Nazrana Times

ਪੰਜਾਬੀ

ਪਰਵਿੰਦਰ ਸਿੰਘ ਝੋਟਾ ਨੇ ਆਪਣੀਆਂ ਕੋਸ਼ਿਸ਼ਾਂ ਰਾਹੀਂ ਸੂਬੇ ਦੇ ਨੌਜਵਾਨਾਂ ਨੂੰ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਤੋਂ ਬਚਾਉਣ ਦੇ ਯਤਨ ਕੀਤੇ-ਸ਼ਾਰਦਾ

14 Oct, 2026 06:44 PM

ਝੋਟਾ ਦੇ ਕਤਲ ਦੇ ਵਿਰੋਧ ਵਿਚ ਭਾਜਪਾ ਆਗੂਆਂ ਨੇ ਡੀਸੀ ਦੇ ਬਾਹਰ ਦਿੱਤਾ ਧਰਨਾ,ਪੰਜਾਬ ਸਰਕਾਰ ਦੇ ਖਿਲਾਫ ਕੀਤੀ ਨਾਅਰੇਬਾਜੀ 

ਗਵਰਨਰ ਦੇ ਨਾਮ ਡੀਸੀ ਕਪੂਰਥਲਾ ਨੂੰ ਮੰਗ ਪੱਤਰ ਮਾਮਲੇ ਦੀ ਨਿਰਪੱਖ ਜਾਂਚ ਸੀਬੀਆਈ ਤੋਂ ਕਰਵਾਉਣ ਦੀ ਕੀਤੀ ਮੰਗ 

ਕਪੂਰਥਲਾ 14 ਅਕਤੂਬਰ ਗੌਰਵ ਮੜੀਆ 

ਮਾਨਸਾ ਵਿਖੇ ਨਸ਼ਿਆਂ ਵਿਰੁੱਧ ਆਵਾਜ਼ ਬੁਲੰਦ ਕਰਨ ਵਾਲੇ ਕਾਰਕੁਨ ਸਰਦਾਰ ਪਰਵਿੰਦਰ ਸਿੰਘ ਝੋਟਾ ਦੇ ਕਤਲ ਦੇ ਵਿਰੋਧ ਵਿਚ ਵਿਰਾਸਤੀ ਸ਼ਹਿਰ ਵਿਖੇ ਭਾਜਪਾ ਆਗੂਆਂ ਦੇ ਵਲੋਂ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਚੇਤਨ ਸੂਰੀ ਦੇ ਦਿਸ਼ਾ ਨਿਰਦੇਸ਼ ਦੇ ਤਹਿਤ ਡੀਸੀ ਦਫਤਰ ਦੇ ਬਾਹਰ ਰੋਸ਼ ਧਰਨਾ ਦਿੱਤਾ ਗਿਆ।ਇਸ ਮੌਕੇ ਭਾਜਪਾ ਆਗੂਆਂ ਨੇ ਸੂਬੇ ਦੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਦੇ ਖਿਲਾਫ ਜ਼ੋਰਦਾਰ ਨਾਅਰੇ ਬਾਜੀ ਕਰਦਿਆਂ ਮੁੱਖ ਮੰਤਰੀ ਦੇ ਅਸਤੀਫੇ ਦੀ ਮੰਗ ਕੀਤੀ।ਇਸ ਮੌਕੇ ਭਾਜਪਾ ਆਗੂਆਂ ਦੇ ਵਲੋਂ ਭਾਜਪਾ ਆਗੂਆਂ ਨੇ ਭਾਜਪਾ ਦੇ ਸੂਬਾਈ ਆਗੂ ਉਮੇਸ਼ ਸ਼ਾਰਦਾ ਦੀ ਅਗਵਾਈ ਹੇਠ ਰਾਜਪਾਲ ਪੰਜਾਬ ਗੁਲਾਬ ਚੰਦ ਕਟਾਰੀਆ ਦੇ ਨਾਮ ਇੱਕ ਮੰਗ ਪੱਤਰ ਡਿਪਟੀ ਕਮਿਸ਼ਨਰ ਕਪੂਰਥਲਾ ਨੂੰ ਸੌਂਪਿਆ ਗਿਆ।

ਜਿਸ ਵਿਚ ਮਾਮਲੇ ਦੀ ਨਿਰਪੱਖ ਜਾਂਚ ਸੀਬੀਆਈ ਤੋਂ ਕਰਵਾਉਣ,ਉਨ੍ਹਾਂ ਦੇ ਪਰਿਵਾਰ ਨੂੰ ਸੁਰੱਖਿਆ ਪ੍ਰਦਾਨ ਕਰਨ ਅਤੇ ਪੰਜਾਬ ਵਿੱਚ ਨਸ਼ਾ ਤਸਕਰੀ ਦੇ ਕਥਿਤ ਗਠਜੋੜ ਦੀ ਡੂੰਘਾਈ ਨਾਲ ਜਾਂਚ ਕਰਵਾਉਣ ਦੀ ਮੰਗ ਕੀਤੀ ਗਈ।ਇਸ ਮੌਕੇ ਭਾਜਪਾ ਦੇ ਸੂਬਾਈ ਆਗੂ ਉਮੇਸ਼ ਸ਼ਾਰਦਾ ਨੇ ਕਿਹਾ ਕਿ ਪਰਵਿੰਦਰ ਸਿੰਘ ਝੋਟਾ ਪੰਜਾਬ ਵਿੱਚ ਨਸ਼ਾ ਤਸਕਰੀ ਅਤੇ ਨਸ਼ੀਲੇ ਪਦਾਰਥਾਂ ਦੀ ਗੈਰ-ਕਾਨੂੰਨੀ ਵਿਕਰੀ ਵਿਰੁੱਧ ਲਗਾਤਾਰ ਆਵਾਜ਼ ਉਠਾ ਰਹੇ ਸਨ।ਉਨ੍ਹਾਂ ਨੇ ਆਪਣੀਆਂ ਕੋਸ਼ਿਸ਼ਾਂ ਰਾਹੀਂ ਸੂਬੇ ਦੇ ਨੌਜਵਾਨਾਂ ਨੂੰ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਤੋਂ ਬਚਾਉਣ ਦਾ ਯਤਨ ਕੀਤਾ।ਉਨ੍ਹਾਂ ਦਾ ਕਤਲ ਸਿਰਫ਼ ਇੱਕ ਵਿਅਕਤੀ ਦੀ ਮੌਤ ਨਹੀਂ ਹੈ,ਸਗੋਂ ਇਸ ਨੇ ਨਸ਼ਿਆਂ ਵਿਰੁੱਧ ਲੜਨ ਵਾਲੇ ਲੋਕਾਂ ਦੀ ਸੁਰੱਖਿਆ ਅਤੇ ਪੰਜਾਬ ਦੀ ਮੌਜੂਦਾ ਕਾਨੂੰਨ-ਵਿਵਸਥਾ ਦੀ ਸਥਿਤੀ ਬਾਰੇ ਗੰਭੀਰ ਚਿੰਤਾਵਾਂ ਪੈਦਾ ਕਰ ਦਿੱਤੀਆਂ ਹਨ।ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਕਿਹਾ ਕਿ ਇਸ ਕਤਲ ਨਾਲ ਜੁੜੇ ਹਾਲਾਤ ਦੀ ਡੂੰਘਾਈ ਨਿਰਪੱਖ ਅਤੇ ਸੁਤੰਤਰ ਜਾਂਚ ਹੋਣੀ ਚਾਹੀਦੀ ਹੈ।ਇਸ ਮਾਮਲੇ ਦੇ ਦੋ ਪਹਿਲੂ ਵਿਸ਼ੇਸ਼ ਤੌਰ ਤੇ ਗੰਭੀਰ ਹਨ।ਪਹਿਲਾ ਮ੍ਰਿਤਕ ਦੇ ਪਿਤਾ ਵੱਲੋਂ ਆਪਣੇ ਬਿਆਨ ਵਿੱਚ ਸਥਾਨਕ ਵਿਧਾਇਕ ਦਾ ਨਾਮ ਲਏ ਜਾਣ ਦੀ ਗੱਲ ਸਾਹਮਣੇ ਆਈ ਹੈ।ਦੂਜਾ,ਗਵਾਹਾਂ ਦੇ ਹਵਾਲੇ ਨਾਲ ਇਹ ਗੱਲ ਸਾਹਮਣੇ ਆਈ ਹੈ ਕਿ ਗੋਲੀ ਚਲਾਉਣ ਤੋਂ ਕੁਝ ਸਮਾਂ ਪਹਿਲਾਂ ਹਮਲਾਵਰ ਫ਼ੋਨ ਤੇ ਕਿਸੇ ਨਾਲ ਗੱਲ ਕਰ ਰਿਹਾ ਸੀ।ਇਹ ਤੱਥ ਇਸ ਸੰਭਾਵਨਾ ਦੀ ਜਾਂਚ ਕਰਨਾ ਜ਼ਰੂਰੀ ਬਣਾਉਂਦੇ ਹਨ ਕਿ ਕਿਤੇ ਇਸ ਕਤਲ ਪਿੱਛੇ ਕੋਈ ਵੱਡੀ ਸਾਜ਼ਿਸ਼ ਤਾਂ ਨਹੀਂ ਸੀ।