ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਵੱਲੋਂ ਡੇਢ ਲੱਖ ਬੂਟੇ ਲਗਾਉਣ ਦਾ ਟੀਚਾ ਪੂਰਾ ਕਰਨ ਲਈ ਸੇਵਾ ਲਗਾਤਾਰ ਜਾਰੀ
- ਸਮਾਜ ਸੇਵਾ
- 31 Jul, 2026 07:38 AM (Asia/Kolkata)
ਸਰਹਾਲੀ ਤੋਂ ਚੋਹਲਾ ਸਾਹਿਬ ਸੜਕ ’ਤੇ ਵੱਡੇ ਪੱਧਰ ’ਤੇ ਕੀਤੀ ਗਈ ਬੂਟੇ ਲਗਾਉਣ ਦੀ ਸੇਵਾ
ਰਾਕੇਸ਼ ਨਈਅਰ
ਚੋਹਲਾ ਸਾਹਿਬ/ਤਰਨਤਾਰਨ,30 ਜੁਲਾਈ
ਵਾਤਾਵਰਨ ਦੀ ਸੰਭਾਲ ਦੇ ਉਦੇਸ਼ ਨਾਲ ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਵੱਲੋਂ ਇਸ ਸਾਲ ਡੇਢ ਲੱਖ ਬੂਟੇ ਲਗਾਉਣ ਦੇ ਟੀਚੇ ਨੂੰ ਪੂਰਾ ਕਰਨ ਲਈ ਵਿਸ਼ਾਲ ਪੱਧਰ ’ਤੇ ਬੂਟੇ ਲਗਾਉਣ ਦੀ ਸੇਵਾ ਨਿਰੰਤਰ ਜਾਰੀ ਹੈ।ਮਹਾਂਪੁਰਖ ਸੰਤ ਬਾਬਾ ਸੁੱਖਾ ਸਿੰਘ ਜੀ ਦੀ ਅਗਵਾਈ ਹੇਠ ਹਰ ਸਾਲ ਬਰਸਾਤ ਦੇ ਮੌਸਮ ਦੌਰਾਨ ਇਹ ਸੇਵਾ ਬਹੁਤ ਹੀ ਸੁਚੱਜੇ ਢੰਗ ਨਾਲ ਕੀਤੀ ਜਾਂਦੀ ਹੈ,ਜਿਸ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ,ਨੌਜਵਾਨਾਂ ਅਤੇ ਸੇਵਾਦਾਰਾਂ ਵੱਲੋਂ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ ਜਾਂਦੀ ਹੈ।
ਜਾਣਕਾਰੀ ਦਿੰਦਿਆਂ ਸੇਵਾਦਾਰਾਂ ਨੇ ਦੱਸਿਆ ਕਿ ਇਸ ਸਾਲ ਦਾ ਬੂਟੇ ਲਗਾਉਣ ਦਾ ਸੇਵਾ ਕਾਰਜ 1 ਜੁਲਾਈ ਤੋਂ ਆਰੰਭ ਕੀਤਾ ਗਿਆ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਵੱਖ-ਵੱਖ ਸੜਕਾਂ, ਲਿੰਕ ਮਾਰਗਾਂ ਅਤੇ ਜਨਤਕ ਥਾਵਾਂ ’ਤੇ ਹਜ਼ਾਰਾਂ ਬੂਟੇ ਲਗਾਏ ਜਾ ਚੁੱਕੇ ਹਨ। ਸੰਪਰਦਾਇ ਦਾ ਉਦੇਸ਼ ਸਿਰਫ਼ ਰੁੱਖ ਲਗਾਉਣਾ ਹੀ ਨਹੀਂ,ਸਗੋਂ ਲੋਕਾਂ ਵਿੱਚ ਵਾਤਾਵਰਨ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਅਤੇ ਹਰ ਵਿਅਕਤੀ ਨੂੰ ਕੁਦਰਤ ਦੀ ਸੰਭਾਲ ਲਈ ਆਪਣਾ ਯੋਗਦਾਨ ਪਾਉਣ ਲਈ ਪ੍ਰੇਰਿਤ ਕਰਨਾ ਵੀ ਹੈ।
