Nazrana Times

ਪੰਜਾਬੀ

ਭਾਈ ਪਰਵਿੰਦਰ ਸਿੰਘ ਝੋਟਾ ਦੀ ਸ਼ਹਾਦਤ: ਪੰਜਾਬ ਵਿੱਚ ਨਸ਼ਾ ਮਾਫ਼ੀਆ ਵਿਰੁੱਧ ਸੰਘਰਸ਼ ਅਤੇ ਸਾਡੀ ਕੌਮੀ ਜ਼ਿੰਮੇਵਾਰੀ

24 Oct, 2026 05:30 PM

ਆਪਣੀ ਮਰਿਆਦਾ, ਆਪਣੇ ਸੱਭਿਆਚਾਰ ਅਤੇ ਆਪਣੀ ਨੌਜਵਾਨੀ ਨੂੰ ਬਚਾਉਣ ਲਈ ਹੁਣ ਜਾਗਣ ਦਾ ਸਮਾਂ ਹੈ।

- ਜਥੇਦਾਰ ਮਹਿੰਦਰ ਸਿੰਘ ਯੂ.ਕੇ.

ਵਾਹਿਗੁਰੂ ਜੀ ਕਾ ਖ਼ਾਲਸਾ! ਵਾਹਿਗੁਰੂ ਜੀ ਕੀ ਫ਼ਤਹਿ!

ਇੱਕ ਕਹਾਵਤ ਹੈ ਕਿ ‘ਬੁਰਾਈ ਨੂੰ ਨਹੀਂ, ਸਗੋਂ ਬੁਰਾਈ ਦੀ ਮਾਂ ਨੂੰ ਖ਼ਤਮ ਕਰਨਾ ਚਾਹੀਦਾ ਹੈ।’ ਜੇ ਅਸੀਂ ਕਿਸੇ ਸਮਾਜ ਵਿੱਚ ਫੈਲੀ ਬੁਰਾਈ ਨੂੰ ਸੱਚਮੁੱਚ ਖ਼ਤਮ ਕਰਨਾ ਚਾਹੁੰਦੇ ਹਾਂ, ਤਾਂ ਸਾਨੂੰ ਉਸ ਦੇ ਮੁੱਢ ਤਕ ਪਹੁੰਚਣਾ ਪਵੇਗਾ।
ਅੱਜ ਸਿੱਖ ਪੰਥ ਅਤੇ ਪੰਜਾਬ ਵਿੱਚ ਸ਼ਰਾਬ ਦੇ ਵਧਦੇ ਪ੍ਰਚਲਣ ਦੀ ਸਥਿਤੀ ਵੀ ਕੁਝ ਅਜਿਹੀ ਹੀ ਹੈ। ਜਿਸ ਧਰਮ ਦੀ ਸਿੱਖਿਆ ਮਨੁੱਖ ਨੂੰ ਵਿਕਾਰਾਂ ਤੋਂ ਬਚਣ, ਸੰਜਮ ਨਾਲ ਜੀਵਨ ਬਤੀਤ ਕਰਨ ਅਤੇ ਉੱਚੇ ਨੈਤਿਕ ਆਦਰਸ਼ਾਂ ਉੱਤੇ ਪਹਿਰਾ ਦੇਣ ਦੀ ਪ੍ਰੇਰਨਾ ਦਿੰਦੀ ਹੈ, ਓਸ ਧਰਮ ਦੇ ਪੈਰੋਕਾਰਾਂ ਵਿੱਚ ਸ਼ਰਾਬ ਦਾ ਇੰਨਾ ਵਧਦਾ ਰੁਝਾਨ ਕਿਉਂ ਹੈ?
ਇਹ ਸਵਾਲ ਸਾਨੂੰ ਆਪਣੇ ਆਪ ਤੋਂ ਪੁੱਛਣਾ ਪਵੇਗਾ। ਸਾਨੂੰ ਇਹ ਵੀ ਸੋਚਣਾ ਪਵੇਗਾ ਕਿ ਅਸੀਂ ਕਿੱਥੋਂ ਤੁਰੇ ਸੀ, ਅੱਜ ਕਿੱਥੇ ਆ ਪਹੁੰਚੇ ਹਾਂ ਅਤੇ ਹੁਣ ਅੱਗੇ ਕੀ ਕਰਨਾ ਹੈ।

1. ਤਿੰਨ ਦਹਾਕਿਆਂ ਵਿੱਚ ਸ਼ਰਾਬ ਦੇ ਕਾਰੋਬਾਰ ਦਾ ਵਾਧਾ

1999 ਵਿੱਚ ‘ਸਿੱਖ ਫੁਲਵਾੜੀ’ ਵਿੱਚ ਇਸ ਵਿਸ਼ੇ ਨਾਲ ਸਬੰਧਤ ਇੱਕ ਲੇਖ ਛਪਿਆ ਸੀ। ਉਸ ਲੇਖ ਵਿੱਚ ਦਰਜ ਕੁਝ ਤੱਥ ਅਤੇ ਵਿਚਾਰ ਅੱਜ ਵੀ ਸਾਡੇ ਸਮਾਜ ਲਈ ਚਿੰਤਨ ਦਾ ਵਿਸ਼ਾ ਹਨ। ਲੇਖ ਵਿੱਚ ਲੇਖਕ ਨੇ 1966 ਅਤੇ 1999 ਦੇ ਅੰਕੜਿਆਂ ਦਾ ਹਵਾਲਾ ਦਿੰਦਿਆਂ ਦੱਸਿਆ ਗਿਆ ਸੀ ਕਿ ਪੰਜਾਬ ਵਿੱਚ ਸ਼ਰਾਬ ਦੇ ਠੇਕਿਆਂ ਦੀਆਂ ਬੋਲੀਆਂ ਦਾ ਕਾਰੋਬਾਰ ਬਹੁਤ ਵਧ ਗਿਆ ਸੀ। ਲੇਖ ਅਨੁਸਾਰ, 1966 ਵਿੱਚ ਸ਼ਰਾਬ ਦੇ ਠੇਕਿਆਂ ਦੀ ਬੋਲੀ 16 ਕਰੋੜ ਰੁਪਏ ਵਿੱਚ ਹੋਈ ਸੀ, ਜਦਕਿ 1999 ਵਿੱਚ ਇਹ ਅੰਕੜਾ ਵਧ ਕੇ 1,600 ਕਰੋੜ ਰੁਪਏ ਤਕ ਪਹੁੰਚ ਗਿਆ ਸੀ। ਉਸ ਸਮੇਂ ਲੇਖਕ ਵੱਲੋਂ ਉਠਾਇਆ ਗਿਆ ਸਵਾਲ ਅੱਜ ਵੀ ਆਪਣੀ ਮਹੱਤਤਾ ਰੱਖਦਾ ਹੈ।

ਇੱਕ ਪਾਸੇ ਅਸੀਂ ਮਾਣ ਨਾਲ ਕਹਿੰਦੇ ਹਾਂ, “ਪੰਜਾਬ ਜੀਉਂਦਾ ਗੁਰਾਂ ਦੇ ਨਾਂ ’ਤੇ”, ਪਰ ਦੂਜੇ ਪਾਸੇ ਸਾਡੇ ਸਮਾਜ ਵਿੱਚ ਸ਼ਰਾਬ ਦਾ ਪ੍ਰਚਲਣ ਲਗਾਤਾਰ ਵਧਦਾ ਜਾ ਰਿਹਾ ਹੈ।

ਜੇ ਸਾਡੇ ਗੁਰੂ ਸਾਹਿਬਾਨ ਦੀ ਸਿੱਖਿਆ ਸਾਨੂੰ ਵਿਕਾਰਾਂ ਤੋਂ ਬਚਣ ਅਤੇ ਸੰਜਮ ਵਾਲਾ ਜੀਵਨ ਜਿਊਣ ਦੀ ਪ੍ਰੇਰਨਾ ਦਿੰਦੀ ਹੈ, ਤਾਂ ਫਿਰ ਸਾਡੇ ਸਮਾਜ ਵਿੱਚ ਸ਼ਰਾਬ ਨੂੰ ਇੰਨੀ ਸਮਾਜਿਕ ਸਵੀਕਾਰਤਾ ਕਿਵੇਂ ਮਿਲ ਗਈ?

1999 ਦੇ ਲੇਖ ਵਿੱਚ ਲੇਖਕ ਨੇ ਇਸ ਗੱਲ ਉੱਤੇ ਵੀ ਦੁੱਖ ਪ੍ਰਗਟ ਕੀਤਾ ਸੀ ਕਿ ਸ਼ਰਾਬ ਦੇ ਵਧਦੇ ਪ੍ਰਚਲਣ ਬਾਰੇ ਧਾਰਮਿਕ ਅਤੇ ਨੈਤਿਕ ਖੇਤਰਾਂ ਵਿੱਚ ਲੋੜੀਂਦੀ ਗੰਭੀਰਤਾ ਨਾਲ ਚਰਚਾ ਨਹੀਂ ਹੋ ਰਹੀ ਸੀ। ਇਹ ਸਵਾਲ ਅੱਜ ਵੀ ਸਾਡੇ ਸਾਹਮਣੇ ਖੜ੍ਹਾ ਹੈ।

2. ਜਦੋਂ ਸਕੂਲ ਨਾਲੋਂ ਸ਼ਰਾਬ ਦੇ ਠੇਕੇ ਦੀ ਹਾਜ਼ਰੀ ਵਧੇਰੇ ਪੱਕੀ ਹੋਵੇ!

ਉਸ ਲੇਖ ਵਿੱਚ ਲੇਖਕ ਨੇ ਵਿਅੰਗਮਈ ਢੰਗ ਨਾਲ ਕਿਹਾ ਸੀ ਕਿ “ਕਈ ਵਾਰ ਸਕੂਲ ਵਿੱਚ ਅਧਿਆਪਕ ਭਾਵੇਂ ਸਮੇਂ ਸਿਰ ਨਾ ਪਹੁੰਚੇ, ਪਰ ਸ਼ਰਾਬ ਦੇ ਠੇਕੇ ਦਾ ਕਰਿੰਦਾ ਸਮੇਂ ਸਿਰ ਪਹੁੰਚ ਜਾਂਦਾ ਹੈ।”

ਇਹ ਸਿਰਫ਼ ਇੱਕ ਵਿਅੰਗ ਨਹੀਂ ਸੀ, ਸਗੋਂ ਸਾਡੇ ਸਮਾਜ ਦੀਆਂ ਤਰਜੀਹਾਂ ਉੱਤੇ ਇੱਕ ਗੰਭੀਰ ਸਵਾਲ ਸੀ।

ਜਦੋਂ ਸ਼ਰਾਬ ਦਾ ਕਾਰੋਬਾਰ ਸਾਡੇ ਸਮਾਜਿਕ ਅਤੇ ਆਰਥਿਕ ਜੀਵਨ ਵਿੱਚ ਇੰਨਾ ਮਹੱਤਵਪੂਰਨ ਬਣ ਜਾਵੇ ਕਿ ਉਸ ਦੀ ਵਿਕਰੀ ਅਤੇ ਕਮਾਈ ਨੂੰ ਹੀ ਤਰਜੀਹ ਦਿੱਤੀ ਜਾਣ ਲੱਗੇ, ਤਾਂ ਸਾਨੂੰ ਆਪਣੇ ਭਵਿੱਖ ਬਾਰੇ ਸੋਚਣਾ ਪਵੇਗਾ।

ਸ਼ਰਾਬ ਦੀ ਸਮਾਜਿਕ ਸਵੀਕਾਰਤਾ ਹੋਰ ਨਸ਼ਿਆਂ ਪ੍ਰਤੀ ਵੀ ਲੋਕਾਂ ਦਾ ਰਵੱਈਆ ਪ੍ਰਭਾਵਿਤ ਕਰ ਸਕਦੀ ਹੈ। ਹਾਲਾਂਕਿ ਹਰ ਨਸ਼ੇ ਦੇ ਫੈਲਾਅ ਪਿੱਛੇ ਵੱਖ-ਵੱਖ ਕਾਰਨ ਹੁੰਦੇ ਹਨ, ਪਰ ਜਦੋਂ ਸਮਾਜ ਕਿਸੇ ਨਸ਼ੇ ਨੂੰ ਆਮ ਜੀਵਨ ਦਾ ਹਿੱਸਾ ਬਣਾ ਲੈਂਦਾ ਹੈ, ਤਾਂ ਨੌਜਵਾਨਾਂ ਲਈ ਉਸ ਤੋਂ ਦੂਰ ਰਹਿਣਾ ਹੋਰ ਵੀ ਔਖਾ ਹੋ ਸਕਦਾ ਹੈ।

