Nazrana Times

ਪੰਜਾਬੀ

ਵਿਸਾਖੀ ਦੇ ਪਾਵਨ ਦਿਹਾੜੇ ਮੌਕੇ ਗੁਰਦੁਆਰਾ ਸਿੱਖ ਸੈਂਟਰ ਫ੍ਰੈਂਕਫਰਟ ਵਿਖੇ ਅੰਮ੍ਰਿਤ ਸੰਚਾਰ ਸਮਾਗਮ ਦੌਰਾਨ 15 ਪ੍ਰਾਣੀ ਗੁਰੂ ਵਾਲੇ ਬਣੇ

14 Apr, 2026 09:52 AM

ਫ੍ਰੈਂਕਫਰਟ (ਜਰਮਨੀ) , ਨਜ਼ਰਾਨਾ ਟਾਈਮਜ-ਵਿਸਾਖੀ ਦੇ ਪਾਵਨ ਦਿਹਾੜੇ ਦੇ ਸੰਬੰਧ ਵਿੱਚ ਅੱਜ ਗੁਰਦੁਆਰਾ ਸਿੱਖ ਸੈਂਟਰ ਫ੍ਰੈਂਕਫਰਟ, ਜਰਮਨੀ ਵਿਖੇ ਅੰਮ੍ਰਿਤ ਸੰਚਾਰ ਦਾ ਪਵਿੱਤਰ ਸਮਾਗਮ ਬੜੀ ਸ਼ਰਧਾ, ਸਤਿਕਾਰ ਅਤੇ ਗੁਰਮਤਿ ਮਰਿਆਦਾ ਅਨੁਸਾਰ ਕਰਵਾਇਆ ਗਿਆ।
ਇਸ ਅੰਮ੍ਰਿਤ ਸੰਚਾਰ ਸਮਾਗਮ ਦੌਰਾਨ ਗੁਰੂ ਸਾਹਿਬ ਦੀ ਅਪਾਰ ਬਖ਼ਸ਼ਿਸ਼ ਸਦਕਾ ਲਗਭਗ 15 ਪ੍ਰਾਣੀਆਂ ਨੇ ਖੰਡੇ ਬਾਟੇ ਦੀ ਪਹੁਲ ਕੇ ਗੁਰੂ ਵਾਲੇ ਬਣਨ ਦਾ ਸੁਭਾਗ ਪ੍ਰਾਪਤ ਕੀਤਾ। ਪੰਜਾਂ ਪਿਆਰਿਆਂ ਵੱਲੋਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ ਬਖ਼ਸ਼ੀ ਹੋਈ ਅੰਮ੍ਰਿਤ ਦੀ ਦਾਤ ਪ੍ਰੇਮੀਆਂ ਨੂੰ ਛਕਾਈ ਗਈ।
ਇਸ ਪਵਿੱਤਰ ਮੌਕੇ ਅੰਮ੍ਰਿਤ ਛਕਣ ਵਾਲੇ ਸਿੰਘਾਂ ਅਤੇ ਸਿੰਘਣੀਆਂ ਨੂੰ ਗੁਰੂ ਦੀ ਰਹਿਤ ਮਰਿਆਦਾ ਵਿੱਚ ਜੀਵਨ ਬਿਤਾਉਣ, ਨਾਮ ਬਾਣੀ ਨਾਲ ਜੁੜੇ ਰਹਿਣ ਅਤੇ ਗੁਰੂ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਣ ਦੀ ਸਿੱਖਿਆ ਵੀ ਦਿੱਤੀ ਗਈ।
ਸਮਾਗਮ ਉਪਰੰਤ ਪੰਜਾਂ ਪਿਆਰਿਆਂ ਦੀ ਹਾਜ਼ਰੀ ਵਿੱਚ ਅਤੇ ਗੁਰੂ ਘਰ ਦੀ ਬਖ਼ਸ਼ਿਸ਼ ਨਾਲ ਅੰਮ੍ਰਿਤ ਛਕਣ ਵਾਲਿਆਂ ਨੂੰ ਸਰੋਪੇ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਭਾਈ ਅਨੂਪ ਸਿੰਘ ਜੀ, ਭਾਈ ਗੁਰਦਿਆਲ ਸਿੰਘ ਲਾਲੀ ਜੀ, ਭਾਈ ਸਤਨਾਮ ਸਿੰਘ ਜੀ, ਭਾਈ ਕਰਨੈਲ ਸਿੰਘ ਜੀ ਪਰਦੇਸੀ, ਭਾਈ ਹੀਰਾ ਸਿੰਘ ਜੀ ,ਭਾਈ ਰੁਲਦਾ ਸਿੰਘ ਜੀ ਅਤੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਗਿਆਨੀ ਗੁਰਭੇਜ ਸਿੰਘ ਅਨੰਦਪੁਰੀ ਹਾਜ਼ਰ ਸਨ। “ਪੰਜ ਪਿਆਰੇ, ਜੋ ਹਮੇਸ਼ਾਂ ਦੀ ਤਰ੍ਹਾਂ ਯੂਰਪ ਦੀ ਧਰਤੀ ‘ਤੇ ਅੰਮ੍ਰਿਤ ਸੰਚਾਰ ਦੀ ਮਹਾਨ ਸੇਵਾ ਨਿਭਾ ਰਹੇ ਹਨ, ਉਹਨਾਂ ਦੀਆਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਖ਼ਾਸ ਤੌਰ ‘ਤੇ ਸਲਾਘਾ ਕੀਤੀ ਗਈ।”
ਭਾਈ ਹਰਸਿਮਰਨਜੀਤ ਸਿੰਘ ਜੀ ਨੇ ਅੰਮ੍ਰਿਤ ਸੰਚਾਰ ਸਮੇਂ ਪਹਿਰੇਦਾਰ ਦੀ ਡਿਊਟੀ ਨਿਭਾਈ। ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੰਮ੍ਰਿਤ ਛਕਣ ਵਾਲੇ ਸਿੰਘਾਂ ਅਤੇ ਸਿੰਘਣੀਆਂ ਨੂੰ ਵਧਾਈ ਦਿੱਤੀ ਗਈ।
ਸਮਾਗਮ ਦੌਰਾਨ ਅੰਮ੍ਰਿਤ ਛਕਣ ਵਾਲੇ ਸਿੰਘਾਂ ਅਤੇ ਸਿੰਘਣੀਆਂ ਦੇ ਚਿਹਰਿਆਂ ’ਤੇ ਚੜ੍ਹਦੀ ਕਲਾ ਦੇ ਦਰਸ਼ਨ ਹੋ ਰਹੇ ਸਨ। ਸਭ ਇਕ-ਦੂਜੇ ਨੂੰ ਫਤਿਹ ਬੁਲਾ ਕੇ ਵਧਾਈਆਂ ਦੇ ਰਹੇ ਸਨ। ਸੰਗਤਾਂ ਵੱਲੋਂ ਵੀ ਅੰਮ੍ਰਿਤਧਾਰੀਆਂ ਨੂੰ ਦਿਲੋਂ ਮੁਬਾਰਕਬਾਦ ਦਿੱਤੀ ਗਈ।

Posted By: GURBHEJ SINGH ANANDPURI

Latest News