ਜੱਗਾ ਫੂਕੀਵਾਲ ਗੈਂਗ ਦਾ ਪਰਦਾਫਾਸ਼, ਬਰਿਸਟਾ ਕੈਫੇ 'ਤੇ ਫਾਇਰਿੰਗ ਮਾਮਲੇ ਵਿੱਚ 6 ਕਾਬੂ
ਫਿਰੌਤੀ ਨਾ ਮਿਲਣ 'ਤੇ ਕੈਫੇ ਦੇ ਬਾਹਰ ਕੀਤੀ ਸੀ ਹਵਾਈ ਫਾਇਰਿੰਗ, ਵਿਦੇਸ਼ ਤੋਂ ਚੱਲ ਰਹੇ ਨੈੱਟਵਰਕ ਦੇ ਖੁਲਾਸੇ ਦਾ ਦਾਅਵਾ
ਪੁਲਿਸ ਨੇ ਦੇਸੀ ਪਿਸਤੌਲ ਅਤੇ ਦੋ ਮੋਟਰਸਾਈਕਲ ਕੀਤੇ ਬਰਾਮਦ, ਗ੍ਰਿਫ਼ਤਾਰ ਮੁਲਜ਼ਮਾਂ ਤੋਂ ਪੁੱਛਗਿੱਛ ਜਾਰੀ
ਕਪੂਰਥਲਾ, 17 ਜੁਲਾਈ ਗੌਰਵ ਮੜੀਆ
ਕਪੂਰਥਲਾ ਪੁਲਿਸ ਨੇ ਸੁਲਤਾਨਪੁਰ ਲੋਧੀ ਵਿਖੇ ਸਥਿਤ ਬਰਿਸਟਾ ਕੈਫੇ 'ਤੇ ਹੋਈ ਫਾਇਰਿੰਗ ਅਤੇ ਫਿਰੌਤੀ ਮੰਗਣ ਦੇ ਮਾਮਲੇ ਵਿੱਚ ਵੱਡੀ ਸਫ਼ਲਤਾ ਦਾ ਦਾਅਵਾ ਕਰਦਿਆਂ ਜੱਗਾ ਫੂਕੀਵਾਲ ਗੈਂਗ ਦਾ ਪਰਦਾਫਾਸ਼ ਕਰਨ ਦਾ ਐਲਾਨ ਕੀਤਾ ਹੈ। ਪੁਲਿਸ ਅਨੁਸਾਰ ਇਸ ਮਾਮਲੇ ਵਿੱਚ 6 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ, ਜਿਨ੍ਹਾਂ ਵਿੱਚ 2 ਨਾਬਾਲਗ ਵੀ ਸ਼ਾਮਲ ਹਨ। ਮੁਲਜ਼ਮਾਂ ਦੀ ਨਿਸ਼ਾਨਦੇਹੀ 'ਤੇ ਵਾਰਦਾਤ ਵਿੱਚ ਵਰਤਿਆ ਗਿਆ ਇੱਕ .32 ਬੋਰ ਦਾ ਦੇਸੀ ਪਿਸਤੌਲ ਅਤੇ ਦੋ ਮੋਟਰਸਾਈਕਲ ਵੀ ਬਰਾਮਦ ਕੀਤੇ ਗਏ ਹਨ।
ਸੀਨੀਅਰ ਪੁਲਿਸ ਕਪਤਾਨ ਕਪੂਰਥਲਾ ਗੌਰਵ ਤੂਰਾ (ਆਈ.ਪੀ.ਐਸ.) ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਜ਼ਿਲ੍ਹੇ ਵਿੱਚ ਅਪਰਾਧਿਕ ਅਨਸਰਾਂ ਖ਼ਿਲਾਫ਼ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਪੁਲਿਸ ਕਪਤਾਨ (ਇਨਵੈਸਟੀਗੇਸ਼ਨ) ਹਰਿੰਦਰ ਸਿੰਘ ਗਿੱਲ ਅਤੇ ਏ.ਐਸ.ਪੀ. ਧਰਿੰਦਰ ਵਰਮਾ ਦੀ ਅਗਵਾਈ ਹੇਠ ਸੀ.ਆਈ.ਏ. ਕਪੂਰਥਲਾ ਅਤੇ ਥਾਣਾ ਸੁਲਤਾਨਪੁਰ ਲੋਧੀ ਦੀਆਂ ਟੀਮਾਂ ਨੇ ਸਾਂਝੇ ਤੌਰ 'ਤੇ ਇਹ ਕਾਰਵਾਈ ਕੀਤੀ। ਪੁਲਿਸ ਵੱਲੋਂ ਤਕਨੀਕੀ ਸਬੂਤਾਂ ਅਤੇ ਹਿਊਮਨ ਇੰਟੈਲੀਜੈਂਸ ਦੇ ਆਧਾਰ 'ਤੇ ਮੁਲਜ਼ਮਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ।
