ਆਪ ਸਰਕਾਰ ਨੇ ਪੰਜਾਬ ਦੇ ਲੋਕਾਂ ਨਾਲ ਕੀਤਾ ਹਰ ਵਾਅਦਾ ਪੂਰਾ ਕੀਤਾ ਅਤੇ ਭਵਿੱਖ ਵਿੱਚ ਵੀ ਹਰ ਵਾਅਦੇ ਨੂੰ ਪੂਰਾ ਕਰਾਂਗੇ-ਪੱਡਾ
ਆਪ ਆਗੂਆਂ ਵਲੋਂ ਪਿੰਡ ਭੰਡਾਲ ਦੋਨਾਂ ਵਿਖੇ ਕੀਤਾ ਗਿਆ ਲੋਕ ਮਿਲਣੀ ਦਾ ਆਯੋਜਨ
ਕਪੂਰਥਲਾ 5 ਅਕਤੂਬਰ ਗੌਰਵ ਮੜੀਆ
ਆਮ ਆਦਮੀ ਪਾਰਟੀ ਦੇ ਆਗੂਆਂ ਦੇ ਵੱਲੋਂ ਆਮ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਅਤੇ ਉਨ੍ਹਾਂ ਦੇ ਹੱਲ ਲਈ ਲੋਕ ਮਿਲਣੀ ਪ੍ਰੋਗਰਾਮ ਚਲਾਇਆ ਜਾ ਰਿਹਾ ਹੈ,ਜਿਸ ਤਹਿਤ ਆਗੂ ਤੇ ਵਰਕਰ ਸੂਬੇ ਦੇ ਵੱਖ-ਵੱਖ ਪਿੰਡਾਂ,ਸ਼ਹਿਰਾਂ ਅਤੇ ਹਲਕਿਆਂ ਵਿੱਚ ਜਾ ਕੇ ਸਿੱਧੇ ਤੌਰ ਤੇ ਲੋਕਾਂ ਨਾਲ ਗੱਲਬਾਤ ਕਰ ਰਹੇ ਹਨ।ਇਸ ਤਹਿਤ ਆਮ ਆਦਮੀ ਪਾਰਟੀ ਕਿਸਾਨ ਵਿੰਗ ਦੋਆਬਾ ਜੋਨ ਦੇ ਸੂਬਾ ਸਕੱਤਰ ਸੁਖਵੰਤ ਸਿੰਘ ਪੱਡਾ ਦੇ ਵਲੋਂ ਹਲਕਾ ਕਪੂਰਥਲਾ ਵਿਚ ਵੀ ਲਗਾਤਾਰ ਲੋਕਾਂ ਦੇ ਨਾਲ ਲੋਕ ਮਿਲਣੀਆਂ ਕੀਤੀਆਂ ਜਾ ਰਹੀਆਂ ਹਨ।ਇਸ ਤਹਿਤ ਹਲਕੇ ਦੇ ਪਿੰਡ ਭੰਡਾਲ ਦੋਨਾਂ ਆਮ ਆਦਮੀ ਪਾਰਟੀ ਦੇ ਸਰਕਲ ਇੰਚਾਰਜ ਜਸਵੰਤ ਸਿੰਘ ਨੰਦਾ,ਬਲਾਕ ਪ੍ਰਧਾਨ ਕਿਸਾਨ ਵਿੰਗ ਕੁਲਜਿੰਦਰ ਸਿੰਘ ਵੱਲੋਂ ਲੋਕ ਮਿਲਣੀ ਦਾ ਆਯੋਜਨ ਕੀਤਾ ਗਿਆ।