Nazrana Times

ਪੰਜਾਬੀ

ਕੌਂਮੀ ਦਿਲ ਤੇ ਹਮਲਾ ਤੇ ਸਦੀਆਂ ਦੇ ਜ਼ਖ਼ਮ ( ਸਾਕਾ ਨੀਲਾ ਤਾਰਾ,,1984)

05 Jun, 2026 10:51 PM

ਕੌਂਮੀ ਦਿਲ ਤੇ ਹਮਲਾ ਤੇ ਸਦੀਆਂ ਦੇ ਜ਼ਖ਼ਮ 
( ਸਾਕਾ ਨੀਲਾ ਤਾਰਾ,,1984)
 

ਜਦ ਵੀ ਜੂਨ ਮਹੀਨਾ ਦਸਤਕ ਦਵੇ ਬਰੂਹਾਂ ਤੇ,
ਕੰਬ ਜਾਂਦੀ ਰੂਹ ਮੇਰੀ ਸੀਨਾ ਧੜਕਣ ਲੱਗ ਜਾਂਦਾ।
ਚੜਿਆ ਨੀਲਾ ਤਾਰਾ ਜਦ ਸੀ ਕਹਿਰੀ ਅੰਬਰਾਂ ਤੇ 
ਵਕ਼ਤ ਪੁਰਾਣਾਂ ਚੇਤਿਆਂ ਦੇ ਵਿੱਚ ਰੜਕਣ ਲੱਗ ਜਾਂਦਾ।
ਤਖਤਾਂ ਤਾਜਾਂ ਹੱਥੋਂ ਹੋਇਆ ਘਾਂਣ ਮਨੁੱਖਤਾ ਦਾ,
ਅਮਿ੍ਤ ਵੰਡਦਾ ਸੋਮਾਂ ਖ਼ੂਨੀ ਮੰਜਿਰ ਬਣ ਗਿਆ ਸੀ।
ਛੇਵੇਂ ਗੁਰ ਦਾ ਸਾਜਿਆ ਤਖ਼ਤ ਜੋ ਮੀਰੀ ਪੀਰੀ ਦਾ,
ਤੋਪਾਂ, ਟੈਂਕਾਂ ਹੱਥੋਂ ਢਹਿ ਕੇ ਖੰਡਰ ਬਣ ਗਿਆ ਸੀ।
 

2. ਧਰਮ ਦੇ ਨਰਮ ਸੁਭਾਅ ਨੂੰ ਸੀ ਜਦ ਛਲ ਲਿਆ ਕੁਰਸੀ ਨੇ,
ਖੁਦਗਰਜ਼ੀ ਨੇ ਚੰਦਰਾ ਟੇਡਾ ਜਾਲ ਵਿਛਾ ਦਿੱਤਾ।
ਚਾਰ ਦਿਨਾਂ ਦੀ ਝੂਠੀ ਚੌਧਰ ਬਾਜ਼ੀ ਜਿੱਤਣ ਲਈ,
ਨੀਤੀਵਾਨਾਂ ਰੱਬ ਦਾ ਘਰ ਵੀ ਦਾਅ ਤੇ ਲਾ ਦਿੱਤਾ।
ਪਾਪ ਦੀ ਜੰਝ ਲੈ ਚੜਿਆ ਸੀ ਫਿਰ ਬਾਬਰ ਦਿੱਲੀ ਤੋਂ 
ਚੱਲੀਆਂ ਜ਼ੁਲਮੀ ਤੋਪਾਂ, ਧੜਕੇ ਦਿਲ ਅਕਾਸ਼ਾਂ ਦੇ।
ਜਿਸ ਥਾਂ ਚਸ਼ਮਾਂ ਹਰਦਮ ਵਹਿੰਦਾ ਰਿਹਾ ਹਯਾਤੀ ਦਾ,
ਵਗੀਆਂ ਖ਼ੂਨ ਝੁਨਾਂਲਾ,ਸੱਥਰ ਵਿਛ ਗਏ ਲਾਸ਼ਾਂ ਦੇ।
 

