ਸਰਪੰਚ ਬਿੱਲਾ ਸ਼ੇਰੋਂ ਦੇ ਉਪਰਾਲੇ ਨਾਲ ਭੈਣੀ ਸਿੱਧਵਾਂ ਦੇ ਸਰਕਾਰੀ ਐਲੀਮੈਂਟਰੀ ਸਕੂਲ ਵਿੱਚ ਬੱਚਿਆਂ ਨੂੰ ਮਿਲੀ ਸਾਫ਼ ਤੇ ਠੰਡੇ ਪਾਣੀ ਦੀ ਸਹੂਲਤ
- ਰਾਜਨੀਤੀ
- 03 Aug, 2026 02:18 PM (Asia/Kolkata)
ਰਾਕੇਸ਼ ਨਈਅਰ
ਚੋਹਲਾ ਸਾਹਿਬ/ਖਡੂਰ ਸਾਹਿਬ,3 ਅਗਸਤ
ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਪਿੰਡ ਭੈਣੀ ਸਿੱਧਵਾਂ ਦੇ ਸਰਕਾਰੀ ਐਲੀਮੈਂਟਰੀ ਸਕੂਲ ਵਿੱਚ ਲੰਬੇ ਸਮੇਂ ਤੋਂ ਖ਼ਰਾਬ ਪਏ ਆਰ.ਓ. ਸਿਸਟਮ ਅਤੇ ਠੰਡੇ ਪਾਣੀ ਦੀ ਕੈਂਡੀ ਨੂੰ ਸੀਨੀਅਰ ਅਕਾਲੀ ਆਗੂ ਸਰਪੰਚ ਅਵਤਾਰ ਸਿੰਘ ਬਿੱਲਾ ਸ਼ੇਰੋਂ ਦੇ ਉਪਰਾਲੇ ਨਾਲ ਠੀਕ ਕਰਵਾ ਦਿੱਤਾ ਗਿਆ।ਇਸ ਨਾਲ ਸਕੂਲ ਦੇ ਵਿਦਿਆਰਥੀਆਂ ਨੂੰ ਹੁਣ ਸਾਫ਼ ਅਤੇ ਠੰਡਾ ਪੀਣ ਵਾਲਾ ਪਾਣੀ ਉਪਲਬਧ ਹੋਵੇਗਾ।
ਸਕੂਲ ਦੇ ਪ੍ਰਿੰਸੀਪਲ ਮੈਡਮ ਅੰਮ੍ਰਿਤ ਕੌਰ ਨੇ ਦੱਸਿਆ ਕਿ ਆਰ.ਓ. ਸਿਸਟਮ ਅਤੇ ਠੰਡੇ ਪਾਣੀ ਦੀ ਕੈਂਡੀ ਲੰਬੇ ਸਮੇਂ ਤੋਂ ਖ਼ਰਾਬ ਹੋਣ ਕਾਰਨ ਵਿਦਿਆਰਥੀਆਂ ਨੂੰ ਖਾਸ ਕਰਕੇ ਗਰਮੀ ਦੇ ਮੌਸਮ ਵਿੱਚ ਪੀਣ ਵਾਲੇ ਪਾਣੀ ਲਈ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਉਨ੍ਹਾਂ ਕਿਹਾ ਕਿ ਇਹ ਸਹੂਲਤ ਮੁੜ ਚਾਲੂ ਹੋਣ ਨਾਲ ਬੱਚਿਆਂ ਨੂੰ ਵੱਡੀ ਰਾਹਤ ਮਿਲੇਗੀ ਅਤੇ ਹੁਣ ਉਹ ਸਾਫ਼ ਅਤੇ ਠੰਡਾ ਪਾਣੀ ਪ੍ਰਾਪਤ ਕਰ ਸਕਣਗੇ।
ਇਸ ਮੌਕੇ ਯੂਥ ਅਕਾਲੀ ਆਗੂ ਸੋਮਨ ਸਿੰਘ ਤੇ ਹੀਰਾ ਸਿੰਘ ਨੇ ਦੱਸਿਆ ਕਿ ਜਦੋਂ ਸਕੂਲ ਦੀ ਇਸ ਸਮੱਸਿਆ ਬਾਰੇ ਅਵਤਾਰ ਸਿੰਘ ਬਿੱਲਾ ਸ਼ੇਰੋਂ ਨੂੰ ਜਾਣੂ ਕਰਵਾਇਆ ਗਿਆ ਤਾਂ ਉਨ੍ਹਾਂ ਨੇ ਇਸ ਨੂੰ ਗੰਭੀਰਤਾ ਨਾਲ ਲੈਂਦਿਆਂ ਤੁਰੰਤ ਆਪਣੀ ਟੀਮ ਨੂੰ ਲੋੜੀਂਦੀ ਕਾਰਵਾਈ ਕਰਨ ਲਈ ਕਿਹਾ ਸੀ।ਉਨ੍ਹਾਂ ਦੇ ਨਿਰਦੇਸ਼ਾਂ 'ਤੇ ਅਗਲੇ ਹੀ ਦਿਨ ਆਰ.ਓ. ਸਿਸਟਮ ਅਤੇ ਠੰਡੇ ਪਾਣੀ ਦੀ ਕੈਂਡੀ ਨੂੰ ਠੀਕ ਕਰਵਾ ਦਿੱਤਾ ਗਿਆ,ਜਿਸ ਨਾਲ ਸਕੂਲ ਦੇ ਵਿਦਿਆਰਥੀਆਂ ਅਤੇ ਸਟਾਫ਼ ਨੂੰ ਤੁਰੰਤ ਰਾਹਤ ਮਿਲੀ ਹੈ।
ਇਸ ਦੇ ਨਾਲ਼ ਹੀ ਜਦ ਅਵਤਾਰ ਸਿੰਘ ਬਿੱਲਾ ਸ਼ੇਰੋਂ ਨਾਲ਼ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣਾ ਸਾਡੀ ਸਾਂਝੀ ਜ਼ਿੰਮੇਵਾਰੀ ਹੈ।ਸਿੱਖਿਆ ਦੇ ਨਾਲ-ਨਾਲ ਵਿਦਿਆਰਥੀਆਂ ਲਈ ਸਿਹਤਮੰਦ ਅਤੇ ਸੁਖਾਵਾਂ ਮਾਹੌਲ ਯਕੀਨੀ ਬਣਾਉਣਾ ਵੀ ਬਹੁਤ ਜ਼ਰੂਰੀ ਹੈ। ਇਸ ਮੌਕੇ ਸਕੂਲ ਸਟਾਫ਼ ਮਾਸਟਰ ਅਮਨਦੀਪ ਸਿੰਘ ਚੰਦੀ,ਗੁਰਮੀਤ ਕੌਰ,ਸੁਖਜਿੰਦਰ ਕੌਰ,ਨਵਦੀਪ ਕੌਰ,ਸੰਦੀਪ ਕੌਰ ਨੇ ਬਿੱਲਾ ਸ਼ੇਰੋਂ ਦਾ ਧੰਨਵਾਦ ਕੀਤਾ।
Leave a Reply