ਲਾਲਾ ਜਗਤ ਨਰਾਇਣ ਦਾ ਸੋਧਾ ਅਤੇ ਸੰਤ ਭਿੰਡਰਾਂਵਾਲ਼ਿਆਂ ਦੀ ਗ੍ਰਿਫ਼ਤਾਰੀ
ਜਦੋਂ ਹਿੰਦ ਸਮਾਚਾਰ ਸਮੂਹ ਦੇ ਸੰਪਾਦਕ ਲਾਲ਼ਾ ਜਗਤ ਨਰਾਇਣ ਵੱਲੋਂ ਅਖ਼ਬਾਰਾਂ ’ਚ ਲਗਾਤਾਰ ਸਿੱਖ ਵਿਰੋਧੀ ਲੇਖ ਛਾਪੇ ਗਏ, ਗੁਰੂ ਸਾਹਿਬਾਨਾਂ ਦੀ ਨਿਰਾਦਰੀ ਕੀਤੀ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਗ਼ੱਦਾਰ ਤਕ ਕਹਿ ਦਿੱਤਾ ਤਾਂ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲ਼ਿਆਂ ਨੂੰ ਰੋਹ ਚੜ੍ਹ ਆਇਆ ਤੇ ਉਹਨਾਂ ਦੇ ਮਨ ਦੀ ਅਵਸਥਾ ਨੂੰ ਸਮਝਦਿਆਂ 9 ਸਤੰਬਰ 1981 ਨੂੰ ਸੰਤਾਂ ਦੇ ਭਤੀਜੇ ਭਾਈ ਸਵਰਨ ਸਿੰਘ ਰੋਡੇ, ਭਾਈ ਨਛੱਤਰ ਸਿੰਘ ਰੋਡੇ ਤੇ ਭਾਈ ਦਲਬੀਰ ਸਿੰਘ ਅਭਿਆਸੀ ਨੇ ਲੁਧਿਆਣੇ ਨੇੜੇ ਲਾਲ਼ੇ ਨੂੰ ਗੋਲ਼ੀਆਂ ਮਾਰ ਕੇ ਭੁੰਨ ਦਿੱਤਾ। ਇਸ ਐਕਸ਼ਨ ਤੋਂ ਦਿੱਲੀ ਸਰਕਾਰ ਹਿੱਲ ਗਈ, ਏਜੰਸੀਆਂ ਦੀ ਨੀਂਦ ਉੱਡ ਗਈ ਤੇ ਸਰਕਾਰ ਨੇ ਸੰਤਾਂ ਨੂੰ ਹੱਥ ਪਾਉਣ ਦਾ ਫ਼ੈਸਲਾ ਕਰ ਲਿਆ।
ਉਸ ਸਮੇਂ ਹਰਿਅਣਾ ਦੇ ਚੰਦੋ ਕਲਾਂ ਵਿੱਚ ਸੰਤ ਭਿੰਡਰਾਂਵਾਲ਼ਿਆਂ ਵੱਲੋਂ ਸਮਾਗਮ ਚੱਲ ਰਹੇ ਸਨ ਤੇ 12 ਸਤੰਬਰ 1981 ਨੂੰ ਸੰਤਾਂ ਨੂੰ ਗ੍ਰਿਫ਼ਤਾਰੀ ਵਰੰਟ ਜਾਰੀ ਕੀਤੇ ਗਏ ਜਿਨ੍ਹਾਂ ਦਾ ਅਧਾਰ ਸੰਤ ਭਿੰਡਰਾਂਵਾਲ਼ਿਆਂ ਵੱਲੋਂ 26 ਜੁਲਾਈ 1981 ਨੂੰ ਕੀਤੀ ਤਕਰੀਰ ਦੇ ਬੋਲਾਂ ’ਚੋਂ ਬਣਾਇਆ ਗਿਆ ਜਿਸ ਵਿੱਚ ਸੰਤਾਂ ਨੇ ਲਾਲ਼ੇ ਨੂੰ ਚਿਤਾਵਨੀ ਦਿੰਦਿਆਂ ਕਿਹਾ ਸੀ ਕਿ “ਜੇਕਰ ਉਹ ਸਿੱਖਾਂ ਵਿਰੁੱਧ ਲਿਖਣੋਂ ਨਾ ਹਟਿਆ ਤਾਂ ਉਸ ਨੂੰ ਸਬਕ ਸਿਖਾਇਆ ਜਾਏਗਾ।”
