Nazrana Times

ਪੰਜਾਬੀ

ਅਕਾਲ ਤਖ਼ਤ ਦੀ ਵਿਲੱਖਣਤਾ ਨੂੰ ਕਮਜ਼ੋਰ ਕਰਨ ਵਾਲੀ ਖਤਰਨਾਕ ਪਿਰਤ

12 Jun, 2026 12:20 AM

ਅਕਾਲ ਤਖ਼ਤ ਦੀ ਵਿਲੱਖਣਤਾ ਨੂੰ ਕਮਜ਼ੋਰ ਕਰਨ ਵਾਲੀ ਖਤਰਨਾਕ ਪਿਰਤ

ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ ਵੱਲੋਂ ਜਿਹੜੀ ਨਵੀਂ ਪਿਰਤ ਪਾਈ ਜਾ ਰਹੀ ਹੈ, ਉਸ ਦੇ ਦੂਰਗਾਮੀ ਨਤੀਜਿਆਂ ਬਾਰੇ ਹਰ ਸਿੱਖ ਨੂੰ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ। ਇਹ ਮਸਲਾ ਕਿਸੇ ਇੱਕ ਵਿਅਕਤੀ, ਕਿਸੇ ਇੱਕ ਧੜੇ ਜਾਂ ਕਿਸੇ ਇੱਕ ਪਰਿਵਾਰ ਦਾ ਨਹੀਂ, ਸਗੋਂ ਅਕਾਲ ਤਖ਼ਤ ਸਾਹਿਬ ਦੀ ਮਰਯਾਦਾ, ਅਜ਼ਾਦੀ ਅਤੇ ਵਿਲੱਖਣਤਾ ਦਾ ਹੈ।
ਅਕਾਲ ਤਖ਼ਤ ਸਾਹਿਬ ਅੱਗੇ ਪੇਸ਼ ਹੋਣ ਦਾ ਅਰਥ ਹੈ ਗੁਰੂ ਦੇ ਦਰਬਾਰ ਵਿੱਚ ਪੇਸ਼ ਹੋਣਾ। ਉੱਥੇ ਸਿੱਖ ਆਪਣੀਆਂ ਭੁੱਲਾਂ, ਅਣਗਹਿਲੀਆਂ ਅਤੇ ਗਲਤੀਆਂ ਦਾ ਇਕਰਾਰ ਕਰਦਾ ਹੈ। ਉਹ ਇਹ ਵਿਸ਼ਵਾਸ ਰੱਖ ਕੇ ਆਪਣੀ ਗੱਲ ਕਹਿੰਦਾ ਹੈ ਕਿ ਉਹ ਗੁਰੂ ਪੰਥ ਅੱਗੇ ਖੜ੍ਹਾ ਹੈ, ਨਾ ਕਿ ਕਿਸੇ ਪੁਲਿਸ ਥਾਣੇ ਜਾਂ ਸਰਕਾਰੀ ਅਦਾਲਤ ਵਿੱਚ।
ਜੇ ਅਕਾਲ ਤਖ਼ਤ ਸਾਹਿਬ ਅੱਗੇ ਕੀਤੇ ਕਬੂਲਨਾਮੇ, ਬਿਆਨ ਜਾਂ ਪੇਸ਼ ਕੀਤੀਆਂ ਸ਼ਿਕਾਇਤਾਂ ਕੱਲ੍ਹ ਨੂੰ ਪੁਲਿਸ ਕੇਸਾਂ ਜਾਂ ਅਦਾਲਤੀ ਕਾਰਵਾਈਆਂ ਵਿੱਚ ਸਬੂਤ ਵਜੋਂ ਵਰਤੀਆਂ ਜਾਣ ਲੱਗ ਪੈਣ, ਤਾਂ ਫਿਰ ਦੱਸੋ ਕੌਣ ਅਕਾਲ ਤਖ਼ਤ ਸਾਹਿਬ ਅੱਗੇ ਆ ਕੇ ਆਪਣੀ ਗੱਲ ਰੱਖੇਗਾ? ਕੌਣ ਆਪਣੀ ਗਲਤੀ ਕਬੂਲੇਗਾ? ਕੌਣ ਆਪਣਾ ਦੁੱਖ ਜਾਂ ਸ਼ਿਕਾਇਤ ਪੇਸ਼ ਕਰੇਗਾ?
ਅਕਾਲ ਤਖ਼ਤ ਸਾਹਿਬ ਦਾ ਕੰਮ ਧਾਰਮਿਕ ਅਤੇ ਪੰਥਕ ਮਾਮਲਿਆਂ ਦਾ ਨਿਪਟਾਰਾ ਕਰਨਾ ਹੈ। ਜਦੋਂ ਕੋਈ ਰਹਿਤ ਮਰਯਾਦਾ ਦੀ ਉਲੰਘਣਾ ਕਰਦਾ ਹੈ ਜਾਂ ਸਿੱਖ ਪੰਥ ਦੇ ਵਿਰੁੱਧ ਕੰਮ ਕਰਦਾ ਹੈ, ਤਾਂ ਉਸ ਨੂੰ ਤਨਖ਼ਾਹ ਲਾਈ ਜਾਂਦੀ ਹੈ। ਕਦੇ ਸੇਵਾ, ਕਦੇ ਮਾਇਆ ਦੀ ਸੇਵਾ, ਕਦੇ ਸਟੇਜਾਂ ਤੋਂ ਰੋਕ ਅਤੇ ਬਹੁਤ ਗੰਭੀਰ ਮਾਮਲਿਆਂ ਵਿੱਚ ਪੰਥ ਵਿੱਚੋਂ ਛੇਕਣ ਤੱਕ ਦੀ ਸਜ਼ਾ ਦਿੱਤੀ ਜਾਂਦੀ ਹੈ।
ਪਰ ਸਿੱਖ ਇਤਿਹਾਸ ਵਿੱਚ ਅਕਾਲ ਤਖ਼ਤ ਸਾਹਿਬ ਨੇ ਕਿਸੇ ਨੂੰ ਜੇਲ੍ਹ ਭੇਜਣ ਦਾ ਕੰਮ ਨਹੀਂ ਕੀਤਾ। ਕਿਸੇ ਦੇ ਖ਼ਿਲਾਫ਼ ਪੁਲਿਸ ਵਿੱਚ ਰਿਪੋਰਟ ਦਰਜ ਕਰਵਾਉਣਾ ਜਾਂ ਅਕਾਲ ਤਖ਼ਤ ਦੇ ਰਿਕਾਰਡ ਨੂੰ ਸਰਕਾਰੀ ਸਬੂਤ ਬਣਾਉਣਾ ਇਸ ਸੰਸਥਾ ਦੀ ਪਰੰਪਰਾ ਨਹੀਂ ਰਹੀ।
ਜੋ ਗੱਲਾਂ ਇੱਕ ਸਿੱਖ ਨੇ ਅਕਾਲ ਤਖ਼ਤ ਸਾਹਿਬ ਅੱਗੇ ਕਹੀਆਂ ਹਨ, ਉਹ ਅਕਾਲ ਤਖ਼ਤ ਦਾ ਰਿਕਾਰਡ ਹਨ। ਉਹ ਨਾ ਭਾਰਤ ਸਰਕਾਰ ਦੀ ਜਾਇਦਾਦ ਹਨ ਅਤੇ ਨਾ ਹੀ ਕਿਸੇ ਅਦਾਲਤ ਦੀ ਫ਼ਾਈਲ ਦਾ ਹਿੱਸਾ। ਉਹਨਾਂ ਨੂੰ ਦੁਨਿਆਵੀ ਕਾਨੂੰਨੀ ਕਾਰਵਾਈ ਦਾ ਹਿੱਸਾ ਬਣਾਉਣਾ ਅਕਾਲ ਤਖ਼ਤ ਦੀ ਅਜ਼ਾਦ ਹਸਤੀ ਨੂੰ ਖੁਦ ਆਪਣੇ ਹੱਥੀਂ ਛੋਟਾ ਕਰਨ ਦੇ ਬਰਾਬਰ ਹੈ।
ਇੱਕ ਹੋਰ ਸਵਾਲ ਵੀ ਪੁੱਛਣਾ ਬਣਦਾ ਹੈ। ਜਦੋਂ 2 ਦਸੰਬਰ ਨੂੰ ਗਿਆਨੀ ਰਘਬੀਰ ਸਿੰਘ, ਗਿਆਨੀ ਹਰਪ੍ਰੀਤ ਸਿੰਘ ਅਤੇ ਹੋਰ ਸਿੰਘ ਸਾਹਿਬਾਨ ਸੁਖਬੀਰ ਸਿੰਘ ਬਾਦਲ ਅਤੇ ਬਾਦਲ ਪਰਿਵਾਰ ਵਿਰੁੱਧ ਫ਼ੈਸਲੇ ਸੁਣਾ ਰਹੇ ਸਨ, ਜੇ ਉਹਨਾਂ ਨੂੰ ਲੱਗਦਾ ਸੀ ਕਿ ਮਾਮਲਾ ਇੰਨਾ ਹੀ ਗੰਭੀਰ ਹੈ, ਤਾਂ ਉਸ ਵੇਲੇ ਉਹਨਾਂ ਨੇ ਪੰਥ ਵਿੱਚੋਂ ਛੇਕਣ ਵਰਗੀ ਕਾਰਵਾਈ ਕਿਉਂ ਨਹੀਂ ਕੀਤੀ? ਉਸ ਵੇਲੇ ਇਹ ਕਦਮ ਕਿਉਂ ਨਹੀਂ ਚੁੱਕਿਆ ਗਿਆ?
ਅੱਜ ਹਾਲਾਤ ਇੱਥੋਂ ਤੱਕ ਪਹੁੰਚ ਗਏ ਹਨ ਕਿ ਸਿੱਖਾਂ ਤੋਂ ਆਪਣੇ ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ ਵੀ ਖੋਹੀ ਜਾ ਰਹੀ ਹੈ। ਦੁੱਖ ਦੀ ਗੱਲ ਇਹ ਹੈ ਕਿ ਇਹ ਕੰਮ ਕੋਈ ਬਾਹਰੀ ਤਾਕਤ ਨਹੀਂ ਕਰ ਰਹੀ, ਸਗੋਂ ਸਿੱਖ ਹੀ ਸਿੱਖ ਨੂੰ ਬੋਲਣ ਨਹੀਂ ਦੇ ਰਿਹਾ।
ਜੇ ਕਿਸੇ ਦੇ ਵਿਚਾਰ ਕਿਸੇ ਇੱਕ ਧੜੇ ਨਾਲ ਨਾ ਮਿਲਣ, ਤਾਂ ਉਸ ਉੱਤੇ ਤੁਰੰਤ ਮੋਹਰ ਲਾ ਦਿੱਤੀ ਜਾਂਦੀ ਹੈ — “ਇਹ ਬਾਦਲਾਂ ਦਾ ਬੰਦਾ ਹੈ”, “ਇਹ ਸਰਕਾਰ ਦਾ ਬੰਦਾ ਹੈ”, “ਇਹ ਏਜੰਸੀਆਂ ਦਾ ਬੰਦਾ ਹੈ”। ਇਹ ਬੌਧਿਕ ਦਿਵਾਲੀਆਪਨ ਦੀ ਨਿਸ਼ਾਨੀ ਹੈ।
ਮੈਂ ਖੁਦ ਵੱਡੇ-ਵੱਡੇ ਵਿਦਵਾਨਾਂ ਨਾਲ ਗੱਲ ਕਰਕੇ ਵੇਖਿਆ ਹੈ। ਬਹੁਤੇ ਲੋਕ ਤਰਕ ਅਤੇ ਵਿਚਾਰ-ਵਟਾਂਦਰੇ ਦੀ ਥਾਂ ਅੰਨ੍ਹੇ ਸਮਰਥਨ ਜਾਂ ਅੰਨ੍ਹੇ ਵਿਰੋਧ ਵਿੱਚ ਫਸੇ ਹੋਏ ਕਿਸੇ ਗੱਲਬਾਤ ਲਈ ਤਿਆਰ ਨਹੀਂ, ਪਰ ਸਟੇਜਾਂ ਉੱਤੇ ਲੰਬੇ ਭਾਸ਼ਣ ਜ਼ਰੂਰ ਦੇਣਗੇ।
ਮੈਨੂੰ ਪਤਾ ਹੈ ਕਿ ਗਿਆਨੀ ਰਘਬੀਰ ਸਿੰਘ ਦੇ ਇਸ ਕਦਮ ਦਾ ਵਿਰੋਧ ਕਰਨ ਕਾਰਨ ਮੈਨੂੰ ਵੀ “ਬਾਦਲਾਂ ਦਾ ਬੰਦਾ” ਕਿਹਾ ਜਾਵੇਗਾ। ਪਰ ਇਸ ਦੀ ਮੈਨੂੰ ਕੋਈ ਪਰਵਾਹ ਨਹੀਂ। ਕਿਉਂਕਿ ਜਿਹੜਾ ਮੈਨੂੰ ਬਾਦਲਾਂ ਦਾ ਬੰਦਾ ਕਹਿੰਦਾ ਹੈ, ਹੋ ਸਕਦਾ ਹੈ ਉਹ ਆਪ ਕਿਸੇ “ਭੰਤੇ ਅਮਲੀ” ਦਾ ਬੰਦਾ ਹੋਵੇ ਜਾਂ ਫਿਰ “ਖ਼ਾਖੀ ਨਿੱਕਰ ਗੈਂਗ” ਦਾ ਸਮਰਥਕ ਹੋਵੇ।
ਮੇਰੀ ਆਪਣੇ ਸਾਰੇ ਸੱਜਣਾਂ, ਮਿੱਤਰਾਂ ਅਤੇ ਖ਼ਾਸ ਤੌਰ ’ਤੇ ਵਿਰੋਧੀਆਂ ਨੂੰ ਬੇਨਤੀ ਹੈ ਕਿ ਗਿਆਨੀ ਰਘਬੀਰ ਸਿੰਘ ਦੇ ਇਸ ਕਦਮ ਦਾ ਸਮਰਥਨ ਕਰਨ ਤੋਂ ਪਹਿਲਾਂ ਇੱਕ ਵਾਰ ਠੰਡੇ ਦਿਮਾਗ ਨਾਲ ਸੋਚ ਲੈਣ ਕਿ ਇਸ ਦੇ ਭਵਿੱਖ ਵਿੱਚ ਕੀ ਨਤੀਜੇ ਨਿਕਲ ਸਕਦੇ ਹਨ।
ਮੈਨੂੰ ਪਤਾ ਹੈ ਕਿ ਬਹੁਤਿਆਂ ਦਾ ਵਿਰੋਧ ਬਾਦਲ ਪਰਿਵਾਰ ਨਾਲ ਹੈ। ਹੋਣਾ ਵੀ ਚਾਹੀਦਾ ਹੈ ਤਾਂ ਕਰੋ। ਜਿੰਨਾ ਕਰਨਾ ਚਾਹੁੰਦੇ ਹੋ, ਖੁੱਲ੍ਹ ਕੇ ਕਰੋ। ਪਰ ਬਾਦਲ ਵਿਰੋਧ ਦੇ ਨਾਂ ’ਤੇ ਅਕਾਲ ਤਖ਼ਤ ਸਾਹਿਬ, ਸਿੱਖ ਸੰਸਥਾਵਾਂ, ਪੰਥਕ ਵਿਧੀ-ਵਿਧਾਨ ਅਤੇ ਆਪਣੀ ਸਰਬਉੱਚ ਸੰਸਥਾ ਨੂੰ ਹੀ ਕਟਹਿਰੇ ਵਿੱਚ ਖੜ੍ਹਾ ਕਰਨਾ ਕਿਸੇ ਵੀ ਪੱਖੋਂ ਸਿਆਣਪ ਨਹੀਂ।
 

