Nazrana Times

ਪੰਜਾਬੀ

ਸਾਕਾ ਨੀਲਾ ਤਾਰਾ ਦੀ 42ਵੀਂ ਵਰੇਗੰਢ ਮੌਕੇ ਹੋਵੇਗਾ ਸ਼ਹੀਦੀ ਸਮਾਗਮ

01 Jun, 2026 07:02 PM

ਕਾਰਜਕਾਰੀ ਜੱਥੇਦਾਰ ਸਿੰਘ ਸਾਹਿਬ ਗਿਆਨੀ ਧਿਆਨ ਸਿੰਘ ਮੰਡ ਪੜ੍ਹਣਗੇ ਕੌਮ ਦੇ ਨਾਮ ਸੰਦੇਸ਼: ਜਰਨੈਲ ਸਿੰਘ ਸਖੀਰਾ 

ਅੰਮ੍ਰਿਤਸਰ / ਚੰਡੀਗੜ੍ਹ/ ਮੋਹਾਲੀ -ਸੁਰਜੀਤ ਸਿੰਘ ਖਾਲਸਾ , ਮੰਗਤ ਸਿੰਘ ਸੈਦਪੁਰ

ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 6 ਜੂਨ ਦਿਨ ਸ਼ਨੀਵਾਰ ਨੂੰ ਸੇਵਾ, ਸਿਮਰਨ ਤੇ ਰੂਹਾਨੀਅਤ ਦੇ ਕੇਂਦਰ ਸੱਚਖੰਡ ਹਰਿਮੰਦਰ ਸਾਹਿਬ ਵਿਖੇ ਸਥਿਤ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਆਪ੍ਰੇਸ਼ਨ ਬਲਿਊ ਸਟਾਰ (ਘੱਲੂਘਾਰਾ) ਦੀ 42ਵੀਂ ਵਰੇ੍ਹਗੰਢ ਮੌਕੇ ਹੋਣ ਵਾਲੇ ਸ਼ਹੀਦੀ ਸਮਾਗਮਾ ਦੇ ਦੌਰਾਨ ਸਵੇਰੇ 8 ਵਜੇ ਕਾਰਜਕਾਰੀ ਸਿੰਘ ਸਾਹਿਬ ਜੱਥੇਦਾਰ ਭਾਈ ਧਿਆਨ ਸਿੰਘ ਮੰਡ ਕੌਮ ਦੇ ਨਾਂ ਸੰਦੇਸ਼ ਪੜ੍ਹਣਗੇ। ਇਸ ਗੱਲ ਦੀ ਜਾਣਕਾਰੀ ਸੰਨ 2015 ਦੇ ਸਰਬੱਤ ਖਾਲਸਾ ਸੰਮੇਲਨ ਦੇ ਮੁੱਖ ਪ੍ਰਬੰਧਕ ਭਾਈ ਜਰਨੈਲ ਸਿੰਘ ਸਖੀਰਾ ਦੇ ਵੱਲੋਂ ਦਿੱਤੀ ਗਈ। ਉਨ੍ਹਾਂ ਜੱਥੇਦਾਰ ਕੁਲਦੀਪ ਸਿੰਘ ਗੜਗੱਜ ਨੂੰ ਸ੍ਰੀ ਅਕਾਲ ਤਖਤ ਸਾਹਿਬ ਜੀ ਦਾ ਸਰਕਾਰੀ ਜੱਥੇਦਾਰ ਐਲਾਨਦੇ ਹੋਏ ਕਿਹਾ ਕਿ ਸੰਨ 2015 ਦੇ ਸਰਬੱਤ ਖਾਲਸਾ ਸੰਮੇਲਨ ਦੇ ਦੌਰਾਨ ਸਰਵ ਸੰਮਤੀ ਦੇ ਨਾਲ ਭਾਈ ਜਗਤਾਰ ਸਿੰਘ ਹਵਾਰਾ ਨੂੰ ਸ੍ਰੀ ਅਕਾਲ ਤਖਤ ਸਾਹਿਬ ਜੀ ਦਾ ਜੱਥੇਦਾਰ ਨਿਯੁੱਕਤ ਕਰਨ ਤੇ ਉਨ੍ਹਾਂ ਦੀ ਗੈਰ ਹਾਜ਼ਰੀ ਦੇ ਵਿੱਚ ਕਾਰਜਕਾਰੀ ਸਿੰਘ ਸਾਹਿਬ ਜੱਥੇਦਾਰ ਭਾਈ ਧਿਆਨ ਸਿੰਘ ਮੰਡ ਦੇ ਵੱਲੋਂ ਸੇਵਾਵਾਂ ਨਿਭਾਏ ਜਾਣ ਦੀ ਤਸਦੀਕ ਵੀ ਕੀਤੀ ਹੈ। ਭਾਈ ਜਰਨੈਲ ਸਿੰਘ ਸਖੀਰਾ ਨੇ ਕਿਹਾ ਕਿ ਜੂਨ 1984 ਦੇ ਦੌਰਾਨ ਤੱਤਕਾਲੀ ਪ੍ਰਧਾਨ ਮੰਤਰੀ ਇੰਧਰਾ ਗਾਂਧੀ ਦੇ ਇਸ਼ਾਰਿਆਂ ਤੇ ਭਾਰਤੀ ਫੌਜ਼ ਦੇ ਵੱਲੋਂ ਅਣਕਿਆਸੀ ਤੇ ਅਣਐਲਾਨੀ ਜੰਗ ਕਰਕੇ ਸਿੱਖ ਕੌਮ ਤੇ ਪੰਥ ਦਾ ਵੱਡੇ ਪੱਧਰ ਤੇ ਜਾਨੀ ਤੇ ਮਾਲੀ ਨੁਕਸਾਨ ਕੀਤਾ। ਸਿੱਖੀ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਮੀਰੀ ਪੀਰੀ ਦੀ ਨਿਸ਼ਾਨੀ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ। ਸਰਕਾਰ ਵੱਲੋਂ ਇਸ ਸਮੁੱਚੇ ਘਟਨਾਕ੍ਰਮ ਨੂੰ ਸਾਕਾ ਨੀਲਾ ਤਾਰਾ ਦਾ ਨਾਮ ਜਦੋਂ ਕਿ ਕੌਮ ਤੇ ਪੰਥ ਨੇ ਇਸ ਨੂੰ ਤੀਜਾ ਘੱਲੂਘਾਰਾ ਦੱਸਦੇ ਹੋਏ ਉਸ ਸਮੇਂ ਸ਼ਹੀਦ ਹੋਏ ਹਰੇਕ ਵਰਗ ਦੇ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਹਰ ਵਰ੍ਹੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸ਼ਹੀਦੀ ਸਮਾਗਮ ਕਰਵਾਇਆ ਜਾਂਦਾ ਹੈ। ਇਸ ਵਾਰ ਵੀ 42ਵੀਂ ਵਰੇ੍ਹਗੰਢ ਮੌਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਦੀ ਰੂਪ ਰੇਖਾ ਤੈਅ ਕੀਤੀ ਗਈ। 4 ਜੂਨ ਨੂੰ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠਾਂ ਦੇ ਸ਼ੁਰੂਆਤੀ ਕੀਤੀ ਜਾਵੇਗੀ ਤੇ 6 ਜੂਨ ਦਿਨ ਸ਼ਨੀਵਾਰ ਨੂੰ ਭੋਗ ਪਾਏ ਜਾਣਗੇ ਤੇ ਵਿਸ਼ਾਲ ਸ਼ਰਧਾਂਜਲੀ ਸਮਾਰੋਹ ਹੋਵੇਗਾ। ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਦੇ ਨਾਲ^ਨਾਲ ਉਨ੍ਹਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕਰਨ ਦੀ ਰਸਮ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜੱਥੇਦਾਰ ਸਿੰਘ ਸਾਹਿਬ ਗਿਆਨੀ ਧਿਆਨ ਸਿੰਘ ਮੰਡ ਸਵੇਰੇ 8 ਵਜੇ ਸਿੱਖ ਕੌਮ ਦੇ ਨਾਮ ਸੰਦੇਸ਼ ਪੜ੍ਹਣਗੇ। ਕੌਮ ਨੂੰ ਇੱਕ ਮੁੱਠ ਤੇ ਇੱਕ ਜੁੱਟ ਹੋਣ ਦੇ ਨਾਲ^ਨਾਲ ਹਲੀਮੀ ਰਾਜ ਦੀ ਸਥਾਪਨਾ ਤੱਕ ਜੱਦੋ ਜਹਿਦ ਜਾਰੀ ਰੱਖਣ ਦਾ ਸੁਨੇਹਾ ਦਿੱਤਾ ਜਾਵੇਗਾ। ਭਾਈ ਜਰਨੈਲ ਸਿੰਘ ਸਖੀਰਾ ਨੇ ਅੱਗੇ ਕਿਹਾ ਕਿ ਕੁਲਦੀਪ ਸਿੰਘ ਗੜਗੱਜ ਨੂੰ ਅਸੀਂ ਜੱਥੇਦਾਰ ਨਹੀਂ ਮੰਨਦੇ। ਉਹ ਇੱਕ ਸਰਕਾਰੀ ਹੱਥ ਠੋਕਾ ਹੈ ਜੋ ਫਰਜ਼ੀ ਜੱਥੇਦਾਰ ਦੇ ਰੂਪ ਵਿੱਚ ਸਰਕਾਰ ਦੇ ਇਸ਼ਾਰਿਆਂ ਤੇ ਕੰਮ ਕਰਨ ਵਾਲੀ ਹਸਤੀ ਹੈ। ਉਨ੍ਹਾਂ ਕਿਹਾ ਕਿ ਜੂਨ 1984 ਦੇ ਸ਼ਹੀਦਾਂ ਨੰੁਯਾਦ ਕਰਨਾ ਤੇ ਸ਼ਰਧਾਂਜਲੀ ਭੇਂਟ ਕਰਨਾ ਸਿੱਖ ਕੌਮ ਦੀ ਨੈਤਿਕ ਜ਼ਿੰਮੇਵਾਰੀ ਹੈ ਤੇ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਇੱਕ ਧਾਰਮਿਕ ਵਿਰਾਸਤੀ ਸਬਕ ਵੀ ਹੈ। ਭਾਈ ਜਰਨੈਲ ਸਿੰਘ ਸਖੀਰਾ ਨੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਹੰੁਮ ਹੁੰਮਾ ਕੇ ਪੁੱਜਣ ਅਤੇ ਭਾਈ ਧਿਆਨ ਸਿੰਘ ਮੰਡ ਦੇ ਕੌਮੀ ਸੰਦੇਸ਼ ਤੇ ਅਸਰ ਕਰਨ ਦੀ ਅਪੀਲ ਵੀ ਕੀਤੀ ਹੈ। ਉਨ੍ਹਾਂ ਕਿਹਾ ਕਿ ਸਿੱਖਾਂ ਦੇ ਅਜਿਹੇ ਕਿਸੇ ਵੀ ਧਾਰਮਿਕ ਮਸਲੇ ਵਿੱਚ ਕਿਸੇ ਨੂੰ ਵੀ ਦਖਲ ਅੰਦਾਜੀ ਕਰਨ ਦੀ ਇਜ਼ਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਜਬਰੀ ਘੁਸਪੈਠ ਕਰਨ ਵਾਲਿਆਂ ਨੂੰ ਚੇਤਾਵਨੀ ਵੀ ਦਿੱਤੀ ਹੈ।

Posted By: GURBHEJ SINGH ANANDPURI

Latest News