ਸੁਖਬੀਰ ਸਿੰਘ ਬਾਦਲ ਨੂੰ ਪੁਨਰ ਸੁਰਜੀਤ ਅਕਾਲੀ ਦਲ ਦੇ ਖਿਲਾਫ ਬੋਲਣ ਤੋਂ ਪਹਿਲਾਂ ਆਪਣੀ ਪੀੜੀ ਹੇਠਾਂ ਸੋਟੀ ਫੇਰਨੀ ਚਾਹੀਦੀ ਹੈ - ਢੀਂਡਸਾ, ਵਡਾਲਾ, ਛੋਟੇਪੁਰ।

ਸੁਖਬੀਰ ਸਿੰਘ ਬਾਦਲ ਨੂੰ ਪੁਨਰ ਸੁਰਜੀਤ ਅਕਾਲੀ ਦਲ ਦੇ ਖਿਲਾਫ ਬੋਲਣ ਤੋਂ ਪਹਿਲਾਂ ਆਪਣੀ ਪੀੜੀ ਹੇਠਾਂ ਸੋਟੀ ਫੇਰਨੀ ਚਾਹੀਦੀ ਹੈ - ਢੀਂਡਸਾ, ਵਡਾਲਾ, ਛੋਟੇਪੁਰ।

ਚੰਡੀਗੜ੍ਹ 20 ਮਾਰਚ, ਨਜ਼ਰਾਨਾ ਟਾਈਮਜ 
ਸ਼੍ਰੋਮਣੀ ਅਕਾਲੀ ਦਲ ਦੋ ਦਸੰਬਰ ਦੇ ਹੁਕਮਨਾਮਿਆਂ ਅਨੁਸਾਰ ਪੁਨਰ ਸੁਰਜੀਤ ਹੋਇਆ ਸੀ, ਜੋ ਪੰਥਕ ਭਾਵਨਾਵਾਂ ਅਨੁਸਾਰ ਕੰਮ ਕਰ ਰਿਹਾ ਹੈ। ਸੁਖਬੀਰ ਸਿੰਘ ਬਾਦਲ ਨੂੰ ਇਸ ਦੇ ਖਿਲਾਫ ਬੋਲਣ ਤੋਂ ਪਹਿਲਾਂ ਆਪਣੀ ਪੀੜੀ ਹੇਠ ਸੋਟੀ ਫੇਰਨੀ ਚਾਹੀਦੀ ਹੈ। ਇਹਨਾਂ ਗੱਲਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸਕੱਤਰ ਜਨਰਲ ਗੁਰਪ੍ਰਤਾਪ ਸਿੰਘ ਵਡਾਲਾ ਅਤੇ ਸੀਨੀਅਰ ਮੀਤ ਪ੍ਰਧਾਨ ਪਰਮਿੰਦਰ ਸਿੰਘ ਢੀਂਡਸਾ ਅਤੇ ਸੁੱਚਾ ਸਿੰਘ ਛੋਟੇਪੁਰ ਨੇ ਇੱਕ ਸਾਂਝੇ ਲਿਖਤੀ ਪ੍ਰੈਸ ਬਿਆਨ ਵਿੱਚ ਕੀਤਾ। ਤਿੰਨਾਂ ਨੇਤਾਵਾਂ ਨੇ ਕਿਹਾ ਕਿ ਦੋ ਦਸੰਬਰ 2024 ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਸਪਸ਼ਟ ਆਦੇਸ਼ ਹੋਏ ਸਨ ਕਿ ਅਕਾਲੀ ਦਲ ਦੀ ਨੈਤਿਕ ਅਧਿਕਾਰ ਗਵਾ ਚੁੱਕੀ ਲੀਡਰਸ਼ਿਪ ਦੀ ਥਾਂ ਨਵੀਂ ਭਰਤੀ ਕਰਕੇ ਨਵੀਂ ਲੀਡਰਸ਼ਿਪ ਨੂੰ ਉਭਾਰਿਆ ਜਾਵੇ। ਸ੍ਰੀ ਅਕਾਲ ਤਖਤ ਸਾਹਿਬ ਤੋਂ ਬਣੀ ਕਮੇਟੀ ਵਿੱਚੋਂ ਜਦੋਂ ਸੁਖਬੀਰ ਸਿੰਘ ਬਾਦਲ ਦਾ ਸਿਪਾਹੀ ਹਰਜਿੰਦਰ ਸਿੰਘ ਧਾਮੀ ਭਗੌੜਾ ਹੋ ਗਿਆ ਤਾਂ ਇਹਨਾਂ ਆਦੇਸ਼ਾਂ ਦੀ ਰੌਸ਼ਨੀ ਵਿੱਚ ਪੰਜ ਮੈਂਬਰੀ ਭਰਤੀ ਕਮੇਟੀ ਨੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਆਦੇਸ਼ ਲੈ ਕੇ ਭਰਤੀ ਮੁਹਿੰਮ ਸ਼ੁਰੂ ਕੀਤੀ ਸੀ, ਜਿਸ ਨੇ 15 ਲੱਖ ਤੋਂ ਵੱਧ ਲੋਕਾਂ ਦੀ ਭਰਤੀ ਕਰਕੇ ਡੈਲੀਗੇਟ ਹਾਊਸ ਚੁਣਿਆ। ਉਸ ਡੈਲੀਗੇਟ ਹਾਊਸ ਵਿੱਚ ਪੂਰਨ ਮਰਿਆਦਾ ਅਤੇ ਸੰਵਿਧਾਨਿਕ ਤਰੀਕੇ ਨਾਲ ਪੰਥ ਦੀ ਪਾਰਟੀ ਨੇ ਆਪਣਾ ਨਵਾਂ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੂੰ ਚੁਣਿਆ। ਉਨਾਂ ਨੇ ਆਪਣੀ ਸਹਾਇਤਾ ਲਈ ਪਾਰਟੀ ਦਾ ਪੂਰਾ ਜਥੇਬੰਦਕ ਢਾਂਚਾ ਉਸਾਰਿਆ ਜੋ ਪੰਜਾਬ ਵਿੱਚ ਵਿਚਰਦਿਆਂ ਲੋਕਾਂ ਦੀਆਂ ਭਾਵਨਾਵਾਂ ਅਨੁਸਾਰ ਕੰਮ ਕਰ ਰਿਹਾ ਹੈ।
ਇਹਨਾਂ ਨੇਤਾਵਾਂ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਅਕਾਲੀ ਦਲ ਦੇ ਦੋ ਵਿਚੋਂ ਇੱਕ ਚੁਣਿਆ ਹੋਇਆ ਐਮ.ਐਲ.ਏ, ਅੱਧ ਤੋਂ ਵੱਧ ਵਰਕਿੰਗ ਕਮੇਟੀ ਮੈਂਬਰ ਅਤੇ ਸਰਪ੍ਰਸਤ ਸ ਸੁਖਦੇਵ ਸਿੰਘ ਢੀਂਡਸਾ ਇਸ ਪੁਨਰ ਸੁਰਜੀਤ ਅਕਾਲੀ ਦਲ ਦੇ ਨਾਲ ਸਨ। ਇਸੇ ਲਈ ਚੋਣ ਨਿਸ਼ਾਨ ਤੱਕੜੀ ਉੱਤੇ ਵੀ ਸਾਡਾ ਦਾਅਵਾ ਬਣਦਾ ਹੈ। ਇਸ ਪੰਥਕ ਪਾਰਟੀ ਨੂੰ ਲੋਕਾਂ ਵੱਲੋਂ ਦਿੱਤੇ ਫੰਡ ਨਾਲ ਹੀ ਉਹ ਆਪਣੇ ਮੁੱਖ ਮੰਤਰੀ ਬਣਨ ਲਈ ਰੈਲੀਆਂ ਕਰ ਰਿਹਾ ਹੈ। ਉਹਨਾਂ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਪਹਿਲਾ ਐਸਾ ਬਦਕਿਸਮਤ ਮਨੁੱਖ ਹੈ ਜਿਸ ਨੇ ਸ੍ਰੀ ਅਕਾਲ ਤਖਤ ਸਾਹਿਬ 'ਤੇ ਆਪਣੇ ਗੁਨਾਹ ਬਖਸ਼ਾ ਲਏ, ਪਰ ਗੁਰੂ ਨਾਲ ਜੋੜਨ ਵਾਲੀ ਧਰਤੀ ਮੁਕਤਸਰ ਸਾਹਿਬ ਵਿੱਚ ਸਭ ਕਾਸੇ ਤੋਂ ਮੁੱਕਰ ਕੇ ਗੁਰੂ ਨੂੰ ਬੇਦਾਵਾ ਦੇ ਦਿੱਤਾ। ਐਸੇ ਬੇਦਾਵੀਏ ਮਨੁੱਖ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ਾਂ ਨਾਲ ਪੁਨਰ ਸੁਰਜੀਤ ਹੋਈ ਪੰਥ ਦੀ ਪਾਰਟੀ ਦੇ ਖਿਲਾਫ ਬੋਲਣ ਦਾ ਕੋਈ ਅਧਿਕਾਰ ਨਹੀਂ। ਇਸ ਤੋਂ ਪਹਿਲਾਂ ਸੁਖਬੀਰ ਦੇ ਪਿਤਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੀ ਜਥੇਦਾਰ ਜਗਦੇਵ ਸਿੰਘ ਤਲਵੰਡੀ ਅਤੇ ਸ ਗੁਰਚਰਨ ਸਿੰਘ ਟੌਹੜਾ ਨੂੰ ਕਾਂਗਰਸ ਦੇ ਏਜੰਟ ਕਹਿੰਦੇ ਰਹੇ, ਪਰ ਬਾਅਦ ਵਿੱਚ ਉਸੇ ਮੂੰਹ ਨਾਲ ਹੀ ਪੰਥ ਰਤਨ ਕਹਿਣਾ ਪਿਆ ਸੀ। ਹੁਣ ਸੁਖਬੀਰ ਨੂੰ ਵੀ ਪੰਥਕ ਪਾਰਟੀ ਖਿਲਾਫ ਬੋਲਣ ਲੱਗਿਆਂ ਆਪਣੀ ਜ਼ੁਬਾਨ ਤੇ ਕੰਟਰੋਲ ਰੱਖਣਾ ਚਾਹੀਦਾ ਹੈ ਕਿਤੇ ਐਸਾ ਨਾ ਹੋਵੇ ਕਿ ਪੰਥ ਵਿੱਚ ਵਾਪਸੀ ਲਈ ਉਸ ਕੋਲ ਕੋਈ ਆਖਰੀ ਰਾਹ ਵੀ ਨਾ ਬਚੇ। ਇਹਨਾਂ ਨੇਤਾਵਾਂ ਨੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਇਸ ਪੰਥਕ ਪਾਰਟੀ ਨਾਲ ਜੁੜਨ ਦੀ ਅਪੀਲ ਵੀ ਕੀਤੀ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.