ਬਾਦਲਾਂ ਦਾ ਵਿਰੋਧ ਕਰੋ, ਪਰ ਅਕਾਲ ਤਖ਼ਤ ਦਾ ਨਹੀਂ।

ਕਿਸੇ ਸਿਆਸੀ ਪਰਿਵਾਰ ਦਾ ਵਿਰੋਧ ਕਰੋ, ਪਰ ਪੰਥ ਦੀ ਸਰਬਉੱਚ ਸੰਸਥਾ ਦੀ ਵਿਲੱਖਣਤਾ ਨੂੰ ਖ਼ਤਮ ਕਰਨ ਦੀ ਕੀਮਤ ’ਤੇ ਨਹੀਂ।
ਨਹੀਂ ਤਾਂ ਕੱਲ੍ਹ ਨੂੰ ਜਦੋਂ ਅਕਾਲ ਤਖ਼ਤ ਸਾਹਿਬ ਵੀ ਇੱਕ ਆਮ ਸੰਸਥਾ ਵਾਂਗ ਸਰਕਾਰੀ ਢਾਂਚਿਆਂ ਦੀ ਛਾਂ ਹੇਠ ਆ ਜਾਵੇਗਾ, ਉਦੋਂ ਪਛਤਾਉਣ ਤੋਂ ਇਲਾਵਾ ਸਾਡੇ ਕੋਲ ਕੁਝ ਨਹੀਂ ਬਚੇਗਾ।

ਮਹਿਮਾਨ ਸੰਪਾਦਕ-ਗੁਰਜੀਤ ਸਿੰਘ ਅਜ਼ਾਦ

Posted By: Gurjeet Singh

Latest News