Nazrana Times

ਪੰਜਾਬੀ

ਨਵ ਨਿਯੁੱਕਤ ਸਬ ਇੰਸਪੈਕਟਰ ਬਣੇ ਲਖਵੀਰ ਸਿੰਘ ਗੋਸਲ ,ਕੋਤਵਾਲੀ ਦੇ ਐਸ ਐਚ ਓ ਨਿਯੁੱਕਤ

06 Aug, 2026 02:27 PM

ਐੱਸਐੱਸਪੀ ਗੌਰਵ ਤੂਰਾ ਅਤੇ ਐੱਸ ਪੀ (ਐਚ) ਗੁਰਪ੍ਰੀਤ ਸਿੰਘ ਨੇ ਲਗਾਏ ਸਟਾਰ, ਇਮਾਨਦਾਰ ਸੇਵਾ ਦਾ ਮਿਲਿਆ ਸਨਮਾਨ
ਨਸ਼ਾ ਤਸਕਰਾਂ ਅਤੇ ਗੈਰਕਾਨੂੰਨੀ ਧੰਧਿਆਂ ਖ਼ਿਲਾਫ਼ ਸਖ਼ਤ ਕਾਰਵਾਈ ਲਈ ਜਾਣੇ ਜਾਂਦੇ ਹਨ ਲਖਵੀਰ ਸਿੰਘ ਗੋਸਲ
ਕਪੂਰਥਲਾ 6 ਅਗਸਤ ਗੌਰਵ ਮੜੀਆ 
ਕਪੂਰਥਲਾ ਪੁਲਿਸ ਵਿੱਚ ਆਪਣੀ ਇਮਾਨਦਾਰ, ਨਿਰਪੱਖ ਅਤੇ ਦਲੇਰੀ ਭਰੀ ਕਾਰਗੁਜ਼ਾਰੀ ਲਈ ਜਾਣੇ ਜਾਂਦੇ ਏਐਸਆਈ ਲਖਵੀਰ ਸਿੰਘ ਗੋਸਲ ਨੂੰ ਤਰੱਕੀ ਦੇ ਕੇ ਸਬ ਇੰਸਪੈਕਟਰ ਬਣਾਇਆ ਗਿਆ ਹੈ। ਇਸ ਮੌਕੇ ਕਪੂਰਥਲਾ ਦੇ ਐੱਸਐੱਸਪੀ ਗੌਰਵ ਤੂਰਾ ਨੇ ਐੱਸਪੀ (ਐਚ) ਗੁਰਪ੍ਰੀਤ ਸਿੰਘ ਦੀ ਮੌਜੂਦਗੀ ਵਿੱਚ ਲਖਵੀਰ ਸਿੰਘ ਗੋਸਲ ਦੇ ਮੋਢਿਆਂ 'ਤੇ ਸਬ ਇੰਸਪੈਕਟਰ ਦੇ ਸਟਾਰ ਸਜਾਏ। ਪੁਲਿਸ ਮਹਿਕਮੇ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਉਨ੍ਹਾਂ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ।
ਲਖਵੀਰ ਸਿੰਘ ਗੋਸਲ ਨੇ ਆਪਣੀ ਪੁਲਿਸ ਸੇਵਾ ਦੌਰਾਨ ਵੱਖ-ਵੱਖ ਥਾਣਿਆਂ ਅਤੇ ਪੁਲਿਸ ਚੌਕੀਆਂ ਵਿੱਚ ਮਹੱਤਵਪੂਰਨ ਜ਼ਿੰਮੇਵਾਰੀਆਂ ਨਿਭਾਈਆਂ ਹਨ। ਉਹ ਕਈ ਥਾਵਾਂ 'ਤੇ ਚੌਂਕੀ ਇੰਚਾਰਜ ਵਜੋਂ ਵੀ ਆਪਣੀਆਂ ਸੇਵਾਵਾਂ ਦੇ ਚੁੱਕੇ ਹਨ। ਆਪਣੇ ਲੰਬੇ ਤਜਰਬੇ ਦੌਰਾਨ ਉਨ੍ਹਾਂ ਨੇ ਹਰ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ, ਲਗਨ ਅਤੇ ਨਿਡਰਤਾ ਨਾਲ ਨਿਭਾਇਆ, ਜਿਸ ਕਾਰਨ ਉਹ ਆਪਣੇ ਉੱਚ ਅਧਿਕਾਰੀਆਂ ਅਤੇ ਸਾਥੀ ਕਰਮਚਾਰੀਆਂ ਵਿੱਚ ਇੱਕ ਸਾਫ਼-ਸੁਥਰੀ ਛਵੀ ਵਾਲੇ ਅਧਿਕਾਰੀ ਵਜੋਂ ਜਾਣੇ ਜਾਂਦੇ ਹਨ। ਹੁਣ ਪੁਲਿਸ ਟ੍ਰੇਨਿੰਗ ਸੈਂਟਰ ਫਿਲੌਰ ਤੋਂ ਨਵੀਂ ਟ੍ਰੇਨਿੰਗ ਅਤੇ ਕੋਰਸ ਕਰਕੇ ਮਹਿਕਮੇ ਨੇ ਓਹਨਾ ਨੂੰ ਤਰੱਕੀ ਦੇਕੇ ਸਬ ਇੰਸਪੈਕਟਰ ਚੁਣਿਆ ਹੈ ਜੋਕਿ ਸਾਡੇ ਇਲਾਕੇ ਲਈ ਮਾਣ ਵਾਲੀ ਗੱਲ ਹੈ 
ਸੇਵਾ ਦੌਰਾਨ ਲਖਵੀਰ ਸਿੰਘ ਗੋਸਲ ਨੇ ਕਈ ਅਹਿਮ ਅਪਰਾਧਿਕ ਮਾਮਲਿਆਂ ਨੂੰ ਸੁਲਝਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਉਨ੍ਹਾਂ ਨੇ ਗੈਰਕਾਨੂੰਨੀ ਧੰਧਿਆਂ ਵਿੱਚ ਸ਼ਾਮਲ ਕਈ ਪ੍ਰਭਾਵਸ਼ਾਲੀ ਅਤੇ ਵੱਡੇ ਅਪਰਾਧੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਦੇ ਹੋਏ ਉਨ੍ਹਾਂ ਨੂੰ ਸਲਾਖਾਂ ਪਿੱਛੇ ਪਹੁੰਚਾਇਆ। ਆਪਣੇ ਫ਼ਰਜ਼ ਪ੍ਰਤੀ ਵਚਨਬੱਧਤਾ ਅਤੇ ਨਿਰਪੱਖ ਕਾਰਵਾਈ ਕਾਰਨ ਉਹ ਲੋਕਾਂ ਵਿੱਚ ਵੀ ਇੱਕ ਭਰੋਸੇਯੋਗ ਪੁਲਿਸ ਅਧਿਕਾਰੀ ਵਜੋਂ ਮੰਨੇ ਜਾਂਦੇ ਹਨ।
ਖ਼ਾਸ ਤੌਰ 'ਤੇ ਨਸ਼ਾ ਤਸਕਰੀ ਖ਼ਿਲਾਫ਼ ਮੁਹਿੰਮ ਵਿੱਚ ਲਖਵੀਰ ਸਿੰਘ ਗੋਸਲ ਦਾ ਯੋਗਦਾਨ ਕਾਬਿਲ-ਏ-ਤਾਰੀਫ਼ ਰਿਹਾ ਹੈ। ਉਨ੍ਹਾਂ ਨੇ ਆਪਣੀ ਸੇਵਾ ਦੀ ਸ਼ੁਰੂਆਤ ਤੋਂ ਹੀ ਨਸ਼ੇ ਦੇ ਸੌਦਾਗਰਾਂ ਵਿਰੁੱਧ ਸਖ਼ਤ ਰਵੱਈਆ ਅਪਣਾਇਆ ਅਤੇ ਕਈ ਵੱਡੀਆਂ ਕਾਰਵਾਈਆਂ ਨੂੰ ਅੰਜਾਮ ਦੇ ਕੇ ਨਸ਼ਾ ਤਸਕਰਾਂ ਨੂੰ ਕਾਨੂੰਨ ਦੇ ਘੇਰੇ ਵਿੱਚ ਲਿਆਂਦਾ। ਉਨ੍ਹਾਂ ਦੀਆਂ ਕਾਰਵਾਈਆਂ ਕਾਰਨ ਕਈ ਖੇਤਰਾਂ ਵਿੱਚ ਗੈਰਕਾਨੂੰਨੀ ਗਤੀਵਿਧੀਆਂ 'ਤੇ ਨਕੇਲ ਕੱਸਣ ਵਿੱਚ ਸਫਲਤਾ ਮਿਲੀ।
ਤਰੱਕੀ ਤੋਂ ਬਾਅਦ ਇਸ ਵੇਲੇ ਸਬ ਇੰਸਪੈਕਟਰ ਲਖਵੀਰ ਸਿੰਘ ਗੋਸਲ ਥਾਣਾ ਕੋਤਵਾਲੀ, ਕਪੂਰਥਲਾ ਵਿੱਚ ਐੱਸਐੱਚਓ ਵਜੋਂ ਜ਼ਿੰਮੇਵਾਰੀਆਂ ਨਿਭਾ ਰਹੇ ਹਨ। ਥਾਣੇ ਦੀ ਕਮਾਨ ਸੰਭਾਲਦੇ ਹੀ ਉਨ੍ਹਾਂ ਨੇ ਗੈਰਕਾਨੂੰਨੀ ਧੰਧਿਆਂ ਖ਼ਿਲਾਫ਼ ਮੁਹਿੰਮ ਨੂੰ ਹੋਰ ਤੇਜ਼ ਕਰ ਦਿੱਤਾ। ਆਪਣੀ ਪਹਿਲੀ ਵੱਡੀ ਕਾਰਵਾਈ ਦੌਰਾਨ ਉਨ੍ਹਾਂ ਨੇ ਕਪੂਰਥਲਾ ਦੇ ਚਰਚਿਤ ਨਵਾਂ ਪਿੰਡ ਭੱਠਾ ਇਲਾਕੇ ਵਿੱਚ ਛਾਪੇਮਾਰੀ ਕਰਕੇ ਭਾਰੀ ਮਾਤਰਾ ਵਿੱਚ ਦੇਸੀ ਲਾਹਣ ਬਰਾਮਦ ਕੀਤੀ ਅਤੇ ਇਸ ਧੰਦੇ ਨਾਲ ਜੁੜੇ ਲੋਕਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ।
ਸੂਤਰਾਂ ਅਨੁਸਾਰ ਸਬ ਇੰਸਪੈਕਟਰ ਲਖਵੀਰ ਸਿੰਘ ਗੋਸਲ ਦੀ ਅਗਵਾਈ ਹੇਠ ਪੁਲਿਸ ਟੀਮ ਲਗਾਤਾਰ ਉਨ੍ਹਾਂ ਇਲਾਕਿਆਂ ਵਿੱਚ ਕਾਰਵਾਈ ਕਰ ਰਹੀ ਹੈ, ਜਿੱਥੇ ਨਸ਼ਾ ਤਸਕਰੀ, ਗੈਰਕਾਨੂੰਨੀ ਸ਼ਰਾਬ ਅਤੇ ਹੋਰ ਗੈਰਕਾਨੂੰਨੀ ਗਤੀਵਿਧੀਆਂ ਦੀਆਂ ਸ਼ਿਕਾਇਤਾਂ ਮਿਲਦੀਆਂ ਰਹਿੰਦੀਆਂ ਹਨ। ਉਹ ਦਿਨ-ਰਾਤ ਅਜਿਹੇ ਅਨਸਰਾਂ 'ਤੇ ਨਜ਼ਰ ਰੱਖਦੇ ਹੋਏ ਕਾਨੂੰਨ ਦਾ ਰਾਜ ਕਾਇਮ ਕਰਨ ਲਈ ਸਰਗਰਮ ਹਨ।
ਪੁਲਿਸ ਮਹਿਕਮੇ ਦੇ ਅਧਿਕਾਰੀਆਂ ਦਾ ਮੰਨਣਾ ਹੈ ਕਿ ਲਖਵੀਰ ਸਿੰਘ ਗੋਸਲ ਵਰਗੇ ਤਜਰਬੇਕਾਰ ਅਤੇ ਇਮਾਨਦਾਰ ਅਧਿਕਾਰੀਆਂ ਦੀ ਅਗਵਾਈ ਨਾਲ ਜ਼ਿਲ੍ਹੇ ਵਿੱਚ ਅਪਰਾਧ 'ਤੇ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਕਾਬੂ ਪਾਉਣ ਵਿੱਚ ਮਦਦ ਮਿਲੇਗੀ। ਦੂਜੇ ਪਾਸੇ ਇਲਾਕੇ ਦੇ ਲੋਕਾਂ ਨੇ ਵੀ ਉਨ੍ਹਾਂ ਦੀ ਤਰੱਕੀ ਦਾ ਸਵਾਗਤ ਕਰਦਿਆਂ ਉਮੀਦ ਜਤਾਈ ਹੈ ਕਿ ਉਹ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਨਿਰਪੱਖ, ਇਮਾਨਦਾਰ ਅਤੇ ਲੋਕ-ਹਿਤੈਸ਼ੀ ਢੰਗ ਨਾਲ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਰਹਿਣਗੇ ਅਤੇ ਨਸ਼ਾ ਅਤੇ ਅਪਰਾਧ ਮੁਕਤ ਸਮਾਜ ਦੀ ਸਿਰਜਣਾ ਵਿੱਚ ਆਪਣਾ ਅਹਿਮ ਯੋਗਦਾਨ ਪਾਉਣਗੇ।

Posted By: GURBHEJ SINGH ANANDPURI

Latest News