Nazrana Times

ਪੰਜਾਬੀ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੁਸਤਕ ਕਹਿਣ ਵਾਲੇ ਠਾਕੁਰ ਦਿਲੀਪ ਸਿੰਘ ਦੀ ਕੋਈ ਅਥਾਰਟੀ ਨਹੀਂ

29 Mar, 2026 08:30 AM

ਦੇਹਧਾਰੀ ਪਖੰਡ ਦਾ ਜਨਾਜ਼ਾ: ਸ਼ਬਦ-ਗੁਰੂ ਸਤਿਗੁਰੂ ਗ੍ਰੰਥ ਸਾਹਿਬ ਅਟੱਲ ਹੈ, ਕੰਨ ਵਿਚ ਮੰਤਰ ਫੂਕਣ ਵਾਲੇ ‘ਗੁਰੂ’ ਸਿੱਖੀ ਵਿੱਚ ਪ੍ਰਵਾਨ ਨਹੀਂ!
ਬਲਵਿੰਦਰਪਾਲ ਸਿੰਘ ਪ੍ਰੋਫੈਸਰ 
​ਸਿੱਖ ਇਤਿਹਾਸ ਅਤੇ ਫ਼ਲਸਫ਼ਾ ਇਸ ਗੱਲ ਦਾ ਗਵਾਹ ਹੈ ਕਿ ਸਿੱਖੀ ਵਿੱਚ 'ਗੁਰੂ' ਕੋਈ ਹੱਡ-ਮਾਸ ਦੀ ਦੇਹ ਨਹੀਂ, ਸਗੋਂ 'ਸ਼ਬਦ-ਗਿਆਨ' ਹੈ। ਪਰ ਅਫ਼ਸੋਸ ਕਿ ਸਮੇਂ-ਸਮੇਂ 'ਤੇ ਕੁਝ ਅਖੌਤੀ ਗੁਰੂ-ਡੰਮ ਦੇ ਮਾਲਕ ਆਪਣੀ ਸੌੜੀ ਸਿਆਸਤ ਅਤੇ ਨਿੱਜੀ ਮੁਫ਼ਾਦ ਲਈ ਸਿੱਖ ਸਿਧਾਂਤਾਂ 'ਤੇ ਹਮਲਾ ਕਰਦੇ ਆਏ ਹਨ। ਪਿਛਲੇ ਦਿਨੀਂ ਨਾਮਧਾਰੀ ਸੰਪਰਦਾ ਦੇ ਇੱਕ ਧੜੇ ਦੇ ਮੁਖੀ ਠਾਕੁਰ ਦਲੀਪ ਸਿੰਘ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਦਿੱਤਾ ਗਿਆ ਬਿਆਨ—ਕਿ "ਗੁਰੂ ਗ੍ਰੰਥ ਸਾਹਿਬ ਮਹਿਜ਼ ਇੱਕ ਪੁਸਤਕ ਹੈ"—ਨਾ ਕੇਵਲ ਗੁਮਰਾਹਕੁੰਨ ਹੈ, ਸਗੋਂ ਕਰੋੜਾਂ ਸਿੱਖਾਂ ਦੀ ਆਸਥਾ ਅਤੇ ਦਸਮੇਸ਼ ਪਿਤਾ ਦੇ ਹੁਕਮਾਂ ਦੀ ਸਿੱਧੀ ਤੌਹੀਨ ਹੈ।
ਸਿੱਧ ਗੋਸਟਿ: ਸ਼ਬਦ-ਗੁਰੂ ਦਾ ਆਦਿ ਸਿਧਾਂਤ
ਠਾਕੁਰ ਦਲੀਪ ਸਿੰਘ ਵਰਗੇ ਲੋਕਾਂ ਨੂੰ ਗੁਰੂ ਨਾਨਕ ਪਾਤਸ਼ਾਹ ਨੇ ਸਦੀਆਂ ਪਹਿਲਾਂ ਹੀ 'ਸਿੱਧ ਗੋਸਟਿ' ਰਾਹੀਂ ਨਿਰੁੱਤਰ ਕਰ ਦਿੱਤਾ ਸੀ। ਜਦੋਂ ਸਿੱਧਾਂ ਨੇ ਸਵਾਲ ਕੀਤਾ ਸੀ ਕਿ "ਤੇਰਾ ਕਵਣੁ ਗੁਰੂ ? ਜਿਸ ਕਾ ਤੂ ਚੇਲਾ" ਤਾਂ ਬਾਬੇ ਨਾਨਕ ਦਾ ਦੋ-ਟੁੱਕ ਜਵਾਬ ਸੀ:
​"ਸਬਦੁ ਗੁਰੂ ਸੁਰਤਿ ਧੁਨਿ ਚੇਲਾ ॥"