ਆਸਟ੍ਰੇਲੀਆ ਦੀ ਗੁਰਮਤਿ ਪ੍ਰਚਾਰ ਫੇਰੀ ਤੋਂ ਵਾਪਸ ਪਰਤਣ ਉਪਰੰਤ ਸੰਤ ਬਾਬਾ ਸੁੱਖਾ ਸਿੰਘ ਜੀ ਨੇ ਤੁਰੰਤ ਇਸ ਸੇਵਾ ਕਾਰਜ ਦੀ ਕਮਾਨ ਸੰਭਾਲ ਲਈ ਅਤੇ ਖੁਦ ਸੰਗਤਾਂ ਦੇ ਨਾਲ ਬੂਟੇ ਲਗਾਉਣ ਦੀ ਸੇਵਾ ਵਿੱਚ ਸ਼ਾਮਲ ਹੋ ਰਹੇ ਹਨ।ਬਾਬਾ ਜੀ ਦਾ ਮੰਨਣਾ ਹੈ ਕਿ ਗੁਰਬਾਣੀ ਮਨੁੱਖ ਨੂੰ ਕੁਦਰਤ ਨਾਲ ਪਿਆਰ ਕਰਨ ਅਤੇ ਪਰਮਾਤਮਾ ਦੀ ਰਚਨਾ ਦੀ ਸੰਭਾਲ ਕਰਨ ਦੀ ਪ੍ਰੇਰਨਾ ਦਿੰਦੀ ਹੈ। ਇਸ ਲਈ ਰੁੱਖ ਲਗਾਉਣਾ ਕੇਵਲ ਸਮਾਜਿਕ ਫ਼ਰਜ਼ ਹੀ ਨਹੀਂ, ਸਗੋਂ ਇੱਕ ਮਹਾਨ ਧਾਰਮਿਕ ਅਤੇ ਮਨੁੱਖਤਾ ਦੀ ਸੇਵਾ ਵੀ ਹੈ।
ਅੱਜ ਇਸ ਮੁਹਿੰਮ ਤਹਿਤ ਸਰਹਾਲੀ ਤੋਂ ਚੋਹਲਾ ਸਾਹਿਬ ਨੂੰ ਜਾਂਦੀ ਸੜਕ ਦੇ ਦੋਵੇਂ ਪਾਸੇ ਵੱਡੇ ਪੱਧਰ ’ਤੇ ਛਾਂਦਾਰ ਅਤੇ ਫਲਦਾਰ ਬੂਟੇ ਲਗਾਏ ਗਏ।ਇਸ ਦੇ ਨਾਲ ਹੀ ਪਹਿਲਾਂ ਲਗਾਏ ਜਾ ਚੁੱਕੇ ਬੂਟਿਆਂ ਦੀ ਸਾਂਭ ਸੰਭਾਲ ਦੇ ਯਤਨ ਕੀਤੇ ਗਏ।ਸੇਵਾਦਾਰਾਂ ਨੇ ਬੂਟੇ ਲਗਾਉਣ ਦੇ ਨਾਲ-ਨਾਲ ਉਨ੍ਹਾਂ ਨੂੰ ਸੁਰੱਖਿਅਤ ਰੱਖਣ ਲਈ ਲੋੜੀਂਦੇ ਪ੍ਰਬੰਧ ਵੀ ਕੀਤੇ ਤਾਂ ਜੋ ਇਹ ਬੂਟੇ ਸਹੀ ਢੰਗ ਨਾਲ ਵਿਕਸਤ ਹੋ ਸਕਣ।
ਇਸ ਮੌਕੇ ਬਾਬਾ ਜੀ ਵਲੋਂ ਸੰਗਤ ਅਤੇ ਰਸਤੇ ਵਿਚ ਜਾ ਰਹੇ ਰਾਹਗੀਰਾਂ ਨੂੰ ਬੂਟੇ ਵੰਡੇ ਅਤੇ ਆਪਣੇ ਆਪਣੇ ਘਰਾਂ ਤੇ ਖੇਤਾਂ ਵਿਚ ਬੂਟੇ ਲਗਾਉਣ ਦੀ ਪ੍ਰੇਰਨਾ ਕੀਤੀ।ਇਸ ਮੌਕੇ ਵੱਖ-ਵੱਖ ਪਿੰਡਾਂ ਦੀਆਂ ਸੰਗਤਾਂ ਨੇ ਵੱਡੇ ਉਤਸ਼ਾਹ ਨਾਲ ਸੇਵਾ ਨਿਭਾਈ ਅਤੇ ਵਾਤਾਵਰਨ ਸੰਭਾਲ ਲਈ ਸੰਪਰਦਾਇ ਵੱਲੋਂ ਚਲਾਈ ਜਾ ਰਹੀ ਇਸ ਮੁਹਿੰਮ ਦੀ ਭਰਪੂਰ ਸ਼ਲਾਘਾ ਕੀਤੀ।