ਉਨ੍ਹਾਂਨੇ ਕਿਹਾ ਕਿ ਇਨ੍ਹਾਂ ਹਾਲਾਤਾਂ ਦੇ ਮੱਦੇਨਜ਼ਰ, ਪੰਜਾਬ ਪੁਲਿਸ ਵੱਲੋਂ ਕੀਤੀ ਜਾਣ ਵਾਲੀ ਜਾਂਚ ਦੀ ਨਿਰਪੱਖਤਾ ਬਾਰੇ ਗੰਭੀਰ ਸਵਾਲ ਉੱਠ ਰਹੇ ਹਨ, ਖ਼ਾਸ ਕਰਕੇ ਜਦੋਂ ਸੱਤਾਧਾਰੀ ਧਿਰ ਦੇ ਇੱਕ ਨੁਮਾਇੰਦੇ ਵਿਰੁੱਧ ਕਥਿਤ ਤੌਰ ਤੇ ਦੋਸ਼ ਲਗਾਏ ਗਏ ਹਨ।ਇਹ ਬੇਹੱਦ ਜ਼ਰੂਰੀ ਹੈ ਕਿ ਜਾਂਚ ਲੋਕਾਂ ਦਾ ਭਰੋਸਾ ਜਿੱਤੇ ਅਤੇ ਕਿਸੇ ਵੀ ਵਿਅਕਤੀ ਨੂੰ ਉਸ ਦੀ ਸਿਆਸੀ ਪਦਵੀ ਜਾਂ ਪ੍ਰਭਾਵ ਦੇ ਆਧਾਰ ਤੇ ਕਾਨੂੰਨ ਦੀ ਪਕੜ ਤੋਂ ਬਾਹਰ ਨਾ ਰਹਿਣ ਦਿੱਤਾ ਜਾਵੇ।ਇਸ ਮੌਕੇ ਭਾਜਪਾ ਦੇ ਸੂਬਾਈ ਆਗੂ ਮਨੂੰ ਧੀਰ ਤੇ ਨਿਰਮਲ ਸਿੰਘ ਨਾਹਰ ਨੇ ਪਰਵਿੰਦਰ ਸਿੰਘ ਝੋਟੇ ਦੇ ਕਤਲ ਦੀ ਨਿੰਦਾ ਕਰਦਿਆਂ ਪੰਜਾਬ ਗਵਰਨਰ ਤੋਂ ਮੰਗ ਕੀਤੀ ਕਿ ਪੰਜਾਬ ਸਰਕਾਰ ਨੂੰ ਹਦਾਇਤ ਕੀਤੀ ਜਾਵੇ ਕਿ ਸਰਦਾਰ ਪਰਵਿੰਦਰ ਸਿੰਘ ਝੋਟੇ ਦੇ ਕਤਲ ਦੀ ਜਾਂਚ ਬਿਨਾਂ ਕਿਸੇ ਦੇਰੀ ਦੇ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੂੰ ਸੌਂਪੀ ਜਾਵੇ।ਇਸ ਦੇ ਨਾਲ ਹੀ,ਸੁਤੰਤਰ ਅਤੇ ਨਿਰਪੱਖ ਜਾਂਚ ਯਕੀਨੀ ਬਣਾਉਣ ਲਈ ਆਪ ਜੀ ਦੇ ਪੱਧਰ ਤੇ ਢੁਕਵੀਂ ਕਾਰਵਾਈ ਕੀਤੀ ਜਾਵੇ।ਉਨ੍ਹਾਂਨੇ ਕਿਹਾ ਕਿ ਸਾਰੇ ਮਹੱਤਵਪੂਰਨ ਡਿਜੀਟਲ ਅਤੇ ਇਲੈਕਟ੍ਰਾਨਿਕ ਸਬੂਤ ਤੁਰੰਤ ਸੁਰੱਖਿਅਤ ਕੀਤੇ ਜਾਣ।ਇਨ੍ਹਾਂ ਵਿੱਚ ਹਮਲਾਵਰ ਦੇ ਫ਼ੋਨ ਕਾਲ ਰਿਕਾਰਡ ਸਬੰਧਤ ਵਟਸਐਪ,ਸੀਸੀਟੀਵੀ ਫੁਟੇਜ,ਘਟਨਾ ਦੀ ਫੇਸਬੁੱਕ ਲਾਈਵਸਟ੍ਰੀਮ ਅਤੇ ਹੋਰ ਸਾਰੇ ਸਬੂਤ ਸ਼ਾਮਲ ਹੋਣ, ਜਿਹੜੇ ਘਟਨਾ ਦੇ ਪੂਰੇ ਕ੍ਰਮ ਨੂੰ ਸਪੱਸ਼ਟ ਕਰਨ ਅਤੇ ਇਸ ਵਿੱਚ ਸ਼ਾਮਲ ਸਾਰੇ ਵਿਅਕਤੀਆਂ ਦੀ ਪਛਾਣ ਕਰਨ ਵਿੱਚ ਸਹਾਇਕ ਹੋ ਸਕਦੇ ਹਨ।

ਇਸ ਮੌਕੇ ਤੇ ਭਾਜਪਾ ਅਸ਼ੋਕ ਮਾਹਲਾ ਤੇ ਮਹਿੰਦਰ ਸਿੰਘ ਬਲੇਰ ਨੇ ਕਿਹਾ ਕਿ ਕਤਲ ਦੇ ਹਾਲਾਤਾਂ ਕਰਕੇ ਪਰਿਵਾਰ ਦੀ ਸੁਰੱਖਿਆ ਨੂੰ ਹੋ ਸਕਦੇ ਸੰਭਾਵੀ ਖ਼ਤਰੇ ਦੇ ਮੱਦੇਨਜ਼ਰ,ਮ੍ਰਿਤਕ ਦੇ ਪਰਿਵਾਰ, ਖ਼ਾਸ ਕਰਕੇ ਉਨ੍ਹਾਂ ਦੇ ਨਾਬਾਲਗ ਬੱਚਿਆਂ ਸਮੇਤ ਨੂੰ ਢੁਕਵੀਂ ਅਤੇ ਪ੍ਰਭਾਵਸ਼ਾਲੀ ਪੁਲਿਸ ਸੁਰੱਖਿਆ ਮੁਹੱਈਆ ਕਰਵਾਈ ਜਾਵੇ।ਉਨ੍ਹਾਂਨੇ ਕਿਹਾ ਕਿ ਪੰਜਾਬ ਵਿੱਚ ਨਸ਼ਿਆ ਦੀ ਗੈਰ-ਕਾਨੂੰਨੀ ਵਿਕਰੀ ਨਾਲ ਜੁੜੇ ਕਥਿਤ ਨੈੱਟਵਰਕ ਦੀ ਵਿਆਪਕ ਜਾਂਚ ਕਰਵਾਈ ਜਾਵੇ।ਇਸ ਜਾਂਚ ਵਿੱਚ ਨਸ਼ਾ ਤਸਕਰੀ ਵਿੱਚ ਸ਼ਾਮਲ ਵਿਅਕਤੀਆਂ ਦੇ ਸੰਭਾਵੀ ਸਬੰਧਾਂ ਅਤੇ ਉਨ੍ਹਾਂ ਨੂੰ ਮਿਲ ਰਹੀ ਕਿਸੇ ਵੀ ਤਰ੍ਹਾਂ ਦੀ ਸਰਪ੍ਰਸਤੀ ਜਾਂ ਸਹਾਇਤਾ ਦੀ ਵੀ ਜਾਂਚ ਕੀਤੀ ਜਾਵੇ।ਇਸ ਅਪਰਾਧ ਜਾਂ ਇਸ ਨਾਲ ਜੁੜੀ ਕਿਸੇ ਵੀ ਵੱਡੀ ਸਾਜਿਸ਼ ਵਿੱਚ ਸ਼ਾਮਲ ਪਾਏ ਜਾਣ ਵਾਲੇ ਸਾਰੇ ਵਿਅਕਤੀਆਂ ਦੀ ਪਛਾਣ ਕਰਕੇ,ਬਿਨਾਂ ਕਿਸੇ ਡਰ,ਪੱਖਪਾਤ ਜਾਂ ਸਿਆਸੀ ਦਮਲਅੰਦਾਜ਼ੀ ਦੇ ਕਾਨੂੰਨ ਅਨੁਸਾਰ ਉਨ੍ਹਾਂ ਵਿਰੁੱਧ ਕਾਰਵਾਈ ਕੀਤੀ ਜਾਵੇ।ਉਨ੍ਹਾਂਨੇ ਕਿਹਾ ਕਿ ਨਸ਼ਿਆਂ ਵਿਰੁੱਧ ਆਵਾਜ਼ ਉਠਾਉਣ ਵਾਲੇ ਵਿਅਕਤੀ ਦਾ ਕਤਲ ਲੋਕਾਂ ਦੇ ਭਰੋਸੇ ਨੂੰ ਡੂੰਘੀ ਸੱਟ ਮਾਰਨ ਵਾਲੀ ਘਟਨਾ ਹੈ।