ਅੱਜ ਸਭ ਤੋਂ ਵੱਡੀ ਚਿੰਤਾ ਇਹ ਹੈ ਕਿ ਸ਼ਰਾਬ ਸਿਰਫ਼ ਇੱਕ ਨਿੱਜੀ ਆਦਤ ਨਹੀਂ ਰਹੀ। ਇਸ ਨੂੰ ਮਹਿਮਾਨ-ਨਿਵਾਜ਼ੀ, ਖ਼ਾਤਰਦਾਰੀ, ਮਨੋਰੰਜਨ ਅਤੇ ਸਮਾਜਿਕ ਰੁਤਬੇ ਨਾਲ ਜੋੜ ਕੇ ਦੇਖਿਆ ਜਾਣ ਲੱਗਾ ਹੈ।

ਵਿਆਹ ਹੋਵੇ, ਪਾਰਟੀ ਹੋਵੇ ਜਾਂ ਕੋਈ ਹੋਰ ਸਮਾਗਮ; ਆਦਿਕ ਹਰ ਥਾਂ ’ਤੇ ਸ਼ਰਾਬ ਦੀ ਵਰਤੋਂ ਨੂੰ ਜਿਵੇਂ ਲਾਜ਼ਮੀ ਰਿਵਾਜ ਬਣਾ ਦਿੱਤਾ ਗਿਆ ਹੈ।

ਜਦੋਂ ਬੁਰਾਈ ਨੂੰ ਹੀ ਮਾਣ-ਸਨਮਾਨ ਦੀ ਨਿਸ਼ਾਨੀ ਬਣਾ ਦਿੱਤਾ ਜਾਵੇ, ਤਾਂ ਉਸ ਵਿਰੁੱਧ ਲੜਾਈ ਹੋਰ ਵੀ ਔਖੀ ਹੋ ਜਾਂਦੀ ਹੈ।

3. ਸਿੱਖ ਸੰਸਥਾਵਾਂ ਅਤੇ ਮਰਿਆਦਾ ਨਾਲ ਸਮਝੌਤਾ ਕਿਉਂ?

1999 ਦੇ ਲੇਖ ਵਿੱਚ ਗੁਰਦੁਆਰਾ ਪ੍ਰਬੰਧ ਨਾਲ ਸਬੰਧਤ ਕਨੂੰਨੀ ਪ੍ਰਬੰਧਾਂ ਦਾ ਵੀ ਜ਼ਿਕਰ ਕੀਤਾ ਗਿਆ ਸੀ। ਲੇਖਕ ਨੇ ਦਾਅਵਾ ਕੀਤਾ ਸੀ ਕਿ ਗੁਰਦੁਆਰਾ ਚੋਣਾਂ ਅਤੇ ਸਿੱਖ ਸੰਸਥਾਵਾਂ ਦੀ ਮੈਂਬਰਸ਼ਿਪ ਨਾਲ ਜੁੜੀਆਂ ਸ਼ਰਤਾਂ ਵਿੱਚ ਸ਼ਰਾਬ ਤੋਂ ਦੂਰ ਰਹਿਣ ਦੀ ਸ਼ਰਤ ਨੂੰ ਸਮੇਂ ਦੇ ਨਾਲ ਕਮਜ਼ੋਰ ਕਰ ਦਿੱਤਾ ਗਿਆ।

ਪਰ ਇਸ ਪ੍ਰਸੰਗ ਵਿੱਚ ਉੱਠਣ ਵਾਲਾ ਬੁਨਿਆਦੀ ਸਵਾਲ ਬਹੁਤ ਅਹਿਮ ਹੈ: ਕੀ ਸਾਡੀਆਂ ਧਾਰਮਿਕ ਸੰਸਥਾਵਾਂ ਵਿੱਚ ਸਿੱਖੀ ਦੇ ਸਿਧਾਂਤਾਂ ਅਤੇ ਨੈਤਿਕ ਕਦਰਾਂ-ਕੀਮਤਾਂ ਨੂੰ ਉਚਿਤ ਮਹੱਤਵ ਦਿੱਤਾ ਜਾ ਰਿਹਾ ਹੈ?

ਲੇਖ ਵਿੱਚ ਇਹ ਵੀ ਕਿਹਾ ਗਿਆ ਸੀ ਕਿ ਸ਼੍ਰੋਮਣੀ ਕਮੇਟੀ ਜਾਂ ਸ਼੍ਰੋਮਣੀ ਅਕਾਲੀ ਦਲ ਨਾਲ ਜੁੜਨ ਵਾਲੇ ਵਿਅਕਤੀਆਂ ਲਈ ਸ਼ਰਾਬ ਤੋਂ ਦੂਰ ਰਹਿਣ ਅਤੇ ਪਰਿਵਾਰਕ ਜੀਵਨ ਵਿੱਚ ਵੀ ਇਸ ਤੋਂ ਬਚਣ ਵਰਗੀਆਂ ਸ਼ਰਤਾਂ ਦੀ ਗੱਲ ਹੁੰਦੀ ਸੀ।

ਜੇ ਸਾਡੇ ਆਗੂ ਅਤੇ ਸੰਸਥਾਵਾਂ ਸਿੱਖੀ ਦੇ ਆਦਰਸ਼ਾਂ ਦੀ ਗੱਲ ਕਰਦੇ ਹਨ, ਤਾਂ ਉਨ੍ਹਾਂ ਨੂੰ ਆਪਣੇ ਜੀਵਨ ਅਤੇ ਕਾਰਜਾਂ ਵਿੱਚ ਵੀ ਇਨ੍ਹਾਂ ਆਦਰਸ਼ਾਂ ਦੀ ਪਾਲਣਾ ਕਰਨੀ ਚਾਹੀਦੀ ਹੈ।

ਸਿਰਫ਼ ਸਿੱਖੀ ਦੀ ਗੱਲ ਕਰਨਾ ਕਾਫ਼ੀ ਨਹੀਂ। ਸਿੱਖੀ ਨੂੰ ਜੀਵਨ ਵਿੱਚ ਧਾਰਨ ਕਰਨਾ ਵੀ ਜ਼ਰੂਰੀ ਹੈ।

4. ਦਸੰਬਰ 1999 ਦਾ ਪ੍ਰਣ ਅਤੇ ਉਸ ਤੋਂ ਬਾਅਦ ਦੀ ਸਥਿਤੀ

ਉਸ ਲੇਖ ਵਿੱਚ ਦਸੰਬਰ 1999 ਦੀ ਇੱਕ ਹੋਰ ਘਟਨਾ ਦਾ ਹਵਾਲਾ ਦਿੱਤਾ ਗਿਆ ਸੀ। ਲੇਖ ਅਨੁਸਾਰ, ਉਸ ਸਮੇਂ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਬੁੱਧੀਜੀਵੀਆਂ ਦੀ ਇੱਕ ਕਮੇਟੀ ਬਣਾਈ ਗਈ ਸੀ, ਜਿਸ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਇਹ ਪ੍ਰਣ ਕੀਤਾ ਸੀ ਕਿ ਉਹ ਨਾ ਤਾਂ ਸ਼ਰਾਬ ਪੀਣਗੇ, ਨਾ ਪਿਲਾਉਣਗੇ ਅਤੇ ਨਾ ਹੀ ਅਜਿਹੇ ਸਮਾਗਮਾਂ ਵਿੱਚ ਸ਼ਾਮਲ ਹੋਣਗੇ, ਜਿੱਥੇ ਸ਼ਰਾਬ ਦੀ ਵਰਤੋਂ ਹੁੰਦੀ ਹੋਵੇ।

ਪਰ ਸਵਾਲ ਇਹ ਹੈ ਕਿ ਅਜਿਹੇ ਪ੍ਰਣਾਂ ਦਾ ਅਮਲ ਕਿੰਨਾ ਕੁ ਹੋਇਆ?

ਸਮੇਂ ਦੇ ਨਾਲ ਪੰਜਾਬ ਵਿੱਚ ਸ਼ਰਾਬ ਦੀ ਵਿਕਰੀ ਅਤੇ ਇਸ ਤੋਂ ਹੋਣ ਵਾਲੀ ਸਰਕਾਰੀ ਆਮਦਨ ਦਾ ਮਹੱਤਵ ਬਣਿਆ ਰਿਹਾ। ਜਦੋਂ ਸਰਕਾਰਾਂ ਦੀ ਆਮਦਨ ਦਾ ਇੱਕ ਹਿੱਸਾ ਸ਼ਰਾਬ ਦੀ ਵਿਕਰੀ ਤੋਂ ਆਉਂਦਾ ਹੋਵੇ, ਤਾਂ ਨਸ਼ਿਆਂ ਦੀ ਰੋਕਥਾਮ ਅਤੇ ਸਰਕਾਰੀ ਮਾਲੀ ਹਿੱਤਾਂ ਵਿਚਕਾਰ ਟਕਰਾਅ ਬਾਰੇ ਸਵਾਲ ਉੱਠਣੇ ਸੁਭਾਵਿਕ ਹਨ।

ਇਸ ਲਈ ਨਸ਼ਿਆਂ ਵਿਰੁੱਧ ਲੜਾਈ ਸਿਰਫ਼ ਨਾਅਰਿਆਂ ਨਾਲ ਨਹੀਂ ਜਿੱਤੀ ਜਾ ਸਕਦੀ। ਇਸ ਲਈ ਸਰਕਾਰੀ ਨੀਤੀਆਂ, ਸਮਾਜਿਕ ਜਾਗਰੂਕਤਾ, ਧਾਰਮਿਕ ਅਗਵਾਈ ਅਤੇ ਪਰਿਵਾਰਕ ਜ਼ਿੰਮੇਵਾਰੀ; ਸਭ ਨੂੰ ਇਕੱਠੇ ਕੰਮ ਕਰਨਾ ਪਵੇਗਾ।

5. ਪੰਜਾਬੀ ਗੀਤਾਂ ਅਤੇ ਸੱਭਿਆਚਾਰ ਨੇ ਨੌਜਵਾਨੀ ਨੂੰ ਕਿਹੜੀ ਦਿਸ਼ਾ ਦਿੱਤੀ?

1984 ਤੋਂ ਬਾਅਦ ਦੇ ਦੌਰ ਦਾ ਜ਼ਿਕਰ ਕਰੀਏ ਤਾਂ ਇਹ ਗੱਲ ਖ਼ਾਸ ਤੌਰ ’ਤੇ ਉਭਰ ਕੇ ਸਾਹਮਣੇ ਆਉਂਦੀ ਹੈ ਕਿ ਇੱਕ ਡੂੰਘੀ ਸਾਜ਼ਿਸ਼ ਤਹਿਤ ਪੰਜਾਬੀ ਨੌਜਵਾਨੀ ਦੇ ਮਨੋਰੰਜਨ ਅਤੇ ਸੱਭਿਆਚਾਰ ਦੀ ਦਿਸ਼ਾ ਨਸ਼ਿਆਂ ਵੱਲ ਮੋੜ ਦਿੱਤੀ ਗਈ।
ਪੰਜਾਬੀ ਗੀਤਾਂ ਵਿੱਚ ਸ਼ਰਾਬ, ਨਸ਼ਿਆਂ ਅਤੇ ਨਸ਼ੇ ਨਾਲ ਜੁੜੀ ਜੀਵਨ-ਸ਼ੈਲੀ ਦਾ ਜ਼ਿਕਰ ਵਧਦਾ ਗਿਆ। ਕਈ ਗੀਤਾਂ ਵਿੱਚ ਸ਼ਰਾਬ ਨੂੰ ਮਰਦਾਨਗੀ, ਦਲੇਰੀ, ਮੌਜ-ਮਸਤੀ ਅਤੇ ਸਮਾਜਿਕ ਰੁਤਬੇ ਨਾਲ ਜੋੜ ਕੇ ਪੇਸ਼ ਕੀਤਾ ਗਿਆ। ਇਸ ਦਾ ਨੌਜਵਾਨਾਂ ਦੀ ਸੋਚ ਉੱਤੇ ਕੀ ਪ੍ਰਭਾਵ ਪਿਆ, ਇਸ ਬਾਰੇ ਸਾਨੂੰ ਗੰਭੀਰਤਾ ਨਾਲ ਵਿਚਾਰ ਕਰਨਾ ਚਾਹੀਦਾ ਹੈ।

ਜਿਹੜੇ ਨੌਜਵਾਨ ਆਪਣੀ ਪੱਗ, ਦਾੜ੍ਹੀ ਅਤੇ ਸਿੱਖ ਪਛਾਣ ਉੱਤੇ ਮਾਣ ਕਰਦੇ ਸਨ, ਉਨ੍ਹਾਂ ਵਿੱਚੋਂ ਵੀ ਕੁਝ ਅਜਿਹੀ ਜੀਵਨ-ਸ਼ੈਲੀ ਵੱਲ ਖਿੱਚੇ ਗਏ, ਜਿਸ ਵਿੱਚ ਸ਼ਰਾਬ ਅਤੇ ਨਸ਼ਿਆਂ ਨੂੰ ਆਮ ਗੱਲ ਮੰਨਿਆ ਜਾਣ ਲੱਗਾ।

ਇੱਥੇ ਗੱਲ ਸਿਰਫ਼ ਗੀਤਾਂ ਦੀ ਨਹੀਂ, ਸਗੋਂ ਉਸ ਸਮੁੱਚੇ ਸੱਭਿਆਚਾਰਕ ਮਾਹੌਲ ਦੀ ਹੈ, ਜਿਸ ਵਿੱਚ ਨਸ਼ਿਆਂ ਨੂੰ ਉਤਸ਼ਾਹ, ਮਨੋਰੰਜਨ ਅਤੇ ਆਧੁਨਿਕਤਾ ਦੇ ਪ੍ਰਤੀਕ ਵਜੋਂ ਪੇਸ਼ ਕੀਤਾ ਜਾਂਦਾ ਹੈ।

ਜਦੋਂ ਵਿਆਹਾਂ ਵਿੱਚ ਗਾਇਕ ਬੁਲਾਉਣਾ, ਵੱਡੀਆਂ ਪਾਰਟੀਆਂ ਕਰਨਾ ਅਤੇ ਸ਼ਰਾਬ ਵਰਤਾਉਣਾ ਸਮਾਜਿਕ ਰਿਵਾਜ ਬਣ ਜਾਵੇ, ਤਾਂ ਸਾਨੂੰ ਸੋਚਣਾ ਪਵੇਗਾ ਕਿ ਅਸੀਂ ਆਪਣੀਆਂ ਅਗਲੀਆਂ ਪੀੜ੍ਹੀਆਂ ਨੂੰ ਕਿਹੋ ਜਿਹੇ ਸੰਸਕਾਰ ਦੇ ਰਹੇ ਹਾਂ।

6. ਇੰਗਲੈਂਡ ਵਿੱਚ ਵੀ ਬਦਲ ਗਿਆ ਵਿਆਹਾਂ ਦਾ ਸਰੂਪ

ਇੰਗਲੈਂਡ ਵਿੱਚ ਵੱਸਦੇ ਪੰਜਾਬੀਆਂ ਦੇ ਵਿਆਹਾਂ ਦਾ ਜ਼ਿਕਰ ਕਰਦਿਆਂ ਇਹ ਕੁਝ ਵੇਖਣ ਵਿੱਚ ਆਉਂਦਾ ਹੈ ਕਿ ਪਹਿਲਾਂ ਵਿਆਹ ਸਾਦੇ ਢੰਗ ਨਾਲ ਹੁੰਦੇ ਸਨ। ਕੁਝ ਲੋਕ ਇਕੱਠੇ ਹੁੰਦੇ, ਆਪਸੀ ਮਿਲਣ-ਵਰਤਣ ਹੁੰਦਾ ਅਤੇ ਸਾਦਗੀ ਨਾਲ ਖ਼ੁਸ਼ੀ ਸਾਂਝੀ ਕੀਤੀ ਜਾਂਦੀ ਸੀ।

ਪਰ ਸਮੇਂ ਦੇ ਨਾਲ ਵਿਆਹਾਂ ਦਾ ਆਕਾਰ ਵਧਦਾ ਗਿਆ। ਛੋਟੀਆਂ ਪਾਰਟੀਆਂ ਵੱਡੇ ਸਮਾਗਮਾਂ ਵਿੱਚ ਬਦਲ ਗਈਆਂ। ਵੱਡੇ ਹਾਲ, ਮਹਿੰਗੇ ਪ੍ਰਬੰਧ, ਸੰਗੀਤ ਅਤੇ ਸ਼ਰਾਬ ਦੀਆਂ ਪਾਰਟੀਆਂ ਨੂੰ ਵਧੇਰੇ ਮਹੱਤਵ ਮਿਲਣ ਲੱਗਾ।

ਅੱਜ ਪੰਜਾਬ ਅਤੇ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਦੇ ਕਈ ਸਮਾਗਮਾਂ ਵਿੱਚ ਦਿਖਾਵੇ ਅਤੇ ਖ਼ਰਚੇ ਦੀ ਦੌੜ ਸਾਫ਼ ਨਜ਼ਰ ਆਉਂਦੀ ਹੈ।

ਸਵਾਲ ਇਹ ਹੈ ਕਿ ਕੀ ਇਹੀ ਸਾਡਾ ਸੱਭਿਆਚਾਰ ਹੈ? ਕੀ ਸਾਡੇ ਵਿਆਹਾਂ ਦੀ ਪਛਾਣ ਸ਼ਰਾਬ, ਮਹਿੰਗੇ ਹਾਲਾਂ ਅਤੇ ਦਿਖਾਵੇ ਨਾਲ ਹੋਣੀ ਚਾਹੀਦੀ ਹੈ?
 ਸਾਡੇ ਸੱਭਿਆਚਾਰ ਦੀ ਅਸਲ ਪਛਾਣ ਸਾਦਗੀ, ਸੇਵਾ, ਸਾਂਝ, ਸਤਿਕਾਰ ਅਤੇ ਗੁਰੂ ਸਾਹਿਬਾਨ ਦੀ ਸਿੱਖਿਆ ਨਾਲ ਹੋਣੀ ਚਾਹੀਦੀ ਹੈ।

7. ਅਨੰਦ ਕਾਰਜ ਨੂੰ ਧਾਰਮਿਕ ਮਹੱਤਵ ਦੇਈਏ

ਮੈਂ ਪਿਛਲੇ 25 ਸਾਲਾਂ ਤੋਂ ਇਹ ਗੱਲ ਉਠਾਉਂਦਾ ਆ ਰਿਹਾ ਹਾਂ ਕਿ ਅਨੰਦ ਕਾਰਜ ਵਾਲੇ ਦਿਨ ਨੂੰ ‘ਧਾਰਮਿਕ ਦਿਨ’ ਵਜੋਂ ਮਨਾਇਆ ਜਾਣਾ ਚਾਹੀਦਾ ਹੈ।

ਅਨੰਦ ਕਾਰਜ ਸਿਰਫ਼ ਵਿਆਹ ਦੀ ਰਸਮ ਨਹੀਂ, ਸਗੋਂ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਗ੍ਰਹਿਸਥ ਜੀਵਨ ਨੂੰ ਗੁਰਮਤਿ ਅਨੁਸਾਰ ਬਤੀਤ ਕਰਨ ਦਾ ਸੰਕਲਪ ਹੈ।

ਪਰ ਅੱਜ ਕਈ ਵਾਰ ਅਜਿਹਾ ਲੱਗਦਾ ਹੈ ਕਿ ਵਿਆਹ ਦੀਆਂ ਹੋਰ ਰਸਮਾਂ, ਪਾਰਟੀਆਂ ਅਤੇ ਦਿਖਾਵੇ ਨੂੰ ਵਧੇਰੇ ਮਹੱਤਵ ਦਿੱਤਾ ਜਾਂਦਾ ਹੈ, ਜਦਕਿ ਅਨੰਦ ਕਾਰਜ ਦੇ ਅਸਲ ਅਰਥਾਂ ਵੱਲ ਘੱਟ ਧਿਆਨ ਦਿੱਤਾ ਜਾਂਦਾ ਹੈ।

ਮੇਰੀ ਬੇਨਤੀ ਹੈ ਕਿ ਅਨੰਦ ਕਾਰਜ ਵਾਲੇ ਦਿਨ ਨੂੰ ਧਾਰਮਿਕ ਮਰਿਆਦਾ ਅਨੁਸਾਰ ਮਨਾਇਆ ਜਾਵੇ। ਅਨੰਦ ਕਾਰਜ ਹੋਵੇ, ਨਾਨਕਿਆਂ ਵੱਲੋਂ ਮਿਲਣ-ਵਰਤਣ ਦੀਆਂ ਰਸਮਾਂ ਹੋਣ ਅਤੇ ਗੁਰਦੁਆਰਾ ਸਾਹਿਬ ਵਿੱਚ ਗੁਰੂ ਕਾ ਲੰਗਰ ਛਕਿਆ ਜਾਵੇ। ਜੇ ਕਿਸੇ ਪਰਿਵਾਰ ਨੇ ਇਸ ਤੋਂ ਬਾਅਦ ਕੋਈ ਨਿੱਜੀ ਸਮਾਗਮ ਕਰਨਾ ਹੈ, ਤਾਂ ਉਹ ਆਪਣੀ ਮਰਜ਼ੀ ਨਾਲ ਕਰ ਸਕਦਾ ਹੈ। ਪਰ ਸ਼ਰਾਬ ਨੂੰ ਵਿਆਹ ਦਾ ਲਾਜ਼ਮੀ ਹਿੱਸਾ ਬਣਾਉਣਾ ਠੀਕ ਨਹੀਂ।

ਮੈਂ ਇਹ ਗੱਲ ਕਈ ਵਾਰ ਲੇਖਾਂ ਰਾਹੀਂ ਅਤੇ ਨਿੱਜੀ ਵਿਚਾਰ-ਵਟਾਂਦਰੇ ਦੌਰਾਨ ਵੀ ਰੱਖੀ ਹੈ। ਪਰ ਇੱਕ ਵਿਅਕਤੀ ਦੇ ਕਹਿਣ ਨਾਲ ਸਮਾਜ ਨਹੀਂ ਬਦਲਦਾ। ਇਸ ਲਈ ਸਾਨੂੰ ਸਾਰਿਆਂ ਨੂੰ ਮਿਲ ਕੇ ਸੋਚਣਾ ਪਵੇਗਾ ਕਿ ਅਸੀਂ ਆਪਣੇ ਵਿਆਹਾਂ ਵਿੱਚ ਸ਼ਰਾਬ ਦੀ ਵਰਤੋਂ ਤੋਂ ਬਿਨਾਂ ਵੀ ਖ਼ੁਸ਼ੀਆਂ ਕਿਉਂ ਨਹੀਂ ਮਨਾ ਸਕਦੇ? ਇਹ ਕਿਸੇ ਇੱਕ ਵਿਅਕਤੀ ਦਾ ਨਹੀਂ, ਪੂਰੇ ਸਮਾਜ ਦਾ ਮਸਲਾ ਹੈ।

8. ਸਰਕਾਰਾਂ ਦੀ ਜ਼ਿੰਮੇਵਾਰੀ ਅਤੇ ਸਮਾਜ ਦੀ ਭੂਮਿਕਾ

ਪੰਜਾਬ ਵਿੱਚ ਸ਼ਰਾਬ ਤੋਂ ਇਲਾਵਾ ਹੋਰ ਨਸ਼ਿਆਂ ਦਾ ਫੈਲਾਅ ਵੀ ਗੰਭੀਰ ਚਿੰਤਾ ਦਾ ਵਿਸ਼ਾ ਹੈ। ਨਸ਼ਿਆਂ ਕਾਰਨ ਕਈ ਪਰਿਵਾਰ ਉਜੜੇ ਹਨ ਅਤੇ ਬਹੁਤ ਸਾਰੇ ਨੌਜਵਾਨ ਆਪਣੀ ਜ਼ਿੰਦਗੀ ਗੁਆ ਚੁੱਕੇ ਹਨ।

ਇਸ ਸਮੱਸਿਆ ਲਈ ਸਰਕਾਰਾਂ ਦੀਆਂ ਨੀਤੀਆਂ, ਨਸ਼ਿਆਂ ਦੀ ਤਸਕਰੀ, ਨਸ਼ਿਆਂ ਦੀ ਉਪਲਬਧਤਾ, ਇਲਾਜ ਦੀਆਂ ਸਹੂਲਤਾਂ ਅਤੇ ਸਮਾਜਿਕ ਹਾਲਾਤ ਵਰਗੇ ਕਈ ਕਾਰਕ ਜ਼ਿੰਮੇਵਾਰ ਹੋ ਸਕਦੇ ਹਨ।