ਇਹ ਪੰਗਤੀ ਸਪੱਸ਼ਟ ਕਰਦੀ ਹੈ ਕਿ ਸਿੱਖੀ ਦਾ ਬੁਨਿਆਦੀ ਅਸੂਲ ਹੀ 'ਸ਼ਬਦ' ਨੂੰ ਗੁਰੂ ਮੰਨਣਾ ਹੈ। ਜਿਹੜਾ ਗਿਆਨ ਮਨੁੱਖੀ ਸੁਰਤਿ ਨੂੰ ਜਗਾ ਕੇ ਵਿਕਾਰਾਂ ਤੋਂ ਮੁਕਤ ਕਰ ਦੇਵੇ, ਉਹੀ ਅਸਲ ਰਹਿਬਰ ਹੈ। ਕਿਸੇ ਦੇਹਧਾਰੀ ਵੱਲੋਂ ਕੰਨ ਵਿੱਚ ਫੂਕ ਮਾਰ ਕੇ 'ਗੁਰਮੰਤਰ' ਦੇਣ ਦਾ ਦਾਅਵਾ ਕਰਨਾ ਸਿੱਖੀ ਮਾਰਗ ਨਹੀਂ, ਸਗੋਂ ਬਿਪਰਨ ਕੀ ਰੀਤ ਅਤੇ ਅਗਿਆਨਤਾ ਦਾ ਪਸਾਰਾ ਹੈ।
ਇਤਿਹਾਸਕ ਦਸਤਾਵੇਜ਼ਾਂ ਦੀ ਗਵਾਹੀ
​ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ 1708 ਈਸਵੀ ਵਿੱਚ ਨਾਂਦੇੜ ਦੀ ਧਰਤੀ 'ਤੇ ਦੇਹਧਾਰੀ ਗੁਰੂ ਦੀ ਪਰੰਪਰਾ ਨੂੰ ਹਮੇਸ਼ਾ ਲਈ ਖ਼ਤਮ ਕਰਕੇ ਗੁਰਤਾ ਗੱਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੌਂਪੀ ਸੀ। ਇਸ ਇਤਿਹਾਸਕ ਸੱਚ 'ਤੇ ਮੋਹਰ ਲਾਉਣ ਵਾਲੇ ਅਨੇਕਾਂ ਸਮਕਾਲੀ ਸਰੋਤ ਮੌਜੂਦ ਹਨ:
ਸ੍ਰੀ ਗੁਰ ਸੋਭਾ (1711 ਈ.): ਗੁਰੂ ਸਾਹਿਬ ਦੇ ਸਮਕਾਲੀ ਕਵੀ ਸੈਨਾਪਤਿ ਨੇ ਸਾਫ਼ ਲਿਖਿਆ ਹੈ ਕਿ ਗੁਰੂ ਜੀ ਨੇ 'ਸ਼ਬਦ' ਨੂੰ ਅਬਿਨਾਸੀ ਰੂਪ ਵਿੱਚ ਸਥਾਪਿਤ ਕੀਤਾ ਅਤੇ ਖ਼ਾਲਸੇ ਵਿੱਚ ਆਪਣੀ ਜੋਤ ਟਿਕਾਈ। ਉਨ੍ਹਾਂ ਅਨੁਸਾਰ: "ਸਤਿਗੁਰੂ ਹਮਾਰਾ ਅਪਰ ਅਪਾਰਾ ਅਬਿਨਾਸੀ ਪੁਰਖ ਬਿਧਾਤਾ"॥
ਭੱਟ ਵਹੀ ਭਾਈ ਨਰਬਦ ਸਿੰਘ: ਇਹ ਦਸਤਾਵੇਜ਼ ਤਸਦੀਕ ਕਰਦਾ ਹੈ ਕਿ ਗੁਰੂ ਸਾਹਿਬ ਨੇ ਪੰਜ ਪੈਸੇ ਤੇ ਨਾਰੀਅਲ ਰੱਖ ਕੇ ਸ੍ਰੀ ਗ੍ਰੰਥ ਸਾਹਿਬ ਅੱਗੇ ਮੱਥਾ ਟੇਕਿਆ ਅਤੇ ਹੁਕਮ ਕੀਤਾ— "ਮੇਰਾ ਹੁਕਮ ਹੈ ਮੇਰੀ ਜਗ੍ਹਾ ਸ੍ਰੀ ਗ੍ਰੰਥ ਜੀ ਕੋ ਜਾਨਨਾ।"
ਬੰਸਾਵਲੀਨਾਮਾ (1769 ਈ.): ਕੇਸਰ ਸਿੰਘ ਛਿੱਬਰ ਅਨੁਸਾਰ ਦਸਵੇਂ ਪਾਤਸ਼ਾਹ ਨੇ ਸਪੱਸ਼ਟ ਕੀਤਾ ਸੀ— "ਅਬ ਗੁਰੂ ਗ੍ਰੰਥ ਜੀ ਹੈਂ, ਪ੍ਰਤੱਖ ਗੁਰੂ ਕੀ ਦੇਹ।"
ਗੁਰੂ ਕੀਆਂ ਸਾਖੀਆਂ (1790 ਈ.): ਭਾਈ ਸਰੂਪ ਸਿੰਘ ਕੋਸ਼ਿਕ ਅਨੁਸਾਰ ਵੀ ਗੁਰਤਾ ਇਸੇ ਪਾਵਨ ਗ੍ਰੰਥ ਕੋਲ ਹੈ ਅਤੇ ਰਹੇਗੀ।
'ਪੁਸਤਕ' ਨਹੀਂ, 'ਜਾਗਦੀ ਜੋਤ'
