Nazrana Times

ਪੰਜਾਬੀ

AI ਨਾਲ ਬਣੀਆਂ ਇਤਰਾਜ਼ਯੋਗ ਵੀਡੀਓ ਰਾਹੀਂ ਮਹਿਲਾ ਆਗੂਆਂ ਦੀ ਕਿਰਦਾਰਕੁਸ਼ੀ ਬੇਹੱਦ ਨਿੰਦਣਯੋਗ: ਬੀਬੀ ਕਿਰਨਜੋਤ ਕੌਰ

13 Sep, 2026 02:33 PM

ਅੰਮ੍ਰਿਤਸਰ (ਨਜ਼ਰਾਨਾ ਟਾਈਮਜ਼): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੈਂਬਰ ਅਤੇ ਬੇਬਾਕ ਸਿੱਖ ਆਗੂ ਬੀਬੀ ਕਿਰਨਜੋਤ ਕੌਰ ਨੇ ਸੋਸ਼ਲ ਮੀਡੀਆ ਉੱਤੇ ਮਹਿਲਾ ਸਿਆਸੀ ਆਗੂਆਂ ਨੂੰ ਨਿਸ਼ਾਨਾ ਬਣਾ ਕੇ AI ਨਾਲ ਤਿਆਰ ਕੀਤੀਆਂ ਜਾ ਰਹੀਆਂ ਇਤਰਾਜ਼ਯੋਗ ਵੀਡੀਓਜ਼ ਦੀ ਸਖ਼ਤ ਨਿੰਦਾ ਕੀਤੀ ਹੈ।