ਇਸ ਮਸਲੇ ਨੂੰ ਸਿਰਫ਼ ਇੱਕ ਕਾਰਨ ਨਾਲ ਜੋੜ ਕੇ ਨਹੀਂ ਦੇਖਿਆ ਜਾ ਸਕਦਾ। ਪਰ ਇਹ ਗੱਲ ਸਪੱਸ਼ਟ ਹੈ ਕਿ ਸਰਕਾਰਾਂ ਨੂੰ ਨਸ਼ਿਆਂ ਦੀ ਰੋਕਥਾਮ ਲਈ ਠੋਸ ਕਦਮ ਚੁੱਕਣੇ ਚਾਹੀਦੇ ਹਨ।

ਨਾਲ ਹੀ, ਸਮਾਜ ਨੂੰ ਵੀ ਆਪਣੀ ਜ਼ਿੰਮੇਵਾਰੀ ਸਮਝਣੀ ਪਵੇਗੀ। ਸਿਰਫ਼ ਸਰਕਾਰਾਂ ਵੱਲ ਦੇਖਦੇ ਰਹਿਣ ਨਾਲ ਸਾਡੇ ਘਰਾਂ ਦੀਆਂ ਸਮੱਸਿਆਵਾਂ ਹੱਲ ਨਹੀਂ ਹੋਣਗੀਆਂ।

ਅੱਜ ਨਸ਼ਿਆਂ ਦੀ ਮਾਰ ਹਿੰਦੂਆਂ, ਸਿੱਖਾਂ ਅਤੇ ਪੰਜਾਬ ਦੇ ਹਰ ਵਰਗ ਦੇ ਪਰਿਵਾਰਾਂ ਤਕ ਪਹੁੰਚੀ ਹੈ। ਇਸ ਲਈ ਇਹ ਪੂਰੇ ਪੰਜਾਬ ਦਾ ਮਸਲਾ ਹੈ ਅਤੇ ਇਸ ਦਾ ਹੱਲ ਵੀ ਸਾਂਝੇ ਯਤਨਾਂ ਨਾਲ ਹੀ ਸੰਭਵ ਹੈ।

9. ਪੈਸਾ ਕਮਾਉਣਾ ਹੀ ਜ਼ਿੰਦਗੀ ਦਾ ਮਕਸਦ ਨਹੀ

ਅੱਜ ਸਾਡੇ ਸਮਾਜ ਵਿੱਚ ਪੈਸਾ ਕਮਾਉਣ ਦੀ ਦੌੜ ਇੰਨੀ ਤੇਜ਼ ਹੋ ਗਈ ਹੈ ਕਿ ਕਈ ਵਾਰ ਅਸੀਂ ਇਹ ਸੋਚਣਾ ਹੀ ਛੱਡ ਦਿੰਦੇ ਹਾਂ ਕਿ ਅਸੀਂ ਕਿਹੜੇ ਰਾਹ ’ਤੇ ਚੱਲ ਕੇ ਪੈਸਾ ਕਮਾ ਰਹੇ ਹਾਂ ਅਤੇ ਉਸ ਦਾ ਸਾਡੇ ਪਰਿਵਾਰ ਤੇ ਸਮਾਜ ਉੱਤੇ ਕੀ ਅਸਰ ਪੈ ਰਿਹਾ ਹੈ।

ਬੱਚਿਆਂ ਨੂੰ ਅਕਸਰ ਇਹ ਪੁੱਛਿਆ ਜਾਂਦਾ ਹੈ ਕਿ ਉਹ ਕਿਹੜਾ ਕੋਰਸ ਕਰਨਗੇ, ਕਿਹੜੀ ਨੌਕਰੀ ਲੈਣਗੇ ਅਤੇ ਕਿੰਨਾ ਪੈਸਾ ਕਮਾਉਣਗੇ। ਪਰ ਇਹ ਸਵਾਲ ਘੱਟ ਪੁੱਛਿਆ ਜਾਂਦਾ ਹੈ ਕਿ ਉਹ ਕਿਹੋ ਜਿਹੇ ਇਨਸਾਨ ਬਣਨਗੇ, ਉਨ੍ਹਾਂ ਦੇ ਜੀਵਨ ਦੇ ਸਿਧਾਂਤ ਕੀ ਹੋਣਗੇ ਅਤੇ ਉਹ ਸਮਾਜ ਲਈ ਕੀ ਯੋਗਦਾਨ ਪਾਉਣਗੇ।

ਨਸ਼ਿਆਂ ਦੇ ਮਾਮਲੇ ਵਿੱਚ ਇਹ ਵਿਰੋਧਾਭਾਸ ਹੋਰ ਵੀ ਗੰਭੀਰ ਹੋ ਜਾਂਦਾ ਹੈ। ਕਈ ਪਰਿਵਾਰ ਆਪਣੇ ਬੱਚਿਆਂ ਨੂੰ ਨਸ਼ਿਆਂ ਕਾਰਨ ਗੁਆ ਚੁੱਕੇ ਹਨ, ਪਰ ਦੂਜੇ ਪਾਸੇ ਨਸ਼ਿਆਂ ਨੂੰ ਉਤਸ਼ਾਹਿਤ ਕਰਨ ਵਾਲੇ ਕਾਰੋਬਾਰ ਅਤੇ ਸੱਭਿਆਚਾਰ ਵੀ ਮੌਜੂਦ ਹਨ।

ਪੈਸਾ ਕਮਾਉਣਾ ਗ਼ਲਤ ਨਹੀਂ, ਪਰ ਜੇ ਪੈਸੇ ਦੀ ਖ਼ਾਤਰ ਅਸੀਂ ਆਪਣੀਆਂ ਨੈਤਿਕ ਕਦਰਾਂ-ਕੀਮਤਾਂ ਅਤੇ ਸਮਾਜ ਦੇ ਭਵਿੱਖ ਨੂੰ ਹੀ ਨਜ਼ਰਅੰਦਾਜ਼ ਕਰ ਦੇਈਏ, ਤਾਂ ਇਹ ਗੰਭੀਰ ਚਿੰਤਾ ਦਾ ਵਿਸ਼ਾ ਹੈ।

10. ਪੰਥਕ ਏਕਤਾ ਦੀ ਥਾਂ ਧੜੇਬੰਦੀ ਨੇ ਲੈ ਲਈ

ਅੱਜ ਸਿੱਖ ਪੰਥ ਦੀ ਇੱਕ ਵੱਡੀ ਸਮੱਸਿਆ ਧੜੇਬੰਦੀ ਵੀ ਹੈ। ਵੱਖ-ਵੱਖ ਜਥੇਬੰਦੀਆਂ ਅਤੇ ਧੜਿਆਂ ਵਿੱਚ ਆਪਸੀ ਮਤਭੇਦ ਇੰਨੇ ਵਧ ਗਏ ਹਨ ਕਿ ਕਈ ਵਾਰ ਸਾਂਝੇ ਮਸਲਿਆਂ ਨਾਲੋਂ ਨਿੱਜੀ ਅਤੇ ਜਥੇਬੰਦਕ ਹਿੱਤ ਵਧੇਰੇ ਮਹੱਤਵਪੂਰਨ ਹੋ ਜਾਂਦੇ ਹਨ।

ਅੱਜ ਕਿਸੇ ਨੂੰ ਵੱਡਾ ਬੁਲਾਰਾ ਸਮਝਣ ਦਾ ਮਾਪਦੰਡ ਵੀ ਕਈ ਵਾਰ ਇਹ ਬਣ ਗਿਆ ਹੈ ਕਿ ਉਹ ਦੂਜਿਆਂ ਦੀਆਂ ਕਿੰਨੀਆਂ ਕਮੀਆਂ ਕੱਢ ਸਕਦਾ ਹੈ ਅਤੇ ਆਪਣੀ ਜਥੇਬੰਦੀ ਦੀ ਕਿੰਨੀ ਵਡਿਆਈ ਕਰ ਸਕਦਾ ਹੈ। ਪਰ ਕੀ ਇਹੀ ਪੰਥਕ ਸੇਵਾ ਹੈ?

ਕੀ ਦੂਜਿਆਂ ਦੀ ਨਿੰਦਾ ਕਰਨਾ, ਆਪਣੀਆਂ ਸਿਫ਼ਤਾਂ ਕਰਨਾ ਅਤੇ ਹਰ ਮਸਲੇ ਨੂੰ ਧੜੇਬੰਦੀ ਦੀ ਐਨਕ ਨਾਲ ਦੇਖਣਾ ਸਿੱਖੀ ਦੇ ਸਿਧਾਂਤਾਂ ਅਨੁਸਾਰ ਹੈ?

ਸਾਨੂੰ ਆਪਣੇ ਗੁਰੂ ਸਾਹਿਬਾਨ ਦੀ ਸਿੱਖਿਆ ਵੱਲ ਮੁੜਨਾ ਪਵੇਗਾ। ਗੁਰੂ ਦੀ ਗੱਲ ਮੰਨਣ, ਗੁਰਮਤਿ ਅਨੁਸਾਰ ਜੀਵਨ ਜਿਊਣ ਅਤੇ ਪੰਥਕ ਹਿੱਤਾਂ ਨੂੰ ਨਿੱਜੀ ਹਿੱਤਾਂ ਤੋਂ ਉੱਪਰ ਰੱਖਣ ਤੋਂ ਬਿਨਾਂ ਸਾਡਾ ਕੋਈ ਛੁਟਕਾਰਾ ਨਹੀਂ।

ਤੁਹਾਡੇ ਸਾਹਮਣੇ ਹੈ ਪਰਮਿੰਦਰ ਸਿੰਘ ਝੋਟਾ; ਇੱਕ ਅਜਿਹਾ ਨੌਜਵਾਨ, ਜਿਸ ਨੇ ਆਪਣੇ ਦਮ ’ਤੇ ਨਸ਼ਿਆਂ ਵਿਰੁੱਧ ਮੁਹਿੰਮ ਸ਼ੁਰੂ ਕੀਤੀ। ਉਸ ਦਾ ਮਕਸਦ ਸਾਫ਼ ਸੀ ਕਿ ਆਪਣੇ ਪੰਜਾਬ ਨੂੰ ਨਸ਼ਿਆਂ ਤੋਂ ਬਚਾਉਣਾ ਅਤੇ ਨੌਜਵਾਨਾਂ ਦੀਆਂ ਜ਼ਿੰਦਗੀਆਂ ਤਬਾਹ ਹੋਣ ਤੋਂ ਰੋਕਣਾ। ਉਸ ਨੇ ਨਸ਼ਾ ਮਾਫ਼ੀਏ ਦਾ ਵਿਰੋਧ ਕਰਦਿਆਂ ਆਪਣੇ ਮਕਸਦ ਲਈ ਸ਼ਹਾਦਤ ਦਿੱਤੀ।

ਬੇਸ਼ੱਕ ਉਹ ਇਕੱਲਾ ਹੀ ਇਸ ਸੰਘਰਸ਼ ਵਿੱਚ ਡਟਿਆ ਹੋਇਆ ਸੀ, ਪਰ ਉਸ ਨੇ ਜੋ ਕਰ ਵਿਖਾਇਆ, ਉਹ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਮਿਸਾਲ ਬਣ ਗਿਆ। ਉਸ ਦੀ ਸ਼ਹਾਦਤ ਸਾਨੂੰ ਇਹ ਸੁਨੇਹਾ ਦਿੰਦੀ ਹੈ ਕਿ ਆਪਣੇ ਬੱਚਿਆਂ ਅਤੇ ਪੰਜਾਬ ਦੇ ਭਵਿੱਖ ਨੂੰ ਬਚਾਉਣ ਲਈ ਸਿਰਫ਼ ਸਰਕਾਰਾਂ ਦੇ ਭਰੋਸੇ ਬੈਠਣਾ ਕਾਫ਼ੀ ਨਹੀਂ

ਸਰਕਾਰਾਂ ਦੇ ਵਾਅਦਿਆਂ ਨਾਲ ਨਹੀਂ, ਸਗੋਂ ਲੋਕਾਂ ਦੀ ਜਾਗਰੂਕਤਾ, ਹਿੰਮਤ ਅਤੇ ਇਕਜੁੱਟ ਸੰਘਰਸ਼ ਨਾਲ ਹੀ ਪੰਜਾਬ ਨੂੰ ਨਸ਼ਿਆਂ ਤੋਂ ਬਚਾਇਆ ਜਾ ਸਕਦਾ ਹੈ।

