ਦਮਦਮੀ ਟਕਸਾਲ ਇੰਟਰਨੈਸ਼ਨਲ ਵੱਲੋਂ ਭਾਈ ਲਹਿਣਾ ਸਿੰਘ ਨੂੰ ਮੁੱਖ ਬੁਲਾਰਾ ਕੀਤਾ ਨਿਯੁਕਤ
ਅੰਮ੍ਰਿਤਸਰ, 5 ਅਪ੍ਰੈਲ , ਕੰਵਰ ਪ੍ਰਤਾਪ ਸਿੰਘ- ਪੰਜਾਬ, ਭਾਰਤ ਅਤੇ ਵੱਖ-ਵੱਖ ਦੇਸ਼ਾਂ ਵਿੱਚ ਵੱਸਦੇ ਦਮਦਮੀ ਟਕਸਾਲ ਦੇ ਪੁਰਾਣੇ ਅਤੇ ਸੁਹਿਰਦ ਵਿਦਿਆਰਥੀਆਂ ਨੇ ਭਾਈ ਲਹਿਣਾ ਸਿੰਘ ਨੂੰ ਦਮਦਮੀ ਟਕਸਾਲ ਇੰਟਰਨੈਸ਼ਨਲ ਦਾ ਮੁੱਖ ਬੁਲਾਰਾ ਨਿਯੁਕਤ ਕਰ ਦਿੱਤਾ ਹੈ।
ਦਮਦਮੀ ਟਕਸਾਲ ਇੰਟਰਨੈਸ਼ਨਲ ਦੇ ਨਾਂ ਹੇਠ ਜਾਰੀ ਹੋਏ ਲੈਟਰਪੈਡ ਵਿੱਚ ਸੱਚਖੰਡਵਾਸੀ ਸੰਤ ਬਾਬਾ ਠਾਕੁਰ ਸਿੰਘ ਜੀ ਦੇ ਡਰਾਇਵਰ ਵਜੋਂ ਸੇਵਾ ਨਿਭਾ ਚੁੱਕੇ ਭਾਈ ਦਵਿੰਦਰ ਸਿੰਘ ਕੈਨੇਡਾ ਅਤੇ ਪੀ.ਏ ਗਿਆਨੀ ਜਸਵਿੰਦਰ ਸਿੰਘ ਅਮਰੀਕਾ, ਗਿਆਨੀ ਯਾਦਵਿੰਦਰ ਸਿੰਘ ਆਸਟ੍ਰੇਲੀਆ, ਭਾਈ ਬਲਵੰਤ ਸਿੰਘ ਗੋਪਾਲਾ (ਸਾਬਕਾ ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ), ਭਾਈ ਤਰਨਦੀਪ ਸਿੰਘ ਯੂਕੇ, ਭਾਈ ਹਰਪ੍ਰੀਤ ਸਿੰਘ ਅਸਟਰੀਆ ਅਤੇ ਭਾਈ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਇਹ ਫ਼ੈਸਲਾ ਖ਼ਾਲਸਾ ਪੰਥ ਦੇ ਸਿਧਾਂਤਾਂ ਦੀ ਰਾਖੀ ਅਤੇ ਦਮਦਮੀ ਟਕਸਾਲ ਦੀ ਸ਼ਾਨ ਨੂੰ ਬਚਾਉਣ ਲਈ ਲਿਆ ਗਿਆ ਹੈ ਕਿਉਂਕਿ ਭਾਈ ਹਰਨਾਮ ਸਿੰਘ ਧੁੰਮਾ ਵੱਲੋਂ ਦਮਦਮੀ ਟਕਸਾਲ ਨੂੰ ਅਰਸ਼ ਤੋਂ ਫਰਸ਼ 'ਤੇ ਸੁੱਟਦਿਆਂ ਜਥੇਬੰਦੀ ਦੇ ਵੱਕਾਰ ਨੂੰ ਰੋਲਿਆ ਜਾ ਰਿਹਾ ਸੀ ਜਿਸ ਨੂੰ ਲੈ ਕੇ ਟਕਸਾਲ ਦੇ ਵਿਦਿਆਰਥੀਆਂ ਸਮੇਤ ਹਰੇਕ ਪੰਥ-ਪ੍ਰਸਤ ਗੁਰਸਿੱਖ ਤੇ ਸੰਗਤਾਂ ਦੁਖੀ ਸਨ ਤੇ ਸਭ ਨੂੰ ਪੰਥਕ ਸਿਧਾਂਤਾਂ ਦੇ ਘਾਣ ਅਤੇ ਟਕਸਾਲ ਦੀ ਰੁਲ਼ ਰਹੀ ਸ਼ਾਨ ਦੀ ਚਿੰਤਾ ਖਾਈ ਜਾ ਰਹੀ ਸੀ।
ਭਾਈ ਧੁੰਮੇ ਦੀਆਂ ਗਤੀਵਿਧੀਆਂ ਕਰਕੇ ਸੰਸਾਰ ਭਰ ਵਿੱਚ ਦਮਦਮੀ ਟਕਸਾਲ ਦੀ ਗਲਤ ਛਵੀ ਬਣਦੀ ਜਾ ਰਹੀ ਹੈ ਜਿਸ ਦੇ ਖ਼ਿਲਾਫ਼ ਅਸੀਂ ਕਈ ਸਾਲਾਂ ਤੋਂ ਸਟੈਂਡ ਲੈਂਦੇ ਆ ਰਹੇ ਹਾਂ ਤੇ ਹੁਣ ਅਸੀਂ ਸਾਂਝੇ ਰੂਪ ਵਿੱਚ ਭਾਈ ਲਹਿਣਾ ਸਿੰਘ ਨੂੰ ਦਮਦਮੀ ਟਕਸਾਲ ਇੰਟਰਨੈਸ਼ਨਲ ਦਾ ਮੁੱਖ ਬੁਲਾਰਾ ਨਿਯੁਕਤ ਕਰਕੇ ਦਮਦਮੀ ਟਕਸਾਲ ਦੀ ਸਾਂਝੀ ਆਵਾਜ਼ ਬਣ ਕੇ ਸਿੱਖੀ ਸਿਧਾਂਤਾਂ ਦੀ ਰਾਖੀ, ਦਮਦਮੀ ਟਕਸਾਲ ਦੀ ਸਾਖ ਬਚਾਉਣ, ਸਿੱਖ ਸੰਘਰਸ਼ ਨੂੰ ਜਾਰੀ ਰੱਖਣ ਤੇ ਗੁਰਮਤਿ ਦੇ ਪ੍ਰਚਾਰ ਲਈ ਤਤਪਰ ਰਹਾਂਗੇ।
ਉਹਨਾਂ ਕਿਹਾ ਕਿ ਦਮਦਮੀ ਟਕਸਾਲ ਹਮੇਸ਼ਾਂ ਸਿੱਖੀ ਦਾ ਪ੍ਰਚਾਰ, ਗੁਰਮਤਿ ਵਿਚਾਰਧਾਰਾ ਦੀ ਚੜ੍ਹਦੀ ਕਲਾ, ਸਿੱਖ ਕੌਮ ਦੀ ਅਜ਼ਾਦ ਹੋਂਦ-ਹਸਤੀ ਦੀ ਰਾਖੀ, ਸਿੱਖੀ ਮਰਯਾਦਾ ਦੀ ਝੰਡਾਬਰਦਾਰ, ਸਿੱਖ ਸਿਧਾਂਤਾਂ ਦੀ ਬਹਾਲੀ, ਸਿੱਖ ਫ਼ਲਸਫ਼ੇ 'ਤੇ ਪਹਿਰਾ ਦੇਣ, ਖ਼ਾਲਸਈ ਪ੍ਰਭੂਸੱਤਾ ਦਾ ਝੰਡਾ ਬੁਲੰਦ ਕਰਨ, ਸਿੱਖ ਵਿਰਾਸਤ ਲਈ ਜੂਝਣ ਤੇ ਸਿੱਖਾਂ ਦੀ ਅਜ਼ਾਦੀ ਲਈ ਸੰਘਰਸ਼ ਕਰਨ 'ਚ ਮੋਹਰੀ ਰਹੀ ਹੈ। ਦਸਵੇਂ ਪਾਤਸ਼ਾਹ ਵੱਲੋਂ ਸਾਜੀ ਦਮਦਮੀ ਟਕਸਾਲ ਦਾ ਇਤਿਹਾਸ ਬਹੁਤ ਸ਼ਾਨਾਮੱਤਾ ਹੈ, ਬਾਬਾ ਦੀਪ ਸਿੰਘ ਜੀ ਤੋਂ ਲੈ ਕੇ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ ਤੇ ਬਾਬਾ ਠਾਕੁਰ ਸਿੰਘ ਜੀ ਤਕ ਸਾਰੇ ਹੀ ਮੁਖੀਆਂ ਨੇ ਮਹਾਨ ਸੇਵਾਵਾਂ ਨਿਭਾਈਆਂ ਹਨ।
ਉਹਨਾਂ ਕਿਹਾ ਕਿ ਇਹ ਫੈਸਲਾ ਅਸੀਂ ਦਮਦਮੀ ਟਕਸਾਲ ਦੇ ਸੁਹਿਰਦ ਵਿਦਿਆਰਥੀਆਂ, ਪੰਥਕ ਜਥੇਬੰਦੀਆਂ, ਸੰਪਰਦਾਵਾਂ, ਸੰਸਥਾਵਾਂ, ਗੁਰਦੁਆਰਾ ਕਮੇਟੀਆਂ ਤੇ ਸੰਗਤਾਂ ਨਾਲ ਵਿਚਾਰਾਂ ਕਰਨ ਤੋਂ ਬਾਅਦ ਲਿਆ ਹੈ। ਭਾਈ ਲਹਿਣਾ ਸਿੰਘ ਨੇ ਦਮਦਮੀ ਟਕਸਾਲ ਵਿੱਚ ਰਹਿ ਕੇ ਸੱਚਖੰਡਵਾਸੀ ਬਾਬਾ ਠਾਕੁਰ ਸਿੰਘ ਜੀ ਦੀ ਸੰਗਤ ਮਾਣੀ ਹੈ ਤੇ ਮਹਾਂਪੁਰਖਾਂ ਦੇ ਨਾਲ ਦੇਸ਼-ਵਿਦੇਸ਼ ਵਿੱਚ ਵੀ ਪ੍ਰਚਾਰ ਦੌਰੇ 'ਤੇ ਰਹੇ ਸਨ ਤੇ ਹੁਣ ਵੀ ਸਿੱਖੀ ਪ੍ਰਚਾਰ ਅਤੇ ਪੰਥਕ ਸੰਘਰਸ਼ ਵਿੱਚ ਡਟੇ ਹੋਏ ਹਨ। ਉਹ ਦਮਦਮੀ ਟਕਸਾਲ ਇੰਟਰਨੈਸ਼ਨਲ ਦੇ ਮੁੱਖ ਬੁਲਾਰੇ ਵਜੋਂ ਅੱਜ ਤੋਂ ਸੇਵਾਵਾਂ ਨਿਭਾਉਣਗੇ। ਗੁਰੂ ਸਾਹਿਬ ਇਹਨਾਂ ਕਾਰਜਾਂ ਵਿੱਚ ਸਫਲਤਾ ਬਖਸ਼ਣ ਅਰਦਾਸ ਹੈ ਤੇ ਸੰਗਤਾਂ ਨੂੰ ਸਹਿਯੋਗ ਲਈ ਬੇਨਤੀ ਕਰਦੇ ਹਾਂ। ਜ਼ਿਕਰਯੋਗ ਹੈ ਕਿ ਭਾਈ ਲਹਿਣਾ ਸਿੰਘ ਜੋ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਤਲਵੰਡੀ ਬਖਤਾ ਦੇ ਰਹਿਣ ਵਾਲੇ ਹਨ।
Posted By: GURBHEJ SINGH ANANDPURI