ਬੀਬੀ ਕਿਰਨਜੋਤ ਕੌਰ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਤੇ ਪਾਏ ਸਟੇਟਸ ਰਾਹੀਂ ਕਿਹਾ ਕਿ ਅੱਜਕੱਲ੍ਹ AI ਦੀ ਮਦਦ ਨਾਲ ਬੇਹੱਦ ਘਟੀਆ ਕਿਸਮ ਦੀਆਂ ਵੀਡੀਓਜ਼ ਤਿਆਰ ਕਰਕੇ ਮਹਿਲਾ ਸਿਆਸੀ ਆਗੂਆਂ ਬਾਰੇ ਸੋਸ਼ਲ ਮੀਡੀਆ ਉੱਤੇ ਪਾਈਆਂ ਜਾ ਰਹੀਆਂ ਹਨ।
ਉਨ੍ਹਾਂ ਨੇ ਬੀਬੀ ਜਗੀਰ ਕੌਰ, ਹਰਸਿਮਰਤ ਕੌਰ ਬਾਦਲ ਅਤੇ ਸੋਨੀਆ ਗਾਂਧੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਲੋਕਾਂ ਦੀ ਨਜ਼ਰ ਵਿੱਚ ਇਨ੍ਹਾਂ ਆਗੂਆਂ ਦੀਆਂ ਸਿਆਸੀ ਗਲਤੀਆਂ ਜਾਂ ਉਨ੍ਹਾਂ ਨਾਲ ਵਿਚਾਰਕ ਅਸਹਿਮਤੀ ਜੋ ਮਰਜ਼ੀ ਹੋ ਸਕਦੀ ਹੈ, ਪਰ ਕਿਸੇ ਮਹਿਲਾ ਦੀ ਕਿਰਦਾਰਕੁਸ਼ੀ ਕਰਨਾ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ।
ਬੀਬੀ ਕਿਰਨਜੋਤ ਕੌਰ ਨੇ ਕਿਹਾ, “ਬੀਬੀ ਜਗੀਰ ਕੌਰ, ਹਰਸਿਮਰਤ ਕੌਰ ਬਾਦਲ, ਸੋਨੀਆ ਗਾਂਧੀ ਦੀ ਜੋ ਮਰਜ਼ੀ ਲੋਕਾਂ ਦੀ ਨਜ਼ਰ ਵਿੱਚ ਗਲਤੀਆਂ ਹੋਣ, ਪਰ ਕਿਰਦਾਰਕੁਸ਼ੀ ਦੀ ਮੈਂ ਪੁਰਜ਼ੋਰ ਨਿੰਦਾ ਕਰਦੀ ਹਾਂ।”
ਉਨ੍ਹਾਂ ਨੇ ਅਜਿਹੀ ਸਮੱਗਰੀ ਤਿਆਰ ਕਰਨ ਜਾਂ ਫੈਲਾਉਣ ਵਾਲੇ ਸਿਆਸੀ ਲੋਕਾਂ ਅਤੇ ਧਿਰਾਂ ਦੀ ਤਿੱਖੀ ਆਲੋਚਨਾ ਕਰਦਿਆਂ ਕਿਹਾ ਕਿ ਅਜਿਹਾ ਕਰਕੇ ਉਹ ਆਪਣੀ ਘਟੀਆ ਸੋਚ ਦਾ ਹੀ ਪ੍ਰਗਟਾਵਾ ਕਰ ਰਹੇ ਹਨ। ਉਨ੍ਹਾਂ ਨੇ ਮਹਿਲਾਵਾਂ ਨੂੰ ਵੀ ਅਜਿਹੇ ਲੋਕਾਂ ਨੂੰ ਉਤਸ਼ਾਹ ਨਾ ਦੇਣ ਦੀ ਅਪੀਲ ਕੀਤੀ ਅਤੇ ਇਸ ਰੁਝਾਨ ਨੂੰ “Disgusting” ਕਰਾਰ ਦਿੱਤਾ।
ਵਰਣਨਯੋਗ ਹੈ ਕਿ ਬੀਬੀ ਕਿਰਨਜੋਤ ਕੌਰ ਦਾ ਪਰਿਵਾਰਕ ਪਿਛੋਕੜ ਉੱਘੇ ਸਿੱਖ ਆਗੂ ਮਾਸਟਰ ਤਾਰਾ ਸਿੰਘ ਨਾਲ ਜੁੜਿਆ ਹੋਇਆ ਹੈ। ਉਹ ਸਿੱਖ ਮਰਯਾਦਾ ਅਤੇ ਸਿੱਖ ਸਿਧਾਂਤਾਂ ਨਾਲ ਡੂੰਘੀ ਜਾਣ-ਪਛਾਣ ਰੱਖਣ ਵਾਲੀ ਬੇਬਾਕ ਸਿੱਖ ਆਗੂ ਵਜੋਂ ਜਾਣੇ ਜਾਂਦੇ ਹਨ ਅਤੇ ਵੱਖ-ਵੱਖ ਸਿੱਖ ਮਸਲਿਆਂ ਉੱਤੇ ਆਪਣੀ ਰਾਏ ਖੁੱਲ੍ਹ ਕੇ ਪ੍ਰਗਟ ਕਰਦੇ ਰਹੇ ਹਨ।
ਹੁਣ ਸੋਸ਼ਲ ਮੀਡੀਆ ਉੱਤੇ AI ਨਾਲ ਬਣਾਈਆਂ ਜਾ ਰਹੀਆਂ ਇਤਰਾਜ਼ਯੋਗ ਵੀਡੀਓਜ਼ ਰਾਹੀਂ ਮਹਿਲਾ ਸਿਆਸੀ ਆਗੂਆਂ ਨੂੰ ਨਿਸ਼ਾਨਾ ਬਣਾਉਣ ਦੇ ਰੁਝਾਨ ਖ਼ਿਲਾਫ਼ ਵੀ ਉਨ੍ਹਾਂ ਨੇ ਆਵਾਜ਼ ਉਠਾਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਿਆਸੀ ਜਾਂ ਵਿਚਾਰਕ ਵਿਰੋਧ ਆਪਣੀ ਥਾਂ ਹੈ, ਪਰ ਕਿਸੇ ਮਹਿਲਾ ਦੇ ਕਿਰਦਾਰ ਨੂੰ ਨਿਸ਼ਾਨਾ ਬਣਾਉਣਾ ਸਵੀਕਾਰਯੋਗ ਨਹੀਂ ਹੋ ਸਕਦਾ।

Posted By: GURBHEJ SINGH ANANDPURI

Latest News