Nazrana Times

ਪੰਜਾਬੀ

ਅਸੀਂ ਬਾਜ਼ੀ ਜਿੱਤ ਕੇ ਜਾਵਾਂਗੇ।

20 Jun, 2026 10:10 AM

ਅਸੀਂ ਬਾਜ਼ੀ ਜਿੱਤ ਕੇ ਜਾਵਾਂਗੇ।

1- ਲਾ ਜ਼ੋਰ ਕਿਥੋਂ ਤੱਕ ਲਾਵੇਗੀ,
ਤੇਰੇ ਨਾਲ ਅੜਾਗੇ ਨੀ ਤਕਦੀਰੇ।
ਅਸੀਂ ਕਾਹਲੀ ਕੋਈ ਕਰਨੀ ਨੀ,
ਬਸ ਕਦਮ ਪੁੱਟਾ ਗੇ ਧੀਰੇ ਧੀਰੇ।
ਲੈ ਚੱਲ ਕਿਥੇ ਲੈ ਚੱਲੇਗੀ,
ਅਸੀਂ ਦੌੜ ਤੇਰੇ ਨਾਲ ਲਾਵਾਂਗੇ।
ਤੇਰੇ ਹੱਥੋਂ ਤਕਦੀਰੇ ਹਾਰਨਾ ਨੀ, 

ਅਸੀਂ ਬਾਜ਼ੀ ਜਿੱਤ ਕੇ ਜਾਵਾਂਗੇ।

2- ਨਹੀਂ ਛੱਡਣੀ ਖੇਡ ਨਸੀਬਾਂ ਤੇ,
ਅਸੀਂ ਜੇਰੇ ਸਦਾ ਬਲੰਦ ਰੱਖਣੇ।
ਦਰ ਢਹਿੰਦੀ ਕਲਾ ਦੇ ਖੋਲ੍ਹਣੇ ਨੀ,
ਹੁਣ ਸਦਾ ਲਈ ਇਹ ਬੰਦ ਰੱਖਣੇ।
ਹੱਥ ਗੁਰੂ ਦਾ ਸਿਰ ਸਾਡੇ ਤੇ,
ਨੀ ਕਦੇ ਹੱਥ ਨਾ ਤੇਰੇ ਆਵਾਂਗੇ।
ਤੇਰੇ ਹੱਥੋਂ ਤਕਦੀਰੇ ਹਾਰਨਾ ਨੀ,

ਅਸੀਂ ਬਾਜ਼ੀ ਜਿੱਤ ਕੇ ਜਾਵਾਂਗੇ।

3- ਫਿਰ ਕੀ ਹੋਇਆ ਸਾਥ ਨਾ ਦਿੰਦੀ,
ਅਸੀਂ ਤੈਨੂੰ ਬਦਲ ਕੇ ਛੱਡਾਂਗੇ।
ਤੂੰ ਪਿੱਠ ਸਾਡੀ ਲਵਾ ਨੀ ਸਕਦੀ,
ਇਹ ਵਹਿਮ ਤੇਰੇ ਚੋਂ ਕੱਢਾਗੇ।
ਦੇਖ ਲੀ ਇੱਕ ਦਿਨ ਤੁਰਦੇ ਤੁਰਦੇ,
ਅਸੀਂ ਮੰਜ਼ਿਲ ਆਪਣੀ ਪਾਵਾਂਗੇ।
ਤੇਰੇ ਹੱਥੋਂ ਤਕਦੀਰੇ ਹਾਰਨਾ ਨੀ,

ਅਸੀਂ ਬਾਜ਼ੀ ਜਿੱਤ ਕੇ ਜਾਵਾਂਗੇ।

4- ਤੂੰ ਚੱਲ 'ਰੁਪਾਲੋਂ' ਪੈਰ ਪੁਟ ਲੈ,
ਹੁਣ ਮੰਜ਼ਿਲ ਬੋਤੀ ਨੇੜੇ ਆ।
ਇਹ ਹਰੇ ਭਰੇ ਫਿਰ ਹੋ ਜਾਣੇ,
ਜਿਹੜੇ ਸੁੱਕੇ ਦਿਲ ਦੇ ਵਿਹੜੇ ਆ।
ਨੀ ਮੋੜ ਜ਼ਿੰਦਗੀ ਚ ਖੁਸ਼ੀਆਂ ਖੇੜੇ,
ਅਸੀਂ ਫੇਰ ਤੋਂ ਲੈ ਕੇ ਆਵਾਂਗੇ।
ਤੇਰੇ ਹੱਥੋਂ ਤਕਦੀਰੇ ਹਾਰਨਾ ਨੀ,

ਅਸੀਂ ਬਾਜ਼ੀ ਜਿੱਤ ਕੇ ਜਾਵਾਂਗੇ।

                ਗਿਆਨੀ ਗੁਰਪ੍ਰੀਤ ਸਿੰਘ ਰੁਪਾਲੋਂ

Posted By: GURBHEJ SINGH ANANDPURI

Latest News