ਸਰਕਾਰਾਂ ਦੀ ਸ਼ਹਿ ਕਾਰਨ ਹੀ ਵਾਪਰਦੀਆਂ ਨੇ ਬੇਅਦਬੀ ਦੀਆਂ ਘਟਨਾਵਾਂ : ਫੈਡਰੇਸ਼ਨ ਭਿੰਡਰਾਂਵਾਲਾ
ਅੰਮ੍ਰਿਤਸਰ, 23 ਅਪ੍ਰੈਲ , ਨਜ਼ਰਾਨਾ ਟਾਈਮਜ - ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਭੁਪਿੰਦਰ ਸਿੰਘ ਛੇ ਜੂਨ ਅਤੇ ਜਨਰਲ ਸਕੱਤਰ ਭਾਈ ਗਗਨਦੀਪ ਸਿੰਘ ਸੁਲਤਾਨਵਿੰਡ ਨੇ ਕਿਹਾ ਕਿ ਸੂਬਾ ਅਤੇ ਕੇਂਦਰ ਸਰਕਾਰ ਦੀ ਸ਼ਹਿ ਕਰਕੇ ਹੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀਆਂ ਬੇਅਦਬੀ ਦੀਆਂ ਘਟਨਾਵਾਂ ਵਾਪਰਦੀਆਂ ਹਨ। ਦੋਵਾਂ ਆਗੂਆਂ ਨੇ ਕਿਹਾ ਕਿ ਲੰਬੇ ਸਮੇਂ ਤੋਂ ਸਿੱਖ ਕੌਮ ਬੇਅਦਬੀਆਂ ਦਾ ਸੰਤਾਪ ਭੋਗ ਰਹੀ ਹੈ। ਸਰਕਾਰ ਨੇ ਹਮੇਸ਼ਾਂ ਬੇਅਦਬੀਆਂ ਦੇ ਦੋਸ਼ੀਆਂ ਦੀ ਪੁਸ਼ਤਪਨਾਹੀ ਕੀਤੀ ਜਿਸ ਕਰਕੇ ਸਿੱਖ ਕੌਮ ਨੂੰ ਆਪਣੇ ਗੁਰੂ ਦੇ ਸਤਿਕਾਰ ਲਈ ਖੁਦ ਫਰਜ਼ ਨਿਭਾਉਣਾ ਪਿਆ ਸੀ ਤੇ ਹੁਣ ਵੀ ਸਿੱਖ ਲਗਾਤਾਰ ਪਹਿਰੇਦਾਰੀ ਕਰਦੇ ਰਹਿਣ। ਉਹਨਾਂ ਕਿਹਾ ਕਿ ਸਿੱਖਾਂ ਨੂੰ ਕਿਸੇ ਕਾਨੂੰਨ ਦੇ ਆਸਰੇ ਨਹੀਂ ਬੈਠੇ ਰਹਿਣਾ ਚਾਹੀਦਾ ਸਗੋਂ ਸਿੱਖਾਂ ਨੂੰ ਹਮੇਸ਼ਾ ਸੁਚੇਤ ਰਹਿਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਜੇਕਰ ਸਿੱਖਾਂ ਦਾ ਆਪਣਾ ਰਾਜ ਖਾਲਿਸਤਾਨ ਹੁੰਦਾ ਤਾਂ ਇੱਕ ਵੀ ਬੇਅਦਬੀ ਦੀ ਘਟਨਾ ਨਹੀਂ ਸੀ ਵਾਪਰਨੀ। ਇਤਿਹਾਸ ਗਵਾਹ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੇ ਖਾਲਸਾ ਰਾਜ ਸਮੇਂ ਨਾ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਅਤੇ ਨਾ ਹੀ ਕਿਸੇ ਹੋਰ ਧਾਰਮਿਕ ਗ੍ਰੰਥ ਦੀ, ਇਥੋਂ ਤੱਕ ਕਿ ਸਾਡੇ ਖਾਲਸਾ ਰਾਜ ਵਿੱਚ ਬਲਾਤਕਾਰ ਦੀਆਂ ਘਟਨਾਵਾਂ ਤੇ ਕੋਈ ਦੰਗੇ ਫਸਾਦ ਵੀ ਨਹੀਂ ਸਨ ਹੋਏ ਤੇ ਸਿੱਖ, ਹਿੰਦੂ, ਮੁਸਲਿਮ, ਇਸਾਈ ਸਾਰੇ ਸੁਖੀ ਵੱਸਦੇ ਸਨ। ਉਹਨਾਂ ਕਿਹਾ ਕਿ ਬਾਦਲਕੇ, ਕਾਂਗਰਸੀ, ਝਾੜੂ ਪਾਰਟੀ ਤੇ ਭਾਜਪਾ ਸਮੇਤ ਸਭ ਪਾਰਟੀਆਂ ਨੇ ਬੇਅਦਬੀ ਉੱਤੇ ਕੇਵਲ ਸਿਆਸਤ ਹੀ ਕੀਤੀ ਹੈ।
Posted By: GURBHEJ SINGH ANANDPURI