3. ਹਾਉਕੇ, ਹਾਵੇ, ਤਰਲੇ, ਚੀਕਾਂ ਵੈਣ ਬੇਦੋਸ਼ਿਆਂ ਦੇ,
ਕੋਈ ਨਾ ਸੁਣੇਂ ਪੁਕਾਰਾਂ ਝੱਖੜ ਕਹਿਰੀ ਝੁੱਲ ਗਿਆ।
ਮਾਂ ਮਰੀ ਦੀ ਹਿੱਕ ਤੇ ਸੁੱਟਤਾ ਚੀਰ ਮਸੂਮਾਂ ਨੂੰ,
ਦੇਸ਼ ਦਾ ਰਾਖਾ ਦਿਲ ਚੋਂ ਖ਼ੌਫ਼ ਖ਼ੁਦਾ ਦਾ ਭੁੱਲ ਗਿਆ।
ਤਪਦਾ ਪੱਥਰ ਜੇਠ ਮਹੀਨਾ ਗਰਮੀਂ ਕਹਿਰਾਂ ਦੀ,
ਜ਼ਖਮਾਂ ਵਿੰਨੇ ਲੋਕ ਬੇਦੋਸ਼ੇ ਤਰਲੇ ਕਰਦੇ ਸੀ।
ਜਕੜੇ ਹੋਏ ਜ਼ੰਜੀਰਾਂ ਵਾਰਿਸ ਭਾਈ ਘਨੱਈਏ ਦੇ,
ਘੁੱਟ ਪਾਂਣੀ ਨੂੰ ਤੜਫ਼ ਤੜਫ਼ ਕੇ ਪਿਆਸੇ ਮਰਦੇ ਸੀ।
 

4. ਪੰਥ ਦੀ ਹੌਂਦ ਮਿਟੌਂਣਾ ਚਾਹੁੰਦੀ ਰਾਂਣੀ ਦਿੱਲੀ ਦੀ,
ਅਣਖੀ ਸ਼ੇਰ ਨੂੰ ਫੜਨਾ ਤਾਂ ਬਸ ਜਿਵੇਂ ਬਹਾਨਾ ਸੀ।
ਰਾਜ ਸਤਾ ਦਾ ਏਨਾ ਰੂਪ ਭਿਆਨਕ ਹੋ ਸਕਦਾ ਹੈ,
ਤੱਕ ਕੇ ਕਤਲੋਗਾਰਤ ਕੰਬਿਆ ਕੁੱਲ ਜ਼ਮਾਨਾ ਸੀ।
ਵਕ਼ਤ ਦੀ ਚਰਖ਼ੀ ਰੁਕੇ ਕਦੇ ਨਾ ਘੁੰਮਦੀ ਰਹਿੰਦੀ ਹੈ,
(ਪਰ) ਤਵਾਰੀਖ਼ ਚੋਂ ਬੀਤੇ ਸਾਕੇ ਦਿਸਦੇ ਰਹਿੰਦੇ ਨੇ।
"ਭਾਗੋਵਾਲੀਆ" ਮਿੱਟ ਜਾਂਦੇ ਨੇ ਜ਼ਖ਼ਮ ਸਰੀਰਾਂ ਦੇ,
ਦਿੱਲ ਦੇ ਫੱਟ ਤਾਂ ਸਦੀਆਂ ਤੀਕਰ ਰਿਸਦੇ ਰਹਿੰਦੇ ਨੇ।।


ਕਵੀਸ਼ਰ ਜੋਗਾ ਸਿੰਘ ਭਾਗੋਵਾਲੀਆ।
ਲੱਭਣ ਲਈ,,98760/58925/9872584661

Posted By: GURBHEJ SINGH ANANDPURI

Latest News