ਭਾਰਤ ਦਾ ਅਜ਼ਾਦੀ ਦਿਹਾੜਾ ਕਾਲ਼ੇ ਦਿਨ ਵਜੋਂ ਮਨਾਉਣਗੇ ਸਿੱਖ, ਰੋਸ ਮਾਰਚ 'ਚ ਸ਼ਾਮਲ ਹੋਣ ਸੰਗਤਾਂ : ਭਾਈ ਰਣਜੀਤ ਸਿੰਘ ਦਮਦਮੀ ਟਕਸਾਲ

ਭਾਰਤ ਦਾ ਅਜ਼ਾਦੀ ਦਿਹਾੜਾ ਕਾਲ਼ੇ ਦਿਨ ਵਜੋਂ ਮਨਾਉਣਗੇ ਸਿੱਖ, ਰੋਸ ਮਾਰਚ 'ਚ ਸ਼ਾਮਲ ਹੋਣ ਸੰਗਤਾਂ : ਭਾਈ ਰਣਜੀਤ ਸਿੰਘ ਦਮਦਮੀ ਟਕਸਾਲ

 ਅੰਮ੍ਰਿਤਸਰ, 13 ਅਗਸਤ ,ਜੁਗਰਾਜ ਸਿੰਘ ਸਰਹਾਲੀ 

 ਸਿੱਖ ਪ੍ਰਚਾਰਕ, ਪੰਥਕ ਲੇਖਕ ਅਤੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਕੌਮੀ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੌਮੀ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਅਤੇ ਦਲ ਖ਼ਾਲਸਾ ਤੇ ਹੋਰ ਜਥੇਬੰਦੀਆਂ ਵੱਲੋਂ 14 ਅਗਸਤ ਨੂੰ ਜਲੰਧਰ, ਪਟਿਆਲਾ ਅਤੇ ਫਿਰੋਜ਼ਪੁਰ ਵਿਖੇ ਕੀਤੇ ਜਾ ਰਹੇ ਰੋਸ ਮਾਰਚ ਵਿੱਚ ਸੰਗਤਾਂ ਵੱਧ-ਚੜ੍ਹ ਕੇ ਸ਼ਾਮਲ ਹੋਣ, ਜਿੱਥੇ ਭਾਰਤ ਦੇ ਅਜ਼ਾਦੀ ਦਿਵਸ 15 ਅਗਸਤ ਦਾ ਬਾਈਕਾਟ ਕਰਦਿਆਂ ਕਾਲ਼ਾ ਦਿਨ ਵਜੋਂ ਮਨਾਇਆ ਜਾਏਗਾ। ਸਿੱਖਾਂ ਨੂੰ ਪਿਛਲੇ 78 ਸਾਲ ਤੋਂ ਭਾਰਤ ਵਿੱਚ ਸੋਸ਼ਣ, ਬੇਇਨਸਾਫੀ, ਜ਼ਲਾਲਤ, ਜ਼ੁਲਮ ਅਤੇ ਗ਼ੁਲਾਮੀ ਭੋਗਣੀ ਪੈ ਰਹੀ ਹੈ ਅਤੇ ਸਿੱਖ ਕੌਮ ਆਪਣੇ ਵੱਖਰੇ ਆਜ਼ਾਦ ਮੁਲਕ ਖ਼ਾਲਿਸਤਾਨ ਦੀ ਸਥਾਪਨਾ ਲਈ ਸੰਘਰਸ਼ਸ਼ੀਲ ਹੈ। ਉਹਨਾਂ ਕਿਹਾ ਕਿ ਇਹ ਰੋਸ ਮਾਰਚ ਜੋ ਪੁਲਿਸ ਤਸ਼ਦੱਦ, ਹਿਰਾਸਤੀ ਮੌਤਾਂ, ਫਰਜ਼ੀ ਪੁਲਿਸ ਮੁਕਾਬਲੇ, ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ, ਸਜ਼ਾਵਾਂ ਪੂਰੀਆਂ ਕਰ ਚੁੱਕੇ ਨਜ਼ਰਬੰਦਾਂ ਨੂੰ ਰਿਹਾਅ ਨਾ ਕਰਨ, ਘੱਟ-ਗਿਣਤੀ ਕੌਮਾਂ ਦੀ ਆਵਾਜ਼ ਕੁਚਲਣ ਲਈ ਕਾਲੇ ਕਾਨੂੰਨਾਂ ਦੀ ਦੁਰਵਰਤੋਂ, ਦਿੱਲੀ ਵੱਲੋਂ ਪੰਜਾਬ ਨੂੰ ਹਿੰਦ-ਪਾਕਿ ਜੰਗ ਦਾ ਅਖਾੜਾ ਬਣਾਉਣ, ਖ਼ਾਲਿਸਤਾਨੀ ਸਿੱਖਾਂ ਦੇ ਗੈਰ-ਸੰਵਿਧਾਨਕ ਅਤੇ ਗੈਰ-ਕਾਨੂੰਨੀ ਕਤਲ, ਇੰਡੀਅਨ ਸਟੇਟ ਵੱਲੋਂ ਗੈਂਗਸਟਰਾਂ ਦੀ ਪੁਸ਼ਤਪਨਾਹੀ ਤੇ ਸਿੱਖ ਸੰਘਰਸ਼ ਨਾਲ ਰਲਗੱਡ ਕਰਨ ਦੀਆਂ ਸਾਜਸ਼ਾਂ ਦੇ ਵਿਰੁੱਧ ਹੈ। ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਗ਼ੁਲਾਮ ਕੌਮਾਂ ਆਪਣੇ ਸ਼ਾਸਕਾਂ ਦੇ ਰਾਸ਼ਟਰੀ ਦਿਨ ਨਹੀਂ ਮਨਾਉਂਦੀਆਂ, 26 ਜਨਵਰੀ ਅਤੇ 15 ਅਗਸਤ ਸਾਡੇ ਲਈ ਬੇ-ਮਾਇਨੇ ਹਨ। ਇਹ ਤਿਰੰਗਾ, ਸੰਵਿਧਾਨ ਅਤੇ ਰਾਸ਼ਟਰੀ ਗੀਤ ਸਾਡੇ ਲਈ ਬਿਗਾਨੇ ਹਨ। ਸਿੱਖ ਇੱਕ ਵੱਖਰੀ ਕੌਮ ਹੈ ਜੋ ਆਪਣੇ ਅਜ਼ਾਦ ਘਰ ਦੀ ਸਥਾਪਨਾ ਲਈ ਜੱਦੋ-ਜਹਿਦ ਵਿੱਚ ਜੁਟੀ ਹੋਈ ਹੈ। ਦਿੱਲੀ ਦਰਬਾਰ ਦੀਆਂ ਗ਼ੁਲਾਮੀ ਦੀਆਂ ਜ਼ੰਜੀਰਾਂ ਨੂੰ ਤੋੜਨ ਅਤੇ ਸਵੈ-ਨਿਰਣੇ ਦੇ ਹੱਕ ਨੂੰ ਪ੍ਰਾਪਤ ਕਰਨ ਤੇ ਸਿੱਖ ਰਾਜਸੀ ਕੈਦੀਆਂ ਦੀ ਬੰਦ-ਖ਼ਲਾਸੀ ਲਈ ਜੰਗ ਜਾਰੀ ਰਹੇਗੀ। ਸਿੱਖ ਸਵੈ-ਰਾਜ ਦੀ ਲੜਾਈ ਲਈ ਸ਼ਹਾਦਤਾਂ ਪਾਉਣ ਵਾਲੇ ਸਿੰਘ-ਸਿੰਘਣੀਆਂ ਸਾਡੇ ਲਈ ਪ੍ਰੇਰਨਾ ਸਰੋਤ ਅਤੇ ਸਤਿਕਾਰਯੋਗ ਹਨ। ਸਿੱਖ ਨੌਜਵਾਨ ਆਪਣੇ ਕੌਮੀ ਫ਼ਰਜਾਂ ਨੂੰ ਪਛਾਣਦੇ ਹੋਏ ਆਪਣੀ ਸ਼ਕਤੀ ਨੂੰ ਛੋਟੇ-ਛੋਟੇ ਹਿੱਸਿਆਂ 'ਚ ਖਿੰਡਾਉਣ ਦੀ ਜਗ੍ਹਾ ਇੱਕ ਥਾਂ ਇਕੱਠੀ ਕਰ ਕੇ ਕੌਮੀ ਕਾਰਜਾਂ ਲਈ ਵਰਤੋਂ ਵਿੱਚ ਲਿਆਉਣ। ਆਓ! ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ-ਸਤਿਕਾਰ, ਖ਼ਾਲਸਾ ਪੰਥ ਦੇ ਬੋਲ-ਬਾਲੇ, ਚੜ੍ਹਦੀ ਕਲਾ ਅਤੇ ਰਾਜ ਕਰੇਗਾ ਖ਼ਾਲਸਾ ਦੇ ਸੰਕਲਪ ਨੂੰ ਸਾਕਾਰ ਕਰਨ ਲਈ ਸੰਘਰਸ਼ਸ਼ੀਲ ਅਤੇ ਇੱਕਜੁੱਟ ਹੋਈਏ, ਕਲਗ਼ੀਧਰ ਪਾਤਸ਼ਾਹ ਜੀ ਸਹਾਈ ਹੋਣਗੇ। ਕੌਮ ਖ਼ਾਤਰ ਜੂਝਣ ਦਾ ਚਾਉ ਰੱਖਣ ਵਾਲਿਆਂ ਸਿੱਖ ਨੌਜਵਾਨਾਂ ਦਾ ਸਾਨੂੰ ਇੰਤਜ਼ਾਰ ਰਹੇਗਾ।