Nazrana Times

ਪੰਜਾਬੀ

ਰੁਪਏ ਨੂੰ ਡਿੱਗਣ ਤੋਂ ਬਚਾਉਣ ਲਈ RBI ਵੇਚ ਰਿਹੈ ਲਗਾਤਾਰ ਡਾਲਰ

16 Aug, 2026 05:45 PM

ਚੰਡੀਗੜ੍ਹ, ਮੰਗਤ ਸਿੰਘ ਸੈਦਪੁਰ

ਰੁਪਏ ਨੂੰ ਡਿੱਗਣ ਤੋਂ ਬਚਾਉਣ ਲਈ RBI ਲਗਾਤਾਰ ਡਾਲਰ ਵੇਚ ਰਿਹਾ ਹੈ। ਇਹ ਸਾਰੀ ਕਵਾਇਦ ਇਸ ਲਈ ਕੀਤੀ ਜਾ ਰਹੀ ਹੈ ਤਾਂ ਜੋ ਮੋਦੀ ਸਰਕਾਰ ਦੇ ਆਰਥਿਕ ਅਕਸ 'ਤੇ ਸਵਾਲ ਨਾ ਉੱਠਣ ਅਤੇ ਰੁਪਏ ਨੂੰ ਕਿਸੇ ਤਰ੍ਹਾਂ ਸੰਭਾਲਿਆ ਜਾ ਸਕੇ। ਇਸ ਸਾਲ ਫਰਵਰੀ ਤੋਂ ਮਈ ਦੇ ਵਿਚਕਾਰ RBI ਨੇ ਵੱਡੀ ਮਾਤਰਾ ਵਿੱਚ ਡਾਲਰ ਵੇਚੇ ਹਨ।

ਫਰਵਰੀ: 13,994 ਮਿਲੀਅਨ ਡਾਲਰ

ਮਾਰਚ: 29,638 ਮਿਲੀਅਨ ਡਾਲਰ

ਅਪ੍ਰੈਲ: 25,169 ਮਿਲੀਅਨ ਡਾਲਰ

ਮਈ: 28,333 ਮਿਲੀਅਨ ਡਾਲਰ

ਯਾਨੀ ਇਹਨਾਂ ਚਾਰ ਮਹੀਨਿਆਂ ਵਿੱਚ RBI ਦੀ ਕੁੱਲ ਗ੍ਰਾਸ ਡਾਲਰ ਵਿਕਰੀ 97,134 ਮਿਲੀਅਨ ਡਾਲਰ ਯਾਨੀ ਲਗਭਗ 97.134 ਬਿਲੀਅਨ ਡਾਲਰ ਰਹੀ।
 

ਰੁਪਏ 'ਤੇ ਦਬਾਅ ਵਧਿਆ ਤਾਂ ਬੀਤੇ ਮਹੀਨੇ RBI ਨੇ ਲਗਭਗ 7 ਬਿਲੀਅਨ ਡਾਲਰ ਬਾਜ਼ਾਰ ਵਿੱਚ ਝੋਂਕ ਦਿੱਤੇ। ਬਲੂਮਬਰਗ ਦੀ ਰਿਪੋਰਟ ਵਿੱਚ ਸਰੋਤਾਂ ਦੇ ਹਵਾਲੇ ਨਾਲ ਇਸਨੂੰ ਕਈ ਮਹੀਨਿਆਂ ਵਿੱਚ ਇੱਕ ਦਿਨ ਵਿੱਚ ਕੀਤਾ ਗਿਆ ਸਭ ਤੋਂ ਵੱਡਾ ਦਖਲ ਦੱਸਿਆ ਗਿਆ। ਸਰੋਤਾਂ ਮੁਤਾਬਕ, RBI ਨੇ ਰੁਪਏ ਨੂੰ ਸੰਭਾਲਣ ਲਈ ਆਨਸ਼ੋਰ (onshore) ਅਤੇ ਆਫਸ਼ੋਰ (offshore) ਦੋਵਾਂ ਬਾਜ਼ਾਰਾਂ ਵਿੱਚ ਦਖਲ ਦਿੱਤਾ, ਕਿਉਂਕਿ ਭਾਰਤੀ ਕਰੰਸੀ ਡਾਲਰ ਦੇ ਮੁਕਾਬਲੇ ਆਪਣੇ ਆਲ ਟਾਈਮ ਲੋਅ (all-time low) ਦੇ ਬਹੁਤ ਕਰੀਬ ਪਹੁੰਚ ਗਈ ਸੀ।

