Nazrana Times

ਪੰਜਾਬੀ

ਸਿੱਖ ਸਤਿਗੁਰੂ ਦਾ ਹੈ, ਕਿਸੇ ਬੰਦੇ ਦਾ ਨਹੀਂ

21 Oct, 2026 05:01 PM

ਸਿੱਖ ਕਦੇ ਵੀ ਕਿਸੇ ਬੰਦੇ ਦਾ ਬੰਦਾ ਨਹੀਂ ਹੁੰਦਾ, ਉਹ ਗੁਰੂ ਦਾ ਬੰਦਾ ਹੁੰਦਾ ਹੈ। ਉਸ ਦੀ ਵਫ਼ਾਦਾਰੀ ਗੁਰੂ ਪੰਥ ਨਾਲ ਹੈ, ਕਿਸੇ ਆਗੂ ਦੀ ਕੁਰਸੀ ਨਾਲ ਨਹੀਂ। ਉਹ ਗੁਰੂ ਦੇ ਹੁਕਮ ਅੱਗੇ ਸਿਰ ਝੁਕਾਉਂਦਾ ਹੈ, ਕਿਸੇ ਮਨੁੱਖ ਦੀ ਹਰ ਗੱਲ ਅੱਗੇ ਨਹੀਂ। ਕਿਸੇ ਬੰਦੇ ਦੀ ਗ਼ਲਤੀ ਨੂੰ ਜਾਣਦਿਆਂ ਵੀ ਸਹੀ ਆਖਣਾ ਇਹ ਠੀਕ ਫ਼ੈਸਲਾ ਨਹੀ, ਆਪਣੀ ਜ਼ਮੀਰ ਨਾਲ ਧੋਖਾ ਹੈ। ਸਿੱਖ ਨੇ ਗੁਰਮਤਿ ਅਨੁਸਾਰ ਚੱਲਣਾ ਹੈ, ਕਿਸੇ ਦੀ ਅੰਨ੍ਹੀ ਅਧੀਨਗੀ ਵਿੱਚ ਨਹੀਂ।

ਅੱਜ ਸੋਸ਼ਲ ਮੀਡੀਆ ਉੱਤੇ ਬਹੁਤੀ ਵਾਰ ਗੱਲ ਸਿਧਾਂਤ ਤੋਂ ਹਟ ਕੇ ‘ਮੇਰਾ ਆਗੂ’ ਅਤੇ ‘ਤੇਰਾ ਆਗੂ’ ਤੱਕ ਸਿਮਟ ਜਾਂਦੀ ਹੈ। ਆਪਣੇ ਆਗੂ ਨੂੰ ਸਹੀ ਸਾਬਤ ਕਰਨ ਲਈ ਦੂਜਿਆਂ ਨੂੰ ਭੰਡਿਆ ਜਾਂਦਾ ਹੈ। ਉਸ ਦੀ ਗ਼ਲਤੀ ਉੱਤੇ ਪਰਦਾ ਪਾਇਆ ਜਾਂਦਾ ਹੈ ਅਤੇ ਸਵਾਲ ਕਰਨ ਵਾਲੇ ਨੂੰ ਗ਼ੱਦਾਰ ਆਖ ਦਿੱਤਾ ਜਾਂਦਾ ਹੈ। ਇਹ ਕਿਹੜੀ ਪੰਥਕ ਸੇਵਾ ਹੈ ? ਦਲੀਲ ਦਾ ਜਵਾਬ ਦੇਣ ਦੀ ਥਾਂ ਕਿਸੇ ਨੂੰ ਜ਼ਲੀਲ ਕਰਨਾ ਆਪਣੀ ਸੋਚ ਦੀ ਕਮਜ਼ੋਰੀ ਵਿਖਾਉਣਾ ਹੈ।

ਹੈਰਾਨੀ ਓਦੋਂ ਹੁੰਦੀ ਹੈ ਜਦੋਂ ਕਿਸੇ ਦੇ ਅੰਨ੍ਹੇ ਸਮਰਥਕ ਸਿਧਾਂਤਾਂ ਉੱਤੇ ਪਹਿਰਾ ਦੇਣ ਵਾਲਿਆਂ ਨੂੰ ਵੀ ਇਸ ਕਰਕੇ ਭੰਡਣ ਲੱਗ ਪੈਂਦੇ ਹਨ ਕਿ ਉਹ ਉਨ੍ਹਾਂ ਦੇ ਆਗੂ ਦੀ ਹਰ ਗੱਲ ਕਿਉਂ ਨਹੀਂ ਮੰਨਦੇ। ਕੀ ਸਿੱਖ ਹੋਣ ਦਾ ਸਬੂਤ ਕਿਸੇ ਬੰਦੇ ਦੀ ਅੰਧਭਗਤੀ ਕਰਕੇ ਦੇਣਾ ਪਵੇਗਾ ? ਗੁਰੂ ਦੇ ਸਿਧਾਂਤ ਨਾਲ ਖੜ੍ਹਨ ਵਾਲੇ ਨੂੰ ਕਿਸੇ ਧੜੇ ਕੋਲੋਂ ਆਪਣੀ ਵਫ਼ਾਦਾਰੀ ਦੀ ਮੋਹਰ ਲਵਾਉਣ ਦੀ ਲੋੜ ਨਹੀਂ।