ਜਦ ਸੰਤਾਂ ਨੂੰ ਪਤਾ ਲੱਗਾ ਕਿ ਪੁਲੀਸ ਉਹਨਾਂ ਨੂੰ ਗ੍ਰਿਫ਼ਤਾਰ ਕਰਨਾ ਚਾਹੁੰਦੀ ਹੈ ਤਾਂ ਉਹ ਪੁਲੀਸ ਨੂੰ ਚਕਮਾ ਦੇ ਕੇ ਮਹਿਤੇ ਪਹੁੰਚ ਗਏ। ਸੰਤ ਭਿੰਡਰਾਂਵਾਲ਼ਿਆਂ ਨੂੰ ਗ੍ਰਿਫ਼ਤਾਰ ਕਰਨ ਲਈ 14 ਸਤੰਬਰ 1981 ਨੂੰ ਹਰਿਆਣਾ ਦੇ ਚੰਦੋ ਕਲਾਂ ਵਿੱਚ ਵੱਡੀ ਤਦਾਦ ਵਿੱਚ ਪਹੁੰਚ ਕੇ ਪੁਲਿਸ ਨੇ ਘੇਰਾ ਪਾ ਲਿਆ। ਪਿੰਡ ਵਾਸੀਆਂ ਨੇ ਗੁਰਦੁਆਰਾ ਸਾਹਿਬ ਦੇ ਸਪੀਕਰ ਰਾਹੀਂ ਦੱਸਿਆ ਕਿ “ਸੰਤ ਜੀ ਇੱਥੇ ਨਹੀਂ ਹਨ।”
ਪਰ ਪੁਲੀਸ ਨੇ ਦਮਦਮੀ ਟਕਸਾਲ ਦੀਆਂ ਦੋ ਬੱਸਾਂ ਨੂੰ ਅੱਗ ਲਾ ਦਿੱਤੀ ਜਿਸ ਵਿੱਚ ਗੁਰਬਾਣੀ ਦੀਆਂ ਪੋਥੀਆਂ ਤੇ ਹੋਰ ਸਾਹਿਤ ਸੜ ਗਿਆ। ਪੁਲੀਸ ਨੇ ਤਲਾਸ਼ੀ ਦੇ ਬਹਾਨੇ ਲੋਕਾਂ ਦਾ ਕੀਮਤੀ ਸਮਾਨ ਵੀ ਲੁੱਟ ਲਿਆ ਤੇ ਅੰਮ੍ਰਿਤਧਾਰੀ ਸਿੱਖਾਂ ’ਤੇ ਅਥਾਹ ਜ਼ੁਲਮ ਕੀਤਾ। ਬਾਬਾ ਠਾਕੁਰ ਸਿੰਘ ਜੀ ਤੇ ਹੋਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ।
ਪੰਜਾਬ ਦੇ ਮੁੱਖ ਮੰਤਰੀ ਦਰਬਾਰਾ ਸਿੰਘ ਅਤੇ ਹਰਿਆਣਾ ਦੇ ਮੁੱਖ ਮੰਤਰੀ ਭਜਨ ਲਾਲ ਨੇ ਇਹ ਸਾਜ਼ਿਸ਼ ਘੜੀ ਸੀ ਕਿ ਸੰਤਾਂ ਨੂੰ ਇੱਥੇ ਝੂਠੇ ਪੁਲੀਸ ਮੁਕਾਬਲੇ ਵਿੱਚ ਸ਼ਹੀਦ ਕਰ ਦਿੱਤਾ ਜਾਏ ਤੇ ਇਸ ਕੰਮ ਲਈ ਸਿੱਖ ਵਿਰੋਧੀ ਅਤੇ ਨਰਕਧਾਰੀ ਦੇ ਹਮਾਇਤੀ ਪੁਲਿਸ ਅਫ਼ਸਰ ਪਟਿਆਲਾ ਰੇਂਜ ਦੇ ਡੀ.