ਇਸ ਮੌਕੇ ਵਿਸ਼ੇਸ਼ ਤੋਰ ਤੇ ਪਹੁੰਚੇ ਆਮ ਆਦਮੀ ਪਾਰਟੀ ਕਿਸਾਨ ਵਿੰਗ ਦੋਆਬਾ ਜੋਨ ਦੇ ਸੂਬਾ ਸਕੱਤਰ ਸੁਖਵੰਤ ਸਿੰਘ ਪੱਡਾ ਨੇ ਇੱਕਠ ਨੂੰ ਸੰਬੋਧਨ ਕਰਦਿਆਂ ਐਲਾਨ ਕੀਤਾ ਕਿ ਆਪ ਦੀ ਪੰਜਾਬ ਸਰਕਾਰ ਨੇ ਲੋਕਾਂ ਨਾਲ ਕੀਤੇ ਹਰ ਵਾਅਦੇ ਨੂੰ ਪੂਰਾ ਕੀਤਾ ਹੈ ਅਤੇ ਆਉਣ ਵਾਲੇ ਸਾਲਾਂ ਵਿੱਚ ਹਰ ਵਾਅਦੇ ਦਾ ਸਨਮਾਨ ਕਰਦੇ ਰਹਿਣਾ ਇਸੇ ਤਰ੍ਹਾਂ ਜਾਰੀ ਰਹੇਗਾ ਜੋ ਕਿ ਆਪ ਸਰਕਾਰ ਦਾ ਇੱਕੋ-ਇੱਕ ਏਜੰਡਾ ਹੈ ਤਾਂ ਜੋ ਸੂਬੇ ਦੇ ਲੋਕਾਂ ਲਈ ਤਰੱਕੀ ਅਤੇ ਖੁਸ਼ਹਾਲੀ ਵਾਲਾ ਰੰਗਲਾ ਪੰਜਾਬ ਬਣਾਇਆ ਜਾ ਸਕੇ।ਲੋਕਾਂ ਨਾਲ ਲੋਕ ਮਿਲਣੀ ਦੌਰਾਨ ਸੰਬੋਧਨ ਕਰਦਿਆਂ ਪੱਡਾ ਨੇ ਕਿਹਾ ਕਿ ਇਹ ਜਨਤਕ ਗੱਲਬਾਤ ਲੋਕਾਂ ਦੀਆਂ ਸ਼ਿਕਾਇਤਾਂ ਨੂੰ ਸਿੱਧੇ ਤੌਰ ਸੁਨਣ ਤੇ ਹੱਲ ਕਰਵਾਉਣ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਬਿਨਾਂ ਦੇਰੀ ਦੇ ਨਿਪਟਾਉਣ ਲਈ ਪ੍ਰਭਾਵਸ਼ਾਲੀ ਢੰਗ ਵਜੋਂ ਉੱਭਰ ਰਹੀ ਹੈ। ਪੰਜਾਬ ਸਰਕਾਰ ਵੱਲੋਂ ਲਏ ਗਏ ਲੋਕ-ਪੱਖੀ ਫੈਸਲਿਆਂ ਦਾ ਜ਼ਿਕਰ ਕਰਦਿਆਂ ਉਨ੍ਹਾਂਨੇ ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ ਵਰਗੀਆਂ ਪਹਿਲਕਦਮੀਆਂ ਤੇ ਚਾਨਣਾ ਪਾਇਆ ਜਿਸ ਤਹਿਤ ਔਰਤਾਂ ਨੂੰ 1000 ਤੋਂ 1500 ਰੁਪਏ ਪ੍ਰਤੀ ਮਹੀਨਾ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ।ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦੀ ਮੇਰੀ ਰਸੋਈ ਯੋਜਨਾ ਤਹਿਤ 40 ਲੱਖ ਪਰਿਵਾਰਾਂ ਨੂੰ ਰਾਸ਼ਟਰੀ ਖੁਰਾਕ ਸੁਰੱਖਿਆ ਐਕਟ ਅਧੀਨ ਕਣਕ ਤੋਂ ਇਲਾਵਾ ਮੁਫਤ ਰਸਦ ਕਿੱਟਾਂ ਪ੍ਰਾਪਤ ਹੋਣਗੀਆਂ।