ਬੇਅਦਬੀ ਮਾਮਲਿਆਂ 'ਚ ਸ਼੍ਰੋਮਣੀ ਕਮੇਟੀ ਬਾਦਲਕੇ ਖ਼ੁਦ ਦੋਸ਼ੀ...
- ਧਾਰਮਿਕ/ਰਾਜਨੀਤੀ
- 18 Apr, 2026 11:54 AM (Asia/Kolkata)
ਸੰਨ 2015 ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਉੱਤੇ ਲਗਾਤਾਰ ਹਮਲੇ ਹੋ ਰਹੇ ਹਨ। ਇਹਨਾਂ ਹਮਲਿਆਂ ਨੂੰ ਅੰਜ਼ਾਮ ਦੇਣ ਵਾਲੇ ਅਨੇਕਾਂ ਦੁਸ਼ਟਾਂ ਨੂੰ ਗੁਰੂ ਕੇ ਖ਼ਾਲਸੇ ਨੇ ਖ਼ਾਲਸਈ ਪ੍ਰੰਪਰਾਵਾਂ ਅਨੁਸਾਰ ਸੋਧਿਆ ਹੈ ਤੇ ਕੁਝ ਦੋਸ਼ੀਆਂ ਨੂੰ ਮਮੂਲੀ ਸਜ਼ਾਵਾਂ ਹੋਈਆਂ ਹਨ। ਕਈ ਦੋਸ਼ੀ ਛੇਤੀ ਹੀ ਜ਼ਮਾਨਤਾਂ ਕਰਵਾ ਕੇ ਸਰਕਾਰੀ ਸੁਰੱਖਿਆ ਹੇਠ ਸ਼ਰੇਆਮ ਘੁੰਮ ਰਹੇ ਨੇ ਜੋ ਸਿੱਖ ਕੌਮ ਨੂੰ ਚਿੜਾਉਂਦੇ ਹਨ। ਹਰ ਮਹੀਨੇ ਗੁਰੂ ਸਾਹਿਬ ਦੇ ਪਾਵਨ ਸਰੂਪ, ਪੋਥੀ ਜਾਂ ਗੁਟਕਾ ਸਾਹਿਬ ਦੇ ਅੰਗ ਪਾੜਨ ਦੀ ਮੰਦਭਾਗੀ ਘਟਨਾ ਵਾਪਰ ਜਾਂਦੀ ਹੈ ਜੋ ਸਿੱਖ ਕੌਮ ਨੂੰ ਬੇਹੱਦ ਪੀੜ ਤੇ ਸੰਤਾਪ ਦਿੰਦੀ ਹੈ। ਬੇਅਦਬੀਆਂ ਖ਼ਿਲਾਫ਼ ਤੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿਵਾਉਣ ਲਈ ਸਿੱਖਾਂ ਨੇ ਬੜੇ ਸੰਘਰਸ਼ ਕੀਤੇ, ਧਰਨੇ-ਮੋਰਚੇ ਲਾਏ, ਮਾਰਚ-ਪ੍ਰਦਰਸ਼ਨ ਕੀਤੇ, ਸੜਕਾਂ ਦੀ ਆਵਾਜਾਈ ਅਤੇ ਰੇਲਾਂ ਰੋਕੀਆਂ ਤੇ ਕਨੂੰਨੀ ਲੜਾਈ ਵੀ ਲੜੀ। ਪਰ ਹਕੂਮਤਾਂ, ਸਰਕਾਰਾਂ, ਅਦਾਲਤਾਂ, ਕਨੂੰਨ ਤੇ ਪੁਲਿਸ ਪ੍ਰਸ਼ਾਸਨ ਨੇ ਹਮੇਸ਼ਾਂ ਹੀ ਦੋਸ਼ੀਆਂ ਦੀ ਪੁਸ਼ਤ-ਪਨਾਹੀ ਕੀਤੀ ਹੈ ਤੇ ਸਿੱਖ ਕੌਮ ਨੂੰ ਖੱਜਲ-ਖੁਆਰੀ ਝੱਲਣੀ ਪਈ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਰੋਕੂ ਕਨੂੰਨ ਮਾਮਲੇ ਵਿੱਚ 6 ਅਪ੍ਰੈਲ ਨੂੰ ਸ਼੍ਰੋਮਣੀ ਕਮੇਟੀ ਨੇ ਸੰਪਰਦਾਵਾਂ ਤੇ ਜਥੇਬੰਦੀਆਂ ਦੀ ਇੱਕ ਮੀਟਿੰਗ ਸੱਦੀ। ਜਿਸ ਉੱਤੇ ਵਿਚਾਰ ਕਰਨੀ ਬਣਦੀ ਹੈ ਕਿ ਸ਼੍ਰੋਮਣੀ ਕਮੇਟੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਮਾਮਲੇ ਅਤੇ ਹੋਈਆਂ ਬੇਅਦਬੀਆਂ ਤੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਵਿੱਚ ਖ਼ੁਦ ਕਿੰਨੀ ਕੁ ਚਿੰਤਤ, ਗੰਭੀਰ ਤੇ ਸੰਜੀਦਾ ਹੈ। ਜਿਹੜੀ ਸ਼੍ਰੋਮਣੀ ਕਮੇਟੀ ਖ਼ੁਦ ਹੀ ਬੇਅਦਬੀ ਮਾਮਲਿਆਂ ਵਿੱਚ ਦਾਗ਼ੀ ਅਤੇ ਦੋਸ਼ੀ ਹੋਵੇ ਉਹ ਇਸ ਮੀਟਿੰਗ ਵਿੱਚ ਆਪਣੀ ਸਿਆਸਤ ਚਮਕਾਉਣ ਤੋਂ ਇਲਾਵਾ ਕੀ ਕੱਢੇਗੀ ਜਾਂ ਪਾਏਗੀ!
ਸ਼੍ਰੋਮਣੀ ਕਮੇਟੀ ਤਾਂ ਅਜੇ ਤੱਕ ਲਾਪਤਾ 328 ਪਾਵਨ ਸਰੂਪਾਂ ਬਾਰੇ ਸੰਗਤਾਂ ਨੂੰ ਸੱਚ ਨਹੀਂ ਦੱਸ ਸਕੀ। ਇਸ ਮਾਮਲੇ 'ਤੇ ਕੋਈ ਇਨਸਾਫ਼ ਨਾ ਕੀਤਾ ਤੇ ਗੁਰੂ ਦੇ ਸਤਿਕਾਰ ਲਈ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਅੱਗੇ ਮੋਰਚਾ ਲਾ ਕੇ ਬੈਠੇ ਪੰਥ-ਪ੍ਰਸਤ ਸਿੱਖਾਂ ਉਤੇ ਅਥਾਹ ਤਸ਼ੱਦਦ ਕੀਤਾ ਸੀ। ਤਖ਼ਤ ਸ੍ਰੀ ਕੇਸਗੜ ਸਾਹਿਬ ਅਤੇ ਅਤੇ ਗੁਰਦੁਆਰਾ ਬਾਬਾ ਗੁਰਦਿੱਤਾ ਜੀ (ਕੀਰਤਪੁਰ ਸਾਹਿਬ) ਤੇ ਹੋਰ ਅਨੇਕਾਂ ਅਜਿਹੇ ਬੇਅਦਬੀ ਦੇ ਮਾਮਲਿਆਂ 'ਚ ਸ਼੍ਰੋਮਣੀ ਕਮੇਟੀ ਖ਼ੁਦ ਦੋਸ਼ੀ ਹੈ। ਜਿਸ ਸੁਖਬੀਰ ਸਿੰਘ ਬਾਦਲ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁੱਖ ਮੰਨਿਆ ਕਿ ਉਸ ਦੇ ਰਾਜ ਵਿੱਚ ਹੋਈਆਂ ਬੇਅਦਬੀਆਂ ਦੇ ਦੋਸ਼ੀਆਂ ਨੂੰ ਉਸ ਨੇ ਬਚਾਇਆ ਹੈ, ਉਸ ਬਾਰੇ ਸ਼੍ਰੋਮਣੀ ਕਮੇਟੀ ਦਾ ਕੀ ਖ਼ਿਆਲ ਹੈ ? ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਤਾਂ ਕਹਿ ਰਹੇ ਹਨ ਕਿ ਉਹ ਸੁਖਬੀਰ ਸਿੰਘ ਬਾਦਲ ਦੇ ਸਿਪਾਹੀ ਹਨ ਜਿਸ ਉੱਤੇ ਉਹਨਾਂ ਨੂੰ ਬੜਾ ਮਾਣ ਹੈ।
ਅਜਿਹੀ ਹਲਕੀ ਸੋਚ, ਘਟੀਆ ਬਿਰਤੀ ਤੇ ਬਾਦਲਾਂ ਦੀ ਚਾਪਲੂਸੀ ਕਰਨ ਵਾਲਾ ਸ਼੍ਰੋਮਣੀ ਕਮੇਟੀ ਪ੍ਰਧਾਨ ਧਾਮੀ ਕੀ ਬੇਅਦਬੀ ਮਾਮਲੇ ਵਿੱਚ ਕਦੇ ਸੱਚ ਬੋਲ ਸਕੇਗਾ ? ਜਦੋਂ ਬਾਦਲਾਂ ਦੇ ਰਾਜ ਵਿੱਚ ਬੇਅਦਬੀਆਂ ਹੋਈਆਂ ਸਨ ਅਤੇ ਇਨਸਾਫ਼ ਮੰਗਦੇ ਸਿੰਘਾਂ ਨੂੰ ਗੋਲ਼ੀਆਂ ਨਾਲ ਭੁੰਨਿਆ ਗਿਆ, ਅਨੇਕਾਂ ਸੰਗਤਾਂ ਨੂੰ ਜ਼ਖ਼ਮੀ ਕੀਤਾ ਗਿਆ ਕੀ ਓਦੋਂ ਸ਼੍ਰੋਮਣੀ ਕਮੇਟੀ ਨੇ ਬੇਅਦਬੀਆਂ ਦੇ ਖ਼ਿਲਾਫ਼ ਕੋਈ ਇਕੱਠ ਸੱਦਿਆ ਸੀ ? ਜਥੇਬੰਦੀਆਂ ਦੀ ਮੀਟਿੰਗ ਬੁਲਾਈ ਸੀ ? ਨਿੰਦਾ ਮਤੇ ਪਾਸ ਕੀਤੇ ਸਨ ? ਇਹਨਾਂ ਦੀ ਟਾਸਕ ਫੋਰਸ ਸੜਕਾਂ ਉੱਤੇ ਉਤਰੀ ਸੀ ? ਸ਼੍ਰੋਮਣੀ ਕਮੇਟੀ ਨੇ ਗੁਰੂ ਸਾਹਿਬ ਦੀ ਬੇਅਦਬੀ ਰੋਕਣ ਅਤੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਬਾਦਲ ਸਰਕਾਰ ਉੱਤੇ ਕਿੰਨਾ ਕੁ ਦਬਾਅ ਪਾਇਆ ਸੀ ? ਉਹਨਾਂ ਖਿਲਾਫ ਕਿੰਨੀਆਂ ਕੁ ਪ੍ਰੈੱਸ ਕਾਨਫਰੰਸਾਂ ਕੀਤੀਆਂ ਸਨ ?