ਹੁਣ ਫ਼ੈਸਲਾ ਸਾਡੇ ਹੱਥ ਹੈ ਕਿ ਚੁੱਪ ਰਹਿ ਕੇ ਆਪਣੇ ਬੱਚਿਆਂ ਨੂੰ ਨਸ਼ਿਆਂ ਦੀ ਭੇਟ ਚੜ੍ਹਦੇ ਵੇਖਣਾ ਹੈ ਜਾਂ ਭਾਈ ਪਰਵਿੰਦਰ ਸਿੰਘ ਝੋਟੇ ਵਾਂਗ ਨਸ਼ਿਆਂ ਵਿਰੁੱਧ ਡਟ ਕੇ ਖੜ੍ਹਨਾ ਹੈ।

ਅੱਜ ਦੂਜਿਆਂ ਦੀਆਂ ਕਮੀਆਂ ਗਿਣਨ ਵਾਲੇ ਬੁਲਾਰਿਆਂ ਨਾਲੋਂ ਵੱਧ ਭਾਈ ਪਰਮਿੰਦਰ ਸਿੰਘ ਝੋਟੇ ਵਰਗਿਆਂ ਦੀ ਲੋੜ ਹੈ, ਜਿਸ ਨੇ ਆਪਣੇ ਨਫ਼ੇ-ਨੁਕਸਾਨ ਨਾਲ਼ੋਂ ਰੋਜ਼ ਨਸ਼ਿਆਂ ਨਾਲ਼ ਮਰਦੇ ਨੌਜਵਾਨਾਂ ਲਈ ਸੰਘਰਸ਼ ਕਰਦਿਆਂ ਸ਼ਹਾਦਤ ਦਿੱਤੀ।

11. ਨਸ਼ਿਆਂ ਤੋਂ ਦੂਰ ਹੋ ਕੇ ਜੀਵਨ ਬਦਲਣ ਵਾਲੇ ਨੌਜਵਾਨ ਵੀ ਸਾਡੇ ਸਾਹਮਣੇ ਹਨ

ਇਸ ਹਨੇਰੇ ਵਿੱਚ ਉਮੀਦ ਦੀਆਂ ਕਿਰਨਾਂ ਵੀ ਮੌਜੂਦ ਹਨ। ਅਜਿਹੇ ਨੌਜਵਾਨ ਵੀ ਹਨ, ਜਿਨ੍ਹਾਂ ਨੂੰ ਚੰਗਾ ਸਾਥ ਮਿਿਲਆ, ਜਿਨ੍ਹਾਂ ਨੇ ਨਸ਼ਿਆਂ ਤੋਂ ਦੂਰੀ ਬਣਾਈ ਅਤੇ ਗੁਰੂ ਦੇ ਲੜ ਲੱਗ ਕੇ ਆਪਣਾ ਜੀਵਨ ਬਦਲ ਲਿਆ।

ਮੈਂ ਆਪਣੇ ਤਜਰਬੇ ਵਿੱਚੋਂ ਅਜਿਹੇ ਨੌਜਵਾਨਾਂ ਦੀਆਂ ਮਿਸਾਲਾਂ ਦਿੰਦਾ ਹਾਂ, ਜਿਨ੍ਹਾਂ ਨੇ ਅੰਮ੍ਰਿਤ ਛਕਿਆ, ਗੁਰੂ ਸਾਹਿਬਾਨ ਦੀ ਸਿੱਖਿਆ ਅਨੁਸਾਰ ਜੀਵਨ ਜਿਊਣ ਦਾ ਯਤਨ ਕੀਤਾ ਅਤੇ ਆਪਣੀ ਮਿਹਨਤ ਨਾਲ ਚੰਗੇ ਰੁਜ਼ਗਾਰ ਤੇ ਉੱਚੇ ਮੁਕਾਮ ਹਾਸਲ ਕੀਤੇ। ਉਨ੍ਹਾਂ ਵਿੱਚ ਡਾਕਟਰਾਂ ਅਤੇ ਹੋਰ ਪੜ੍ਹੇ-ਲਿਖੇ ਪੇਸ਼ੇਵਰਾਂ ਦੀਆਂ ਮਿਸਾਲਾਂ ਵੀ ਸ਼ਾਮਲ ਸਨ।

ਇਨ੍ਹਾਂ ਮਿਸਾਲਾਂ ਤੋਂ ਸਿੱਖਣ ਵਾਲੀ ਗੱਲ ਇਹ ਹੈ ਕਿ ਨੌਜਵਾਨਾਂ ਨੂੰ ਸਹੀ ਸੰਗਤ, ਸਹੀ ਦਿਸ਼ਾ ਅਤੇ ਜੀਵਨ ਦੇ ਚੰਗੇ ਆਦਰਸ਼ ਮਿਲਣ ਤਾਂ ਉਹ ਆਪਣੀ ਜ਼ਿੰਦਗੀ ਨੂੰ ਨਵੀਂ ਦਿਸ਼ਾ ਦੇ ਸਕਦੇ ਹਨ।

ਇਸ ਲਈ ਸਾਨੂੰ ਨੌਜਵਾਨਾਂ ਨੂੰ ਸਿਰਫ਼ ਨਸ਼ਿਆਂ ਦੇ ਨੁਕਸਾਨ ਗਿਣਾ ਕੇ ਨਹੀਂ, ਸਗੋਂ ਉਨ੍ਹਾਂ ਦੇ ਸਾਹਮਣੇ ਇੱਕ ਚੰਗੇ ਜੀਵਨ ਦੀਆਂ ਸੰਭਾਵਨਾਵਾਂ ਵੀ ਰੱਖਣੀਆਂ ਚਾਹੀਦੀਆਂ ਹਨ।

12. ਗੁਰਦੁਆਰਾ ਕਮੇਟੀਆਂ ਆਪਣੀ ਜ਼ਿੰਮੇਵਾਰੀ ਪਛਾਣਨ

ਸਾਡੇ ਗੁਰਦੁਆਰਾ ਸਾਹਿਬਾਨ ਅਤੇ ਪ੍ਰਬੰਧਕ ਕਮੇਟੀਆਂ ਇਸ ਮਸਲੇ ਵਿੱਚ ਬਹੁਤ ਵੱਡੀ ਭੂਮਿਕਾ ਨਿਭਾ ਸਕਦੀਆਂ ਹਨ।

ਗੁਰਦੁਆਰਾ ਸਾਹਿਬ ਸਿਰਫ਼ ਮੱਥਾ ਟੇਕਣ ਦੀ ਥਾਂ ਨਹੀਂ, ਸਗੋਂ ਸਿੱਖਿਆ, ਸੰਗਤ, ਸੇਵਾ ਅਤੇ ਜੀਵਨ ਨੂੰ ਸਹੀ ਦਿਸ਼ਾ ਦੇਣ ਦੇ ਕੇਂਦਰ ਵੀ ਹਨ।

ਗੁਰਦੁਆਰਾ ਕਮੇਟੀਆਂ ਨੂੰ ਚਾਹੀਦਾ ਹੈ ਕਿ ਉਹ ਨੌਜਵਾਨਾਂ ਅਤੇ ਪਰਿਵਾਰਾਂ ਲਈ ਨਸ਼ਿਆਂ ਵਿਰੁੱਧ ਜਾਗਰੂਕਤਾ ਦੇ ਪ੍ਰੋਗਰਾਮ ਕਰਵਾਉਣ। ਸਿੱਖੀ ਦੇ ਸਿਧਾਂਤਾਂ, ਅਨੰਦ ਕਾਰਜ ਦੀ ਮਹੱਤਤਾ ਅਤੇ ਨਸ਼ਿਆਂ ਦੇ ਸਰੀਰਕ, ਮਾਨਸਿਕ ਤੇ ਸਮਾਜਿਕ ਨੁਕਸਾਨਾਂ ਬਾਰੇ ਵਿਚਾਰ-ਚਰਚਾ ਕਰਵਾਈ ਜਾਵੇ।

ਸੈਮੀਨਾਰ ਕਰਵਾਏ ਜਾਣ, ਨੌਜਵਾਨਾਂ ਨਾਲ ਸੰਵਾਦ ਰਚਾਇਆ ਜਾਵੇ ਅਤੇ ਪਰਿਵਾਰਾਂ ਨੂੰ ਇਸ ਮੁਹਿੰਮ ਦਾ ਹਿੱਸਾ ਬਣਾਇਆ ਜਾਵੇ।

ਜੇ ਗੁਰਦੁਆਰਾ ਕਮੇਟੀਆਂ ਆਪ ਪਹਿਲ ਕਰ ਲੈਣ ਤਾਂ ਇਸ ਦਾ ਸਮਾਜ ਉੱਤੇ ਚੰਗਾ ਪ੍ਰਭਾਵ ਪੈ ਸਕਦਾ ਹੈ।

ਪਰ ਇਸ ਲਈ ਸਿਰਫ਼ ਮੰਚ ਤੋਂ ਭਾਸ਼ਣ ਦੇਣਾ ਕਾਫ਼ੀ ਨਹੀਂ। ਸਾਨੂੰ ਆਪਣੇ ਸਮਾਗਮਾਂ, ਆਪਣੇ ਫ਼ੈਸਲਿਆਂ ਅਤੇ ਆਪਣੇ ਜੀਵਨ ਵਿੱਚ ਵੀ ਉਹੀ ਆਦਰਸ਼ ਅਪਣਾਉਣੇ ਪੈਣਗੇ, ਜਿਨ੍ਹਾਂ ਦੀ ਅਸੀਂ ਸੰਗਤ ਨੂੰ ਸਿੱਖਿਆ ਦਿੰਦੇ ਹਾਂ।

13. ਅਨੰਦ ਕਾਰਜ ਤੋਂ ਪਹਿਲਾਂ ਬੱਚਿਆਂ ਨੂੰ ਗੁਰਮਤਿ ਦੀ ਸਿੱਖਿਆ ਕੌਣ ਦੇਵੇਗਾ?

ਅੱਜ ਇੱਕ ਹੋਰ ਗੰਭੀਰ ਸਮੱਸਿਆ ਇਹ ਹੈ ਕਿ ਕਈ ਮੁੰਡੇ-ਕੁੜੀਆਂ ਵਿਆਹ ਵਾਲੇ ਦਿਨ ਹੀ ਅਨੰਦ ਕਾਰਜ ਲਈ ਗੁਰਦੁਆਰਾ ਸਾਹਿਬ ਪਹੁੰਚਦੇ ਹਨ, ਪਰ ਉਨ੍ਹਾਂ ਨੂੰ ਪਹਿਲਾਂ ਇਹ ਸਮਝਾਉਣ ਦਾ ਯਤਨ ਨਹੀਂ ਕੀਤਾ ਜਾਂਦਾ ਕਿ ਅਨੰਦ ਕਾਰਜ ਕੀ ਹੈ ਅਤੇ ਲਾਵਾਂ ਦਾ ਅਸਲ ਮਹੱਤਵ ਕੀ ਹੈ।

ਜੇ ਮਾਪੇ 24–-25 ਸਾਲ ਤੱਕ ਆਪਣੇ ਬੱਚਿਆਂ ਨੂੰ ਅਨੰਦ ਕਾਰਜ ਦੀ ਮਹੱਤਤਾ ਨਹੀਂ ਸਮਝਾਉਂਦੇ, ਤਾਂ ਵਿਆਹ ਵਾਲੇ ਦਿਨ ਗ੍ਰੰਥੀ ਸਿੰਘ ਵੱਲੋਂ ਕੁਝ ਮਿੰਟਾਂ ਵਿੱਚ ਦਿੱਤੀ ਜਾਣ ਵਾਲੀ ਜਾਣਕਾਰੀ ਕਿੰਨਾ ਕੁ ਪ੍ਰਭਾਵ ਪਾ ਸਕੇਗੀ?

