ਖ਼ਾਲਿਸਤਾਨ ਦੇ ਸੰਘਰਸ਼ ਨੂੰ ਬੁਲੰਦ ਕਰਕੇ ਭਾਰਤੀ ਹਕੂਮਤ ਨੂੰ ਮੂੰਹ-ਤੋੜਵਾਂ ਜਵਾਬ ਦੇਣ ਸਿੱਖ : ਫੈਡਰੇਸ਼ਨ ਭਿੰਡਰਾਂਵਾਲਾ
- ਰਾਜਨੀਤੀ
- 06 Jun, 2026 07:22 AM (Asia/Kolkata)
ਭਾਈ ਰਣਜੀਤ ਸਿੰਘ ਤੇ ਸਾਥੀਆਂ ਵੱਲੋਂ ਘੱਲੂਘਾਰਾ ਸਮਾਗਮ 'ਚ ਨਾਅਰੇਬਾਜ਼ੀ
ਅੰਮ੍ਰਿਤਸਰ, 6 ਜੂਨ , ਕੰਵਰ ਪ੍ਰਤਾਪ ਸਿੰਘ-: ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਕੌਮੀ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਸਾਬਕਾ ਪ੍ਰਧਾਨ ਭਾਈ ਬਲਵੰਤ ਸਿੰਘ ਗੋਪਾਲਾ, ਸੀਨੀਅਰ ਮੀਤ ਪ੍ਰਧਾਨ ਭਾਈ ਭੁਪਿੰਦਰ ਸਿੰਘ ਛੇ ਜੂਨ ਤੇ ਭਾਈ ਅੰਗਦ ਸਿੰਘ ਖ਼ਾਲਸਾ ਦੀ ਅਗਵਾਈ 'ਚ ਜਥੇਬੰਦੀ ਦੇ ਨੌਜਵਾਨਾਂ ਤੇ ਸੰਗਤਾਂ ਨੇ ਜੂਨ 1984 ਦੇ ਘੱਲੂਘਾਰੇ ਦੀ 42ਵੀਂ ਵਰ੍ਹੇਗੰਢ 'ਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ਼ਹੀਦੀ ਸਮਾਗਮ ਵਿੱਚ ਹਾਜ਼ਰੀ ਭਰੀ ਤੇ ਇਸ ਦੌਰਾਨ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲੇ, ਭਾਈ ਅਮਰੀਕ ਸਿੰਘ, ਜਨਰਲ ਸ਼ਬੇਗ ਸਿੰਘ, ਬਾਬਾ ਠਾਹਰਾ ਸਿੰਘ ਜ਼ਿੰਦਾਬਾਦ ਅਤੇ ਖ਼ਾਲਿਸਤਾਨ ਜ਼ਿੰਦਾਬਾਦ ਦੀ ਬਹੁਤ ਜੋਸ਼ ਨਾਲ ਜਬਰਦਸਤ ਨਾਅਰੇਬਾਜ਼ੀ ਕੀਤੀ ਤੇ ਸ਼ਹੀਦਾਂ ਦੀਆਂ ਤਸਵੀਰਾਂ ਵਾਲੇ ਪੋਸਟਰ ਵੀ ਲਹਿਰਾਏ। ਫੈਡਰੇਸ਼ਨ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਜੂਨ 1984 ਦਾ ਤੀਜਾ ਘੱਲੂਘਾਰਾ ਪਹਿਲੇ ਦੋ ਘੱਲੂਘਾਰਿਆਂ ਨਾਲ਼ੋਂ ਵੀ ਵੱਧ ਭਿਆਨਕ, ਨੁਕਸਾਨਦਾਇਕ ਤੇ ਖ਼ਤਰਨਾਕ ਸੀ। ਭਾਰਤੀ ਫ਼ੌਜ ਨੇ ਮੁਗਲ ਹਕੂਮਤ ਨੂੰ ਵੀ ਮਾਤ ਪਾ ਦਿੱਤੀ ਸੀ। ਇਸ ਘੱਲੂਘਾਰੇ ਦੀ ਪੀੜ ਅੱਜ ਵੀ ਸਿੱਖ ਮਨਾਂ ਵਿੱਚ ਜਿਉਂ ਦੀ ਤਿਉਂ ਕਾਇਮ ਹੈ ਤੇ ਸਦਾ ਰਹੇਗੀ। ਸਿੱਖ ਨਾ ਤਾਂ ਇਸ ਘੱਲੂਘਾਰੇ ਨੂੰ ਭੁੱਲਣਗੇ, ਨਾ ਭੁੱਲ ਸਕਦੇ ਹਨ ਅਤੇ ਨਾ ਹੀ ਇਹ ਘੱਲੂਘਾਰਾ ਵਪਰਾਉਣ ਵਾਲ਼ੇ ਦੁਸ਼ਮਣਾਂ ਨੂੰ ਸਿੱਖ ਕਦੇ ਮਾਫ਼ ਕਰਨਗੇ। ਖ਼ਾਲਿਸਤਾਨ ਦੇ ਸੰਘਰਸ਼ ਨੂੰ ਬੁਲੰਦ ਕਰਕੇ ਹਰ ਸਿੱਖ ਭਾਰਤੀ ਹਕੂਮਤ ਨੂੰ ਮੂੰਹ-ਤੋੜਵਾਂ ਜਵਾਬ ਦੇਵੇ।
ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਸਿੱਖੀ ਦਾ ਮੁੱਖ ਧੁਰਾ, ਸਿੱਖਾਂ ਦਾ ਦਿਲ ਤੇ ਜਾਨੋਂ ਪਿਆਰਾ ਅਸਥਾਨ ਹੈ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਵੀ ਸਿੱਖ ਕੌਮ ਆਨ-ਸ਼ਾਨ ਤੇ ਬਾਦਸ਼ਾਹਤ ਦਾ ਪ੍ਰਤੀਕ ਹੈ ਤੇ ਇਹਨਾਂ ਦੀ ਪਵਿੱਤਰਤਾ ਦੀ ਰਾਖੀ ਲਈ ਸ਼ਹਾਦਤਾਂ ਪਾਉਣ ਤੋਂ ਵੀ ਕਦੇ ਪਿੱਛੇ ਨਹੀਂ ਹਟਦੇ। ਸਿੱਖਾਂ ਨਾਲ਼ ਤਾਂ ਧੱਕੇਸ਼ਾਹੀਆਂ ਬਾ-ਦਸਤੂਰ ਜਾਰੀ ਰਹੀਆਂ ਹਾਲਾਂਕਿ ਭਾਰਤ ਨੂੰ ਅਜ਼ਾਦ ਕਰਾਉਣ ਵਿੱਚ ਸਿੱਖ ਕੌਮ ਦਾ ਸਭ ਤੋਂ ਵੱਡਾ ਯੋਗਦਾਨ ਸੀ। ਜਦੋਂ ਪੰਥ ਤੇ ਪੰਜਾਬ ਦੇ ਹੱਕਾਂ ਲਈ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲ਼ਿਆਂ ਅਤੇ ਅਕਾਲੀ ਦਲ ਨੇ ਸ਼ਾਂਤਮਈ ਮੋਰਚਾ ਲਾਇਆ ਤਾਂ ਗੰਗੂ ਅਤੇ ਨਹਿਰੂ ਦੀ ਵਾਰਸ ਇੰਦਰਾ ਗਾਂਧੀ ਨੇ ਸ੍ਰੀ ਦਰਬਾਰ ਸਾਹਿਬ ’ਤੇ ਹਮਲਾ ਕਰਨ ਦੀ ਵਿਉਂਤ ਘੜ ਲਈ, ਭਾਜਪਾ ਨੇ ਵੀ ਕਾਂਗਰਸ ਨੂੰ ਸਮਰਥਨ ਦਿੱਤਾ ਤੇ ਅਖੌਤੀ ਅਕਾਲੀ ਵੀ ਗੱਦਾਰੀਆਂ ਕਰ ਗਏ ਸਨ। ਉਹਨਾਂ ਕਿਹਾ ਕਿ ਅਸੀਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਤੇ ਅਮਰ ਸ਼ਹੀਦ ਭਾਈ ਸਾਹਿਬ ਭਾਈ ਅਮਰੀਕ ਸਿੰਘ ਦੇ ਖਾਲਿਸਤਾਨ ਦੇ ਨਿਸ਼ਾਨੇ ਨੂੰ ਪੂਰਾ ਕਰਨ ਲਈ ਆਪਣੀ ਜਿੰਮੇਵਾਰੀ ਨਿਭਾਉਂਦੇ ਰਹਾਂਗੇ।