ਉਦੋਂ ਤਾਂ ਸੁਖਬੀਰ ਬਾਦਲ ਜੋ ਧਰਨੇ ਲਾਉਣ ਵਾਲੇ ਸਿੱਖਾਂ ਨੂੰ ਵਿਹਲੇ ਦੱਸਦਾ ਸੀ, ਸ਼੍ਰੋਮਣੀ ਕਮੇਟੀ ਉਹਨਾਂ ਸਾਰੇ ਸਿੱਖਾਂ ਨੂੰ ਕਾਂਗਰਸੀ ਆਖਦੀ ਸੀ, ਇਹਨਾਂ ਦੇ ਮੈਨੇਜਰ ਤੇ ਸਕੱਤਰ ਸਿੱਖ ਸੰਗਤਾਂ ਦਾ ਮਜ਼ਾਕ ਉਡਾਉਂਦੇ ਸਨ। ਜਦੋਂ ਪੂਰੀ ਸਿੱਖ ਕੌਮ ਪੀੜ ਤੇ ਸੰਤਾਪ ਝੱਲ ਰਹੀ ਸੀ ਉਦੋਂ ਸ਼੍ਰੋਮਣੀ ਕਮੇਟੀ ਆਪਣੇ ਦਫਤਰਾਂ ਵਿੱਚ ਬੈਠ ਕੇ ਐਸ਼ ਕਰ ਰਹੀ ਸੀ ਤੇ ਹੁਣ ਇਹਨਾਂ ਨੂੰ ਬੇਅਦਬੀ ਮਾਮਲੇ ਵਿੱਚ ਭਲਾ ਹੇਜ ਕਿੱਥੋਂ ਜਾਗ ਗਿਆ ? ਜਿਹੜੀਆਂ ਸੰਪਰਦਾਵਾਂ ਤੇ ਜਥੇਬੰਦੀਆਂ ਨੂੰ ਬੁਲਾਇਆ ਹੈ ਉਹਨਾਂ ਵਿੱਚੋਂ ਵੀ ਕਿੰਨੇ ਕੁ ਸੰਤਾਂ-ਮਹਾਂਪੁਰਸ਼ਾਂ ਤੇ ਆਗੂਆਂ ਨੇ ਉਸ ਸਮੇਂ ਆਪਣਾ ਫਰਜ਼ ਨਿਭਾਇਆ ਸੀ ? ਅਕਾਲੀ ਦਲ ਬਾਦਲ, ਸ਼੍ਰੋਮਣੀ ਕਮੇਟੀ ਤੇ ਬਾਬੇ ਧੁੰਮੇ ਦਾ ਸਾਰਾ ਗਰੁੱਪ ਉਸ ਸਮੇਂ ਬੇਅਦਬੀ ਦੇ ਦੋਸ਼ੀ ਸਿੱਖਾਂ ਨੂੰ ਹੀ ਦੱਸਦੇ ਰਹੇ ਸਨ। ਮੀਟਿੰਗ ਵਿੱਚ ਆਉਣ ਵਾਲੇ ਸੰਤ ਬਾਬਿਆਂ ਤੇ ਆਗੂਆਂ ਨੂੰ ਕਿੰਨੀ ਕੁ ਕਾਨੂੰਨ ਬਾਰੇ ਜਾਣਕਾਰੀ ਹੈ ? ਉਹ ਕਿੰਨੇ ਕੁ ਖ਼ਾਲਸਾਈ ਪ੍ਰੰਪਰਾਵਾਂ ਉਤੇ ਪਹਿਰਾ ਦੇਣ ਵਾਲੇ ਹਨ ? ਸਿੱਧੀ ਗੱਲ ਹੈ ਕਿ ਭਗਵੰਤ ਮਾਨ ਹੋਵੇ ਚਾਹੇ ਸ਼੍ਰੋਮਣੀ ਕਮੇਟੀ ਬਾਦਲਕੇ ਇਹ ਸਭ ਬੇਅਦਬੀ ਦੇ ਮਾਮਲਿਆਂ ਵਿੱਚ ਸਿਆਸਤ ਕਰ ਰਹੇ ਹਨ ਕਿਸੇ ਨੂੰ ਸਿਆਸੀ ਕੁਰਸੀ ਕਾਇਮ ਰੱਖਣ ਅਤੇ ਕਿਸੇ ਨੂੰ ਕੁਰਸੀ 'ਤੇ ਬਹਿਣ ਦੀ ਹੋੜ ਲੱਗੀ ਹੋਈ ਹੈ। ਇਹਨਾਂ ਵਿੱਚੋਂ ਸਿੱਖਾਂ ਦੇ ਦਰਦ ਨੂੰ ਕੋਈ ਨਹੀਂ ਸਮਝ ਸਕਦਾ। ਬਾਦਲ, ਕੈਪਟਨ, ਭਗਵੰਤ ਮਾਨ ਵਾਂਗ ਬੇਅਦਬੀ ਮਾਮਲਿਆਂ ਵਿੱਚ ਸ਼੍ਰੋਮਣੀ ਕਮੇਟੀ ਵੀ ਵੱਡੀ ਦੋਸ਼ੀ ਹੈ।
ਰਣਜੀਤ ਸਿੰਘ ਦਮਦਮੀ ਟਕਸਾਲ
(ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ)
ਮੋ: 8872293883.
Leave a Reply