਾਂ ਅਤੇ ਖਾਲਿਸਤਾਨ ਬਣਨ ਤੱਕ ਲੜਾਂਗੇ ਵੀ ।
ਬਾਕੀ ਗੱਲ ਫੇਰ ਸਾਡੇ ਉੱਤੇ ਹੀ ਆਉਣੀ ਹੈ, ਪੰਥਕ ਧਿਰਾਂ ਅਤੇ ਪੰਥਕ ਨੇਤਾਵਾਂ ਉੱਤੇ ਹੀ ਆਉਣੀ ਹੈ ਕਿ ਹੁਣ ਅਗਲੀ ਪੰਦਰਾਂ ਅਗਸਤ ਤੱਕ ਕਿਤੇ ਸੌਂ ਹੀ ਨਾ ਜਾਇਓ ਜੀ । ਪਹਿਲਾਂ ਤਾਂ ਆਪਸੀ ਏਕਤਾ ਕਰੋ , ਇੱਕ ਸਾਂਝਾ ਮੰਚ ਤਿਆਰ ਕਰੋ , ਇੱਕ ਘੈਂਟ ਜਿਹਾ ਨੇਤਾ ਪੈਦਾ ਕਰੋ , ਜਿਹੜਾ ਨਾ ਰੁਕੇ ,ਨਾ ਝੁਕੇ ਤੇ ਨਾ ਹੀ ਵਿਕੇ ਅਤੇ ਅਗਲਾ ਪ੍ਰੋਗਰਾਮ ਏਸ ਤੋਂ ਵੀ ਵੱਧ ਗਰਮ ਅਤੇ ਚੜ੍ਹਦੀ ਕਲਾ ਵਾਲਾ ਦਿਓ ਜੀ । ਹਰ ਵਾਰੀ ਬਰਗਾੜੀ ਮੋਰਚੇ ਜਾਂ ਹੋਰ ਮੋਰਚਿਆਂ ਵਾਂਗ ਧਿਆਨ ਸਿੰਘ ਮੰਡ ਤੇ ਬਲਜੀਤ ਸਿੰਘ ਦਾਦੂਵਾਲ ਵਾਲੇ ਵਾਂਗ ਕੌਮ ਦਾ ਐਵੇਂ ਨਜਾਇਜ ਹੀ ਜੋਰ ਲਗਵਾ ਕੇ ਤੇ ਘਰਾਂ ਵਿੱਚ ਨਾ ਵੜ ਜਾਇਓ ਕਿ ਹੁਣ ਪੰਜਾਬ ਬੰਦ ਤੇ ਵਾਹਵਾ ਭਲੀ ਹੋ ਗਈ ਹੈ, ਵਾਹਵਾ ਬੱਲੇ ਬੱਲੇ ਹੋ ਗਈ ਹੈ, ਹੁਣ ਸਾਲ ਭਰ ਦਾ ਪ੍ਰਸ਼ਾਦਾ ਪਾਣੀ ਬਣ ਗਿਆ ਹੈ ਤੇ ਹੁਣ ਸਾਲ ਬਾਅਦ ਫੇਰ ਸਹੀ । ਏਸ ਤਰ੍ਹਾਂ ਨਹੀਂ ਕਰਨਾ ਜੀ । ਹੱਥਾਂ ਬਾਝ ਕਰਾਰਿਆਂ ਕਦੇ ਵੀ ਵੈਰੀ ਨਾ ਹੁੰਦੇ ਮਿੱਤ ਜੀ ।

ਹਰਪ੍ਰੀਤ ਸਿੰਘ ਪੰਮਾ (ਆਸਟਰੀਆ)

ਹਰਪ੍ਰੀਤ ਸਿੰਘ ਪੰਮਾ ,ਆਸਟਰੀਆ
ਹਰਪ੍ਰੀਤ ਸਿੰਘ ਪੰਮਾ ,ਆਸਟਰੀਆ
+43 699 14149114
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.