ਯੂਕੇ ’ਚ ਨਸ਼ਿਆਂ ਵਿਰੁੱਧ ਕਾਰਜ ਕਰਨ ਵਾਲੇ ‘ਸਿੱਖ ਰਿਕਵਰੀ ਨੈਟਵਰਕ’ ਦੀ 10ਵੀਂ ਵਰ੍ਹੇਗੰਢ ਸਮਾਗਮ ਵਿੱਚ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਸ਼ਮੂਲੀਅਤ

ਯੂਕੇ ’ਚ ਨਸ਼ਿਆਂ ਵਿਰੁੱਧ ਕਾਰਜ ਕਰਨ ਵਾਲੇ ‘ਸਿੱਖ ਰਿਕਵਰੀ ਨੈਟਵਰਕ’ ਦੀ 10ਵੀਂ ਵਰ੍ਹੇਗੰਢ ਸਮਾਗਮ ਵਿੱਚ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਸ਼ਮੂਲੀਅਤ

ਲੰਡਨ, ਯੂਕੇ, 28 ਅਕਤੂਬਰ- ਬਿੰਦਰ ਸਿੰਘ ਖੁੱਡੀ ਕਲਾਂ / ਕੰਵਰ ਪ੍ਰਤਾਪ ਸਿੰਘ / ਤਾਜੀਮਨੂਰ ਕੌਰ 

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਯੂਕੇ ਅਧਾਰਤ ਸੰਸਥਾ ‘ਸਿੱਖ ਰਿਕਵਰੀ ਨੈਟਵਰਕ’ ਜੋ ਨਸ਼ੇ ਤੋਂ ਪੀੜਤ ਲੋਕਾਂ ਨੂੰ ਵਾਪਸ ਮੁੱਖ ਧਾਰਾ ਵਿੱਚ ਜੋੜਨ ਦਾ ਕਾਰਜ ਕਰਦੀ ਹੈ, ਦੇ 10ਵੀਂ ਵਰ੍ਹੇਗੰਢ ਸਮਾਗਮ ਵਿੱਚ ਸ਼ਮੂਲੀਅਤ ਕੀਤੀ। ਇਹ ਸਮਾਗਮ ਯੂਕੇ ਦੀ ਸੰਸਦ ਅੰਦਰ ਹੋਇਆ। ਇਸ ਦੌਰਾਨ ਵੱਖ-ਵੱਖ ਬੁਲਾਰਿਆਂ ਅਤੇ ਨਸ਼ਾ ਛੱਡ ਕੇ ਮੁੱਖ ਧਾਰਾ ਵਿੱਚ ਜੁੜਣ ਵਾਲੇ ਕੁਝ ਵਿਅਕਤੀਆਂ ਨੇ ਆਪਣੇ ਵਿਚਾਰ ਰੱਖੇ ਅਤੇ ਅਜਿਹੇ ਉਪਰਾਲਿਆਂ ਦੀ ਲੋੜ ਤੇ ਮਹੱਤਤਾ ਉੱਤੇ ਜ਼ੋਰ ਦਿੱਤਾ।

ਇਸ ਸਮਾਗਮ ਦੌਰਾਨ ਮਾਨਸਾ ਵਿੱਚ ਨਸ਼ਿਆਂ ਵਿਰੁੱਧ ਸੰਘਰਸ਼ ਕਰਦਿਆਂ ਸ਼ਹੀਦ ਹੋਏ ਭਾਈ ਪਰਵਿੰਦਰ ਸਿੰਘ ਨੂੰ ਯਾਦ ਕਰਦਿਆਂ ਮੂਲ-ਮੰਤਰ ਦੇ ਜਾਪ ਕੀਤੇ ਗਏ ਅਤੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਉਨ੍ਹਾਂ ਦੇ ਕਤਲ ਮਾਮਲੇ ਵਿੱਚ ਇਨਸਾਫ਼ ਅਤੇ ਪੰਜਾਬ ਦੇ ਨੌਜਵਾਨਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ। ਇਸ ਮੌਕੇ ਸ਼ਹੀਦ ਭਾਈ ਪਰਵਿੰਦਰ ਸਿੰਘ ਦੇ ਸੰਘਰਸ਼ ਦੀ ਸ਼ਲਾਘਾ ਕੀਤੀ ਗਈ। 