ਆਈ.ਜੀ. ਸ. ਜੀ. ਐੱਸ. ਮਾਂਗਟ, ਲੁਧਿਆਣਾ ਦੇ ਐੱਸ.ਐੱਸ.ਪੀ. ਡੀ.ਆਰ.ਭੱਟੀ ਅਤੇ ਡੀ.ਐੱਸ.ਪੀ. ਮਨੋਹਰ ਸਿੰਘ ਲਾਏ ਗਏ ਸਨ ਪਰ ਸੰਤਾਂ ਨੇ ਉਹਨਾਂ ਦੀ ਸਾਜ਼ਿਸ ਅਸਫ਼ਲ ਕਰ ਦਿੱਤੀ।
ਲਾਲੇ ਦੇ ਕਤਲ ਕੇਸ ’ਚ ਮਹਿਤੇ ਵਿਖੇ 16 ਸਤੰਬਰ 1981 ਨੂੰ ਜਦ ਸੰਤਾਂ ਨੂੰ ਵਰੰਟ ਮਿਲ਼ੇ ਤੇ ਉਹਨਾਂ ਨੇ ਖ਼ੁਦ ਹੀ ਗ੍ਰਿਫ਼ਤਾਰੀ ਦੇਣ ਦਾ ਐਲਾਨ ਕਰ ਦਿੱਤਾ। ਇਸ ਕਤਲ ਕੇਸ ’ਚ ਸੰਤ ਜਰਨੈਲ ਸਿੰਘ ਨੇ 20 ਸਤੰਬਰ 1981 ਨੂੰ ਦਮਦਮੀ ਟਕਸਾਲ ਦੇ ਹੈੱਡ ਕੁਆਟਰ ਗੁ. ਗੁਰਦਰਸ਼ਨ ਪ੍ਰਕਾਸ਼, ਮਹਿਤਾ ਵਿਖੇ ਵਿਸ਼ਾਲ ਇਕੱਠ ਕਰਕੇ ਪੂਰੇ ਖ਼ਾਲਸਈ ਜਾਹੋ-ਜਲਾਲ ਨਾਲ਼ ਦੁਪਹਿਰ ਢਾਈ ਕੁ ਵਜੇ ਪੁਰਅਮਨ ਗ੍ਰਿਫ਼ਤਾਰੀ ਦਿੱਤੀ।
ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਦਿਆਲ ਸਿੰਘ ਅਜਨੋਹਾ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਟੌਹੜਾ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਸੰਤੋਖ ਸਿੰਘ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਹਰਚੰਦ ਸਿੰਘ ਲੌਂਗੋਵਾਲ, ਬਾਬਾ ਖੜਕ ਸਿੰਘ ਜੀ ਕਾਰ ਸੇਵਾ ਵਾਲ਼ੇ, ਐੱਮ.ਪੀ. ਬੀਬੀ ਰਜਿੰਦਰ ਕੌਰ, ਸਾਬਕਾ ਖ਼ਜ਼ਾਨਾ ਮੰਤਰੀ ਸ. ਬਲਵੰਤ ਸਿੰਘ, ਬਾਬਾ ਕਾਹਨ ਸਿੰਘ ਨਿਹੰਗ ਤਰਨਾ ਦਲ, ਸ. ਸੁਰਜੀਤ ਸਿੰਘ ਬਰਨਾਲਾ, ਜਥੇਦਾਰ ਉਜਾਗਰ ਸਿੰਘ ਸੇਖਵਾਂ ਤੇ ਹੋਰ ਧਾਰਮਿਕ ਤੇ ਰਾਜਨੀਤਿਕ ਹਸਤੀਆਂ ਸ਼ਾਮਲ ਸਨ।