ਇਸ ਨੇ ਨਸ਼ਿਆਂ ਵਿਰੁੱਧ ਸੰਘਰਸ਼ ਕਰਨ ਵਾਲੇ ਨਾਗਰਿਕਾਂ ਦੀ ਸੁਰੱਖਿਆ ਬਾਰੇ ਵੀ ਗੰਭੀਰ ਚਿੰਤਾਵਾਂ ਪੈਦਾ ਕੀਤੀਆਂ ਹਨ।ਪੰਜਾਬ ਦੇ ਲੋਕ ਅਜਿਹੇ ਮਾਹੌਲ ਦੇ ਹੱਕਦਾਰ ਹਨ,ਜਿੱਥੇ ਨਸ਼ਾ ਤਸਕਰੀ ਦਾ ਵਿਰੋਧ ਕਰਨ ਵਾਲੇ ਲੋਕ ਆਪਣੀ ਜਾਨ ਦੇ ਖ਼ਤਰੇ ਤੋਂ ਬਿਨਾਂ ਆਪਣੀ ਆਵਾਜ਼ ਬੁਲੰਦ ਕਰ ਸਕਣ।ਇਸ ਮੌਕੇ ਤੇ ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਆਏ ਹੋਏ ਆਗੂਆਂ ਤੇ ਵਰਕਰਾਂ ਦਾ ਧੰਨਵਾਦ ਕੀਤਾ ਇਸ ਮੌਕੇ ਤੇ ਭਾਜਪਾ ਦੇ ਸੀਨੀਅਰ ਆਗੂ ਯਸ਼ ਮਹਾਜਨ,ਭਾਜਪਾ ਆਗੂ ਆਸ਼ੂ ਸਾਂਪਲਾ,ਵਿਜੇ ਖੋਸਲਾ,ਨਿਰਮਲ ਸਿੰਘ ਨਾਹਰ,ਪ੍ਰਦੀਪ ਠਾਕੁਰ, ਰਾਜੇਸ਼ ਸ਼ਰਮਾ,ਮਹਿੰਦਰ ਸਿੰਘ ਬਲੇਰ,ਵਿਸ਼ਾਲ ਸੋਂਧੀ,ਅਸ਼ੋਕ ਮਾਹਲਾ, ਯਾਦਵਿੰਦਰ ਪਾਸੀ, ਸੰਜੀਵ ਖੰਨਾ,ਗੋਪਾਲ ਕ੍ਰਿਸ਼ਨ ਅਰੋੜਾ, ਕੁਸ਼ਲਦੀਪ ਸਿੰਘ,ਧਰਮਵੀਰ ਕੰਡਾ,ਦੀਪਕ ਸ਼ਰਮਾ,ਗੁਰਪ੍ਰੀਤ ਸਿੰਘ ਰੰਧਾਵਾ, ਗੋਲਡੀ ਨਾਹਰ,ਰਾਜਿੰਦਰ ਰਾਜੂ, ਸੰਨੀ ਬੈਂਸ,ਵਿੱਕੀ ਗੁਜਰਾਲ, ਰਾਜੀਵ ਪਾਹਵਾ, ਨਿਤਿਨ ਚੱਢਾ,ਪਿਯੂਸ਼ ਮਨਚੰਦਾ, ਦਵਿੰਦਰ ਧੀਰ, ਰਮੇਸ਼ ਸ਼ਰਮਾ ਆਦਿ ਹਾਜ਼ਰ ਸਨ।

Posted By: Gaurav Maria

Latest News