ਉਹਨਾਂ ਕਿਹਾ ਕਿ ਹੁਣ ਵੀ ਵਿਦੇਸ਼ਾਂ ਵਿੱਚ ਭਾਰਤ ਸਰਕਾਰ ਭਾਈ ਹਰਦੀਪ ਸਿੰਘ ਨਿੱਝਰ, ਭਾਈ ਪਰਮਜੀਤ ਸਿੰਘ ਪੰਜਵੜ ਤੇ ਭਾਈ ਅਵਤਾਰ ਸਿੰਘ ਖੰਡਾ ਨੂੰ ਸ਼ਹੀਦ ਕਰ ਚੁੱਕੀ ਹੈ ਤੇ ਸਿੱਖਾਂ ਨੂੰ ਦਬਾਉਣ ਦੀਆਂ ਤਮਾਮ ਕੋਸ਼ਿਸ਼ਾਂ ਹੋ ਰਹੀਆਂ ਨੇ, ਸਿੱਖੀ ਸਿਧਾਂਤ ਅਤੇ ਸਿੱਖੀ ਹੋਂਦ ਖਤਰੇ ਵਿੱਚ ਹੈ। ਉਹਨਾਂ ਕਿਹਾ ਕਿ ਖ਼ਾਲਿਸਤਾਨ ਜ਼ਿੰਦਾਬਾਦ ਦੇ ਨਾਹਰੇ ਲਾਉਣ ਵਾਲੇ ਅਣਖੀਲੇ ਸਿੱਖ ਨੌਜਵਾਨਾਂ ਨੂੰ ਭਾਜਪਾ ਦੇ ਹਮਾਇਤੀ ਬਾਬਾ ਹਰਨਾਮ ਸਿੰਘ ਧੁੰਮਾ ਤੇ ਸ਼੍ਰੋਮਣੀ ਕਮੇਟੀ ਬਾਦਲਕਿਆਂ ਦੇ ਮੈਂਬਰ ਭਗਵੰਤ ਸਿੰਘ ਸਿਆਲਕਾ ਵੱਲੋਂ ਹੁੱਲੜਬਾਜ ਕਹਿਣਾ ਸ਼ਰਮਨਾਕ ਬਿਆਨ ਹੈ ਇਹਨਾਂ ਲੋਕਾਂ ਦੀ ਜ਼ਮੀਰ ਮਰ ਚੁੱਕੀ ਹੈ ਤੇ ਇਹ ਬਾਦਲ, ਭਾਜਪਾ ਤੇ ਆਰ ਐਸ ਐਸ ਦੇ ਦਲਾਲ ਬਣ ਚੁੱਕੇ ਹਨ ਜਿਸ ਦਾ ਜਵਾਬ ਸ੍ਰੀ ਅਕਾਲ ਤਖਤ ਸਾਹਿਬ ਦੀ ਫ਼ਸੀਲ ਤੋਂ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਵੀ ਬਾਖੂਬੀ ਦਿੱਤਾ ਹੈ ਜੋ ਬਾਦਲ-ਭਾਜਪਾ ਦੇ ਮੂੰਹ 'ਤੇ ਕਰਾਰੀ ਚਪੇੜ ਹੈ। ਉਹਨਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਸ਼ਲਾਘਾ ਵੀ ਕੀਤੀ ਜਿਨ੍ਹਾਂ ਨੇ ਸੰਗਤਾਂ ਨੂੰ 6 ਜੂਨ ਨੂੰ ਅਕਾਲ ਤਖਤ ਸਾਹਿਬ ਵਿਖੇ ਜੁੜਨ ਦਾ ਸਹੀ ਸੱਦਾ ਦਿੱਤਾ ਸੀ ਇਸ ਮੌਕੇ ਜਨਰਲ ਸਕੱਤਰ ਭਾਈ ਗਗਨਦੀਪ ਸਿੰਘ ਸੁਲਤਾਨਵਿੰਡ, ਜਥੇਬੰਧਕ ਸਕੱਤਰ ਭਾਈ ਮਨਪ੍ਰੀਤ ਸਿੰਘ ਮੰਨਾ, ਭਾਈ ਸੁਖਵਿੰਦਰ ਸਿੰਘ ਨਿਜ਼ਾਮਪੁਰ, ਭਾਈ ਹਰੀ ਸਿੰਘ ਜਥੇਦਾਰ, ਭਾਈ ਮਨਪ੍ਰੀਤ ਸਿੰਘ ਸੋਨੂੰ, ਭਾਈ ਤਰਲੋਕ ਸਿੰਘ ਜਲੰਧਰ, ਭਾਈ ਹਰਪਾਲ ਸਿੰਘ ਬਹੋੜੂ, ਭਾਈ ਮਨਿੰਦਰ ਸਿੰਘ ਇੰਜੀਨੀਅਰ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਬੀਬੀ ਕੁਲਵਿੰਦਰ ਕੌਰ ਤੁਗਲਵਾਲਾ ਆਦਿ ਹਾਜ਼ਰ ਸਨ।
Leave a Reply