RBI ਨੇ ਡਾਲਰ ਵਿਕਰੀ ਨੂੰ ਲੈ ਕੇ ਪੁੱਛੇ ਗਏ ਸਵਾਲਾਂ 'ਤੇ ਤੁਰੰਤ ਕੋਈ ਜਵਾਬ ਨਹੀਂ ਦਿੱਤਾ। ਅਸਲ ਵਿੱਚ, ਹਾਲ ਹੀ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਆਈ ਤੇਜ਼ੀ ਨੇ ਭਾਰਤ ਸਮੇਤ ਏਸ਼ੀਆ ਦੇ ਕਈ ਤੇਲ ਆਯਾਤਕ ਦੇਸ਼ਾਂ ਦੀ ਕਰੰਸੀ 'ਤੇ ਦਬਾਅ ਵਧਾਇਆ ਹੈ। RBI ਦੇ ਦਖਲ ਤੋਂ ਬਾਅਦ ਅਗਲੇ ਦੋ ਕਾਰੋਬਾਰੀ ਸੈਸ਼ਨਾਂ ਵਿੱਚ ਡਾਲਰ ਦੀ ਵਿਕਰੀ ਹੋਈ, ਜਿਸ ਨਾਲ ਰੁਪਏ ਵਿੱਚ ਕੁਝ ਮਜ਼ਬੂਤੀ ਦੇਖਣ ਨੂੰ ਮਿਲੀ।

ਬੀਤੇ ਦਿਨ ਰੁਪਇਆ ਡਾਲਰ ਦੇ ਮੁਕਾਬਲੇ 95.42 'ਤੇ ਕਾਰੋਬਾਰ ਕਰ ਰਿਹਾ ਸੀ, ਜਦੋਂ ਕਿ ਇਸਦਾ ਰਿਕਾਰਡ ਲੋਅ 96.96 ਰੁਪਏ ਪ੍ਰਤੀ ਡਾਲਰ ਹੈ, ਜਿਸ ਪੱਧਰ 'ਤੇ ਭਾਰਤੀ ਕਰੰਸੀ 20 ਮਈ ਨੂੰ ਕਾਰੋਬਾਰ ਦੌਰਾਨ ਪਹੁੰਚੀ ਸੀ।

RBI ਅਜਿਹੇ ਸਮੇਂ ਵਿੱਚ ਡਾਲਰ ਵੇਚ ਰਿਹਾ ਹੈ, ਜਦੋਂ ਉਸਦੇ ਹਾਲੀਆ ਕਦਮਾਂ ਕਾਰਨ ਵਿਦੇਸ਼ੀ ਮੁਦਰਾ ਭੰਡਾਰ ਵਿੱਚ ਵਾਧਾ ਹੋਇਆ ਹੈ ਅਤੇ ਕੇਂਦਰੀ ਬੈਂਕ ਕੋਲ ਰੁਪਏ ਨੂੰ ਸੰਭਾਲਣ ਲਈ ਪੂਰੇ ਸਰੋਤ ਮੌਜੂਦ ਹਨ। ਪਰ ਵੱਡਾ ਸਵਾਲ ਇਹੋ ਹੈ ਕਿ ਜੇਕਰ ਰੁਪਏ ਨੂੰ ਬਚਾਉਣ ਲਈ RBI ਨੂੰ ਲਗਾਤਾਰ ਅਰਬਾਂ ਡਾਲਰ ਬਾਜ਼ਾਰ ਵਿੱਚ ਉਤਾਰਨੇ ਪੈ ਰਹੇ ਹਨ, ਤਾਂ ਆਖਰ ਰੁਪਏ 'ਤੇ ਇੰਨਾ ਦਬਾਅ ਕਿਉਂ ਬਣ ਰਿਹਾ ਹੈ ਅਤੇ ਇਸਦਾ ਸਥਾਈ ਹੱਲ ਕਦੋਂ ਨਿਕਲੇਗਾ?

Posted By: ਮੰਗਤ ਸਿੰਘ ਸੈਦਪੁਰ , ਸਟਾਫ਼ ਰਿਪੋਰਟਰ ,ਨਜ਼ਰਾਨਾ ਟਾਈਮਜ਼ ,ਚੰਡੀਗੜ੍ਹ ,ਮੋਹਾਲੀ

Latest News