ਅੱਜ ਦੀ ਸੇਵਾ ਵਿੱਚ ਬਾਬਾ ਮੰਗਤ ਸਿੰਘ ਜੀ ਝਾੜ ਸਾਹਿਬ ਵਾਲੇ,ਕੰਵਲਜੀਤ ਸਿੰਘ ਠੱਠਾ ਅਤੇ ਹੋਰ ਕਈ ਪਤਵੰਤੇ ਸੱਜਣਾਂ ਨੇ ਹਾਜ਼ਰੀ ਭਰ ਕੇ ਸੇਵਾ ਵਿੱਚ ਆਪਣਾ ਯੋਗਦਾਨ ਪਾਇਆ। ਇਸ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਨੌਜਵਾਨ ਸੇਵਾਦਾਰ, ਬਜ਼ੁਰਗ,ਮਹਿਲਾਵਾਂ ਅਤੇ ਵੱਖ-ਵੱਖ ਪਿੰਡਾਂ ਤੋਂ ਪਹੁੰਚੀਆਂ ਸੰਗਤਾਂ ਨੇ ਪੂਰੇ ਉਤਸ਼ਾਹ ਨਾਲ ਬੂਟੇ ਲਗਾਏ ਅਤੇ ਉਨ੍ਹਾਂ ਦੀ ਸੰਭਾਲ ਦਾ ਵੀ ਅਹਿਦ ਕੀਤਾ।
ਇਸ ਮੌਕੇ ਬਾਬਾ ਜੀ ਨੇ ਕਿਹਾ ਕਿ ਵਧ ਰਹੇ ਪ੍ਰਦੂਸ਼ਣ, ਗਲੋਬਲ ਵਾਰਮਿੰਗ ਅਤੇ ਜਲਵਾਯੂ ਪਰਿਵਰਤਨ ਵਰਗੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਵੱਧ ਤੋਂ ਵੱਧ ਰੁੱਖ ਲਗਾਉਣਾ ਸਮੇਂ ਦੀ ਮੁੱਖ ਲੋੜ ਹੈ। ਜੇਕਰ ਹਰ ਵਿਅਕਤੀ ਆਪਣੇ ਜੀਵਨ ਵਿੱਚ ਘੱਟੋ-ਘੱਟ ਇੱਕ ਰੁੱਖ ਲਗਾ ਕੇ ਉਸ ਦੀ ਸੰਭਾਲ ਕਰਨ ਦਾ ਸੰਕਲਪ ਕਰ ਲਵੇ ਤਾਂ ਆਉਣ ਵਾਲੇ ਸਮੇਂ ਵਿੱਚ ਵਾਤਾਵਰਨ ਨੂੰ ਕਾਫ਼ੀ ਹੱਦ ਤੱਕ ਸੁਰੱਖਿਅਤ ਬਣਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਵੱਲੋਂ ਧਾਰਮਿਕ ਅਤੇ ਸਮਾਜਿਕ ਸੇਵਾਵਾਂ ਦੇ ਨਾਲ-ਨਾਲ ਵਾਤਾਵਰਨ ਸੰਭਾਲ ਦੇ ਖੇਤਰ ਵਿੱਚ ਵੀ ਨਿਰੰਤਰ ਯੋਗਦਾਨ ਪਾਇਆ ਜਾ ਰਿਹਾ ਹੈ,ਜੋ ਸਮਾਜ ਲਈ ਪ੍ਰੇਰਣਾਦਾਇਕ ਹੈ।
ਸੰਪਰਦਾਇ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਵੀ ਵੱਖ-ਵੱਖ ਇਲਾਕਿਆਂ ਵਿੱਚ ਇਹ ਬੂਟੇ ਲਗਾਉਣ ਦੀ ਮੁਹਿੰਮ ਲਗਾਤਾਰ ਜਾਰੀ ਰਹੇਗੀ ਅਤੇ ਇਸ ਸਾਲ ਨਿਰਧਾਰਤ ਡੇਢ ਲੱਖ ਬੂਟੇ ਲਗਾਉਣ ਦੇ ਟੀਚੇ ਨੂੰ ਪੂਰਾ ਕਰਕੇ ਪੰਜਾਬ ਦੀ ਧਰਤੀ ਨੂੰ ਹੋਰ ਹਰਿਆ-ਭਰਿਆ ਬਣਾਉਣ ਲਈ ਯਤਨ ਜਾਰੀ ਰੱਖੇ ਜਾਣਗੇ।
Leave a Reply