ਸੰਗਤਾਂ ਵਿੱਚ ਬੇਹੱਦ ਜੋਸ਼ ਵੇਖ ਕੇ ਪੁਲੀਸ ਭੜਕਾਹਟ ’ਚ ਆ ਗਈ ਤੇ ਉਹਨਾਂ ਸਿੱਖ ਸੰਗਤਾਂ ਉੱਤੇ ਗੋਲ਼ੀ ਚਲਾ ਕੇ 18 ਸਿੰਘ ਸ਼ਹੀਦ ਤੇ ਅਨੇਕਾਂ ਜ਼ਖ਼ਮੀ ਕਰ ਦਿੱਤੇ।
ਫਿਰ ਸੰਤਾਂ ਦੀ ਗ੍ਰਿਫ਼ਤਾਰੀ ਦੇ ਰੋਸ ਵਜੋਂ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਅਤੇ ਸਿੱਖ ਸੰਗਤਾਂ ਨੇ ਥਾਂ-ਥਾਂ ’ਤੇ ਜਬਰਦਸਤ ਰੋਸ ਮੁਜ਼ਾਹਰੇ ਕੀਤੇ, ਫ਼ਿਰੋਜ਼ਪੁਰ ਜੇਲ੍ਹ ਦੀ ਵੀ ਘੇਰਾਬੰਦੀ ਕੀਤੀ।
29 ਸਤੰਬਰ 1981 ਨੂੰ ਸੰਤ ਭਿੰਡਰਾਂਵਾਲ਼ਿਆਂ ਦੀ ਰਿਹਾਈ ਲਈ ਦਲ ਖ਼ਾਲਸਾ ਦੇ ਆਗੂ ਭਾਈ ਗਜਿੰਦਰ ਸਿੰਘ ਨੇ ਪੰਜ ਸਿੰਘਾਂ ਸਮੇਤ ਇੰਡੀਆ ਦਾ ਹਵਾਈ ਜਹਾਜ਼ ਹਾਈਜੈਕ ਕਰ ਲਿਆ ਜਿਸ ਨੂੰ ਲਾਹੌਰ ਉਤਾਰਿਆ ਗਿਆ। ਇਸ ਕਾਰਵਾਈ ਨਾਲ਼ ਸੰਤ ਜਰਨੈਲ ਸਿੰਘ, ਸਿੱਖ ਸੰਘਰਸ਼ ਅਤੇ ਖ਼ਾਲਿਸਤਾਨ ਦੀਆਂ ਅੰਤਰ-ਰਾਸ਼ਟਰੀ ਪੱਧਰ ’ਤੇ ਗੂੰਜਾਂ ਪੈ ਗਈਆਂ। ਪੈਦਾ ਹੋਏ ਹਲਾਤਾਂ ਕਰਕੇ ਇੰਦਰਾ ਗਾਂਧੀ ਨੂੰ ਆਪਣਾ ਵਿਦੇਸ਼ੀ ਦੌਰਾ ਵੀ ਰੱਦ ਕਰਨਾ ਪਿਆ।
ਗ੍ਰਿਫ਼ਤਾਰੀ ਤੋਂ ਬਾਅਦ ਸੰਤਾਂ ਨੂੰ ਥਾਂ-ਥਾਂ ’ਤੇ ਲਿਜਾਇਆ ਗਿਆ ਤੇ ਰਿਮਾਂਡ ਦੌਰਾਨ ਸਰਕਾਰੀ ਅਧਿਕਾਰੀਆਂ ਵੱਲੋਂ 450 ਸਵਾਲ ਪੁੱਛੇ ਗਏ ਜਿਸ ਦੇ ਸੰਤ ਭਿੰਡਰਾਂਵਾਲ਼ਿਆਂ ਨੇ ਪੂਰੇ ਤਰਕ ਨਾਲ਼ ਜਵਾਬ ਦਿੱਤੇ। ਹਿੰਦ ਸਰਕਾਰ ਪੂਰਾ ਤਾਣ ਲਾ ਕੇ ਵੀ ਲਾਲ਼ੇ ਦੇ ਕਤਲ ਕੇਸ ’ਚ ਸੰਤਾਂ ਨੂੰ ਦੋਸ਼ੀ ਸਾਬਤ ਨਾ ਕਰ ਸਕੀ। ਜੁਝਾਰੂ ਸਿੰਘਾਂ ਵੱਲੋਂ ਵੀ ਕਈ ਐਕਸ਼ਨ ਕੀਤੇ ਗਏ, 5 ਅਕਤੂਬਰ 1981 ਨੂੰ ਰੇਲ ਦੀਆਂ ਕਈ ਪਟੜੀਆਂ ਬੰਬ ਧਮਾਕੇ ਨਾਲ਼ ਉਡਾ ਦਿੱਤੀਆਂ ਤੇ 7 ਅਕਤੂਬਰ ਨੂੰ ਚੰਡੀਗੜ੍ਹ ਦੇ ਸੈਕਟਰ 23 ਅਤੇ 24 ਵਿੱਚ ਧਮਾਕਾ ਹੋਇਆ ਤੇ ਇਸ ਤੋਂ ਇੱਕ ਦਿਨ ਪਹਿਲਾਂ ਕਾਂਗਰਸ ਭਵਨ ਦੇ ਬਾਹਰ 2 ਟਾਈਮ ਬੰਬ ਮਿਲ਼ੇ ਤੇ ਇਸ਼ਤਿਹਾਰ ਲਾ ਕੇ ਸੰਤ ਭਿੰਡਰਾਂਵਾਲ਼ਿਆਂ ਦੀ ਰਿਹਾਈ ਦੀ ਮੰਗ ਕੀਤੀ।
ਸਿੱਖਾਂ ਦੇ ਸੰਘਰਸ਼ ਅੱਗੇ ਝੁਕਦਿਆਂ ਸਰਕਾਰ ਨੇ ਸੰਤਾਂ ਨੂੰ 15 ਅਕਤੂਬਰ 1981 ਨੂੰ ਫ਼ਿਰੋਜ਼ਪੁਰ ਜੇਲ੍ਹ ਵਿੱਚੋਂ ਰਿਹਾਅ ਕਰ ਦਿੱਤਾ। ਫ਼ਿਰੋਜ਼ਪੁਰ ਜੇਲ੍ਹ ਵਿੱਚ ਲਾਈ ਵਿਸ਼ੇਸ਼ ਅਦਾਲਤ ਦੇ ਜੱਜ ਜੀ.ਕੇ. ਰਾਏ ਨੇ ਅਦਾਲਤੀ ਫ਼ੈਸਲਾ ਸੁਣਾਉਂਦਿਆਂ ਕਿਹਾ ਸੀ ਕਿ “ਹੁਣ ਤਕ ਦੀ ਪੁਲੀਸ ਜਾਂਚ-ਪੜਤਾਲ ਵਿੱਚ ਸੰਤ ਜਰਨੈਲ ਸਿੰਘ ਨੂੰ ਲਾਲ਼ਾ ਜਗਤ ਨਰਾਇਣ ਦੇ ਕਤਲ ਕੇਸ ਵਿੱਚ ਦੋਸ਼ੀ ਸਿੱਧ ਨਹੀਂ ਕੀਤਾ ਜਾ ਸਕਿਆ ਹੈ, ਇਸ ਲਈ ਅਦਾਲਤ ਸੰਤ ਜੀ ਨੂੰ ਬਿਨਾਂ ਸ਼ਰਤ ਬਾਇੱਜ਼ਤ ਰਿਹਾਅ ਕਰਨ ਦਾ ਹੁਕਮ ਦੇਂਦੀ ਹੈ।”
ਸੰਤਾਂ ਨੇ ਰਿਹਾਅ ਹੋਣ ਉਪਰੰਤ ਕਿਹਾ ਕਿ “ਜੇਕਰ ਮੈਂ ਨਿਰਦੋਸ਼ ਸੀ ਤਾਂ ਮੈਨੂੰ ਗ੍ਰਿਫ਼ਤਾਰ ਕਿਉਂ ਕੀਤਾ ? ਤੇ ਜੇ ਮੈਂ ਦੋਸ਼ੀ ਸੀ ਤਾਂ ਮੈਨੂੰ ਰਿਹਾਅ ਕਿਉਂ ਕੀਤਾ ?”
