Nazrana Times

ਪੰਜਾਬੀ

ਗਮਾਡਾ ਮਾਮਲੇ ਨੇ 'ਆਪ' ਸਰਕਾਰ ਦੀ ਕਾਰਗੁਜ਼ਾਰੀ ’ਤੇ ਖੜ੍ਹੇ ਕੀਤੇ ਗੰਭੀਰ ਸਵਾਲ: ਕੁਲਦੀਪ ਸਿੰਘ ਟਾਂਡੀ

25 Sep, 2026 07:55 PM

ਗਮਾਡਾ ’ਚ ਈਡੀ ਦੀ ਕਾਰਵਾਈ ਨੇ 'ਆਪ' ਸਰਕਾਰ ਦੀ ਪਾਰਦਰਸ਼ਤਾ ’ਤੇ ਲਾਏ ਸਵਾਲੀਆ ਨਿਸ਼ਾਨ: ਕੁਲਦੀਪ ਸਿੰਘ ਟਾਂਡੀ

ਕਪੂਰਥਲਾ, 25 ਸਤੰਬਰ ਗੌਰਵ ਮੜੀਆ

ਹਲਕਾ ਭੁਲੱਥ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਯੂਥ ਆਗੂ, ਕੋਰ ਕਮੇਟੀ ਮੈਂਬਰ ਅਤੇ ਜ਼ਿਲ੍ਹਾ ਯੂਥ ਅਕਾਲੀ ਦਲ ਕਪੂਰਥਲਾ ਦਿਹਾਤੀ ਦੇ ਪ੍ਰਧਾਨ ਸ. ਕੁਲਦੀਪ ਸਿੰਘ ਟਾਂਡੀ ਨੇ ਮੋਹਾਲੀ ਸਥਿਤ ਗਮਾਡਾ ਦਫ਼ਤਰ ਵਿੱਚ ਈਡੀ ਵੱਲੋਂ 50 ਘੰਟਿਆਂ ਤੋਂ ਵੱਧ ਚੱਲੀ ਛਾਣਬੀਣ ਨੂੰ ਲੈ ਕੇ ਝਾੜੂ ਸਰਕਾਰ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਇਸ ਪੂਰੇ ਮਾਮਲੇ ਨੇ ਸੂਬਾ ਸਰਕਾਰ ਦੀ ਕਾਰਗੁਜ਼ਾਰੀ, ਪਾਰਦਰਸ਼ਤਾ ਅਤੇ ਪ੍ਰਸ਼ਾਸਨਿਕ ਪ੍ਰਬੰਧ ’ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ।

ਸ. ਟਾਂਡੀ ਨੇ ਕਿਹਾ ਕਿ ਭ੍ਰਿਸ਼ਟਾਚਾਰ ਖ਼ਿਲਾਫ਼ ਵੋਟਾਂ ਮੰਗਣ ਵਾਲੀ ਪਾਰਟੀ ਖ਼ੁਦ ਭ੍ਰਿਸ਼ਟਾਚਾਰ ਦੀਆਂ ਹੱਦਾਂ ਪਾਰ ਕਰ ਚੁੱਕੀ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਦਫ਼ਤਰਾਂ ਵਿੱਚ ਅਣਅਧਿਕਾਰਤ ਵਿਅਕਤੀਆਂ ਦੀ ਕਥਿਤ ਦਖ਼ਲਅੰਦਾਜ਼ੀ ਅਤੇ ਗਮਾਡਾ ਦੇ ਕੰਮਕਾਜ ਨਾਲ ਸੰਬੰਧਿਤ ਗੰਭੀਰ ਦੋਸ਼ਾਂ ਅਤੇ ਜਾਂਚ ਦੌਰਾਨ ਗਮਾਡਾ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਨਜ਼ਦੀਕੀਆਂ ਤੋਂ ਪੁੱਛਗਿੱਛ ਕਰਨ ਅਤੇ ਉਨ੍ਹਾਂ ਦੇ ਘਰਾਂ ਦੀ ਛਾਣਬੀਣ ਕੀਤੇ ਜਾਣ ਦੀ ਕਾਰਵਾਈ ਨੇ ਇਸ ਸਮੁੱਚੇ ਮਾਮਲੇ 'ਤੇ ਹੋਰ ਗੰਭੀਰ ਸਵਾਲ ਅਤੇ ਸ਼ੰਕਾਵਾਂ ਖੜ੍ਹੀਆਂ ਕਰ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਨ੍ਹਾਂ ਸਾਰੇ ਸਵਾਲਾਂ ਦਾ ਜਵਾਬ ਪੰਜਾਬ ਵਾਸੀਆਂ ਸਾਹਮਣੇ ਸਪੱਸ਼ਟ ਰੂਪ ਵਿੱਚ ਦੇਣਾ ਚਾਹੀਦਾ ਹੈ।

ਸ. ਟਾਂਡੀ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਜੇਕਰ ਜਾਂਚ ਦੌਰਾਨ ਕਿਸੇ ਵੀ ਪੱਧਰ ’ਤੇ ਬੇਨਿਯਮੀ ਜਾਂ ਭ੍ਰਿਸ਼ਟਾਚਾਰ ਸਾਬਿਤ ਹੁੰਦਾ ਹੈ ਤਾਂ ਗੁਰੂ ਦੋਖੀ ਭਗਵੰਤ ਮਾਨ ਨੂੰ ਇਸ ਦੀ ਨੈਤਿਕ ਜ਼ਿੰਮੇਵਾਰੀ ਲੈਂਦਿਆਂ ਤੁਰੰਤ ਅਸਤੀਫ਼ਾ ਦੇਣਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਦੀ ਜਨਤਾ ਨੇ 'ਆਪ' ਸਰਕਾਰ ਨੂੰ ਬਦਲਾਅ ਅਤੇ ਭ੍ਰਿਸ਼ਟਾਚਾਰ-ਮੁਕਤ ਸ਼ਾਸਨ ਦੀ ਉਮੀਦ ਨਾਲ ਸੱਤਾ ਸੌਂਪੀ ਸੀ, ਪਰ ਅਜਿਹੇ ਮਾਮਲੇ ਸਰਕਾਰ ਦੀ ਭਰੋਸੇਯੋਗਤਾ ਨੂੰ ਢਾਹ ਲਾ ਰਹੇ ਹਨ।

Posted By: Gaurav Maria

Latest News