ਗ੍ਰੰਥੀ ਸਿੰਘ ਆਪਣੀ ਸਮਰੱਥਾ ਅਨੁਸਾਰ ਸਮਝਾਉਣ ਦਾ ਯਤਨ ਕਰਦੇ ਹਨ, ਪਰ ਬੱਚਿਆਂ ਦੀ ਧਾਰਮਿਕ ਸਿੱਖਿਆ ਦੀ ਜ਼ਿੰਮੇਵਾਰੀ ਸਿਰਫ਼ ਉਨ੍ਹਾਂ ਦੀ ਨਹੀਂ, ਮਾਪਿਆਂ ਅਤੇ ਪਰਿਵਾਰਾਂ ਦੀ ਵੀ ਬਰਾਬਰ ਦੀ ਜ਼ਿੰਮੇਵਾਰੀ ਹੈ।

ਚਾਰ ਲਾਵਾਂ ਸਿਰਫ਼ ਗੁਰੂ ਗ੍ਰੰਥ ਸਾਹਿਬ ਜੀ ਦੇ ਦੁਆਲੇ ਪਰਿਕਰਮਾ ਕਰਨ ਦੀ ਰਸਮ ਨਹੀਂ ਹਨ। ਇਹ ਗੁਰਮਤਿ ਅਨੁਸਾਰ ਆਤਮਿਕ ਅਤੇ ਗ੍ਰਹਿਸਥ ਜੀਵਨ ਦੀ ਅਹਿਮ ਸਿੱਖਿਆ ਦਿੰਦੀਆਂ ਹਨ। ਅਨੰਦ ਕਾਰਜ ਕਰਨ ਵਾਲੇ ਜੋੜੇ ਨੂੰ ਸਮਝਣਾ ਚਾਹੀਦਾ ਹੈ ਕਿ ਉਹ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਆਪਣਾ ਜੀਵਨ ਸਾਂਝਾ ਕਰਨ ਦਾ ਸੰਕਲਪ ਲੈ ਰਹੇ ਹਨ

ਪਰ ਕਈ ਵਾਰ ਸਮਾਗਮ ਦੀ ਭੀੜ, ਫੋਟੋਗ੍ਰਾਫ਼ੀ, ਤਾੜੀਆਂ ਅਤੇ ਬਾਹਰੀ ਦਿਖਾਵੇ ਵਿੱਚ ਇਸ ਪਵਿੱਤਰ ਰਸਮ ਦਾ ਅਸਲ ਮਕਸਦ ਪਿੱਛੇ ਰਹਿ ਜਾਂਦਾ ਹੈ।

ਇਸ ਲਈ ਬੱਚਿਆਂ ਨੂੰ ਛੋਟੀ ਉਮਰ ਤੋਂ ਹੀ ਗੁਰਬਾਣੀ, ਸਿੱਖ ਇਤਿਹਾਸ, ਸਿੱਖ ਰਹਿਤ-ਮਰਿਆਦਾ ਅਤੇ ਅਨੰਦ ਕਾਰਜ ਦੀ ਮਹੱਤਤਾ ਬਾਰੇ ਜਾਣੂ ਕਰਵਾਉਣਾ ਜ਼ਰੂਰੀ ਹੈ।

14. ਇੰਗਲੈਂਡ ਵਿੱਚ ਇੱਕ ਗੋਰੇ ਵਿਅਕਤੀ ਦਾ ਸਵਾਲ, ਜਿਸ ਦਾ ਜਵਾਬ ਦੇਣਾ ਔਖਾ ਹੋ ਗਿਆ

ਮੈਂ ਆਪਣੀ ਜ਼ਿੰਦਗੀ ਦਾ ਇੱਕ ਅਜਿਹਾ ਤਜਰਬਾ ਸਾਂਝਾ ਕਰ ਰਿਹਾ ਹਾਂ, ਜਿਸ ਨੇ ਮੈਨੂੰ ਅੰਦਰੋਂ ਝੰਜੋੜ ਕੇ ਰੱਖ ਦਿੱਤਾ। ਇੰਗਲੈਂਡ ਦੇ ਇੱਕ ਗੁਰਦੁਆਰਾ ਸਾਹਿਬ ਵਿੱਚ ਨਸ਼ਿਆਂ ਤੋਂ ਦੂਰ ਰਹਿਣ ਦਾ ਸੁਨੇਹਾ ਦੇਣ ਵਾਲੇ ਬੋਰਡ ਲਗਾਏ ਹੋਏ ਸਨ। ਇੱਕ ਦਿਨ ਇੱਕ ਸਮਾਮਗ ਵਿੱਚ ਦੋ ਅੰਗਰੇਜ਼ ਸੱਜਣ, ਜੋ ਕੰਪਨੀਆਂ ਵਿੱਚ ਡਾਇਰੈਕਟਰ ਸਨ, ਦਾਸ ਕੋਲ ਆਏ ਅਤੇ ਇੱਕ ਸਵਾਲ ਪੁੱਛਿਆ।

ਉਨ੍ਹਾਂ ਨੇ ਕਿਹਾ, “ਮਿਸਟਰ ਸਿੰਘ, ਸਾਨੂੰ ਪਤਾ ਹੈ ਕਿ ਤੁਹਾਡੇ ਧਰਮ ਵਿੱਚ ਤੰਬਾਕੂ ਦੀ ਮਨਾਹੀ ਹੈ। ਇਹ ਗੱਲ ਦੁਨੀਆ ਭਰ ਵਿੱਚ ਜਾਣੀ ਜਾਂਦੀ ਹੈ। ਪਰ ਕੀ ਤੁਹਾਡੇ ਧਰਮ ਵਿੱਚ ਸ਼ਰਾਬ ਪੀਣ ਦੀ ਵੀ ਮਨਾਹੀ ਹੈ?”

ਦਾਸ ਨੇ ਉਹਨਾਂ ਨੂੰ ਮਾਣ ਨਾਲ ਜਵਾਬ ਦਿੱਤਾ, “ਹਾਂ ਜੀ, ਸਾਡੇ ਧਰਮ ਵਿੱਚ ਸ਼ਰਾਬ ਤੋਂ ਵੀ ਮਨਾਹੀ ਹੈ।”

ਇਸ ਤੋਂ ਬਾਅਦ ਉਨ੍ਹਾਂ ਅੰਗਰੇਜ਼ ਸੱਜਣਾਂ ਨੇ ਜੋ ਗੱਲ ਕਹੀ, ਉਸ ਨੇ ਮੈਨੂੰ ਸੋਚਣ ਲਈ ਮਜਬੂਰ ਕਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਤਜਰਬੇ ਅਨੁਸਾਰ, ਸ਼ਰਾਬ ਪੀਣ ਵਾਲਿਆਂ ਵਿੱਚ ਸਿੱਖ ਵੀ ਵੱਡੀ ਗਿਣਤੀ ਵਿੱਚ ਨਜ਼ਰ ਆਉਂਦੇ ਹਨ | ਮੇਰੇ ਕੋਲ ਉਨ੍ਹਾਂ ਕੋਲ ਕੋਈ ਸੰਤੋਸ਼ਜਨਕ ਜਵਾਬ ਨਹੀਂ ਸੀ।

ਇਹ ਇੱਕ ਨਿੱਜੀ ਤਜਰਬਾ ਸੀ, ਪਰ ਇਸ ਨੇ ਇੱਕ ਵੱਡਾ ਸਵਾਲ ਖੜ੍ਹਾ ਕਰ ਦਿੱਤਾ: ਜੇ ਸਾਡੀ ਧਾਰਮਿਕ ਸਿੱਖਿਆ ਸਾਨੂੰ ਕਿਸੇ ਬੁਰਾਈ ਤੋਂ ਦੂਰ ਰਹਿਣ ਲਈ ਕਹਿੰਦੀ ਹੈ, ਤਾਂ ਦੁਨੀਆ ਸਾਨੂੰ ਉਸੇ ਬੁਰਾਈ ਨਾਲ ਜੋੜ ਕੇ ਕਿਉਂ ਦੇਖ ਰਹੀ ਹੈ?

ਕੀ ਸਾਡੀ ਪਛਾਣ ਸਾਡੇ ਸਿਧਾਂਤਾਂ ਨਾਲ ਬਣੇਗੀ ਜਾਂ ਸਾਡੇ ਅਮਲਾਂ ਨਾਲ?

ਇਹ ਸਵਾਲ ਸਾਨੂੰ ਸਾਰਿਆਂ ਨੂੰ ਆਪਣੇ ਆਪ ਤੋਂ ਪੁੱਛਣਾ ਚਾਹੀਦਾ ਹੈ।

15. ਜਦੋਂ 16 ਸਾਲ ਦੇ ਬੱਚੇ ਦੇ ਬਸਤੇ ਵਿੱਚੋਂ ਸ਼ਰਾਬ ਮਿਲੀ
 

ਇਸੇ ਸੰਦਰਭ ਵਿੱਚ ਇੱਕ ਹੋਰ ਘਟਨਾ ਹੈ, ਜੋ ਉਨ੍ਹਾਂ ਨੂੰ ਇੱਕ ਅੰਮ੍ਰਿਤਧਾਰੀ ਅਧਿਆਪਕ ਨੇ ਦੱਸੀ ਸੀ। ਇੱਕ ਸਕੂਲ ਵਿੱਚ ਲਗਭਗ 16 ਸਾਲ ਦੇ ਇੱਕ ਸਿੱਖ ਵਿਿਦਆਰਥੀ ਦੇ ਬਸਤੇ ਵਿੱਚੋਂ ਸ਼ਰਾਬ ਮਿਲੀ। ਜਦੋਂ ਅਧਿਆਪਕ ਨੇ ਉਸ ਨੂੰ ਪੁੱਛਿਆ ਕਿ ਉਸ ਨੇ ਇੰਨੀ ਛੋਟੀ ਉਮਰ ਵਿੱਚ ਸ਼ਰਾਬ ਕਿੱਥੋਂ ਲਈ, ਤਾਂ ਵਿਿਦਆਰਥੀ ਨੇ ਜਵਾਬ ਦਿੱਤਾ ਕਿ ਉਸ ਨੂੰ ਸ਼ਰਾਬ ਖ਼ਰੀਦਣ ਦੀ ਲੋੜ ਹੀ ਨਹੀਂ ਪਈ; ਉਸ ਦੇ ਘਰ ਵਿੱਚ ਹੀ ਸ਼ਰਾਬ ਮੌਜੂਦ ਸੀ।

ਇਸ ਘਟਨਾ ਦਾ ਸਭ ਤੋਂ ਦੁਖਦਾਈ ਪੱਖ ਇਹ ਹੈ ਕਿ ਜੇ ਬੱਚਿਆਂ ਲਈ ਘਰ ਵਿੱਚ ਹੀ ਸ਼ਰਾਬ ਦੀ ਸੌਖੀ ਪਹੁੰਚ ਹੋਵੇ, ਤਾਂ ਇਹ ਬੁਰਾਈ ਉਸ ਨੂੰ ਆਪਣੇ ਦੋਸਤਾਂ-ਮਿੱਤਰਾਂ ਤੋਂ ਨਹੀਂ, ਉਸ ਨੂੰ ਤਾਂ ਇਹ ਬੁਰਾਈ ਆਪਣੇ ਹੀ ਘਰੋਂ ਮਿਲ਼ ਗਈ, 

ਬੱਚੇ ਸਿਰਫ਼ ਸਾਡੇ ਸ਼ਬਦਾਂ ਤੋਂ ਨਹੀਂ, ਸਾਡੇ ਵਿਹਾਰ ਤੋਂ ਵੀ ਸਿੱਖਦੇ ਹਨ। ਜੇ ਅਸੀਂ ਉਨ੍ਹਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਕਹਿੰਦੇ ਹਾਂ, ਪਰ ਆਪਣੇ ਜੀਵਨ ਵਿੱਚ ਇਸ ਦੇ ਉਲਟ ਕਰਦੇ ਹਾਂ, ਤਾਂ ਸਾਡੇ ਸ਼ਬਦਾਂ ਦੀ ਭਰੋਸੇਯੋਗਤਾ ਕਿਵੇਂ ਬਣੇਗੀ? ਇਸ ਲਈ ਨਸ਼ਿਆਂ ਵਿਰੁੱਧ ਮੁਹਿੰਮ ਦੀ ਸ਼ੁਰੂਆਤ ਘਰ ਤੋਂ ਹੋਣੀ ਚਾਹੀਦੀ ਹੈ। 

