Nazrana Times

ਪੰਜਾਬੀ

ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਵੱਲੋਂ ਨੈਸ਼ਨਲ ਹਾਈਵੇ-54 ’ਤੇ ਪੌਦੇ ਲਗਾਉਣ ਤੇ ਸੰਭਾਲ ਦੀ ਸੇਵਾ ਜਾਰੀ

31 Aug, 2026 10:54 PM

ਸੰਤ ਬਾਬਾ ਸੁੱਖਾ ਸਿੰਘ ਜੀ ਨੇ ਸੰਗਤਾਂ ਨਾਲ ਮਿਲ ਕੇ ਪੌਦਿਆਂ ਦਾ ਕੀਤਾ ਨਿਰੀਖਣ,ਸੁੱਕੇ ਪੌਦਿਆਂ ਦੀ ਥਾਂ ਲਗਾਏ ਨਵੇਂ ਬੂਟੇ

ਰਾਕੇਸ਼ ਨਈਅਰ
ਚੋਹਲਾ ਸਾਹਿਬ/ਤਰਨਤਾਰਨ, 31 ਅਗਸਤ

ਵਾਤਾਵਰਨ ਦੀ ਸੰਭਾਲ ਅਤੇ ਪੰਜਾਬ ਦੀ ਧਰਤੀ ਨੂੰ ਹਰਿਆ-ਭਰਿਆ ਬਣਾਉਣ ਦੇ ਸੰਕਲਪ ਤਹਿਤ ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਵੱਲੋਂ ਚਲਾਈ ਜਾ ਰਹੀ ਪੌਦੇ ਲਗਾਉਣ ਦੀ ਮੁਹਿੰਮ ਲਗਾਤਾਰ ਜਾਰੀ ਹੈ।ਇਸੇ ਤਹਿਤ ਸੰਪਰਦਾਇ ਦੇ ਮੁਖੀ ਸੰਤ ਬਾਬਾ ਸੁੱਖਾ ਸਿੰਘ ਜੀ ਨੇ ਸੰਗਤਾਂ ਨਾਲ ਮਿਲ ਕੇ ਕੌਮੀ ਸ਼ਾਹਰਾਹ ਐਨ.ਐਚ.-54 ਦੇ ਦੋਵੇਂ ਪਾਸੇ ਪੌਦੇ ਲਗਾਉਣ ਦੇ ਨਾਲ ਪਹਿਲਾਂ ਲਗਾਏ ਪੌਦਿਆਂ ਦੀ ਸਾਂਭ-ਸੰਭਾਲ ਦੀ ਸੇਵਾ ਵੀ ਨਿਭਾਈ।
ਇਸ ਦੌਰਾਨ ਸੰਤ ਬਾਬਾ ਸੁੱਖਾ ਸਿੰਘ ਜੀ ਨੇ ਸੜਕ ਕਿਨਾਰੇ ਪਹਿਲਾਂ ਲਗਾਏ ਪੌਦਿਆਂ ਦਾ ਖ਼ੁਦ ਨਿਰੀਖਣ ਕੀਤਾ।ਸੰਗਤਾਂ ਵੱਲੋਂ ਪੌਦਿਆਂ ਦੇ ਆਲੇ-ਦੁਆਲੇ ਉੱਗੀ ਘਾਹ-ਫੂਸ ਅਤੇ ਨਦੀਨਾਂ ਦੀ ਸਫ਼ਾਈ ਕੀਤੀ ਗਈ ਅਤੇ ਮਿੱਟੀ ਦੀ ਗੋਡੀ ਕਰਨ ਉਪਰੰਤ ਲੋੜ ਅਨੁਸਾਰ ਪਾਣੀ ਦਿੱਤਾ ਗਿਆ।ਮੌਸਮ ਦੀ ਮਾਰ,ਪਾਣੀ ਦੀ ਘਾਟ ਜਾਂ ਹੋਰ ਕਾਰਨਾਂ ਕਰਕੇ ਸੁੱਕ ਚੁੱਕੇ ਪੌਦਿਆਂ ਦੀ ਥਾਂ ਨਵੇਂ ਅਤੇ ਤੰਦਰੁਸਤ ਪੌਦੇ ਵੀ ਲਗਾਏ ਗਏ।
