Nazrana Times

ਪੰਜਾਬੀ

ਖੇਡ ਦਿਵਸ ਤੇ ਗੁਰੂ ਸਾਹਿਬਾਨ ਦੇ ਬਰਾਬਰਤਾ ਵਾਲੇ ਸਿਧਾਂਤ ਤੇ ਪਹਿਰਾ ਦੇਣ ਦੀ ਲੋੜ

29 Aug, 2026 10:56 PM

ਏਕਲਵਿਆ ਤੇ ਬਾਲੂ ਨੂੰ ਯਾਦ ਕਰਦਿਆਂ 
ਨਿਊਜ਼ੀਲੈਂਡ, ਆਕਲੈਂਡ (ਤਰਨਜੋਤ ਸਿੰਘ)

ਅੱਜ ਖੇਡ ਦਿਵਸ ਤੇ ਅਸੀਂ ਮੇਜਰ ਧਿਆਨ ਚੰਦ ਤੇ ਭਾਰਤ ਦੇ ਸਮੂਹ ਖਿਡਾਰੀਆਂ ਸਮੇਤ ਭਾਰਤ ਦੇ ਸ਼ਾਨਦਾਰ ਕ੍ਰਿਕਟਰ ਪੀ. ਬਾਲੂ ਅਤੇ ਮਿਹਨਤੀ ਤੀਰ ਅੰਦਾਜ਼ ਏਕਲਵਿਆ ਨੂੰ ਵੀ ਯਾਦ ਕਰਦੇ ਹਾਂ। ਪੀ. ਬਾਲੂ ਨੇ ਭਾਵੇਂ ਟੀਮ ਦੇ ਇੰਗਲੈਂਡ ਦੌਰੇ ਦੌਰਾਨ 114 ਵਿਕਟਾਂ ਲੈ ਕੇ ਰਿਕਾਰਡ ਕਾਇਮ ਕੀਤਾ ਸੀ ਪਰ ਅਛੂਤ ਹੋਣ ਕਰਕੇ ਉਸ ਨੂੰ ਟੀਮ ਦੇ ਬਾਕੀ ਮੈਂਬਰਾਂ ਨਾਲ ਖਾਣਾ ਖਾਣ ਤੇ ਪਾਣੀ ਪੀਣ ਤੱਕ ਦੀ ਮਨਾਹੀ ਸੀ ਤੇ ਉਸ ਦੇ ਭਾਂਡੇ ਵੀ ਅਲੱਗ ਸਨ। ਉਸ ਨੇ ਬਹੁਤ ਜੱਦੋ ਜਹਿਦ ਕੀਤੀ ਸੀ ਕਿ ਉਸ ਨੂੰ ਟੀਮ ਨਾਲ ਹੀ ਖਾਣਾ ਖਾਣ ਦਾ ਹੱਕ ਦਿੱਤਾ ਜਾਵੇ ਪਰ ਸਿਸਟਮ ਨਹੀਂ ਟੁੱਟਿਆ । ਇੰਨੇ ਬੇਇਜਤੀ ਵਾਲੇ ਮਾਹੌਲ ਵਿੱਚ ਵੀ ਉਹ ਟੀਮ ਦਾ ਸਭ ਤੋਂ ਸ਼ਾਨਦਾਰ ਪਲੇਅਰ ਰਿਹਾ। ਅਸਲ ਵਿੱਚ ਉਹ ਗਰਾਊਂਡ ਵਿੱਚ ਸਫਾਈ ਕਰਨ ਵਾਲਾ ਇੱਕ ਸਫਾਈ ਵਰਕਰ ਸੀ ਪਰ ਅੰਗਰੇਜਾਂ ਨੂੰ ਖੇਡਦੇ ਦੇਖ ਦੇਖ ਕੇ ਉਹ ਸਿੱਖ ਗਿਆ। ਮੈਨ ਆਫ ਟੂਰਨਾਮੈਂਟ ਬਣ ਕੇ ਜਦੋਂ ਬਾਲੂ ਇੰਗਲੈਂਡ ਤੋਂ ਭਾਰਤ ਆਇਆ ਤਾਂ ਉਸਦੇ ਸਵਾਗਤ ਵਿੱਚ ਸਿਰਫ ਇੱਕ ਬੰਦਾ ਖੜਾ ਸੀ, ਡਾ. ਅੰਬੇਦਕਰ। ਬਾਕੀਆਂ ਨੇ ਉਸ ਦਾ ਬਾਈਕਾਟ ਹੀ ਕੀਤਾ।