ਸੰਪਰਦਾਵਾਂ ਦੇ ਮੁਖੀ, ਜਥੇਬੰਦੀਆਂ ਦੇ ਪ੍ਰਧਾਨ, ਜਥਿਆਂ ਦੇ ਆਗੂ ਅਤੇ ਜਥੇਦਾਰ ਅਗਵਾਈ ਲਈ ਹੁੰਦੇ ਹਨ, ਸਿੰਘਾਂ ਦੇ ਮਾਲਕ ਬਣਨ ਲਈ ਨਹੀਂ। ਕੋਈ ਆਗੂ ਸਿਧਾਂਤ ਤੋਂ ਉੱਪਰ ਅਤੇ ਵੱਡਾ ਨਹੀਂ ਹੁੰਦਾ। ਵੱਡਾ ਅਹੁਦਾ ਕਿਸੇ ਦੇ ਹਰ ਫ਼ੈਸਲੇ ਨੂੰ ਸਹੀ ਨਹੀਂ ਬਣਾ ਦਿੰਦਾ। ਇਸੇ ਲਈ ਸਾਂਝੀ ਵਿਚਾਰ, ਸਹਿਮਤੀ ਅਤੇ ਪੰਚ-ਪ੍ਰਧਾਨੀ ਦੀ ਭਾਵਨਾ ਅਹਿਮ ਹੈ। ਜਿੱਥੇ ਇੱਕ ਬੰਦੇ ਦੀ ਮਰਜ਼ੀ ਹੀ ਅੰਤਿਮ ਫ਼ੈਸਲਾ ਬਣ ਜਾਵੇ ਅਤੇ ਸਵਾਲ ਪੁੱਛਣ ਵਾਲੇ ਨੂੰ ਵਿਰੋਧੀ ਸਮਝਿਆ ਜਾਵੇ, ਓਥੇ ਸਾਂਝੀ ਅਗਵਾਈ ਕਮਜ਼ੋਰ ਪੈ ਜਾਂਦੀ ਹੈ। ਜਥੇਬੰਦੀ ਦੀ ਤਾਕਤ ਜਾਗਦੀ ਸੋਚ ਵਾਲੇ ਸਾਥੀਆਂ ਨਾਲ ਬਣਦੀ ਹੈ।

ਜੁਝਾਰੂ ਲਹਿਰ ਦੇ ਦੌਰ ਵਿੱਚ ਵੀ ਸਾਂਝੇ ਫ਼ੈਸਲਿਆਂ ਅਤੇ ਸਾਂਝੀ ਅਗਵਾਈ ਦੀ ਭਾਵਨਾ ਅਹਿਮ ਰਹੀ। ਉਸ ਤਜਰਬੇ ਤੋਂ ਇਹ ਸਿੱਖਣ ਦੀ ਲੋੜ ਹੈ ਕਿ ਪੰਥਕ ਕਾਰਜ ਕਿਸੇ ਇੱਕ ਵਿਅਕਤੀ ਦੀ ਮਲਕੀਅਤ ਨਹੀਂ ਹੁੰਦੇ। ਪਰਖ ਦਾ ਆਧਾਰ ਸਿਧਾਂਤ ਹੋਣਾ ਚਾਹੀਦਾ ਹੈ, ਕਿਸੇ ਬੰਦੇ ਨਾਲ ਨੇੜਤਾ ਦਾ ਨਹੀਂ। ਚਾਹੇ ਕੋਈ ਵੀ ਹੋਵੇ, ਪਰਖ ਦਾ ਪੈਮਾਨਾ ਸਾਰਿਆਂ ਲਈ ਇੱਕੋ ਹੋਣਾ ਚਾਹੀਦਾ ਹੈ। ਜਿਹੜੀ ਗੱਲ ਵਿਰੋਧੀ ਕਰੇ ਤਾਂ ਗ਼ਲਤ ਹੈ, ਓਹੀ ਆਪਣਾ ਆਗੂ ਕਰੇ ਤਾਂ ਸਹੀ ਕਿਵੇਂ ਹੋ ਗਈ ? ਸਿੱਖ ਦੀ ਸ਼ੇਰ ਬਿਰਤੀ ਦੀ ਪਰਖ ਓਥੇ ਹੁੰਦੀ ਹੈ ਜਿੱਥੇ ਉਸ ਨੂੰ ਆਪਣੇ ਆਗੂ ਦੀ ਗ਼ਲਤੀ ਖ਼ਿਲਾਫ਼ ਬੋਲਣਾ ਪਵੇ। ਦੂਜੇ ਨੂੰ ਕੋਸਣਾ ਸੌਖਾ ਹੈ, ਆਪਣੇ ਵਾਲੇ ਨੂੰ ਸੱਚ ਆਖਣ ਲਈ ਹਿੰਮਤ ਚਾਹੀਦੀ ਹੈ।