16. ਮੇਰਾ ਆਪਣਾ ਤਜਰਬਾ: ਗੁਰੂ ਦੀ ਸਿੱਖਿਆ ਨੇ ਜੀਵਨ ਬਦਲਿਆ 

ਆਪਣੀ ਨਿੱਜੀ ਜ਼ਿੰਦਗੀ ਬਾਰੇ ਦੱਸ ਰਿਹਾ ਹਾਂ ਕਿ (ਹਾਲਾਂਕਿ ਮੈਂ ਕਦੇ ਆਪਣੀ ਨਿੱਜੀ ਜ਼ਿੰਦਗੀ ਦਾ ਜ਼ਿਕਰ ਨਹੀਂ ਕੀਤਾ) ਮੈਨੂੰ ਅੰਮ੍ਰਿਤ ਛਕੇ ਨੂੰ 42-–43 ਸਾਲ ਹੋ ਚੁੱਕੇ ਹਨ ਅਤੇ ਗੁਰੂ ਸਾਹਿਬ ਦੀ ਮਿਹਰ ਸਦਕਾ ਉਨ੍ਹਾਂ ਦੇ ਘਰ ਵਿੱਚ ਸ਼ਰਾਬ ਨਹੀਂ ਆਈ। ਇਹ ਨਿੱਜੀ ਤਜਰਬਾ ਸਾਂਝਾ ਕਰਨ ਦਾ ਉਨ੍ਹਾਂ ਦਾ ਮਕਸਦ ਆਪਣੀ ਵਡਿਆਈ ਕਰਨਾ ਨਹੀਂ, ਸਗੋਂ ਇਹ ਦੱਸਣਾ ਹੈ ਕਿ ਗੁਰੂ ਦੀ ਸਿੱਖਿਆ ਨੂੰ ਜੀਵਨ ਵਿੱਚ ਅਪਣਾਉਣ ਨਾਲ ਮਨੁੱਖ ਆਪਣੇ ਪਰਿਵਾਰ ਲਈ ਚੰਗੀ ਮਿਸਾਲ ਬਣ ਸਕਦਾ ਹੈ।

ਦਾਸ ਦੀ ਬੇਨਤੀ ਹੈ ਕਿ ਹਰ ਪਰਿਵਾਰ ਆਪਣੇ ਘਰ ਵਿੱਚ ਇਸ ਬਾਰੇ ਗੰਭੀਰਤਾ ਨਾਲ ਵਿਚਾਰ ਕਰੇ। ਰਿਸ਼ਤੇਦਾਰਾਂ ਅਤੇ ਦੋਸਤਾਂ ਨਾਲ ਬੈਠ ਕੇ ਸਾਂਝਾ ਫ਼ੈਸਲਾ ਕੀਤਾ ਜਾਵੇ ਕਿ ਅਸੀਂ ਆਪਣੇ ਪਰਿਵਾਰਾਂ ਵਿੱਚ ਸ਼ਰਾਬ ਅਤੇ ਨਸ਼ਿਆਂ ਨੂੰ ਉਤਸ਼ਾਹਿਤ ਨਹੀਂ ਕਰਾਂਗੇ। 

ਜੇ ਚਾਰ ਪਰਿਵਾਰ ਵੀ ਅਜਿਹਾ ਫ਼ੈਸਲਾ ਕਰ ਲੈਣ ਅਤੇ ਹੋਰ ਲੋਕਾਂ ਨੂੰ ਪ੍ਰੇਰਿਤ ਕਰਨ ਤਾਂ ਇਹ ਇੱਕ ਚੰਗੀ ਸ਼ੁਰੂਆਤ ਹੋ ਸਕਦੀ ਹੈ। ਸਮਾਜਿਕ ਤਬਦੀਲੀ ਹਮੇਸ਼ਾ ਛੋਟੇ ਕਦਮਾਂ ਤੋਂ ਸ਼ੁਰੂ ਹੁੰਦੀ ਹੈ। 

17. ਸਿੱਖ ਸੱਭਿਆਚਾਰ ਦੀ ਅਸਲ ਪਛਾਣ ਬੱਚਿਆਂ ਤੱਕ ਪਹੁੰਚਾਈਏ

ਅੱਜ ਸਾਨੂੰ ਆਪਣੇ ਸੱਭਿਆਚਾਰ ਬਾਰੇ ਵੀ ਮੁੜ ਵਿਚਾਰ ਕਰਨ ਦੀ ਲੋੜ ਹੈ। ਸਿੱਖ ਸੱਭਿਆਚਾਰ ਭੰਗੜੇ, ਗਿੱਧੇ, ਗੀਤਾਂ ਅਤੇ ਵੱਡੇ ਸਮਾਗਮਾਂ ਨਹੀਂ। ਇਸ ਦੀ ਅਸਲ ਪਛਾਣ ਸੇਵਾ, ਸਿਮਰਨ, ਸਾਂਝ, ਇਮਾਨਦਾਰੀ, ਦਇਆ, ਸੰਜਮ ਅਤੇ ਮਨੁੱਖਤਾ ਦੀ ਭਲਾਈ ਹੈ।
 ਬੱਚਿਆਂ ਨੂੰ ਆਪਣੀ ਭਾਸ਼ਾ, ਇਤਿਹਾਸ, ਗੁਰਬਾਣੀ, ਵਿਰਸੇ ਅਤੇ ਨੈਤਿਕ ਕਦਰਾਂ-ਕੀਮਤਾਂ ਨਾਲ ਵੀ ਜੋੜਨਾ ਪਵੇਗਾ।

ਜੇ ਅਸੀਂ ਆਪਣੇ ਬੱਚਿਆਂ ਨੂੰ ਇਹ ਨਹੀਂ ਦੱਸਾਂਗੇ ਕਿ ਸਾਡਾ ਧਰਮ ਸਾਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਸਿੱਖਿਆ ਕਿਉਂ ਦਿੰਦਾ ਹੈ, ਤਾਂ ਉਨ੍ਹਾਂ ਨੂੰ ਇਹ ਸਮਝ ਕਿੱਥੋਂ ਆਵੇਗੀ?
 ਸਾਨੂੰ ਦੁਨੀਆ ਨੂੰ ਵੀ ਦੱਸਣਾ ਚਾਹੀਦਾ ਹੈ ਕਿ ਸਿੱਖ ਸੱਭਿਆਚਾਰ ਦੀਆਂ ਕਿਹੜੀਆਂ ਵਿਸ਼ੇਸ਼ਤਾਵਾਂ ਮਨੁੱਖੀ ਜੀਵਨ ਨੂੰ ਬਿਹਤਰ ਬਣਾਉਂਦੀਆਂ ਹਨ।
 ਸਾਡੇ ਧਰਮ ਦੀਆਂ ਸਿੱਖਿਆਵਾਂ ਸਾਨੂੰ ਸੰਜਮ, ਜ਼ਿੰਮੇਵਾਰੀ ਅਤੇ ਚੰਗੇ ਆਚਰਨ ਦਾ ਰਾਹ ਦਿਖਾਉਂਦੀਆਂ ਹਨ। ਇਨ੍ਹਾਂ ਨੂੰ ਸਿਰਫ਼ ਕਿਤਾਬਾਂ ਅਤੇ ਭਾਸ਼ਣਾਂ ਤਕ ਸੀਮਤ ਰੱਖਣ ਦੀ ਬਜਾਏ ਜੀਵਨ ਦਾ ਹਿੱਸਾ ਬਣਾਉਣਾ ਪਵੇਗਾ।
 ਇਸ ਦੇ ਨਾਲ ਹੀ ਉਨ੍ਹਾਂ ਨੂੰ ਇਹ ਵੀ ਸਮਝਾਉਣਾ ਚਾਹੀਦਾ ਹੈ ਕਿ ਸਾਡਾ ਧਰਮ ਨਸ਼ਿਆਂ ਤੋਂ ਦੂਰ ਰਹਿਣ ਦੀ ਸਿੱਖਿਆ ਦਿੰਦਾ ਹੈ ਅਤੇ ਇਸ ਸਿੱਖਿਆ ਦੀ ਪਾਲਣਾ ਕਰਨਾ ਸਾਡੀ ਆਪਣੀ ਜ਼ਿੰਮੇਵਾਰੀ ਹੈ।
 ਜੇ ਅਸੀਂ ਆਪਣੇ ਬੱਚਿਆਂ ਨੂੰ ਇਹ ਗੱਲ ਸਮੇਂ ਸਿਰ ਸਮਝਾ ਦਿੱਤੀ ਹੁੰਦੀ, ਤਾਂ ਸ਼ਾਇਦ ਕਈ ਸਮੱਸਿਆਵਾਂ ਤੋਂ ਬਚਿਆ ਜਾ ਸਕਦਾ ਸੀ। 

18. ਹੁਣ ਪਰਿਵਾਰਾਂ ਤੋਂ ਸ਼ੁਰੂ ਕਰੀਏ ਇੱਕ ਨਵੀਂ ਮੁਹਿੰਮ

ਅੱਜ ਸਾਨੂੰ ਇਹ ਸਮਝਣ ਦੀ ਲੋੜ ਹੈ ਕਿ ਸਿਰਫ਼ ਸਰਕਾਰਾਂ ਦੀ ਉਡੀਕ ਕਰ ਕੇ ਸਮਾਜ ਵਿੱਚ ਤਬਦੀਲੀ ਨਹੀਂ ਆਵੇਗੀ।
 ਸਰਕਾਰਾਂ ਆਪਣੀ ਜ਼ਿੰਮੇਵਾਰੀ ਨਿਭਾਉਣ ਚ ਨਾਕਾਮ ਰਹੀਆਂ ਹਨ ਜਾਂ ਦੂਜੇ ਸ਼ਬਦਾਂ ਵਿੱਚ ਕਹਿ ਸਕਦੇ ਹਾਂ ਕਿ ਨਸ਼ਿਆਂ ਦਾ ਪ੍ਰਚਲਣ ਸਰਕਾਰ ਦੀ ਹੀ ਦੇਣ ਹੈ। ਪਰ ਸਾਨੂੰ ਵੀ ਆਪਣੇ ਘਰਾਂ, ਰਿਸ਼ਤੇਦਾਰੀਆਂ ਅਤੇ ਸਮਾਜਿਕ ਸੰਸਥਾਵਾਂ ਵਿੱਚ ਤਬਦੀਲੀ ਲਿਆਉਣੀ ਪਵੇਗੀ।
 ਆਓ, ਕੁਝ ਸਧਾਰਨ ਪਰ ਮਹੱਤਵਪੂਰਨ ਫ਼ੈਸਲੇ ਕਰੀਏ:
 ਆਪਣੇ ਘਰਾਂ ਵਿੱਚ ਸ਼ਰਾਬ ਨੂੰ ਆਮ ਅਤੇ ਲਾਜ਼ਮੀ ਚੀਜ਼ ਵਜੋਂ ਪੇਸ਼ ਨਾ ਕਰੀਏ।
 ਵਿਆਹਾਂ ਅਤੇ ਹੋਰ ਸਮਾਗਮਾਂ ਵਿੱਚ ਸ਼ਰਾਬ ਦੀ ਵਰਤੋਂ ਤੋਂ ਬਿਨਾਂ ਖ਼ੁਸ਼ੀਆਂ ਮਨਾਉਣ ਦਾ ਰਿਵਾਜ ਬਣਾਈਏ।
 ਬੱਚਿਆਂ ਨੂੰ ਸਿੱਖੀ, ਗੁਰਮਤਿ ਅਤੇ ਸਿੱਖ ਸੱਭਿਆਚਾਰ ਦੀ ਅਸਲ ਸਿੱਖਿਆ ਦੇਈਏ।
 ਗੁਰਦੁਆਰਾ ਕਮੇਟੀਆਂ ਰਾਹੀਂ ਨਸ਼ਿਆਂ ਵਿਰੁੱਧ ਜਾਗਰੂਕਤਾ ਮੁਹਿੰਮ ਚਲਾਈਏ।
 ਨੌਜਵਾਨਾਂ ਨੂੰ ਚੰਗੀ ਸੰਗਤ, ਖੇਡਾਂ, ਸਿੱਖਿਆ ਅਤੇ ਸੇਵਾ ਨਾਲ ਜੋੜੀਏ।
 ਨਸ਼ਿਆਂ ਦੀ ਸਮੱਸਿਆ ਨਾਲ ਜੂਝ ਰਹੇ ਲੋਕਾਂ ਦੀ ਨਿੰਦਾ ਕਰਨ ਦੀ ਬਜਾਏ ਉਨ੍ਹਾਂ ਨੂੰ ਇਲਾਜ ਅਤੇ ਸਹਾਇਤਾ ਪ੍ਰਾਪਤ ਕਰਨ ਲਈ ਪ੍ਰੇਰਿਤ ਕਰੀਏ।
 ਆਪਣੇ ਧਾਰਮਿਕ ਅਤੇ ਸਮਾਜਿਕ ਆਗੂਆਂ ਤੋਂ ਇਸ ਵਿਸ਼ੇ ਉੱਤੇ ਠੋਸ ਪਹਿਲਕਦਮੀ ਦੀ ਉਮੀਦ ਕਰੀਏ।
 ਜੇ ਅਸੀਂ ਆਪਣੇ ਪਰਿਵਾਰਾਂ ਤੋਂ ਸ਼ੁਰੂਆਤ ਕਰਾਂਗੇ, ਤਾਂ ਇਹ ਸੁਨੇਹਾ ਹੌਲੀ-ਹੌਲੀ ਰਿਸ਼ਤੇਦਾਰਾਂ, ਦੋਸਤਾਂ ਅਤੇ ਸਮਾਜ ਤੱਕ ਪਹੁੰਚ ਸਕਦਾ ਹੈ।

