Nazrana Times

ਪੰਜਾਬੀ

ਡਾਕਟਰ ਪਰਾਸ਼ਰ ਵਲੋਂ ਸਿਵਲ ਹਸਪਤਾਲ ਕਪੂਰਥਲਾ ਦੀ ਮੋਰਚਰੀ ਦਾ ਨਿਰੀਖਣ

21 Jul, 2026 09:46 PM

ਕਪੂਰਥਲਾ, 21 ਜੁਲਾਈ: ਗੌਰਵ ਮੜੀਆ

ਸਿਵਲ ਸਰਜਨ ਡਾਕਟਰ ਰਾਜੀਵ ਪਰਾਸ਼ਰ ਵੱਲੋਂ ਸਿਵਲ ਹਸਪਤਾਲ ਕਪੂਰਥਲਾ ਸਥਿਤ ਮੋਰਚਰੀ ਦਾ ਅਚਨਚੇਤ ਨਿਰੀਖਣ ਕੀਤਾ ਗਿਆ। ਇਸ ਦੌਰਾਨ ਮੋਰਚਰੀ ਵਿੱਚ ਸਫ਼ਾਈ, ਰੱਖ-ਰਖਾਅ, ਬਿਜਲੀ ਪ੍ਰਬੰਧ, ਕੋਲਡ ਚੈਂਬਰ ਦੀ ਕਾਰਜਸ਼ੀਲਤਾ, ਰਿਕਾਰਡਾਂ ਦੀ ਸਾਂਭ-ਸੰਭਾਲ ਅਤੇ ਹੋਰ ਲੋੜੀਂਦੀਆਂ ਸਹੂਲਤਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ।
ਨਿਰੀਖਣ ਦੌਰਾਨ ਸਿਵਲ ਸਰਜਨ ਡਾਕਟਰ ਰਾਜੀਵ ਪਰਾਸ਼ਰ ਨੇ ਸਬੰਧਤ ਸਟਾਫ਼ ਨੂੰ ਮੋਰਚਰੀ ਵਿੱਚ ਸਫ਼ਾਈ ਦੇ ਉੱਚ ਮਿਆਰ ਬਣਾਈ ਰੱਖਣ, ਬਾਇਓ-ਮੈਡੀਕਲ ਵੇਸਟ ਦੇ ਨਿਯਮਾਂ ਅਨੁਸਾਰ ਨਿਪਟਾਰੇ ਨੂੰ ਯਕੀਨੀ ਬਣਾਉਣ ਅਤੇ ਮ੍ਰਿਤਕਾਂ ਦੇ ਵਾਰਸਾਂ ਨਾਲ ਸੰਵੇਦਨਸ਼ੀਲ ਅਤੇ ਸਨਮਾਨਜਨਕ ਵਿਵਹਾਰ ਕਰਨ ਦੇ ਨਿਰਦੇਸ਼ ਦਿੱਤੇ। ਇਸ ਦੇ ਨਾਲ ਹੀ ਸਾਰੇ ਰਿਕਾਰਡ ਨਿਯਮਾਂ ਅਨੁਸਾਰ ਅਪਡੇਟ ਰੱਖਣ ਅਤੇ ਉਪਕਰਨਾਂ ਦੀ ਸਮੇਂ-ਸਮੇਂ 'ਤੇ ਜਾਂਚ ਕਰਨ ਲਈ ਵੀ ਕਿਹਾ ਗਿਆ।


ਡਾਕਟਰ ਪਰਾਸ਼ਰ ਨੇ ਕਿਹਾ ਕਿ ਮਰੀਜ਼ਾਂ ਅਤੇ ਆਮ ਲੋਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਅਜਿਹੇ ਨਿਰੀਖਣ ਨਿਯਮਿਤ ਤੌਰ 'ਤੇ ਜਾਰੀ ਰਹਿਣਗੇ, ਤਾਂ ਜੋ ਸਿਹਤ ਸੰਸਥਾਵਾਂ ਵਿੱਚ ਗੁਣਵੱਤਾ ਅਤੇ ਪਾਰਦਰਸ਼ਤਾ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ। 
ਸਿਵਲ ਸਰਜਨ ਨੇ ਹਦਾਇਤ ਕੀਤੀ ਕਿ ਹਸਪਤਾਲ ਦੀ ਮੋਰਚਰੀ, ਜਿੱਥੇ ਪੋਸਟਮਾਰਟਮ ਕੀਤੇ ਜਾਂਦੇ ਹਨ, ਦੀ ਚੈਕਿੰਗ ਸਮੇਂ ਸਮੇਂ ਤੇ ਕੀਤੀ ਜਾਵੇ।
ਮੋਰਚਰੀ ਵਿੱਚ ਲੱਗੇ ਸਾਰੇ ਫ੍ਰੀਜ਼ਰ ਪੂਰੀ ਤਰ੍ਹਾਂ ਕਾਰਜਸ਼ੀਲ (ਚਾਲੂ ਹਾਲਤ ਵਿੱਚ) ਹੋਣੇ ਚਾਹੀਦੇ ਹਨ।
ਕੋਈ ਵੀ ਲਾਵਾਰਿਸ ਲਾਸ਼ ਮੋਰਚਰੀ ਵਿੱਚ ਤਿੰਨ ਦਿਨਾਂ ਤੋਂ ਵੱਧ ਸਮੇਂ ਲਈ ਨਹੀਂ ਰਹਿਣੀ ਚਾਹੀਦੀ।
ਜੇਕਰ ਕੋਈ ਲਾਵਾਰਿਸ ਲਾਸ਼ ਤਿੰਨ ਦਿਨਾਂ ਤੋਂ ਵੱਧ ਸਮੇਂ ਤੋਂ ਮੋਰਚਰੀ ਵਿੱਚ ਪਈ ਹੋਵੇ ਤਾਂ ਉਸ ਦੇ ਪੋਸਟਮਾਰਟਮ ਅਤੇ ਨਿਪਟਾਰੇ ਲਈ ਤੁਰੰਤ ਪੁਲਿਸ ਅਧਿਕਾਰੀਆਂ ਨਾਲ ਸੰਪਰਕ ਕਰਕੇ ਲੋੜੀਂਦੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਸਾਰੇ ਐਸ.ਐਮ.ਓ. ਖੁਦ ਨਿੱਜੀ ਤੌਰ 'ਤੇ ਮੋਰਚਰੀ ਦੀ ਜਾਂਚ ਕਰਨਾ ਯਕੀਨੀ ਬਣਾਉਣ।
ਜ਼ਿਕਰਯੋਗ ਹੈ ਕਿ ਅੱਜ ਐਸ ਡੀ ਐਚ ਸੁਲਤਾਨਪੁਰ ਲੋਧੀ ਤੇ ਫਗਵਾੜਾ ਦੀਆਂ ਮੋਰਚਰੀਆਂ ਦੀ ਵੀ ਚੈਕਿੰਗ ਕੀਤੀ ਗਈ। ਇਸ ਮੌਕੇ ਉਨ੍ਹਾਂ ਨਾਲ ਸਹਾਇਕ ਸਿਵਲ ਸਰਜਨ ਡਾਕਟਰ ਅੰਨੂ ਸ਼ਰਮਾ, ਸੁਪਰਡੈਂਟ ਰਾਮ ਅਵਤਾਰ ਹਾਜ਼ਰ ਸਨ।

Posted By: GURBHEJ SINGH ANANDPURI

Latest News