ਆਗੂ ਆਪਣੇ ਸਿਆਸੀ ਫ਼ੈਸਲੇ ਕਰ ਲੈਂਦੇ ਹਨ, ਸਮਝੌਤੇ ਕਰ ਲੈਂਦੇ ਹਨ ਅਤੇ ਲਾਹੇ-ਨੁਕਸਾਨ ਦਾ ਹਿਸਾਬ ਵੀ ਲਾ ਲੈਂਦੇ ਹਨ। ਪਰ ਉਨ੍ਹਾਂ ਪਿੱਛੇ ਦੂਜਿਆਂ ਨਾਲ ਉਲਝਣ ਵਾਲੇ ਲੋਕ ਆਪਣੀ ਸਾਂਝ ਅਤੇ ਸਾਖ ਗਵਾ ਬੈਠਦੇ ਹਨ। ਜਿਸ ਆਗੂ ਲਈ ਤੁਸੀਂ ਅੱਜ ਕਿਸੇ ਨੂੰ ਮੰਦਾ ਬੋਲਦੇ ਹੋ, ਉਹ ਕੱਲ੍ਹ ਉਸੇ ਨਾਲ ਸਮਝੌਤਾ ਕਰ ਸਕਦਾ ਹੈ। ਫਿਰ ਤੁਹਾਡੇ ਬੋਲੇ ਕੌੜੇ ਬੋਲਾਂ ਦੀ ਜ਼ਿੰਮੇਵਾਰੀ ਕੌਣ ਲਵੇਗਾ ?

ਕੋਈ ਸਿੱਖ ਆਗੂ ਕਿੰਨਾ ਵੀ ਪੰਥ-ਪ੍ਰਸਤ, ਸੂਝਵਾਨ ਜਾਂ ਕੁਰਬਾਨੀ ਵਾਲਾ ਹੋਵੇ, ਉਸ ਦਾ ਸਾਥ ਦਿੰਦਿਆਂ ਆਪਣੀ ਗੁਰਮਤਿ ਵਾਲੀ ਸੋਚ ਅਤੇ ਜ਼ਮੀਰ ਜਿਊਂਦੀ ਰੱਖੋ। ਸਹੀ ਗੱਲ ਮੰਨੋ ਅਤੇ ਗ਼ਲਤ ਗੱਲ ਦਾ ਵਿਰੋਧ ਕਰੋ, ਭਾਵੇਂ ਉਹ ਕਿਸੇ ਵੱਲੋਂ ਵੀ ਹੋਵੇ। ਆਗੂ ਬਦਲ ਸਕਦੇ ਹਨ, ਸਿੱਖ ਦਾ ਸਿਧਾਂਤ ਨਹੀਂ। ਆਗੂ ਦਾ ਸਤਿਕਾਰ ਕਰੋ, ਉਸ ਦੀ ਚੰਗੀ ਸੇਧ ਮੰਨੋ ਅਤੇ ਪੰਥਕ ਕਾਰਜਾਂ ਵਿੱਚ ਸਾਥ ਦਿਓ ਪਰ ਜਿੱਥੇ ਉਹ ਸਿਧਾਂਤ ਤੋਂ ਥਿੜਕੇ, ਓਥੇ ਸਵਾਲ ਕਰਨਾ ਵੀ ਆਪਣਾ ਫ਼ਰਜ਼ ਸਮਝੋ। ਕਿਸੇ ਦੀ ਵੀ ਅੰਧਭਗਤੀ ਨਾ ਕਰੋ। ਸਿੱਖ ਦੀ ਪਛਾਣ ਸੱਚ ਉੱਤੇ ਡਟਣਾ ਹੈ, ਭੀੜ ਪਿੱਛੇ ਤੁਰਨਾ ਨਹੀਂ। ਸਿੱਖ ਦੀ ਸ਼ੇਰ ਬਿਰਤੀ ਹੋਣੀ ਚਾਹੀਦੀ ਹੈ, ਭੇਡ ਬਿਰਤੀ ਨਹੀਂ ਕਿ ਕੋਈ ਵੀ ਜਿੱਧਰ ਨੂੰ ਮਰਜੀ ਲੈ ਤੁਰੇ। ਸਿੱਖ ਸਤਿਗੁਰੂ ਦਾ ਹੈ, ਕਿਸੇ ਬੰਦੇ ਦਾ ਨਹੀਂ।

- ਰਣਜੀਤ ਸਿੰਘ ਦਮਦਮੀ ਟਕਸਾਲ

(ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ)

ਮੋ: 8872293883.

Latest News