ਸੰਤਾਂ ਦੇ ਇਹਨਾਂ ਸਵਾਲਾਂ ਦਾ ਸਰਕਾਰ ਕੋਲ਼ ਕੋਈ ਜਵਾਬ ਨਹੀਂ ਸੀ। ਸੰਤਾਂ ਦੀ ਸ਼ਖ਼ਸੀਅਤ ਦਿਨੋਂ-ਦਿਨ ਨਿਖ਼ਰਦੀ ਅਤੇ ਉਭਰਦੀ ਜਾ ਰਹੀ ਸੀ, ਸਮੁੱਚਾ ਖ਼ਾਲਸਾ ਪੰਥ ਉਹਨਾਂ ਦੀ ਪਿੱਠ ਉੱਤੇ ਆ ਖੜ੍ਹਿਆ।
ਫਿਰ ਜਦ ਰਿਹਾਈ ਦੇ ਕੁਝ ਚਿਰ ਪਿੱਛੋਂ ਸੰਤ ਜਰਨੈਲ ਸਿੰਘ ਜੀ, ਮਹਾਂਰਾਸ਼ਟਰ ਸੂਬੇ ਦੇ ਵੱਡੇ ਸ਼ਹਿਰ ਬੰਬਈ ਵਿੱਚ 15 ਅਪ੍ਰੈਲ 1982 ਨੂੰ ਗੁਰਦੁਆਰਾ ਸਿੰਘ ਸਭਾ ਦਾਦਰ ਵਿਖੇ ਪ੍ਰਚਾਰ ਕਰਨ ਗਏ ਤਾਂ ਪੰਜਾਬ ਦੇ ਕਾਂਗਰਸੀ ਮੁੱਖ ਮੰਤਰੀ ਦਰਬਾਰਾ ਸਿਹੁੰ ਨੇ ਸੰਤਾਂ ਨੂੰ ਪੁਲੀਸ ਮੁਕਾਬਲੇ ’ਚ ਮਾਰਨ ਦੀ ਸਾਜ਼ਿਸ਼ ਘੜ ਲਈ। ਸੰਤਾਂ ਨੇ 12 ਮਈ 1982 ਤਕ ਇੱਥੇ ਹੀ ਰਹਿਣਾ ਸੀ ਪਰ ਸਰਕਾਰ ਨੇ ਰਾਸ਼ਟਰੀ ਸੁਰੱਖਿਆ ਐਕਟ (ਐੱਨ.ਐੱਸ.ਏ.) ਅਧੀਨ ਸੰਤ ਜਰਨੈਲ ਸਿੰਘ ਦੇ ਵਰੰਟ ਕੱਢ ਦਿਤੇ ਤੇ ਸੰਤਾਂ ਨੂੰ ਗ੍ਰਿਫ਼ਤਾਰ ਕਰਨ ਲਈ ਬੰਬੇ ਵਿੱਚ ਪੁਲੀਸ ਭੇਜ ਦਿੱਤੀ।
ਸਰਕਾਰ ਦੇ ਇਸ ਘਟੀਆ ਕਾਰੇ ਦੀ ਸੰਤਾਂ ਨੂੰ ਸੂਹ ਮਿਲ਼ ਗਈ ਤੇ ਉਹਨਾਂ ਆਪਣੇ ਆਸਨ ’ਤੇ ਬਾਬਾ ਗੁਰਬਚਨ ਸਿੰਘ ਮਾਨੋਚਾਹਲ ਨੂੰ ਬਿਠਾਇਆ ਤੇ ਤੀਹ ਹਜ਼ਾਰ ਦੇ ਪੁਲੀਸ ਘੇਰੇ ’ਚੋਂ ਬਚ ਨਿਕਲ਼ੇ। ਵੱਖ-ਵੱਖ ਗੱਡੀਆਂ ਬਦਲ ਕੇ ਸੰਤ ਜੀ ਓਥੋਂ ਨਿਕਲ਼ ਤੁਰੇ ਤੇ ਰਸਤੇ ਟਰੱਕ ਵੀ ਵਰਤਿਆ। ਇੱਕ ਨਾਕੇ ’ਤੇ ਉਹਨਾਂ ਦਾ ਟਰੱਕ ਘੇਰਿਆ ਵੀ ਗਿਆ, ਪੁੱਛਗਿੱਛ ਹੋਈ ਪਰ ਉਹ ਆਪਣੇ ਡਰਾਇਵਰ ਭਾਈ ਦਾਰਾ ਸਿੰਘ ਦੀ ਹੁਸ਼ਿਆਰੀ ਨਾਲ਼ ਪੁਲੀਸ ਨੂੰ ਚਕਮਾ ਦੇ ਕੇ ਮਹਿਤੇ ਪੁੱਜਣ ’ਚ ਸਫ਼ਲ ਹੋ ਗਏ।