ਇਸ ਮੌਕੇ ਸੰਤ ਬਾਬਾ ਸੁੱਖਾ ਸਿੰਘ ਜੀ ਨੇ ਕਿਹਾ ਕਿ ਪੌਦਾ ਲਗਾਉਣਾ ਵਾਤਾਵਰਨ ਦੀ ਸੇਵਾ ਦਾ ਪਹਿਲਾ ਕਦਮ ਹੈ, ਜਦਕਿ ਉਸ ਨੂੰ ਪਾਣੀ ਦੇ ਕੇ ਅਤੇ ਪਸ਼ੂਆਂ ਤੇ ਹੋਰ ਨੁਕਸਾਨ ਤੋਂ ਬਚਾ ਕੇ ਦਰੱਖਤ ਬਣਾਉਣਾ ਅਸਲ ਜ਼ਿੰਮੇਵਾਰੀ ਹੈ।ਇਸੇ ਮਕਸਦ ਨਾਲ ਸੰਪਰਦਾਇ ਵੱਲੋਂ ਲਗਾਏ ਗਏ ਪੌਦਿਆਂ ਦੀ ਸਮੇਂ-ਸਮੇਂ ’ਤੇ ਜਾਂਚ, ਸਿੰਜਾਈ ਅਤੇ ਸੰਭਾਲ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ।
ਉਨ੍ਹਾਂ ਕਿਹਾ ਕਿ ਮਨੁੱਖ ਵੱਲੋਂ ਕੁਦਰਤੀ ਸਰੋਤਾਂ ਦੀ ਅੰਨ੍ਹੇਵਾਹ ਵਰਤੋਂ ਕਾਰਨ ਵਾਤਾਵਰਨ ਦਾ ਸੰਤੁਲਨ ਲਗਾਤਾਰ ਵਿਗੜ ਰਿਹਾ ਹੈ। ਵਧਦਾ ਤਾਪਮਾਨ, ਪ੍ਰਦੂਸ਼ਿਤ ਹਵਾ ਅਤੇ ਧਰਤੀ ਹੇਠਲੇ ਪਾਣੀ ਦਾ ਡਿੱਗਦਾ ਪੱਧਰ ਸਮੁੱਚੀ ਮਨੁੱਖਤਾ ਲਈ ਗੰਭੀਰ ਚੁਣੌਤੀਆਂ ਹਨ। ਇਨ੍ਹਾਂ ਸਮੱਸਿਆਵਾਂ ਨਾਲ ਨਜਿੱਠਣ ਲਈ ਵੱਧ ਤੋਂ ਵੱਧ ਪੌਦੇ ਲਗਾਉਣ ਦੇ ਨਾਲ-ਨਾਲ ਉਨ੍ਹਾਂ ਦੀ ਨਿਰੰਤਰ ਸੰਭਾਲ ਕਰਨਾ ਸਮੇਂ ਦੀ ਮੁੱਖ ਲੋੜ ਹੈ।
ਸੰਤ ਬਾਬਾ ਸੁੱਖਾ ਸਿੰਘ ਜੀ ਨੇ ਸੰਗਤਾਂ,ਨੌਜਵਾਨਾਂ,ਸਮਾਜਿਕ ਸੰਸਥਾਵਾਂ ਅਤੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਇਸ ਲੋਕ-ਭਲਾਈ ਮੁਹਿੰਮ ਨਾਲ ਜੁੜਨ ਦੀ ਅਪੀਲ ਕਰਦਿਆਂ ਕਿਹਾ ਕਿ ਹਰੇਕ ਵਿਅਕਤੀ ਘੱਟੋ-ਘੱਟ ਇੱਕ ਪੌਦਾ ਲਗਾ ਕੇ ਉਸ ਦੀ ਸੰਭਾਲ ਦੀ ਜ਼ਿੰਮੇਵਾਰੀ ਵੀ ਨਿਭਾਵੇ।ਉਨ੍ਹਾਂ ਕਿਹਾ ਕਿ ਦਰੱਖਤ ਵਾਤਾਵਰਨ ਨੂੰ ਸ਼ੁੱਧ ਬਣਾਉਣ,ਤਾਪਮਾਨ ਨੂੰ ਸੰਤੁਲਿਤ ਰੱਖਣ,ਮਿੱਟੀ ਦੇ ਖੁਰਨ ਨੂੰ ਰੋਕਣ ਅਤੇ ਰਾਹਗੀਰਾਂ ਨੂੰ ਛਾਂ ਪ੍ਰਦਾਨ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ।
ਇਸ ਸੇਵਾ ਵਿੱਚ ਵੱਖ-ਵੱਖ ਪਿੰਡਾਂ ਤੋਂ ਪੁੱਜੀਆਂ ਸੰਗਤਾਂ ਨੇ ਭਾਰੀ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਵਾਤਾਵਰਨ ਦੀ ਰੱਖਿਆ ਲਈ ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ।

Posted By: GURBHEJ SINGH ANANDPURI

Latest News