19. ਪੰਜਾਬ ਨੂੰ ਵੀ ਸੰਭਾਲੀਏ, ਵਿਦੇਸ਼ਾਂ ਵਿੱਚ ਵੱਸਦੇ ਆਪਣੇ ਭਾਈਚਾਰੇ ਨੂੰ ਵੀ 

ਪੰਜਾਬ ਵਿੱਚ ਨਸ਼ਿਆਂ ਦੀ ਸਮੱਸਿਆ ਗੰਭੀਰ ਹੈ, ਪਰ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀ ਪਰਿਵਾਰ ਵੀ ਇਸ ਤੋਂ ਮੁਕਤ ਨਹੀਂ ਹਨ।
 ਇੰਗਲੈਂਡ ਅਤੇ ਹੋਰ ਮੁਲਕਾਂ ਵਿੱਚ ਵੱਸਦੇ ਸਾਡੇ ਬੱਚਿਆਂ ਨੂੰ ਵੀ ਨਸ਼ਿਆਂ, ਸ਼ਰਾਬ ਅਤੇ ਬਦਲਦੇ ਸਮਾਜਿਕ ਰੁਝਾਨਾਂ ਤੋਂ ਬਚਾਉਣ ਲਈ ਸਹੀ ਸਿੱਖਿਆ ਅਤੇ ਮਾਰਗ-ਦਰਸ਼ਨ ਦੀ ਲੋੜ ਹੈ।
 ਵਿਦੇਸ਼ਾਂ ਵਿੱਚ ਵੱਸਦੇ ਸਿੱਖ ਪਰਿਵਾਰਾਂ ਨੇ ਸਖ਼ਤ ਮਿਹਨਤ ਕਰ ਕੇ ਆਪਣੇ ਕਾਰੋਬਾਰ ਸਥਾਪਿਤ ਕੀਤੇ, ਬੱਚਿਆਂ ਨੂੰ ਯੂਨੀਵਰਸਿਟੀਆਂ ਵਿੱਚ ਪੜ੍ਹਾਇਆ ਅਤੇ ਉਨ੍ਹਾਂ ਦੇ ਭਵਿੱਖ ਲਈ ਕੁਰਬਾਨੀਆਂ ਕੀਤੀਆਂ।
 ਹੁਣ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਉਨ੍ਹਾਂ ਬੱਚਿਆਂ ਨੂੰ ਆਪਣੀਆਂ ਜੜ੍ਹਾਂ, ਆਪਣੀ ਭਾਸ਼ਾ, ਆਪਣੇ ਧਰਮ ਅਤੇ ਆਪਣੇ ਸੱਭਿਆਚਾਰ ਨਾਲ ਵੀ ਜੋੜ ਕੇ ਰੱਖੀਏ।
 ਸਾਡੇ ਬਜ਼ੁਰਗਾਂ ਨੇ ਫੈਕਟਰੀਆਂ ਅਤੇ ਫਾਊਂਡਰੀਆਂ ਵਿੱਚ ਮਿਹਨਤ ਕਰ ਕੇ ਅਗਲੀਆਂ ਪੀੜ੍ਹੀਆਂ ਲਈ ਰਾਹ ਬਣਾਇਆ। ਹੁਣ ਨੌਜਵਾਨ ਪੀੜ੍ਹੀ ਨੂੰ ਸਿਰਫ਼ ਆਰਥਿਕ ਤੌਰ ’ਤੇ ਕਾਮਯਾਬ ਬਣਾਉਣਾ ਹੀ ਕਾਫ਼ੀ ਨਹੀਂ; ਉਨ੍ਹਾਂ ਨੂੰ ਚੰਗੇ ਇਨਸਾਨ ਅਤੇ ਜ਼ਿੰਮੇਵਾਰ ਨਾਗਰਿਕ ਬਣਾਉਣਾ ਵੀ ਜ਼ਰੂਰੀ ਹੈ।
 ਜੇ ਪੰਜਾਬ ਵਿੱਚ ਰਹਿਣ ਵਾਲੇ ਅਤੇ ਵਿਦੇਸ਼ਾਂ ਵਿੱਚ ਵੱਸਦੇ ਸਿੱਖ ਪਰਿਵਾਰ ਮਿਲ ਕੇ ਆਪਣੇ ਘਰਾਂ ਵਿੱਚ ਨਸ਼ਿਆਂ ਵਿਰੁੱਧ ਚੰਗੀ ਮਿਸਾਲ ਕਾਇਮ ਕਰਨ, ਤਾਂ ਇਸ ਦਾ ਸਕਾਰਾਤਮਕ ਪ੍ਰਭਾਵ ਹੋਰ ਲੋਕਾਂ ਤੱਕ ਵੀ ਪਹੁੰਚ ਸਕਦਾ ਹੈ।
 ਅੰਤਿਮ ਬੇਨਤੀ: ਗੁਰੂ ਦੇ ਲੜ ਲੱਗੀਏ, ਪੰਥ ਨੂੰ ਇਕੱਠਾ ਕਰੀਏ
 ਮੈਂ ਪਿਛਲੇ 25 ਸਾਲਾਂ ਤੋਂ ਇਸ ਵਿਸ਼ੇ ਉੱਤੇ ਵਿਚਾਰ ਕਰਦਾ ਅਤੇ ਆਪਣੀ ਸਮਰੱਥਾ ਅਨੁਸਾਰ ਆਵਾਜ਼ ਉਠਾਉਂਦਾ ਆ ਰਿਹਾ ਹਾਂ। ਅੱਜ ਵੀ ਮੇਰੀ ਬੇਨਤੀ ਉਹੀ ਹੈ ਕਿ ਅਸੀਂ ਆਪਣੇ ਪਰਿਵਾਰਾਂ ਅਤੇ ਸਮਾਜ ਦੀ ਭਲਾਈ ਲਈ ਇਕੱਠੇ ਹੋਈਏ।
 ਇਹ ਵੀ ਹੁੰਦਾ ਹੈ ਕਿ ਇੱਕ ਵਿਅਕਤੀ ਦੇ ਬੋਲਣ ਨਾਲ ਕੀ ਹੋਵੇਗਾ। ਪਰ ਹਰ ਵੱਡੀ ਤਬਦੀਲੀ ਦੀ ਸ਼ੁਰੂਆਤ ਕੁਝ ਲੋਕਾਂ ਦੇ ਦ੍ਰਿੜ੍ਹ ਇਰਾਦੇ ਨਾਲ ਹੀ ਹੁੰਦੀ ਹੈ।
 ਜੇ ਅਸੀਂ ਆਪਣੇ ਘਰਾਂ ਵਿੱਚ ਸ਼ਰਾਬ ਤੋਂ ਦੂਰ ਰਹਿਣ ਦਾ ਫ਼ੈਸਲਾ ਕਰੀਏ, ਆਪਣੇ ਬੱਚਿਆਂ ਨੂੰ ਗੁਰੂ ਦੀ ਸਿੱਖਿਆ ਨਾਲ ਜੋੜੀਏ ਅਤੇ ਆਪਣੇ ਸਮਾਜਿਕ ਸਮਾਗਮਾਂ ਵਿੱਚ ਨਸ਼ਿਆਂ ਤੋਂ ਬਿਨਾਂ ਖ਼ੁਸ਼ੀਆਂ ਮਨਾਉਣ ਦਾ ਰਿਵਾਜ ਪਾਈਏ ਤਾਂ ਅਸੀਂ ਇੱਕ ਚੰਗੀ ਸ਼ੁਰੂਆਤ ਕਰ ਸਕਦੇ ਹਾਂ।
 ਸਾਡੀਆਂ ਗੁਰਦੁਆਰਾ ਕਮੇਟੀਆਂ, ਧਾਰਮਿਕ ਜਥੇਬੰਦੀਆਂ ਅਤੇ ਸਮਾਜਿਕ ਸੰਸਥਾਵਾਂ ਨੂੰ ਵੀ ਇਸ ਮੁਹਿੰਮ ਵਿੱਚ ਅੱਗੇ ਆਉਣਾ ਚਾਹੀਦਾ ਹੈ।
 ਅੱਜ ਸਿੱਖ ਪੰਥ ਨੂੰ ਧੜੇਬੰਦੀ ਦੀ ਨਹੀਂ, ਏਕਤਾ ਦੀ ਲੋੜ ਹੈ। ਇੱਕ-ਦੂਜੇ ਦੀਆਂ ਕਮੀਆਂ ਕੱਢਣ ਦੀ ਨਹੀਂ, ਸਾਂਝੇ ਮਸਲਿਆਂ ਦਾ ਹੱਲ ਲੱਭਣ ਦੀ ਲੋੜ ਹੈ। ਸਿਰਫ਼ ਭਾਸ਼ਣਾਂ ਦੀ ਨਹੀਂ, ਅਮਲ ਦੀ ਲੋੜ ਹੈ।
 ਜੇ ਅਸੀਂ ਆਪਣੇ ਬੱਚਿਆਂ ਨੂੰ ਨਸ਼ਿਆਂ ਤੋਂ ਬਚਾਉਣਾ ਹੈ, ਤਾਂ ਸਭ ਤੋਂ ਪਹਿਲਾਂ ਆਪਣੇ ਘਰਾਂ ਵਿੱਚ ਮਿਸਾਲ ਕਾਇਮ ਕਰਨੀ ਪਵੇਗੀ। ਜੇ ਅਸੀਂ ਆਪਣੇ ਸੱਭਿਆਚਾਰ ਨੂੰ ਬਚਾਉਣਾ ਹੈ, ਤਾਂ ਉਸ ਦੀਆਂ ਚੰਗੀਆਂ ਕਦਰਾਂ-ਕੀਮਤਾਂ ਨੂੰ ਆਪਣੇ ਜੀਵਨ ਵਿੱਚ ਅਪਣਾਉਣਾ ਪਵੇਗਾ। ਅਤੇ ਜੇ ਅਸੀਂ ਪੰਥ ਨੂੰ ਮਜ਼ਬੂਤ ਕਰਨਾ ਹੈ, ਤਾਂ ਸਾਨੂੰ ਗੁਰੂ ਦੀ ਸਿੱਖਿਆ ਨੂੰ ਆਪਣੇ ਨਿੱਜੀ ਅਤੇ ਸਮਾਜਿਕ ਜੀਵਨ ਦਾ ਆਧਾਰ ਬਣਾਉਣਾ ਪਵੇਗਾ।
 ਆਓ, ਆਪਣੇ ਪਰਿਵਾਰਾਂ ਨੂੰ ਸੰਭਾਲੀਏ, ਆਪਣੇ ਬੱਚਿਆਂ ਨੂੰ ਸਹੀ ਰਾਹ ਦਿਖਾਈਏ, ਆਪਣੇ ਸਮਾਜ ਵਿੱਚ ਨਸ਼ਿਆਂ ਵਿਰੁੱਧ ਜਾਗਰੂਕਤਾ ਪੈਦਾ ਕਰੀਏ ਅਤੇ ਗੁਰੂ ਸਾਹਿਬਾਨ ਦੀ ਸਿੱਖਿਆ ਅਨੁਸਾਰ ਜੀਵਨ ਜਿਊਣ ਦਾ ਯਤਨ ਕਰੀਏ।
 ਨਸ਼ਿਆਂ ਤੋਂ ਮੁਕਤ ਨੌਜਵਾਨੀ, ਸਿਧਾਂਤਾਂ ਉੱਤੇ ਪਹਿਰਾ ਦੇਣ ਵਾਲਾ ਸਿੱਖ ਪੰਥ ਅਤੇ ਸਿਹਤਮੰਦ ਸਮਾਜ, ਇਹੀ ਸਾਡਾ ਸਾਂਝਾ ਟੀਚਾ ਹੋਣਾ ਚਾਹੀਦਾ ਹੈ।
 ਵਾਹਿਗੁਰੂ ਜੀ ਕਾ ਖਾਲਸਾ! ਵਾਹਿਗੁਰੂ ਜੀ ਕੀ ਫ਼ਤਹਿ!

Posted By: ਸ. ਮਹਿੰਦਰ ਸਿੰਘ ਯੂ. ਕੇ.

Latest News