ਸਿੱਖ ਬਜ਼ੁਰਗ ’ਤੇ ਹਮਲਾ ਕੌਮ ਦਾ ਅਪਮਾਨ — ਜਥੇਦਾਰ ਦਾ ਸਖ਼ਤ ਸੰਦੇਸ਼

ਸਿੱਖ ਬਜ਼ੁਰਗ ’ਤੇ ਹਮਲਾ ਕੌਮ ਦਾ ਅਪਮਾਨ — ਜਥੇਦਾਰ ਦਾ ਸਖ਼ਤ ਸੰਦੇਸ਼

ਅੰਮ੍ਰਿਤਸਰ, 14 ਅਗਸਤ(ਜੁਗਰਾਜ ਸਿੰਘ ਸੰਧੂ)

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਅਮਰੀਕਾ ਦੇ ਕੈਲੀਫੋਰਨੀਆ ਸੂਬੇ ਦੇ ਨਾਰਥ ਹੋਲੀਵੁੱਡ ਵਿੱਚ 70 ਸਾਲਾ ਸਿੱਖ ਬਜ਼ੁਰਗ ਸ. ਹਰਪਾਲ ਸਿੰਘ ਉੱਤੇ ਹੋਏ ਨਫ਼ਰਤੀ ਹਮਲੇ ਦੀ ਤੀਬਰ ਨਿੰਦਾ ਕੀਤੀ ਹੈ। ਉਨ੍ਹਾਂ ਲਾਸ ਐਂਜਲੇਸ ਪੁਲਿਸ ਡਿਪਾਰਟਮੈਂਟ (ਐੱਲ.ਏ.ਪੀ.ਡੀ.) ਅਤੇ ਅਮਰੀਕੀ ਜਾਂਚ ਏਜੰਸੀਆਂ ਨੂੰ ਅਪੀਲ ਕੀਤੀ ਹੈ ਕਿ ਦੋਸ਼ੀ ਨੂੰ ਸਖ਼ਤ ਅਤੇ ਮਿਸਾਲੀ ਸਜ਼ਾ ਦਿੱਤੀ ਜਾਵੇ।

ਜਾਣਕਾਰੀ ਅਨੁਸਾਰ, ਸ. ਹਰਪਾਲ ਸਿੰਘ ਸੈਟੀਕੋਏ ਸਟ੍ਰੀਟ ਅਤੇ ਲੈਂਕਰਸ਼ਿਮ ਬੁਲੇਵਾਰਡ ਦੇ ਨੇੜੇ ਪੈਦਲ ਜਾ ਰਹੇ ਸਨ ਜਦੋਂ ਇੱਕ ਵਿਅਕਤੀ ਨੇ ਉਨ੍ਹਾਂ ਉੱਤੇ ਗੋਲਫ ਕਲੱਬ ਨਾਲ ਹਮਲਾ ਕਰ ਦਿੱਤਾ। ਉਹ ਇਸ ਵੇਲੇ ਹਸਪਤਾਲ ਵਿੱਚ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਹਨ। ਐੱਲ.ਏ.ਪੀ.ਡੀ. ਵੱਲੋਂ ਇੱਕ ਸ਼ੱਕੀ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਜਥੇਦਾਰ ਗੜਗੱਜ ਨੇ ਐੱਫ.ਬੀ.ਆਈ. ਦੀ 2024 ਦੀ ਨਫ਼ਰਤੀ ਅਪਰਾਧ ਰਿਪੋਰਟ ਦਾ ਹਵਾਲਾ ਦਿੰਦਿਆਂ ਕਿਹਾ ਕਿ ਭਾਵੇਂ ਅਮਰੀਕਾ ਵਿੱਚ ਸਿੱਖਾਂ ਵਿਰੁੱਧ ਹਮਲਿਆਂ ਵਿੱਚ ਥੋੜ੍ਹੀ ਕਮੀ ਆਈ ਹੈ, ਪਰ ਸਿੱਖ ਅਜੇ ਵੀ ਤੀਜੇ ਸਭ ਤੋਂ ਵੱਧ ਨਿਸ਼ਾਨਾ ਬਣਾਏ ਜਾਣ ਵਾਲੇ ਧਾਰਮਿਕ ਸਮੂਹ ਹਨ। 2024 ਵਿੱਚ ਸਿੱਖਾਂ ਵਿਰੁੱਧ 153 ਹਮਲੇ ਦਰਜ ਕੀਤੇ ਗਏ ਹਨ।

ਉਨ੍ਹਾਂ ਕਿਹਾ ਕਿ ਸਿੱਖ ਪਛਾਣ ਬਾਰੇ ਜਾਗਰੂਕਤਾ ਫੈਲਾਉਣ ਲਈ ਅਮਰੀਕਾ ਸਮੇਤ ਸੰਸਾਰ ਭਰ ਵਿੱਚ ਸਾਂਝੇ ਯਤਨਾਂ ਦੀ ਲੋੜ ਹੈ। ਜਥੇਦਾਰ ਨੇ ਅਮਰੀਕਾ ਸਥਿਤ ਸਿੱਖ ਸੰਸਥਾਵਾਂ ਨੂੰ ਸਥਾਨਕ ਲੋਕਾਂ ਵਿੱਚ ਜਾਗਰੂਕਤਾ ਫੈਲਾਉਣ ਅਤੇ ਵੱਧ ਸੁਰੱਖਿਆ ਪ੍ਰਬੰਧਾਂ ਦੀ ਮੰਗ ਕਰਨ ਲਈ ਇਕਜੁੱਟ ਹੋਣ ਦਾ ਅਹਵਾਨ ਕੀਤਾ। ਉਨ੍ਹਾਂ ਵਿਦੇਸ਼ਾਂ ਵਿੱਚ ਰਹਿੰਦੇ ਸਿੱਖਾਂ ਨੂੰ ਸੁਰੱਖਿਆ ਲਈ ਤਿਆਰ ਰਹਿਣ ਅਤੇ ਜਿੱਥੇ ਕਾਨੂੰਨੀ ਹੋਵੇ, ਉਥੇ ਹਥਿਆਰਧਾਰੀ ਹੋਣ ਦੀ ਵੀ ਸਲਾਹ ਦਿੱਤੀ।

ਜਥੇਦਾਰ ਗੜਗੱਜ ਨੇ ਭਾਰਤ ਦੇ ਵਿਦੇਸ਼ ਮੰਤਰੀ ਡਾ. ਐੱਸ. ਜੈਸ਼ੰਕਰ ਨੂੰ ਵੀ ਬੇਨਤੀ ਕੀਤੀ ਹੈ ਕਿ ਭਾਰਤੀ ਦੂਤਾਵਾਸ ਰਾਹੀਂ ਯਕੀਨੀ ਬਣਾਇਆ ਜਾਵੇ ਕਿ ਇਸ ਮਾਮਲੇ ਨੂੰ ਨਫ਼ਰਤੀ ਅਪਰਾਧ ਵਜੋਂ ਦਰਜ ਕੀਤਾ ਜਾਵੇ ਅਤੇ ਦੋਸ਼ੀ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਸ. ਹਰਪਾਲ ਸਿੰਘ ਦੇ ਪਰਿਵਾਰ ਨੂੰ ਭਰੋਸਾ ਦਿਵਾਇਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸਿੱਖ ਕੌਮ ਇਸ ਔਖੀ ਘੜੀ ਵਿੱਚ ਉਨ੍ਹਾਂ ਦੇ ਨਾਲ ਖੜੀ ਹੈ।