ਪੁਲਿਸ ਅਨੁਸਾਰ 21 ਜੂਨ 2026 ਨੂੰ ਬਰਿਸਟਾ ਕੈਫੇ ਦੇ ਮਾਲਕ ਨੂੰ ਇੱਕ ਵਿਦੇਸ਼ੀ ਵਟਸਐਪ ਨੰਬਰ ਤੋਂ 15 ਲੱਖ ਰੁਪਏ ਦੀ ਫਿਰੌਤੀ ਦੇਣ ਲਈ ਧਮਕੀ ਦਿੱਤੀ ਗਈ ਸੀ। ਜਦੋਂ ਕੈਫੇ ਮਾਲਕ ਨੇ ਫਿਰੌਤੀ ਨਹੀਂ ਦਿੱਤੀ ਤਾਂ ਉਸ ਨੂੰ ਡਰਾਉਣ ਅਤੇ ਦਬਾਅ ਬਣਾਉਣ ਦੇ ਮਕਸਦ ਨਾਲ ਕੈਫੇ ਦੇ ਬਾਹਰ ਹਵਾਈ ਫਾਇਰਿੰਗ ਕੀਤੀ ਗਈ। ਇਸ ਤੋਂ ਬਾਅਦ ਇੱਕ ਇੰਸਟਾਗ੍ਰਾਮ ਆਈ.ਡੀ. ਰਾਹੀਂ ਇਸ ਘਟਨਾ ਦੀ ਜ਼ਿੰਮੇਵਾਰੀ ਲੈਣ ਦਾ ਵੀ ਦਾਅਵਾ ਕੀਤਾ ਗਿਆ। ਇਸ ਸਬੰਧੀ ਸੁਲਤਾਨਪੁਰ ਲੋਧੀ ਥਾਣੇ ਵਿੱਚ ਕੇਸ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਗਈ ਸੀ।
ਜਾਂਚ ਦੌਰਾਨ ਪੁਲਿਸ ਦੇ ਸਾਹਮਣੇ ਇਹ ਗੱਲ ਆਈ ਕਿ ਵਿਦੇਸ਼ ਵਿੱਚ ਬੈਠਾ ਜਗਦੀਪ ਸਿੰਘ ਉਰਫ਼ ਜੱਗਾ, ਜੋ ਫੂਕੀਵਾਲ ਖੇਤਰ ਦਾ ਰਹਿਣ ਵਾਲਾ ਹੈ, ਕਥਿਤ ਤੌਰ 'ਤੇ ਆਪਣੇ ਸਥਾਨਕ ਸਾਥੀਆਂ ਰਾਹੀਂ ਜਾਣਕਾਰੀਆਂ ਇਕੱਠੀਆਂ ਕਰਕੇ ਫਿਰੌਤੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿਵਾਉਂਦਾ ਸੀ। ਪੁਲਿਸ ਨੇ ਉਸ ਨੂੰ ਵੀ ਇਸ ਮਾਮਲੇ ਵਿੱਚ ਨਾਮਜ਼ਦ ਕੀਤਾ ਹੈ। ਪੁਲਿਸ ਦਾ ਦਾਅਵਾ ਹੈ ਕਿ ਉਸ ਖ਼ਿਲਾਫ਼ ਪਹਿਲਾਂ ਵੀ ਜਲੰਧਰ ਅਤੇ ਕਪੂਰਥਲਾ ਜ਼ਿਲ੍ਹਿਆਂ ਵਿੱਚ ਕਈ ਅਪਰਾਧਿਕ ਮਾਮਲੇ ਦਰਜ ਹਨ।
ਪੁਲਿਸ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿੱਚ ਅਮਿਤ ਸਿੰਘ ਵਾਸੀ ਦੇਸਲ, ਹਰਮਨਰੂਪ ਸਿੰਘ ਵਾਸੀ ਟਿੱਬਾ, ਜਸਮਨਪ੍ਰੀਤ ਸਿੰਘ ਵਾਸੀ ਟਿੱਬਾ, ਜਗਦੀਪ ਸਿੰਘ ਵਾਸੀ ਤੋਤੀ ਅਤੇ ਦੋ ਨਾਬਾਲਗ ਸ਼ਾਮਲ ਹਨ। ਇਨ੍ਹਾਂ ਤੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਉਮੀਦ ਹੈ ਕਿ ਇਸ ਪੁੱਛਗਿੱਛ ਦੌਰਾਨ ਹੋਰ ਵੀ ਮਹੱਤਵਪੂਰਨ ਖੁਲਾਸੇ ਹੋ ਸਕਦੇ ਹਨ ਅਤੇ ਗੈਂਗ ਨਾਲ ਜੁੜੇ ਹੋਰ ਵਿਅਕਤੀਆਂ ਬਾਰੇ ਜਾਣਕਾਰੀ ਮਿਲ ਸਕਦੀ ਹੈ।
ਪੁਲਿਸ ਨੇ ਇਹ ਵੀ ਦੱਸਿਆ ਕਿ ਮੁਲਜ਼ਮਾਂ ਦੀ ਨਿਸ਼ਾਨਦੇਹੀ 'ਤੇ ਇੱਕ .32 ਬੋਰ ਦਾ ਦੇਸੀ ਪਿਸਤੌਲ, ਇੱਕ ਹੀਰੋ ਸਪਲੈਂਡਰ ਮੋਟਰਸਾਈਕਲ ਅਤੇ ਇੱਕ ਰੋਇਲ ਐਨਫੀਲਡ (ਬੁਲੇਟ) ਮੋਟਰਸਾਈਕਲ ਬਰਾਮਦ ਕੀਤੇ ਗਏ ਹਨ, ਜੋ ਕਥਿਤ ਤੌਰ 'ਤੇ ਵਾਰਦਾਤ ਵਿੱਚ ਵਰਤੇ ਗਏ ਸਨ।
Posted By: GURBHEJ SINGH ANANDPURI