ਸਮਾਗਮ ਦੌਰਾਨ ਯੂਕੇ ਵਿੱਚ ਸਮੈਧਿਕ ਤੋਂ ਸਾਂਸਦ ਸ. ਗੁਰਿੰਦਰ ਸਿੰਘ ਜੋਸਨ, ਬਰਮਿੰਘਮ ਤੋਂ ਸਾਂਸਦ ਪ੍ਰੀਤ ਕੌਰ ਗਿੱਲ, ਸਲੌਅ ਤੋਂ ਸਾਂਸਦ ਸ. ਤਨਮਨਜੀਤ ਸਿੰਘ ਧੇਸ਼ੀ, ਡਡਲੀ ਤੋਂ ਸਾਂਸਦ ਸੋਨੀਆ ਕੁਮਾਰ, ਸਿੱਖ ਰਿਕਵਰੀ ਨੈਟਵਰਕ ਦੇ ਸੰਸਥਾਪਕ ਜਸਵਿੰਦਰ ਸਿੰਘ ਰਾਏ, ਕਾਰਜਕਾਰਨੀ ਬੋਰਡ ਮੈਂਬਰ ਤਰਸੇਮ ਸਿੰਘ, ਕਮਲਦੀਪ ਸਿੰਘ ਸਮਰਾ, ਓਂਕਾਰ ਸਿੰਘ, ਸ. ਸੁਖਦੀਪ ਸਿੰਘ ਰੰਧਾਵਾ, ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਮੀਡੀਆ ਸਲਾਹਕਾਰ ਜਸਕਰਨ ਸਿੰਘ ਆਦਿ ਹਾਜ਼ਰ ਸਨ। 

ਸਮਾਗਮ ਦੌਰਾਨ ਸੰਬੋਧਨ ਕਰਦਿਆਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸਿੱਖ ਰਿਕਵਰੀ ਨੈਟਵਰਕ ਦੀ ਉਪਰਾਲਿਆਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਅਜਿਹੇ ਉੱਦਮ ਪੰਜਾਬ ਅੰਦਰ ਨਸ਼ਿਆਂ ਦੀ ਸਮੱਸਿਆ ਨਾਲ ਨਜਿੱਠਣ ਲਈ ਸਾਂਝੇ ਤੌਰ ਉੱਤੇ ਕਿਵੇਂ ਲਾਗੂ ਕੀਤੇ ਜਾ ਸਕਦੇ ਹਨ ਇਸ ਬਾਰੇ ਵਿਚਾਰ ਚਰਚਾ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸੰਸਥਾ ਵੱਲੋਂ ਬਹੁਤ ਹੀ ਮਹੱਤਵਪੂਰਨ ਕਾਰਜ ਕੀਤੇ ਜਾ ਰਹੇ ਹਨ ਜਿਸ ਨਾਲ ਪੀੜਤ ਪਰਿਵਾਰਾਂ ਦੀ ਭਲਾਈ ਹੋ ਰਹੀ ਹੈ। ਨਸ਼ਿਆਂ ਦੀ ਦਲਦਲ ਵਿੱਚੋਂ ਬਹੁਤ ਹੀ ਮਜ਼ਬੂਤ ਤੇ ਸਮਰਪਿਤ ਇੱਛਾ ਸ਼ਕਤੀ ਨਾਲ ਬਾਹਰ ਨਿਕਲਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਦੋ ਰਸਤੇ ਤੋਂ ਵਾਪਸ ਮੁੱਖ ਧਾਰਾ ਵਿੱਚ ਜੁੜਨਾ ਬਹੁਤ ਮੁਸ਼ਕਲ ਕੰਮ ਹੈ, ਪਰ ਜਿਸ ਤਰੀਕੇ ਨਾਲ ਸਿੱਖ ਰਿਕਵਰੀ ਨੈਟਵਰਕ ਕਾਰਜ ਕਰ ਰਿਹਾ ਹੈ ਉਸਦੇ ਨਤੀਜੇ ਬਹੁਤ ਚੰਗੇ ਤੇ ਪ੍ਰਭਾਵਸ਼ਾਲੀ ਹਨ। 

ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਨਸ਼ਾ ਕਰਨ ਵਾਲਾ ਵਿਅਕਤੀ ਜ਼ਿਆਦਾ ਕਸੂਰਵਾਰ ਨਹੀਂ, ਬਲਕਿ ਇਸ ਵਿੱਚ ਕਸੂਰ ਮਾੜੀ ਸੰਗਤ ਦਾ ਹੈ। ਨਸ਼ਾ ਕਰਨ ਵਾਲੇ ਪੀੜਤ ਨੂੰ ਸਹਿਯੋਗ ਤੇ ਪਿਆਰ ਦੀ ਗਲਵੱਕੜੀ ਦੀ ਲੋੜ ਹੁੰਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਨਸ਼ਾ ਮਿਲੇ ਹੀ ਨਾ ਤਾਂ ਇਸ ਰਸਤੇ ਵੱਲ ਕੋਈ ਛੇਤੀ ਤੁਰੇ ਵੀ ਨਾ। ਉਨ੍ਹਾਂ ਕਿਹਾ ਕਿ ਸਾਡੇ ਸਮਾਜ ਵਿੱਚ ਸ਼ਰਾਬ ਦੇ ਨਾਲ-ਨਾਲ ਚਿੱਟੇ ਆਦਿ ਜਿਹੇ ਸੰਥੈਟਿਕ ਅਤੇ ਮੈਡੀਕਲ ਨਸ਼ਿਆਂ ਦੀ ਬਹੁਤ ਭਿਆਨਕ ਮਾਰ ਹੈ। ਨਸ਼ਿਆਂ ਨਾਲ ਜਿੱਥੇ ਵਿਅਕਤੀ ਆਪ ਪੀੜਤ ਹੁੰਦਾ ਹੈ ਉੱਥੇ ਹੀ ਉਸ ਦਾ ਪਰਿਵਾਰ ਵੀ ਬਹੁਤ ਦੁਖੀ ਹੁੰਦਾ ਹੈ। ਘਰ ਵਿੱਚ ਪਰਿਵਾਰਕ ਮੈਂਬਰ ਹਰ ਸਮੇਂ ਤਣਾਅ ਅਤੇ ਮੁਸ਼ਕਲਾਂ ਵਿੱਚ ਰਹਿੰਦੇ ਹਨ।

 

ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਪੰਜਾਬ ਅੰਦਰ ਮੀਰੀ ਪੀਰੀ ਖ਼ਾਲਸਾ ਮਾਰਚ ਦਾ ਇੱਕ ਏਜੰਡਾ ਨੌਜਵਾਨਾਂ ਨੂੰ ਨਸ਼ੇ ਤਿਆਗਣ ਲਈ ਪ੍ਰੇਰਿਤ ਕਰਨਾ ਵੀ ਸੀ। ਮਾਰਚ ਦੌਰਾਨ ਨਸ਼ਾ ਕਰਨ ਵਾਲੇ ਸੈਂਕੜੇ ਨੌਜਵਾਨ ਉਨ੍ਹਾਂ ਨੂੰ ਆ ਕੇ ਮਿਲੇ ਅਤੇ ਉਨ੍ਹਾਂ ਨੇ ਇੱਛਾ ਜ਼ਾਹਰ ਕੀਤੀ ਕਿ ਉਹ ਨਸ਼ਾ ਛੱਡਣਾ ਚਾਹੁੰਦੇ ਹਨ ਪਰ ਇਸ ਵਿੱਚ ਮੁਸ਼ਕਲ ਹੈ ਕਿ ਨਸ਼ੇ ਦੇ ਵਿਕਰੀ ਰੋਕਣ ਵਿੱਚ ਸਰਕਾਰਾਂ ਨਾਕਾਮਯਾਬ ਹਨ। ਇਸੇ ਤਰ੍ਹਾਂ ਜਿਹੜੇ ਪੀੜਤ ਨੌਜਵਾਨ ਜਾਂ ਲੋਕ ਨਸ਼ਾ ਛੱਡਣਾ ਚਾਹੁੰਦੇ ਹਨ ਉਨ੍ਹਾਂ ਵਾਸਤੇ ਸਾਡੇ ਕੋਲ ਪੰਜਾਬ ਵਿੱਚ ਕੋਈ ਠੋਸ ਪ੍ਰੋਗਰਾਮ ਨਹੀਂ ਹੈ। ਉਨ੍ਹਾਂ ਸਿੱਖ ਰਿਕਵਰੀ ਨੈਟਵਰਕ ਨੂੰ ਸੱਦਾ ਦਿੱਤਾ ਕਿ ਉਹ ਪੰਜਾਬ ਆਉਣ ਤੇ ਉੱਥੇ ਕੰਮ ਕਰਕੇ ਕੋਈ ਪ੍ਰੋਗਰਾਮ ਉਲੀਕੇ ਜਾਣ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਨਸ਼ਾ ਛਡਾਊ ਕੇਂਦਰ ਹਨ ਪਰ ਉਹ ਵੀ ਕਾਮਯਾਬ ਨਹੀਂ, ਉੱਥੇ ਨੌਜਵਾਨਾਂ ਨੂੰ ਨਸ਼ਾ ਛਡਾ ਕੇ ਗੋਲੀਆਂ ਉੱਥੇ ਲਾ ਦਿੱਤਾ ਜਾਂਦਾ ਹੈ ਜੋ ਕਿ ਸਹੀ ਤਰੀਕਾ ਨਹੀਂ ਅਤੇ ਨਾ ਹੀ ਪੱਕਾ ਹੱਲ ਹੈ। ਉਨ੍ਹਾਂ ਕਿਹਾ ਕਿ ਸਿੱਖ ਰਿਕਵਰੀ ਨੈਟਵਰਕ ਦੇ ਪ੍ਰੋਗਰਾਮਾਂ ਰਾਹੀਂ ਨਸ਼ਾ ਛੱਡਣ ਵਾਲੇ ਵਿਅਕਤੀਆਂ ਉੱਤੇ ਗੁਰੂ ਸਾਹਿਬ ਦੀ ਬਖਸ਼ਿਸ਼ ਹੈ ਤੇ ਉਹ ਅੰਦਰੋਂ ਤੇ ਮਾਨਸਿਕ ਤੌਰ ਉੱਤੇ ਤਕੜੇ ਹਨ। 

ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਨਸ਼ਾ ਵਿਸ਼ਵਵਿਆਪੀ ਸਮੱਸਿਆ ਹੈ। ਉਨ੍ਹਾਂ ਕਿਹਾ ਕਿ ਸਿੱਖ ਗੁਰੂ ਸਾਹਿਬਾਨ ਨੇ ਸਿੱਖਾਂ ਸਮੇਤ ਸਾਰੇ ਵਿਸ਼ਵ ਦੇ ਲੋਕਾਂ ਨੂੰ ਮੁਕੰਮਲ ਤੌਰ ਉੱਤੇ ਨਸ਼ਾ ਕਰਨ ਤੋਂ ਰੋਕਿਆ ਹੈ। ਇਹ ਸਿੱਖਿਆ ਗੁਰਬਾਣੀ ਵਿੱਚ ਵੀ ਦਰਜ ਹੈ ਅਤੇ ਗੁਰਬਾਣੀ ਦਾ ਉਪਦੇਸ਼ ਸਾਰੇ ਵਿਸ਼ਵ ਲਈ ਹੈ। ਇਸ ਲਈ ਸਿੱਖੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਨਾਲ ਜੁੜ ਕੇ ਅਤੇ ਆਪਣੀ ਇੱਛਾ ਸ਼ਕਤੀ ਮਜ਼ਬੂਤ ਕਰਕੇ ਸਹਿਜੇ ਹੀ ਨਸ਼ਾ ਦੀ ਅਲਾਮਤ ਛੱਡੀ ਜਾ ਸਕਦੀ ਹੈ। 

ਉਨ੍ਹਾਂ ਕਿਹਾ ਕਿ ਇਹ ਉਪਰਾਲੇ ਪੀੜਤਾਂ ਲਈ ਜਗਦੇ ਦੀਵੇ ਵਾਲਾ ਕਾਰਜ ਕਰ ਰਹੇ ਹਨ ਅਤੇ ਇਸ ਨਾਲ ਦੂਜਿਆਂ ਦੇ ਜੀਵਨ ਵਿੱਚ ਰੋਸ਼ਨੀਆਂ ਰਹੀ ਹੈ। ਉਨ੍ਹਾਂ ਕਿਹਾ ਕਿ ਨਸ਼ਾ ਵੇਚਣ ਵਾਲੇ ਲੋਕ ਸਮਾਜ ਦੇ ਦੁਸ਼ਮਣ ਹਨ ਜਿਨ੍ਹਾਂ ਦੀ ਪਛਾਣ ਅਤੇ ਬਾਈਕਾਟ ਕਰਨਾ ਚਾਹੀਦਾ ਹੈ। 

ਸੰਸਦ ਦੌਰੇ ਮੌਕੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨਾਲ ਯੂਕੇ ਸੰਸਦ ਵਿਖੇ ਲਾਰਡ ਕੁਲਦੀਪ ਸਿੰਘ ਸਹੋਤਾ ਨੇ ਵੀ ਮੁਲਾਕਾਤ ਕੀਤੀ ਅਤੇ ਕੁਝ ਮਾਮਲਿਆਂ ਸਬੰਧੀ ਵਿਚਾਰਾਂ ਕੀਤੀਆਂ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.