ਪੰਜਾਬ ਵਿੱਚ ਸਰਕਾਰ ਬਣਾਏਗੀ ਬਸਪਾ, ਸੂਬੇ ਨੂੰ ਕਰੇਗੀ ਨਸ਼ੇ, ਕਰਜ਼ੇ ਤੇ ਬੇਰੁਜ਼ਗਾਰੀ ਤੋਂ ਮੁਕਤ : ਆਕਾਸ਼ ਆਨੰਦ
ਸੰਵਿਧਾਨ ਦਿਵਸ 'ਤੇ ਬਸਪਾ ਦੀ ਇਤਿਹਾਸਕ ਰੈਲੀ, ਫਿਲੌਰ ਵਿੱਚ ਠਾਠਾਂ ਮਾਰਦਾ ਇਕੱਠ
ਹਰ ਘਰ ਰੁਜ਼ਗਾਰ ਦੇਵੇਗੀ ਬਸਪਾ ਸਰਕਾਰ: ਰਾਮਜੀ ਗੌਤਮ
ਕਾਂਗਰਸ, ਅਕਾਲੀ-ਭਾਜਪਾ ਤੇ ਆਪ ਦੇ ਰਾਜ ਵਿੱਚ 2 ਲੱਖ ਲੋਕ ਨਸ਼ਿਆਂ ਨਾਲ ਮਰ ਗਏ: ਡਾ. ਕਰੀਮਪੁਰੀ
ਅੱਪਰਾ/ਫਿਲੌਰ, 26 ਨਵੰਬਰ (ਤੀਰਥ ਸਿੰਘ ਮੈਂਗੜ੍ਹਾ) ਬਹੁਜਨ ਸਮਾਜ ਪਾਰਟੀ ਨੇ ਅੱਜ 26 ਨਵੰਬਰ ਸੰਵਿਧਾਨ ਦਿਵਸ 'ਤੇ ਵੱਡੀ ਰੈਲੀ ਕਰਕੇ 2027 ਦੀਆਂ ਪੰਜਾਬ ਵਿਧਾਨਸਭਾ ਚੋਣਾਂ ਦਾ ਵਿਗਲ ਵਜਾ ਦਿੱਤਾ ਹੈ । ਫਿਲੌਰ ਵਿੱਚ ਹੋਈ ਬਸਪਾ ਦੀ ਸੂਬਾ ਪੱਧਰੀ ਪੰਜਾਬ ਸੰਭਾਲੋ ਰੈਲੀ ਵਿੱਚ ਮੁੱਖ ਮਹਿਮਾਨ ਵੱਜੋਂ ਪਹੁੰਚੇ ਬਸਪਾ ਦੇ ਨੈਸ਼ਨਲ ਕਨਵੀਨਰ ਆਕਾਸ਼ ਆਨੰਦ ਨੇ ਐਲਾਨ ਕੀਤਾ ਕਿ ਇਸ ਵਾਰ ਬਸਪਾ ਸ਼ਾਨਦਾਰ ਪ੍ਰਦਰਸਨ ਕਰਦੇ ਹੋਏ ਪੰਜਾਬ ਵਿੱਚ ਸਰਕਾਰ ਬਣਾਏਗੀ। ਉਨ੍ਹਾਂ ਕਿਹਾ ਕਿ ਬਸਪਾ ਸਰਕਾਰ ਬਣਨ 'ਤੇ ਪੰਜਾਬ ਨੂੰ ਨਸ਼ੇ, ਬੇਰੁਜ਼ਗਾਰੀ ਤੇ ਕਰਜ਼ੇ ਦੀ ਦਲਦਲ ਵਿੱਚੋਂ ਬਾਹਰ ਕੱਢ ਕੇ ਨੰਬਰ ਇੱਕ ਸੂਬਾ ਬਣਾਇਆ ਜਾਵੇਗਾ।
ਇਸ ਰੈਲੀ ਵਿੱਚ ਬਸਪਾ ਦੇ ਮੁੱਖ ਸੈਕਟਰ ਪ੍ਰਭਾਰੀ ਇੰਜ. ਰਾਮਜੀ ਗੌਰਮ ਤੇ ਐਡਵੋਕੇਟ ਸੁਰੇਸ਼ ਰਾਓ, ਕੇਂਦਰੀ ਇੰਚਾਰਜ ਵਿਪੁਲ ਕੁਮਾਰ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ। ਬਸਪਾ ਦੇ ਪੰਜਾਬ ਪ੍ਰਧਾਨ ਤੇ ਸਾਬਕਾ ਸੰਸਦ ਮੈਂਬਰ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਇਸ ਰੈਲੀ ਦੀ ਪ੍ਰਧਾਨਗੀ ਕੀਤੀ ਤੇ ਆਕਾਸ਼ ਆਨੰਦ ਨੂੰ ਪੰਜਾਬ ਪਹੁੰਚਣ 'ਤੇ ਜੀ ਆਇਆਂ ਨੂੰ ਕਿਹਾ।
ਰੈਲੀ ਦੌਰਾਨ ਕਨਵੀਨਰ ਆਕਾਸ਼ ਅਨੰਦ ਨੇ ਸਭ ਤੋਂ ਪਹਿਲਾਂ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਤੇ ਬਸਪਾ ਸੰਸਥਾਪਕ ਸਾਹਿਬ ਕਾਂਸ਼ੀ ਰਾਮ ਜੀ ਨੂੰ ਨਮਨ ਕੀਤਾ। ਕਾਂਗਰਸ, ਅਕਾਲੀ ਭਾਜਪਾ ਤੇ ਮੌਜ਼ੂਦਾ ਆਪ ਸਰਕਾਰ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਸਰਕਾਰਾਂ ਦਿੱਲੀ ਤੋਂ ਚਾਬੀ ਨਾਲ ਚਲਦੀਆਂ ਹਨ। ਜਦਕਿ ਬਸਪਾ ਪੰਜਾਬ ਨਾਲ ਹੀ ਸਬੰਧਤ ਹੈ ਤੇ ਇਸਦੇ ਸੰਸਥਾਪਕ ਸਾਹਿਬ ਕਾਂਸ਼ੀ ਰਾਮ ਜੀ ਨੇ ਆਪਣੇ ਅੰਦੋਲਨ ਦੀ ਸ਼ੁਰੂਆਤ ਪੰਜਾਬ ਤੋਂ ਹੀ ਕੀਤੀ ਸੀ। ਆਕਾਸ਼ ਆਨੰਦ ਨੇ ਕਿਹਾ ਕਿ ਬਾਬਾ ਸਾਹਿਬ ਅੰਬੇਡਕਰ ਨੇ ਸੰਵਿਧਾਨ ਰਾਹੀਂ ਸਾਰਿਆਂ ਲਈ ਬਰਾਬਰੀ, ਰੋਜ਼ੀ ਰੋਟੀ ਚੁਣਨ, ਸਿੱਖਿਆ ਦਾ ਅਧਿਕਾਰ ਤੇ ਸਨਮਾਨ ਨਾਲ ਜੀਊਣ ਦਾ ਅਧਿਕਾਰ ਦਿੱਤਾ। ਭੈਣ ਕੁਮਾਰੀ ਮਾਇਆਵਤੀ ਨੇ ਸਾਹਿਬ ਕਾਂਸ਼ੀ ਰਾਮ ਜੀ ਦੇ ਰਾਹ 'ਤੇ ਚੱਲਦੇ ਹੋਏ ਉੱਤਰ ਪ੍ਰਦੇਸ਼ ਦੇ ਚਾਰ ਵਾਰ ਮੁੱਖ ਮੰਤਰੀ ਰਹਿੰਦੇ ਹੋਏ ਸੰਵਿਧਾਨ ਨੂੰ ਜ਼ਮੀਨੀ ਪੱਧਰ 'ਤੇ ਲਾਗੂ ਕੀਤਾ।
