ਜੰਡਿਆਲਾ ਗੁਰੂ ਹਲਕੇ ’ਚ ਲੋਕ ਘਰਾਂ ਵਿੱਚ ਵੀ ਸੁਰੱਖਿਅਤ ਨਹੀਂ, ਫਿਰੌਤੀਆਂ ਤੇ ਧਮਕੀਆਂ ਕਾਰਨ ਦਹਿਸ਼ਤ ਦਾ ਮਾਹੌਲ: ਸੁਖਵਿੰਦਰ ਸਿੰਘ ਡੈਨੀ

ਜੰਡਿਆਲਾ ਗੁਰੂ ਹਲਕੇ ’ਚ ਲੋਕ ਘਰਾਂ ਵਿੱਚ ਵੀ ਸੁਰੱਖਿਅਤ ਨਹੀਂ, ਫਿਰੌਤੀਆਂ ਤੇ ਧਮਕੀਆਂ ਕਾਰਨ ਦਹਿਸ਼ਤ ਦਾ ਮਾਹੌਲ: ਸੁਖਵਿੰਦਰ ਸਿੰਘ ਡੈਨੀ

ਟਾਂਗਰਾ - ਸੁਰਜੀਤ ਸਿੰਘ ਖਾਲਸਾ
ਇੱਕ ਪਾਸੇ ਪੰਜਾਬ ਦੇ ਕੋਨੇ ਕੋਨੇ ਵਿਚ ਗੈਂਗਸਟਰਵਾਦ, ਫਿਰੌਤੀ ਦੀਆਂ ਧਮਕੀਆਂ, ਕਤਲੇਆਮ ਆਦਿ ਵੱਧ ਰਹੇ ਹਨ, ਦੂਸਰੇ ਪਾਸੇ ਪੰਜਾਬ ਸਰਕਾਰ ਵਲੋਂ ਅੰਮ੍ਰਿਤਸਰ ਦਿਹਾਤੀ ਦੀਆਂ 5 ਪੁਲਿਸ ਚੌਂਕੀਆਂ ਬੰਦ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਜਿਸ ਵਿਚ ਇਕ ਹਲਕਾ ਜੰਡਿਆਲਾ ਗੁਰੂ ਦੀ ਵੀ ਆਉਂਦੀ ਹੈ ਉਪਰੋਕਤ ਸ਼ਬਦਾਂ ਦਾ ਪ੍ਰਗਟਾਵਾ ਕਰਦੇ ਹੋਏ ਸੁਖਵਿੰਦਰ ਸਿੰਘ ਡੈਨੀ ਬੰਡਾਲਾ, ਕਾਰਜਕਾਰੀ ਪ੍ਰਧਾਨ ਕਾਂਗਰਸ ਅਤੇ ਸਾਬਕਾ ਵਿਧਾਇਕ ਹਲਕਾ ਜੰਡਿਆਲਾ ਨੇ ਕਿਹਾ ਕਿ ਪੰਜਾਬ ਵਿੱਚ ਅੱਜ ਹਾਲਾਤ ਇਹ ਹੋ ਗਏ ਹਨ ਕਿ ਲੋਕ ਘਰਾਂ ਵਿੱਚ ਵੀ ਸੁਰੱਖਿਅਤ ਨਹੀਂ। ਇੱਕ ਪਾਸੇ ਗੈਂਗਸਟਰ ਖੁੱਲ੍ਹੇਆਮ ਫਿਰੌਤੀ ਦੀਆਂ ਧਮਕੀਆਂ ਦੇ ਰਹੇ ਹਨ, ਵਪਾਰੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਕਤਲੇਆਮ ਹੋ ਰਹੇ ਹਨ, ਅਤੇ ਦੂਸਰੇ ਪਾਸੇ ਇਹ ਸਰਕਾਰ ਪੁਲਿਸ ਚੌਂਕੀਆਂ ਬੰਦ ਕਰਕੇ ਪੰਜਾਬ ਦੀ ਸੁਰੱਖਿਆ ਨਾਲ ਖਿਲਵਾੜ ਕਰ ਰਹੀ ਹੈ। ਜੰਡਿਆਲਾ ਗੁਰੂ ਵਿੱਚ ਮਸ਼ਹੂਰ ਕਾਰੋਬਾਰੀ ਆਪਣਾ ਕਾਰੋਬਾਰ ਬੰਦ ਕਰਕੇ ਪਰਿਵਾਰ ਸਮੇਤ ਸ਼ਹਿਰ ਛੱਡ ਰਹੇ ਹਨ । ਓਹਨਾਂ ਕਿਹਾ ਕਿ ਚੌਂਕੀਆਂ ਬੰਦ ਕਰਨਾ ਸੁਧਾਰ ਨਹੀਂ, ਇਹ ਪੰਜਾਬ ਨੂੰ ਗੈਂਗਸਟਰਾਂ ਦੇ ਹਵਾਲੇ ਕਰਨਾ ਹੈ। ਜਦੋਂ ਪਿੰਡਾਂ-ਸ਼ਹਿਰਾਂ ਵਿੱਚ ਪੁਲਿਸ ਦੀ ਮੌਜੂਦਗੀ ਹੀ ਨਹੀਂ ਹੋਵੇਗੀ, ਤਾਂ ਆਮ ਲੋਕ ਕਿੱਥੇ ਜਾਣਗੇ? ਸਰਕਾਰ ਨੂੰ ਪੁਲਿਸ ਨੂੰ ਮਜ਼ਬੂਤ ਕਰਨ ਦੀ ਥਾਂ ਕਮਜ਼ੋਰ ਕਰ ਰਹੀ ਹੈ।
ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਨੂੰ ਡਰ ਦੇ ਮਾਹੌਲ ਵਿੱਚ ਧੱਕ ਦਿੱਤਾ ਹੈ। ਵਪਾਰੀ ਡਰਿਆ ਹੋਇਆ ਹੈ, ਨੌਜਵਾਨ ਡਰਿਆ ਹੋਇਆ ਹੈ, ਕਿਸਾਨ ਡਰਿਆ ਹੋਇਆ ਹੈ। ਓਹਨਾਂ ਮੰਗ ਕੀਤੀ ਕਿ ਬੰਦ ਕੀਤੀਆਂ ਜਾ ਰਹੀਆਂ ਪੁਲਿਸ ਚੌਂਕੀਆਂ ਤੁਰੰਤ ਬਹਾਲ ਕੀਤੀਆਂ ਜਾਣ, ਪੁਲਿਸ ਨੂੰ ਆਧੁਨਿਕ ਹਥਿਆਰ, ਗੱਡੀਆਂ ਅਤੇ ਸਟਾਫ ਦਿੱਤਾ ਜਾਵੇ, ਅਤੇ ਗੈਂਗਸਟਰਵਾਦ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਸੁਖਵਿੰਦਰ ਸਿੰਘ ਡੈਨੀ ਬੰਡਾਲਾ ਨੇ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾ ਪੰਜਾਬ ਦੀ ਸ਼ਾਂਤੀ ਅਤੇ ਲੋਕਾਂ ਦੀ ਸੁਰੱਖਿਆ ਲਈ ਖੜ੍ਹੀ ਹੈ ਅਤੇ ਸਰਕਾਰ ਨੂੰ ਇਸ ਮੁੱਦੇ 'ਤੇ ਜਵਾਬ ਦੇਣਾ ਪਵੇਗਾ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.