ਹਿੰਦ ਸਰਕਾਰ ਸਿੱਖਾਂ ਨੂੰ ਗ਼ੁਲਾਮ ਬਣਾ ਕੇ ਸਿੱਖੀ ਦਾ ਵਜੂਦ ਖ਼ਤਮ ਕਰਨਾ ਚਾਹੁੰਦੀ ਸੀ ਪਰ ਸੰਤ ਜੀ ਸਿੱਖਾਂ ਨੂੰ ਅਣਖ਼, ਅਜ਼ਾਦੀ ਤੇ ਸਵੈਮਾਣ ਨਾਲ਼ ਜਿਊਣਾ ਸਿਖਾ ਰਹੇ ਸਨ। ਹਿੰਦੂ ਹਾਕਮਾਂ ਨੇ ਸੰਨ 1947 ਤੋਂ ਪਹਿਲਾਂ ਜੋ ਸਿੱਖ ਆਗੂਆਂ ਨਾਲ਼ ਵਾਅਦੇ ਕੀਤੇ ਸਨ ਉਹ ਭਾਰਤ ਦੀ ਅਜ਼ਾਦੀ ਤੋਂ ਬਾਅਦ ਪੂਰੇ ਨਾ ਕੀਤੇ ਤੇ ਉਲ਼ਟਾ ਸਿੱਖਾਂ ਨੂੰ ‘ਜ਼ਰਾਇਮ ਪੇਸ਼ਾ ਕੌਮ’ ਐਲਾਨ ਦਿੱਤਾ, ਪੰਜਾਬੀ ਸੂਬੇ ਲਈ ਵੀ ਸਿੱਖਾਂ ਨੂੰ ਲੰਮਾ ਸੰਘਰਸ਼ ਕਰਨਾ ਪਿਆ, 4 ਜੁਲਾਈ 1955 ਨੂੰ ਸ੍ਰੀ ਦਰਬਾਰ ਸਾਹਿਬ ਉੱਤੇ ਹਮਲਾ ਕਰ ਕੇ ਸਿੱਖਾਂ ਨੂੰ ਸ਼ਹੀਦ ਅਤੇ ਗ੍ਰਿਫ਼ਤਾਰ ਕੀਤਾ ਗਿਆ, ਸ੍ਰੀ ਅੰਮ੍ਰਿਤਸਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਨਹੀਂ ਦਿੱਤਾ ਗਿਆ, ਪੰਜਾਬੀ ਬੋਲਦੇ ਇਲਾਕੇ ਖੋਹੇ ਗਏ, ਪੰਜਾਬ ਦੇ ਪਾਣੀ ਲੁੱਟੇ ਜਾ ਰਹੇ ਸਨ, ਸਿੱਖਾਂ ਦੇ ਹੱਕ-ਹਕੂਕ ਖੋਹੇ ਜਾ ਰਹੇ ਸਨ, ਸਰਕਾਰ ਸਿੱਖਾਂ ਦੀ ਵੱਖਰੀ ਹੋਂਦ-ਹਸਤੀ ਤੋਂ ਵੀ ਮੁਨਕਰ ਸੀ, ਸਿੱਖਾਂ ਦੀ ਹਾਲਤ ਪਿੰਜਰੇ ’ਚ ਕੈਦ ਪੰਛੀ ਵਾਲ਼ੀ ਬਣ ਚੁੱਕੀ ਸੀ ਜਿਸ ਤੋਂ ਅਜ਼ਾਦ ਕਰਵਾਉਣ ਲਈ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲ਼ਿਆਂ ਨੇ ਪੰਥਕ ਫ਼ਰਜ਼ ਨਿਭਾਇਆ। ਸੰਤਾਂ ਨੇ ਸਿੱਖੀ ਦੇ ਪ੍ਰਚਾਰ ਦੇ ਨਾਲ਼-ਨਾਲ਼ ਸਿੱਖਾਂ ਨੂੰ ਆਪਣੇ ਹੱਕਾਂ ਅਤੇ ਅਜ਼ਾਦੀ ਲਈ ਜਾਗਰੂਕ ਤੇ ਲਾਮਬੰਦ ਕਰਨਾ ਸ਼ੁਰੂ ਕਰ ਦਿੱਤਾ।
ਰਣਜੀਤ ਸਿੰਘ ਦਮਦਮੀ ਟਕਸਾਲ
(ਪ੍ਰਧਾਨ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲ਼ਾ)
ਮੋ: 8872293883.
Posted By: ਭਾਈ ਰਣਜੀਤ ਸਿੰਘ ਦਮਦਮੀ ਟਕਸਾਲ