ਸਿੱਖ ਮਿਸ਼ਨਰੀ ਕਾਲਜ, ਸ੍ਰੀ ਅਨੰਦਪੁਰ ਸਾਹਿਬ ਵਿਖੇ ਭਾਈ ਹਰਜੀਤ ਸਿੰਘ ਜੀ ਦਾ ਨਿੱਘਾ ਸਨਮਾਨ
- ਧਾਰਮਿਕ
- 29 Jun, 2026 07:24 AM (Asia/Kolkata)
ਸ੍ਰੀ ਅਨੰਦਪੁਰ ਸਾਹਿਬ ਮੰਗਤ ਸਿੰਘ ਸੈਦਪੁਰ
ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਗੁਰਬਾਣੀ ਕਥਾ-ਵਿਚਾਰ ਦੀ ਸੇਵਾ ਨਿਭਾਉਣ ਉਪਰੰਤ ਪੰਥ ਪ੍ਰਸਿੱਧ ਕਥਾਵਾਚਕ ਭਾਈ ਹਰਜੀਤ ਸਿੰਘ ਜੀ ਸਿੱਖ ਮਿਸ਼ਨਰੀ ਕਾਲਜ, ਸ੍ਰੀ ਅਨੰਦਪੁਰ ਸਾਹਿਬ ਵਿਖੇ ਪਹੁੰਚੇ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਭਾਈ ਚਰਨਜੀਤ ਸਿੰਘ ਜੀ, ਸਰਕਲ ਇੰਚਾਰਜ ਸਰਦਾਰ ਜਗਮੋਹਨ ਸਿੰਘ ਜੀ, ਸਮੂਹ ਪ੍ਰਬੰਧਕ ਕਮੇਟੀ ਅਤੇ ਸੇਵਾਦਾਰਾਂ ਵੱਲੋਂ ਭਾਈ ਹਰਜੀਤ ਸਿੰਘ ਜੀ ਦਾ ਨਿੱਘਾ ਸਵਾਗਤ ਕਰਦਿਆਂ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਭਾਈ ਹਰਜੀਤ ਸਿੰਘ ਜੀ ਨੇ ਭਾਵੁਕ ਹੁੰਦਿਆਂ ਕਿਹਾ ਕਿ ਉਨ੍ਹਾਂ ਨੂੰ ਧਾਰਮਿਕ ਸਿੱਖਿਆ ਅਤੇ ਗੁਰਬਾਣੀ ਕਥਾ ਦੀ ਮੁੱਢਲੀ ਪ੍ਰੇਰਣਾ ਸਤਿਕਾਰਯੋਗ ਪ੍ਰਿੰਸੀਪਲ ਸੁਰਿੰਦਰ ਸਿੰਘ ਜੀ ਤੋਂ ਪ੍ਰਾਪਤ ਹੋਈ। ਉਨ੍ਹਾਂ ਦੀ ਮਿਹਨਤ, ਦੂਰਅੰਦੇਸ਼ੀ ਅਤੇ ਸਮਰਪਣ ਸਦਕਾ ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ’ਤੇ ਸਿੱਖ ਮਿਸ਼ਨਰੀ ਕਾਲਜ ਵਰਗੀ ਮਹੱਤਵਪੂਰਨ ਸੰਸਥਾ ਹੋਂਦ ਵਿੱਚ ਆਈ, ਜੋ ਅੱਜ ਵੀ ਗੁਰਮਤਿ ਸਿੱਖਿਆ ਅਤੇ ਸਿੱਖੀ ਪ੍ਰਚਾਰ ਦੇ ਖੇਤਰ ਵਿੱਚ ਅਹਿਮ ਯੋਗਦਾਨ ਪਾ ਰਹੀ ਹੈ।
ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਜੀਵਨ ਵਿੱਚ ਧਾਰਮਿਕ ਸਿੱਖਿਆ ਦੇ ਵਿਕਾਸ ਵਿੱਚ ਇਸ ਸੰਸਥਾ ਅਤੇ ਪ੍ਰਿੰਸੀਪਲ ਸੁਰਿੰਦਰ ਸਿੰਘ ਜੀ ਦੀ ਸੇਵਾ ਦਾ ਵੀ ਵਿਸ਼ੇਸ਼ ਯੋਗਦਾਨ ਰਿਹਾ ਹੈ। ਅੱਜ ਉਸੇ ਸੰਸਥਾ ਵਿੱਚ ਪਹੁੰਚ ਕੇ ਮਿਲਿਆ ਮਾਣ-ਸਤਿਕਾਰ ਉਨ੍ਹਾਂ ਲਈ ਯਾਦਗਾਰੀ ਅਤੇ ਭਾਵੁਕ ਪਲ ਹਨ।
ਕਾਲਜ ਦੇ ਪ੍ਰਿੰਸੀਪਲ ਭਾਈ ਚਰਨਜੀਤ ਸਿੰਘ ਜੀ ਨੇ ਭਾਈ ਹਰਜੀਤ ਸਿੰਘ ਜੀ ਦੀ ਗੁਰਬਾਣੀ ਕਥਾ ਅਤੇ ਗੁਰਮਤਿ ਪ੍ਰਚਾਰ ਸੇਵਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਗੁਰਮਤਿ ਦੀ ਸਿੱਖਿਆ ਨੂੰ ਸਮਾਜ ਤੱਕ ਪਹੁੰਚਾਉਣ ਵਾਲੇ ਪ੍ਰਚਾਰਕ ਪੰਥ ਦੀ ਅਨਮੋਲ ਧਰੋਹਰ ਹਨ।
ਭਾਈ ਹਰਜੀਤ ਸਿੰਘ ਜੀ ਨੇ ਸਿੱਖ ਮਿਸ਼ਨਰੀ ਕਾਲਜ ਦੀ ਸਮੁੱਚੀ ਪ੍ਰਬੰਧਕ ਕਮੇਟੀ ਦਾ ਹਿਰਦੇ ਤੋਂ ਧੰਨਵਾਦ ਕਰਦਿਆਂ ਕਿਹਾ ਕਿ ਉਹ ਆਸ ਕਰਦੇ ਹਨ ਕਿ ਸੰਸਥਾ ਵੱਲੋਂ ਅੱਗੇ ਵੀ ਇਸੇ ਤਰ੍ਹਾਂ ਪਿਆਰ, ਮਾਰਗਦਰਸ਼ਨ ਅਤੇ ਉਤਸ਼ਾਹ ਮਿਲਦਾ ਰਹੇਗਾ। ਉਨ੍ਹਾਂ ਕਿਹਾ ਕਿ ਇਸ ਹੌਂਸਲਾ-ਅਫ਼ਜ਼ਾਈ ਤੋਂ ਪ੍ਰੇਰਣਾ ਲੈ ਕੇ ਉਹ ਭਵਿੱਖ ਵਿੱਚ ਵੀ ਨਿਮਰਤਾ ਨਾਲ ਗੁਰਬਾਣੀ ਕਥਾ, ਗੁਰਮਤਿ ਪ੍ਰਚਾਰ ਅਤੇ ਸਿੱਖੀ ਦੇ ਪ੍ਰਸਾਰ ਲਈ ਆਪਣਾ ਯੋਗਦਾਨ ਨਿਰੰਤਰ ਪਾਉਂਦੇ ਰਹਿਣਗੇ।
Leave a Reply