ਬੀਬੀ ਕੁਲਵਿੰਦਰ ਕੌਰ ਖ਼ਾਲਸਾ ਦੀ ਸਿੱਖ ਸੰਘਰਸ਼ 'ਚ ਵੱਡੀ ਕੁਰਬਾਨੀ ਅਤੇ ਘਾਲਣਾ ਹੈ : ਇਮਾਨ ਸਿੰਘ ਮਾਨ
- ਰਾਜਨੀਤੀ
- 31 Jul, 2026 01:08 PM (Asia/Kolkata)
ਪੰਥਕ ਆਗੂਆਂ ਤੇ ਸੰਗਤਾਂ ਨੂੰ ਸੰਘਰਸ਼ੀ ਪੈਂਡੇ ਕਿਤਾਬ ਭੇਟ ਕੀਤੀ
ਗੁਰਦਾਸਪੁਰ, 31 ਜੁਲਾਈ , ਜੁਗਰਾਜ ਸਿੰਘ ਸਰਹਾਲੀ- ਪਿਛਲੇ ਦਿਨੀਂ ਬਟਾਲਾ ਵਿਖੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜ਼ਿਲ੍ਹਾ ਪ੍ਰਧਾਨ ਸ. ਗੁਰਬਚਨ ਸਿੰਘ ਪਵਾਰ ਦੀ ਅਗਵਾਈ ਹੇਠ ਵਿਸ਼ੇਸ਼ ਮੀਟਿੰਗ ਹੋਈ, ਜਿਸ ਵਿੱਚ ਪਾਰਟੀ ਦੇ ਪ੍ਰਮੁੱਖ ਅਹੁਦੇਦਾਰਾਂ ਤੋਂ ਇਲਾਵਾ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਸਰਦਾਰ ਇਮਾਨ ਸਿੰਘ ਮਾਨ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਇਸ ਮੌਕੇ ਸ. ਇਮਾਨ ਸਿੰਘ ਮਾਨ ਨੇ ਸਮੂਹ ਅਹੁਦੇਦਾਰਾਂ ਅਤੇ ਵਰਕਰਾਂ ਨੂੰ ਅਪੀਲ ਕੀਤੀ ਕਿ 28 ਅਗਸਤ ਨੂੰ ਬਾਬਾ ਬਕਾਲਾ ਵਿਖੇ ਰੱਖੜ ਪੁੰਨਿਆ ਦੇ ਸੰਬੰਧ 'ਚ ਹੋ ਰਹੀ ਕਾਨਫਰੰਸ ਨੂੰ ਸਫ਼ਲ ਬਣਾਉਣ ਲਈ ਆਪਣਾ ਪੂਰਾ ਜ਼ੋਰ ਲਗਾਇਆ ਜਾਏ। ਬਾਬਾ ਬਕਾਲਾ ਵਿਖੇ ਹੋ ਰਹੀ ਇਹ ਕਾਨਫਰੰਸ ਮਨੁੱਖੀ ਅਧਿਕਾਰਾਂ ਦੇ ਰਾਖੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਹੋਵੇਗੀ। ਮੀਟਿੰਗ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਇਸਤਰੀ ਵਿੰਗ ਦੀ ਸੀਨੀਅਰ ਮੀਤ ਪ੍ਰਧਾਨ ਬੀਬੀ ਕੁਲਵਿੰਦਰ ਕੌਰ ਖਾਲਸਾ ਨੇ ਆਪਣੀ ਲਿਖੀ ਪੁਸਤਕ 'ਸੰਘਰਸ਼ੀ ਪੈਂਡੇ' ਪਾਰਟੀ ਦੇ ਕਾਰਜਕਾਰੀ ਪ੍ਰਧਾਨ ਸ. ਇਮਾਨ ਸਿੰਘ ਮਾਨ (ਸਪੁੱਤਰ ਸਰਦਾਰ ਸਿਮਰਨਜੀਤ ਸਿੰਘ ਮਾਨ) ਅਤੇ ਜ਼ਿਲ੍ਹਾ ਪ੍ਰਧਾਨ ਸ. ਗੁਰਬਚਨ ਸਿੰਘ ਪਵਾਰ ਨੂੰ ਭੇਟ ਕੀਤੀ। ਸਰਦਾਰ ਇਮਾਨ ਸਿੰਘ ਮਾਨ ਨੇ ਕਿਤਾਬ ਦੇ ਫਰੰਟ ਪੇਜ ਉੱਤੇ ਬੀਬੀ ਕੁਲਵਿੰਦਰ ਕੌਰ ਖਾਲਸਾ ਦੀ ਜਵਾਨੀ ਵੇਲੇ ਦੀ ਫੋਟੋ ਅਤੇ ਸ਼ਹੀਦ ਭਾਈ ਪਰਮਜੀਤ ਸਿੰਘ ਬਾਬਾ ਨੰਦ ਦੀ ਫੋਟੋ 'ਤੇ ਝਾਤ ਮਾਰਦਿਆਂ ਬੜੇ ਹੀ ਮਜਾਕੀਆ ਲਹਿਜੇ ਵਿੱਚ ਕਿਹਾ ਕਿ "ਬੀਬੀ ਜੀ ਤੁਹਾਡੇ ਹੱਥ ਵਿੱਚ ਫੜੀ ਪਿਸਟਲ ਨੂੰ ਵੇਖ ਕੇ ਮੈਨੂੰ ਤਾਂ ਹੁਣ ਤੁਹਾਡੇ ਤੋਂ ਡਰ ਲੱਗਣ ਲੱਗ ਪਿਆ ਹੈ।" ਉਪਰੰਤ ਸਰਦਾਰ ਮਾਨ ਨੇ ਬੀਬੀ ਕੁਲਵਿੰਦਰ ਕੌਰ ਖਾਲਸਾ ਜੀ ਦੇ ਸੰਘਰਸ਼ੀ ਜੀਵਨ ਬਾਰੇ ਚਾਨਣਾ ਪਾਇਆ ਅਤੇ ਕਿਹਾ ਕਿ ਬੀਬੀ ਕੁਲਵਿੰਦਰ ਕੌਰ ਖਾਲਸਾ ਦੀ ਸਿੱਖ ਸੰਘਰਸ਼ ਵਿੱਚ ਵੱਡੀ ਕੁਰਬਾਨੀ ਅਤੇ ਘਾਲਣਾ ਹੈ। ਆਪਣੇ ਪਤੀ ਦੀ ਸ਼ਹਾਦਤ ਤੋਂ ਬਾਅਦ ਵੀ ਉਹਨਾਂ ਨੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਸੋਚ, ਸੰਘਰਸ਼ ਅਤੇ ਨਿਸ਼ਾਨੇ ਉੱਤੇ ਡੱਟ ਕੇ ਪਹਿਰਾ ਦਿੱਤਾ ਤੇ ਹੁਣ ਵੀ ਅਕਾਲੀ ਦਲ ਅੰਮ੍ਰਿਤਸਰ ਰਾਹੀਂ ਪੰਥ ਦੀ ਸੇਵਾ ਵਿੱਚ ਡਟੇ ਹੋਏ ਹਨ। ਉਹਨਾਂ ਕਿਹਾ ਕਿ ਬੀਬੀ ਕੁਲਵਿੰਦਰ ਕੌਰ ਦੇ ਜੀਵਨ ਦਾ ਇੱਕ ਇੱਕ ਪਲ ਸੰਘਰਸ਼ੀ ਰਾਹਾਂ ਉੱਤੇ ਗੁਜਰਿਆ ਹੈ ਤੇ ਅਜਿਹੀਆਂ ਸਿੰਘਣੀਆਂ ਸਾਡੀ ਕੌਮ ਲਈ ਮਾਰਗ ਦਰਸ਼ਕ ਹਨ। ਉਹਨਾਂ ਇਹ ਵੀ ਦੱਸਿਆ ਕਿ ਬੁੱਚੜ ਅਫਸਰ ਗੋਬਿੰਦ ਰਾਮ ਅਤੇ ਸਾਮੰਤ ਕੁਮਾਰ ਗੋਇਲ ਨੇ ਬੀਬੀ ਕੁਲਵਿੰਦਰ ਕੌਰ ਖਾਲਸਾ ਅਤੇ ਉਨ੍ਹਾਂ ਦੇ ਪਰਿਵਾਰ ਉੱਤੇ ਬਹੁਤ ਤਸ਼ੱਦਦ ਕੀਤਾ ਸੀ। ਸ. ਇਮਾਨ ਸਿੰਘ ਮਾਨ ਨੇ ਕਿਹਾ ਕਿ ਬੀਬੀ ਕੁਲਵਿੰਦਰ ਕੌਰ ਖਾਲਸਾ ਵੱਲੋਂ ਲਿਖੀ ਅਤੇ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਵੱਲੋਂ ਸੰਪਾਦਿਤ ਕੀਤੀ ਕਿਤਾਬ ਸੰਘਰਸ਼ੀ ਪੈਂਡੇ ਹਰ ਵੀਰ-ਭੈਣ ਜਰੂਰ ਪੜ੍ਹੇ ਅਤੇ ਸਿੱਖ ਸੰਘਰਸ਼ ਤੋਂ ਜਾਣੂੰ ਹੋਵੇ।
Leave a Reply