ਜਿਹੜੇ ਲੋਕ ਗੁਰੂ ਗ੍ਰੰਥ ਸਾਹਿਬ ਨੂੰ ਸਿਰਫ਼ 'ਪੁਸਤਕ' ਕਹਿਣ ਦੀ ਹਿਮਾਕਤ ਕਰਦੇ ਹਨ, ਉਹ ਦਰਅਸਲ ਸਿਖ ਦਰਸ਼ਨ ਤੋਂ ਕੋਰੇ ਹਨ। ਗੁਰੂ ਗ੍ਰੰਥ ਸਾਹਿਬ ਸਿੱਖਾਂ ਲਈ ਸਿਰਫ਼ ਕਾਗਜ਼ ਤੇ ਸਿਆਹੀ ਦਾ ਸੰਗ੍ਰਹਿ ਨਹੀਂ, ਬਲਕਿ ਛੇ ਗੁਰੂ ਸਾਹਿਬਾਨ, ਭਗਤਾਂ, ਭੱਟਾਂ ਅਤੇ ਗੁਰਸਿੱਖਾਂ ਦੀ ਉਹ 'ਇਲਾਹੀ ਬਾਣੀ' ਹੈ ਜੋ ਸਦੀਵੀ ਅਤੇ ਅਟੱਲ ਹੈਜੋ ਗੁਰੂ ਪੰਥ ਦੀ ਆਤਮਾ ਵਿਚ ਵਸਦੀ ਹੈ।
ਸਿੱਖ ਪੰਥ ਦੀ ਸਰਵਉੱਚਤਾ
​ਅੱਜ ਸਿੱਖ ਪੰਥ ਵਿਸ਼ਵ ਪੱਧਰ 'ਤੇ ਆਪਣੀ ਵਿਲੱਖਣ ਪਛਾਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤਾਂ ਸਦਕਾ ਹੀ ਬਣਾ ਕੇ ਬੈਠਾ ਹੈ। ਸਿਖ ਪੰਥ ਆਪਣੇ ਆਪ ਵਿਚ ਵਡਾ ਸਬੂਤ ਹੈ ਕਿ ਉਹ ਗੁਰੂਗ੍ਰੰਥ ਸਾਹਿਬ ਨੂੰ ਗੁਰੂ ਮੰਨਦਾ ਹੈ ਕਿਸੇ ਵਿਅਕਤੀ ਨੂੰ ਨਹੀਂ।ਠਾਕੁਰ ਦਲੀਪ ਸਿੰਘ ਵਰਗੇ ਵਿਅਕਤੀਆਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਸਿੱਖ ਪੰਥ ਦੀ ਅਥਾਰਟੀ ਅਤੇ ਦਸਮੇਸ਼ ਪਿਤਾ ਦੇ ਹੁਕਮ— "ਸਭ ਸਿੱਖਨ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ"—ਨੂੰ ਚੁਣੌਤੀ ਦੇਣ ਵਾਲਾ ਕੋਈ ਵੀ ਵਿਅਕਤੀ ਪੰਥ ਵਿੱਚ ਪ੍ਰਵਾਨਿਤ ਨਹੀਂ ਹੋ ਸਕਦਾ।
​ਅਜਿਹੇ ਗੁਮਰਾਹਕੁੰਨ ਪ੍ਰਚਾਰ ਵਿਰੁੱਧ ਸਮੁੱਚੀ ਕੌਮ ਨੂੰ ਸੁਚੇਤ ਹੋਣ ਦੀ ਲੋੜ ਹੈ। ਸਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਸਾਡਾ ਰਹਿਬਰ ਕੇਵਲ ਤੇ ਕੇਵਲ 'ਸ਼ਬਦ-ਗੁਰੂ' ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ। ਦੇਹਧਾਰੀ ਗੁਰੂ ਦਾ ਦਾਅਵਾ ਕਰਨ ਵਾਲੇ ਲੋਕ ਕਦੇ ਵੀ ਸਿੱਖੀ ਦੇ ਅਸਲ ਵਾਰਸ ਨਹੀਂ ਹੋ ਸਕਦੇ।

Posted By: GURBHEJ SINGH ANANDPURI

Latest News

Loading…
Loading the web debug toolbar…
Attempt #