ਪੰਜਾਬ ਦੀ ਸੱਤਾ ਵਿੱਚ ਰਹੀਆਂ ਕਾਂਗਰਸ, ਅਕਾਲੀ-ਭਾਜਪਾ ਸਰਕਾਰਾਂ ਤੇ ਮੌਜ਼ੂਦਾ ਆਪ ਸਰਕਾਰ ਨੂੰ ਘੇਰਦੇ ਹੋਏ ਆਕਾਸ਼ ਆਨੰਦ ਨੇ ਕਿਹਾ ਕਿ ਇਨ੍ਹਾਂ ਪਾਰਟੀਆਂ ਨੇ ਨਸ਼ਾ ਖਤਮ ਕਰਨ, ਬੇਅਦਬੀ ਦੇ ਮਾਮਲਿਆਂ ਵਿੱਚ ਇਨਸਾਫ਼ ਦੇਣ, ਮਹਿੰਗਾਈ-ਬੇਰੁਜ਼ਗਾਰੀ ਦੂਰ ਕਰਨ ਤੇ ਚੰਗੇ ਸਿਹਤ-ਸਿੱਖਿਆ ਪ੍ਰਬੰਧ ਦੇਣ ਦੇ ਵਾਅਦੇ ਕੀਤੇ, ਪਰ ਸਰਕਾਰਾਂ ਬਣਾ ਕੇ ਕਦੇ ਵੀ ਇਨ੍ਹਾਂ ਵਾਅਦਿਆਂ ਨੂੰ ਪੂਰਾ ਨਹੀਂ ਕੀਤਾ।
ਉਨ੍ਹਾਂ ਕਿਹਾ ਕਿ ਆਪ ਸਰਕਾਰ ਦੇ ਰੰਗਲਾ ਪੰਜਾਬ ਤੇ ਯੁੱਧ ਨਸ਼ਿਆਂ ਵਿਰੁੱਧ ਦੇ ਨਾਅਰੇ ਮਸ਼ਹੂਰੀਆਂ ਤੱਕ ਸੀਮਤ ਹਨ, ਜਦਕਿ ਨਸ਼ਾ ਗਲੀ ਗਲੀ ਤੱਕ ਫੈਲਿਆ ਹੈ। ਮਾਨਸਾ ਦੇ ਪਰਵਿੰਦਰ ਸਿੰਘ ਝੋਟੇ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਨਸ਼ੇ ਖਿਲਾਫ ਬੋਲਣ ਵਾਲਿਆਂ ਨੂੰ ਗੋਲੀਆਂ ਮਾਰ ਕੇ ਖਤਮ ਕੀਤਾ ਜਾ ਰਿਹਾ ਹੈ। ਇਹ ਸਰਕਾਰ ਨਸ਼ੇ ਮਾਫੀਆ ਅੱਗੇ ਗੋਡੇ ਟੇਕ ਚੁੱਕੀ ਹੈ। ਇਸ ਸਰਕਾਰ ਦੇ ਰਾਜ ਵਿੱਚ ਵਪਾਰੀ, ਦੁਕਾਨਦਾਰ, ਕਿਸਾਨ ਤੇ ਆਮ ਲੋਕ ਖੁਦ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਨੌਜਵਾਨ ਰੁਜ਼ਗਾਰ ਨਾ ਮਿਲਣ ਕਰਕੇ ਘਰ ਪਰਿਵਾਰ ਛੱਡ ਕੇ ਵਿਦੇਸ਼ ਜਾਣ ਲਈ ਮਜ਼ਬੂਰ ਹਨ। ਸੂਬੇ ਵਿੱਚ ਨੌਕਰੀਆਂ ਦੀ ਭਾਰਤੀ ਪ੍ਰਕਿਰਿਆ 'ਤੇ ਸਵਾਲ ਖੜੇ ਹੋ ਰਹੇ ਹਨ। ਪੱਕੀਆਂ ਨੌਕਰੀਆਂ ਦੀ ਬਜਾਏ ਠੇਕੇ 'ਤੇ ਕੰਮ ਦਿੱਤਾ ਜਾ ਰਿਹਾ ਹੈ। ਰਾਖਵੇਂਕਰਨ ਨੂੰ ਖਤਮ ਕੀਤਾ ਜਾ ਰਿਹਾ ਹੈ। ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀ ਆਵਾਜ਼ ਚੁੱਕਦੇ ਹੋਏ ਆਕਾਸ਼ ਆਨੰਦ ਨੇ ਕਿਹਾ ਕਿ ਸੂਬੇ ਦੇ 3.50 ਲੱਖ ਕਰਮਚਾਰੀ ਤੇ 4 ਲੱਖ ਪੈਨਸ਼ਨਰ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਦੀ ਰਾਹ 'ਤੇ ਹਨ। ਭਾਜਪਾ, ਆਪ ਸਰਕਾਰਾਂ ਨੇ ਕਿਸਾਨਾਂ ਨਾਲ ਵਾਅਦੇ ਵੀ ਨਹੀਂ ਨਿਭਾਏ। ਖੇਤੀ ਕਾਨੂੰਨਾਂ ਖਿਲਾਫ ਸੰਘਰਸ਼ ਕਰਦੇ ਕਰਦੇ 700 ਕਿਸਾਨ ਸ਼ਹੀਦ ਹੋ ਗਏ। ਕਿਸਾਨਾਂ ਦੀ ਐਮਐਸਪੀ ਦੀ ਮੰਗ ਪੂਰੀ ਨਹੀਂ ਕੀਤੀ ਗਈ।
ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ਪੰਜਾਬ ਦੀ ਧਰਤੀ ਦਾ ਸਭ ਤੋਂ ਵੱਡਾ ਜ਼ਖ਼ਮ ਹਨ। ਇਨਸਾਫ਼ ਦੇਣ ਦੀ ਬਜਾਏ ਕਾਂਗਰਸ ਆਪ ਸਰਕਾਰਾਂ ਨੇ ਸਿਰਫ ਖੋਖਲੀ ਬਿਆਨਬਾਜੀ ਹੀ ਕੀਤੀ ਹੈ। ਕਾਂਗਰਸ ਨੂੰ ਨਿਸ਼ਾਨੇ ਤੇ ਲੈਂਦੇ ਹੋਏ ਆਕਾਸ਼ ਆਨੰਦ ਨੇ ਕਿਹਾ ਕਿ ਰਾਹੁਲ ਗਾਂਧੀ ਸੰਵਿਧਾਨ ਦੀ ਕਿਤਾਬ ਦਿਖਾਉਂਦੇ ਫਿਰ ਰਹੇ ਹਨ, ਪਰ ਇਸੇ ਕਾਂਗਰਸ ਨੇ ਬਾਬਾ ਸਾਹਿਬ ਅਬੇਡਕਰ ਨੂੰ ਚੋਣ ਵਿੱਚ ਹਰਾਉਣ ਤੇ ਮੰਤਰੀ ਅਹੁਦੇ ਤੋਂ ਅਸਤੀਵਾ ਦੇਣ ਲਈ ਮਜ਼ਬੂਰ ਕੀਤਾ ਅਤੇ ਬਾਬਾ ਸਾਹਿਬ ਨੂੰ ਭਾਰਤ ਰਤਨ ਨਹੀਂ ਦਿੱਤਾ। 1990 ਵਿੱਚ ਸਾਹਿਬ ਕਾਂਸ਼ੀ ਰਾਮ ਤੇ ਭੈਣ ਕੁਮਾਰੀ ਮਾਇਆਵਤੀ ਦੇ ਅੰਦੋਲਨ ਦੇ ਦਬਾਅ ਹੇਠ ਵੀਪੀ ਸਿੰਘ ਦੀ ਸਰਕਾਰ ਨੇ ਬਾਬਾ ਸਾਹਿਬ ਅੰਬੇਡਕਰ ਨੂੰ ਭਾਰਤ ਰਤਨ ਦਿੱਤਾ ਤੇ ਮੰਡਲ ਕਮਿਸ਼ਨ ਰਿਪੋਰਟ ਲਾਗੂ ਕੀਤੀ। ਹਾਲਾਂਕਿ ਭਾਜਪਾ ਨੇ ਮੰਡਲ ਕਮਿਸ਼ਨ ਰਿਪੋਰਟ ਦਾ ਵਿਰੋਧ ਕੀਤਾ। ਕਾਂਗਰਸ ਵਾਂਗ ਮਹਿੰਗਾਈ ਵਧਾਉਣ ਲਈ ਭਾਜਪਾ ਸਰਕਾਰ ਵੀ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਤੇ ਆਪ ਵਾਲੇ ਪੰਜਾਬ ਵਿੱਚ ਇੱਕ ਦੂਜੇ ਨਾਲ ਲੜਨ ਦਾ ਦਿਖਾਵਾ ਕਰਦੇ ਹਨ ਹਨ ਤੇ ਦੂਜੇ ਪਾਸੇ ਦਿੱਲੀ ਵਿੱਚ ਇੱਕ ਦੂਜੇ ਨਾਲ ਦੋਸਤੀ ਨਿਭਾਉਂਦੇ ਹਨ। ਕਾਂਗਰਸ, ਭਾਜਪਾ, ਆਪ ਇੱਕੋ ਸਿੱਕੇ ਦੇ ਦੋ ਪਹਿਲੂ ਹਨ।
ਪੰਜਾਬ ਦੇ ਲੋਕਾਂ ਨੂੰ ਇਸ ਵਾਰ ਸੂਬੇ ਵਿੱਚ ਬਸਪਾ ਸਰਕਾਰ ਬਣਾਉਣ ਦੀ ਅਪੀਲ ਕਰਦੇ ਹੋਏ ਆਕਾਸ਼ ਆਨੰਦ ਨੇ ਕਿਹਾ ਕਿ ਬਸਪਾ ਕਹਿਣ ਵਿੱਚ ਨਹੀਂ ਕਰਨ ਵਿੱਚ ਵਿਸ਼ਵਾਸ ਕਰਦੀ ਹੈ। ਉੱਤਰ ਪ੍ਰਦੇਸ਼ ਵਿੱਚ ਭੈਣ ਕੁਮਾਰੀ ਮਾਇਆਵਤੀ ਦੀ ਅਗਵਾਈ ਵਿੱਚ ਬਸਪਾ ਸਰਕਾਰ ਨੇ ਪੰਜ ਸਾਲਾਂ ਵਿੱਚ 6 ਯੂਨੀਵਰਸਿਟੀਆਂ, 6 ਇੰਜੀਨੀਅਰਿੰਗ ਕਾਲਜ, 550 ਹਾਈ ਸਕੂਲ, 5500 ਪ੍ਰਾਇਮਰੀ ਸਕੂਲ ਖੋਲ੍ਹੇ। ਬੇਜ਼ਮੀਨੇ ਲੋਕਾਂ ਨੂੰ ਜ਼ਮੀਨਾਂ ਦਿੱਤੀਆਂ।28,500 ਹਜ਼ਾਰ ਪਿੰਡਾਂ ਵਿੱਚ ਅੰਬੇਡਕਰ ਗ੍ਰਾਮੀਣ ਯੋਜਨਾ ਤਹਿਤ ਬਿਜਲੀ, ਸੜਕ, ਡਿਸਪੈਂਸਰੀਆਂ, ਲਾਈਟਾਂ ਦੀਆਂ ਸੁਵਿਧਾਵਾਂ ਦਿੱਤੀਆਂ ਗਈਆਂ। 90 ਹਜ਼ਾਰ ਟੀਚਰਾਂ, ਇੱਕ ਲੱਖ ਸਫ਼ਾਈ ਕਰਮਚਾਰੀਆਂ ਨੂੰ ਨੌਕਰੀਆਂ ਦੇਣ ਸਮੇਤ 30 ਲੱਖ ਲੋਕਾਂ ਨੂੰ ਰੁਜ਼ਗਾਰ ਦੇਣ ਦਾ ਪ੍ਰਬੰਧ ਕੀਤਾ ਗਿਆ। ਮਜ਼ਦੂਰਾਂ ਦੀ ਮਜ਼ਦੂਰੀ ਵਧਾਈ ਗਈ ਤੇ ਗੰਨੇ ਦੇ ਰੇਟ ਵਿੱਚ ਦੁੱਗਣਾ ਵਾਧਾ ਕੀਤਾ ਗਿਆ। ਕਾਨੂੰਨ ਵਿਵਸਥਾ ਸੁਧਾਰ ਕੇ ਲੋਕਾਂ ਨੂੰ ਸੁਰੱਖਿਅਤ ਮਾਹੌਲ ਦਿੱਤਾ ਗਿਆ। ਆਕਾਸ਼ ਆਨੰਦ ਨੇ ਕਿਹਾ ਕਿ ਪੰਜਾਬ ਵਿੱਚ ਬਸਪਾ ਸਰਕਾਰ ਬਣਨ 'ਤੇ ਇਸੇ ਮਾਡਲ ਨੂੰ ਲਾਗੂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਲੋਕ ਇਸ ਵਾਰ ਬਸਪਾ ਦੇ ਉਮੀਦਵਾਰਾਂ ਨੂੰ ਜਿਤਾ ਕੇ ਵਿਧਾਨਸਭਾ ਭੇਜਣ।
ਰੈਲੀ ਦੌਰਾਨ ਬਸਪਾ ਦੇ ਮੁੱਖ ਸੈਕਟਰ ਪ੍ਰਭਾਰੀ ਇੰਜ. ਰਾਮਜੀ ਗੌਤਮ ਨੇ ਸਾਰਿਆਂ ਨੂੰ ਸੰਵਿਧਾਨ ਦਿਵਸ ਦੀ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਬਸਪਾ ਇਸ ਵਾਰ ਪੰਜਾਬ ਵਿੱਚ ਆਪਣੀ ਸਰਕਾਰ ਬਣਾਉਣ ਜਾ ਰਹੀ ਹੈ। ਬਸਪਾ ਪੰਜਾਬ ਨੂੰ ਖੁਸ਼ਹਾਲ ਸੂਬਾ ਬਣਾਏਗੀ। ਰੁਜ਼ਗਾਰ ਘਰ ਘਰ ਤੱਕ ਪਹੁੰਚਾਇਆ ਜਾਵੇਗਾ। ਇਸ ਰੈਲੀ ਨੂੰ ਬਸਪਾ ਦੇ ਸੈਕਟਰ ਪ੍ਰਭਾਰੀ ਐਡਵੋਕੇਟ ਸੁਰੇਸ਼ ਰਾਓ ਤੇ ਕੇਂਦਰੀ ਇੰਚਾਰਜ ਵਿਪੁਲ ਕੁਮਾਰ ਨੇ ਵੀ ਸੰਬੋਧਿਤ ਕੀਤਾ।
ਰੈਲੀ ਦੌਰਾਨ ਬਸਪਾ ਦੇ ਸੂਬਾ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਕਿਹਾ ਕਿ ਹੁਣ ਤੱਕ ਜਿੰਨੇ ਵੀ ਹਾਕਮ ਆਏ ਹਨ, ਉਨ੍ਹਾਂ ਨੇ ਮੁਫ਼ਤ ਸਿੱਖਿਆ ਦਾ ਕਾਨੂੰਨ ਲਾਗੂ ਨਾ ਕਰਕੇ ਬੱਚਿਆਂ ਨੂੰ ਸਿੱਖਿਆ ਤੋਂ ਦੂਰ ਰੱਖਣ ਦੀ ਕੋਸ਼ਿਸ਼ ਕੀਤੀ। ਲੋਕਾਂ ਨੂੰ ਕਣਕ ਤੱਕ ਸੀਮਤ ਕਰਕੇ ਭਿਖਾਰੀ ਬਣਾਉਣ ਦਾ ਕੰਮ ਕੀਤਾ ਗਿਆ। ਕਾਂਗਰਸ, ਅਕਾਲੀ ਭਾਜਪਾ ਤੇ ਆਪ ਸਰਕਾਰਾਂ ਦੇ ਰਾਜ ਵਿੱਚ ਨਸ਼ਿਆਂ ਨਾਲ 2 ਲੱਖ ਲੋਕ ਮਾਰੇ ਗਏ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਬਸਪਾ ਸਰਕਾਰ ਬਣਨ 'ਤੇ ਮੁਫ਼ਤ ਸਿੱਖਿਆ ਦਾ ਕਾਨੂੰਨ ਲਾਗੂ ਕੀਤਾ ਜਾਵੇਗਾ, ਨਸ਼ੇ ਨੂੰ ਜੜ੍ਹੋਂ ਪੁੱਟਿਆ ਜਾਵੇਗਾ, ਨੌਜਵਾਨਾਂ ਨੂੰ ਪੱਕੀਆਂ ਨੌਕਰੀਆਂ ਦਿੱਤੀਆਂ ਜਾਣਗੀਆਂ, ਸਕੂਲਾਂ ਵਿੱਚ ਅਧਿਆਪਕਾਂ ਤੇ ਹਸਪਤਾਲਾਂ ਵਿੱਚ ਡਾਕਟਰਾਂ ਦੀ ਭਰਤੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਵਾਰ ਬਸਪਾ ਸੂਬੇ ਵਿੱਚ ਸ਼ਾਨਦਾਰ ਨਤੀਜੇ ਦੇਵੇਗੀ।
ਇਸ ਮੌਕੇ ਬਸਪਾ ਦੇ ਵਿਧਾਇਕ ਡਾ. ਨਛੱਤਰ ਪਾਲ, ਬਸਪਾ ਦੇ ਸੂਬਾ ਕੋਆਰਡੀਨੇਟਰ ਪ੍ਰਜਾਪਤੀ ਅਜੀਤ ਸਿੰਘ ਭੈਣੀ, ਕੁਲਦੀਪ ਸਿੰਘ ਸਰਦੂਲਗੜ੍ਹ, ਸੂਬਾ ਜਨਰਲ ਸਕੱਤਰ ਬਲਵਿੰਦਰ ਕੁਮਾਰ ਐਡਵੋਕੇਟ, ਚੌਧਰੀ ਗੁਰਨਾਮ ਸਿੰਘ, ਗੁਰਬਖਸ਼ ਸਿੰਘ, ਹਰਭਜਨ ਸਿੰਘ ਬਜਹੇੜੀ, ਠੇਕੇਦਾਰ ਭਗਵਾਨ ਦਾਸ, ਤਰਸੇਮ ਥਾਪਰ, ਸੰਤ ਰਾਮ ਮੱਲੀਆਂ, ਸੂਬਾ ਉੱਪ ਪ੍ਰਧਾਨ ਬਲਦੇਵ ਸਿੰਘ ਮਹਿਰਾ, ਮੁੱਖ ਜ਼ੋਨ ਇੰਚਾਰਜ ਐਡਵੋਕੇਟ ਨਵਰਾਜ ਸਿੰਘ ਤੇ ਰਛਪਾਲ ਸਿੰਘ, ਜੋਨ ਇੰਚਾਰਜ ਤੀਰਥ ਰਾਜਪੁਰਾ ਮਹਿਰਾ, ਸੂਬਾ ਸਕੱਤਰ ਇੰਜ. ਖੁਸ਼ੀ ਰਾਮ, ਬਲਦੇਵ ਸਿੰਘ ਖੋਜਕੀਪੁਰ, ਸੂਬਾ ਦਫਤਰ ਸਕੱਤਰ ਇੰਜ. ਜਸਵੰਤ ਰਾਏ, ਜਗਦੀਸ਼ ਸ਼ੇਰਪੁਰੀ, ਹਲਕਾ ਫਿਲੌਰ ਪ੍ਰਧਾਨ ਸੁਖਵਿੰਦਰ ਬਿੱਟੂ,ਜਿਲ੍ਹਾ ਪ੍ਰੀਸ਼ਦ ਮੈਂਬਰ ਮਨਜੀਤ ਸਿੰਘ ਜੀਤੀ,ਸਲਵਿੰਦਰ ਕੁਮਾਰ, ਸੰਦੀਪ ਕੌਰ ਚੇਅਪਰਸਨ, ਪੰਮੀ ਰੁੜਕਾਂ, ਅਨੀਤਾ ਪਾਲ, ਕੁਲਵਿੰਦਰ ਕੌਰ ਚੱਕ ਸਾਹਬੂ,ਹੈਪੀ ਰੁੜਕਾਂ ਆਦਿ ਅਤੇ ਹਜਾਰਾਂ ਦੀ ਗਿਣਤੀ ਵਿੱਚ ਦਰਜਾ ਬ ਦਰਜਾ ਬਸਪਾ ਦੇ ਵਰਕਰ ਹਾਜ਼ਿਰ ਸਨ।