ਇਸੇ ਤਰ੍ਹਾਂ ਮਹਾਨ ਤੀਰਅੰਦਾਜ਼ ਏਕਲਵਿਆ ਨਾਲ ਵੀ ਵੱਡੇ ਵਿਤਕਰੇ ਹੋਏ ਤੇ ਉਸ ਨੂੰ ਅੱਗੇ ਵਧਣ ਤੋਂ ਰੋਕਣ ਲਈ ਦਰੋਣਾਚਾਰੀਆ ਨੇ ਉਸ ਦਾ ਅੰਗੂਠਾ ਵਢਾ ਦਿੱਤਾ। ਦੁੱਖ ਦੀ ਗੱਲ ਤਾਂ ਇਹ ਹੈ ਕਿ ਉਸ ਦੋਸ਼ੀ ਦ੍ਰੋਣਾਚਾਰੀਆ ਦੇ ਨਾਮ ਤੇ ਅੱਜ ਵੀ ਸਰਕਾਰ ਅਵਾਰਡ ਦਿੰਦੀ ਹੈ। ਅਜੋਕੇ ਸਮੇਂ ਵਿੱਚ ਵੀ ਬਹੁਤ ਸਾਰੇ ਗਰੀਬ ਤੇ ਸਧਾਰਨ ਪਰਿਵਾਰਾਂ ਦੇ ਖਿਡਾਰੀਆਂ ਨਾਲ ਧੱਕੇ ਹੁੰਦੇ ਹਨ। ਹੁਣ ਤਾਂ ਜਿਆਦਾ ਧੱਕੇ ਪੈਸੇ ਅਤੇ ਸਿਫਾਰਿਸ਼ਾਂ ਕਰਕੇ ਹੁੰਦੇ ਹਨ।  ਇਸ ਕਰਕੇ ਹੁਣ ਹਰੇਕ ਵਰਗ ਦਾ ਗਰੀਬ ਖਿਡਾਰੀ ਪਿਸ ਰਿਹਾ  ਹੈ। ਅਜਿਹੇ ਖਿਡਾਰੀਆਂ ਨੂੰ ਸਾਡੀ ਅਪੀਲ ਹੈ ਕਿ ਆਪਾਂ ਦਬਣਾ ਨਹੀਂ ਸਗੋਂ ਪੀ. ਬਾਲੂ ਵਾਂਗ ਸਿਸਟਮ ਨਾਲ ਖਹਿ ਕੇ ਅੱਗੇ ਵਧਣਾ ਹੈ।
 ਇਸੇ ਕਰਕੇ ਅਸੀਂ ਚਾਹੁੰਦੇ ਹਾਂ ਕਿ ਟੀਮਾਂ ਚੁਣਨ ਵਾਲੇ ਅਹੁਦੇਦਾਰ ਗੁਰੂ ਸਾਹਿਬਾਨਾਂ ਦੇ ਬਰਾਬਰਤਾ ਵਾਲੇ ਸਿਧਾਂਤ ਤੇ ਪਹਿਰਾ ਦਿੰਦੇ ਹੋਏ ਬਿਨਾਂ ਕਿਸੇ ਭੇਦਭਾਵ ਦੇ ਯੋਗ ਖਿਡਾਰੀਆਂ ਨੂੰ ਚੁਣਨ। ਖੇਡ ਦਿਵਸ ਤੇ ਪੀ. ਬਾਲੂ ਨੂੰ ਸਮਰਪਿਤ ਸ਼ਾਇਦ ਇਹ ਭਾਰਤ ਦੀ ਪਹਿਲੀ ਲਿਖਤ ਹੈ।

ਲੈਕਚਰਾਰ ਗੁਰਿੰਦਰ ਸਿੰਘ ਕਡਿਆਣਾ ਦੀ ਕਲਮ ਤੋਂ 

Posted By: TARANJOT SINGH

Latest News