ਪੱਡਾ ਨੇ ਕਿਹਾ ਕਿ ਬੇਰੁਜ਼ਗਾਰੀ ਨਾਲ ਨਜਿੱਠਣ ਲਈ ਯੋਜਨਾਬੱਧ ਯਤਨਾਂ ਦੇ ਹਿੱਸੇ ਵਜੋਂ ਨੌਜਵਾਨਾਂ ਨੂੰ 70000 ਤੋਂ ਵੱਧ ਸਰਕਾਰੀ ਨੌਕਰੀਆਂ ਦੀ ਪਾਰਦਰਸ਼ੀ ਵਿਵਸਥਾ ਕੀਤੀ ਗਈ ਹੈ।ਉਨ੍ਹਾਂਨੇ ਕਿਹਾ ਲੋਕ ਮਿਲਣੀ ਇਕ ਵਿਲੱਖਣ ਪਹਿਲ ਹੈ ਜੋ ਸਰਕਾਰ ਨੂੰ ਲੋਕਾਂ ਨਾਲ ਸਿੱਧੇ ਤੌਰ ਤੇ ਗੱਲਬਾਤ ਕਰਨ ਅਤੇ ਉਨ੍ਹਾਂ ਦੇ ਮੁੱਦਿਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਨਿਪਟਾਉਣ ਦੀ ਸਹੂਲਤ ਦਿੰਦੀ ਹੈ। ਪਿਛਲੇ ਸਾਢੇ ਚਾਰ ਸਾਲਾਂ ਦੌਰਾਨ ਪੰਜਾਬ ਸਰਕਾਰ ਵੱਲੋਂ ਕੀਤੀਆਂ ਗਈਆਂ ਕਈ ਲੋਕ ਪੱਖੀ ਪਹਿਲਕਦਮੀਆਂ ਨੂੰ ਗਿਣਾਉਂਦਿਆਂ ਉਨ੍ਹਾਂਨੇ ਕਿਹਾ ਮਾਵਾਂ-ਧੀਆਂ ਸਤਿਕਾਰ ਯੋਜਨਾ ਦੀ ਸ਼ੁਰੂਆਤ ਦਾ ਜ਼ਿਕਰ ਕੀਤਾ।ਇਹ ਸਕੀਮ ਪੰਜਾਬ ਸਰਕਾਰ ਵੱਲੋਂ ਆਮ ਪਰਿਵਾਰਾਂ ਦੀ ਸਹਾਇਤਾ ਲਈ ਇਕ ਵੱਡਾ ਕਦਮ ਹੈ।ਬਹੁਤ ਸਾਰੇ ਪਰਿਵਾਰਾਂ ਲਈ ਵਿਸ਼ੇਸ਼ ਕਰਕੇ ਆਰਥਿਕ ਤੌਰ ਤੇ ਸੰਘਰਸ਼ ਕਰ ਰਹੇ ਲੋਕਾਂ ਲਈ,ਹਰ ਮਹੀਨੇ 1000 ਤੋਂ 1500 ਰੁਪਏ ਮਹੱਤਵਪੂਰਨ ਰਾਸ਼ੀ ਹੈ।ਪੱਡਾ ਨੇ ਕਿਹਾ ਇਹ ਸਹਾਇਤਾ ਸਾਡੀਆਂ ਮਾਵਾਂ ਅਤੇ ਧੀਆਂ ਲਈ ਸਤਿਕਾਰ ਦਾ ਪ੍ਰਤੀਕ ਹੈ।ਪੱਡਾ ਨੇ ਭੋਜਨ ਅਤੇ ਪੋਸ਼ਣ ਸੁਰੱਖਿਆ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਮੇਰੀ ਰਸੋਈ ਯੋਜਨਾ ਦੀ ਸ਼ੁਰੂਆਤ ਤੇ ਵੀ ਚਾਨਣਾ ਪਾਇਆ।ਉਨ੍ਹਾਂ ਕਿਹਾ ਕਿ ਪੰਜਾਬ ਦੇ ਮਿਹਨਤੀ ਕਿਸਾਨਾਂ ਨੇ ਹਮੇਸ਼ਾ ਇਹ ਯਕੀਨੀ ਬਣਾਇਆ ਹੈ ਕਿ ਦੇਸ਼ ਦਾ ਕੋਈ ਬਾਸ਼ਿੰਦਾ ਕਦੇ ਭੁੱਖਾ ਨਾ ਸੌਂਵੇ ਅਤੇ ਇਹ ਬੜੇ ਫਖ਼ਰ ਦੀ ਗੱਲ ਹੈ ਕਿ ਸੂਬਾ ਲਗਾਤਾਰ ਦੇਸ਼ ਦੇ ਅਨਾਜ ਉਤਪਾਦਨ ਵਿੱਚ ਮੋਹਰੀ ਰਿਹਾ ਹੈ।ਉਨ੍ਹਾਂ ਅੱਗੇ ਕਿਹਾ ਪੰਜਾਬ ਦੇ ਕੁਝ ਪਰਿਵਾਰ ਹਾਲੇ ਵੀ ਰੋਜ਼ਾਨਾ ਭੋਜਨ ਦਾ ਪ੍ਰਬੰਧਨ ਕਰਨ ਲਈ ਝੂਜ ਰਹੇ ਹਨ।ਮੇਰੀ ਰਸੋਈ ਯੋਜਨਾ ਰਾਹੀਂ ਪੰਜਾਬ ਸਰਕਾਰ ਵੱਲੋਂ 40 ਲੱਖ ਪਰਿਵਾਰਾਂ ਨੂੰ ਭੋਜਨ ਕਿੱਟਾਂ ਵੰਡੀਆਂ ਜਾਣਗੀਆਂ।ਪੱਡਾ ਨੇ ਕਿਹਾ ਕਿ ਹਰੇਕ ਕਿੱਟ ਵਿੱਚ ਮਹੀਨਾਵਾਰ ਖਪਤ ਲਈ ਦੋ ਕਿਲੋਗ੍ਰਾਮ ਦਾਲ,ਦੋ ਕਿਲੋਗ੍ਰਾਮ ਖੰਡ,ਇੱਕ ਕਿਲੋਗ੍ਰਾਮ ਨਮਕ,200 ਗ੍ਰਾਮ ਹਲਦੀ ਪਾਊਡਰ ਅਤੇ ਇੱਕ ਲੀਟਰ ਸਰ੍ਹੋਂ ਦਾ ਤੇਲ ਹੋਵੇਗਾ ਅਤੇ ਇਹ ਰਾਸ਼ਟਰੀ ਖੁਰਾਕ ਸੁਰੱਖਿਆ ਐਕਟ ਅਧੀਨ ਪਹਿਲਾਂ ਹੀ ਵੰਡੀ ਗਈ ਕਣਕ ਤੋਂ ਇਲਾਵਾ ਦਿੱਤਾ ਜਾ ਰਿਹਾ ਹੈ।ਇਸ ਮੌਕੇ ਤੇ ਬਲਾਕ ਪ੍ਰਧਾਨ ਕਵਰਜੀਤ ਬਾਵਾ,ਉਪਕਾਰ ਸਿੰਘ ਖਾਲਸਾ, ਚੇਅਰਮੈਨ ਮਲਕੀਤ ਸਿੰਘ ਕਾਂਜਲੀ, ਰਿਟਾਇਡ ਡੀਐਸਪੀ ਕਰਨੈਲ ਸਿੰਘ,ਕੁਲਜਿੰਦਰ ਸਿੰਘ, ਦਿਲਪ੍ਰੀਤ ਸਿੰਘ,ਗੁਰਦੀਪ ਸਿੰਘ ਕਾਹਲਵਾਂ, ਲੰਬਰਦਾਰ ਬਲਵੀਰ ਸਿੰਘ,ਮਨਜੀਤ ਸਿੰਘ, ਦਲਜੀਤ ਸਿੰਘ, ਸੁਖਵਿੰਦਰ ਸਿੰਘ,ਮੰਗਲ ਸਿੰਘ ਆਦਿ ਹਾਜ਼ਰ ਸਨ।
Posted By: Gaurav Maria