1984 ਦੇ ਸਿੱਖ ਵਿਰੋਧੀ ਕਤਲੇਆਮ ਦੇ ਪੀੜਤਾਂ ਨੂੰ ਸਮਰਪਿਤ ਚੰਡੀਗੜ੍ਹ ਵਿੱਚ 4 ਨਵੰਬਰ ਨੂੰ ਹੋਵੇਗਾ ਜ਼ਖ਼ਮ 84 ਦੇ ਕਨਕਲੇਵ-ਖੋਜੇਵਾਲ
ਨਵੀਂ ਪੀੜ੍ਹੀ ਨੂੰ 1984 ਦੇ ਦਰਦਨਾਕ ਇਤਿਹਾਸ ਅਤੇ ਪੀੜਤ ਪਰਿਵਾਰਾਂ ਦੇ ਸੰਘਰਸ਼ ਤੋਂ ਜਾਣੂ ਕਰਵਾਉਣਾ ਕਨਕਲੇਵ ਦਾ ਮੁੱਖ ਉਦੇਸ਼-ਭਾਜਪਾ
ਕਪੂਰਥਲਾ 3 ਨਵੰਬਰ ਗੌਰਵ ਮੜੀਆ
1984 ਦਾ ਸਿੱਖ ਵਿਰੋਧੀ ਕਤਲੇਆਮ ਸਿੱਖ ਕੌਮ ਦੇ ਇਤਿਹਾਸ ਦਾ ਇੱਕ ਅਜਿਹਾ ਦਰਦਨਾਕ ਅਧਿਆਇ ਹੈ,ਜਿਸ ਦੇ ਜ਼ਖ਼ਮ ਅੱਜ ਵੀ ਪੀੜਤ ਪਰਿਵਾਰਾਂ ਦੇ ਦਿਲਾਂ ਵਿੱਚ ਤਾਜ਼ਾ ਹਨ।ਉਸ ਸਮੇਂ ਬੇਕਸੂਰ ਸਿੱਖ ਪਰਿਵਾਰਾਂ ਨੇ ਜੋ ਸੰਤਾਪ ਹੰਢਾਇਆ ਅਤੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਗੁਆਇਆ,ਉਸ ਦਰਦ ਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਮੁਸ਼ਕਲ ਹੈ।ਕਈ ਦਹਾਕੇ ਬੀਤ ਜਾਣ ਦੇ ਬਾਵਜੂਦ ਪੀੜਤ ਪਰਿਵਾਰ ਆਪਣੇ ਪਿਆਰਿਆਂ ਨੂੰ ਗੁਆਉਣ ਦਾ ਦਰਦ ਸਹਿ ਰਹੇ ਹਨ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਕੀਤਾ।ਉਨ੍ਹਾਂ ਦੱਸਿਆ ਕਿ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਵੱਲੋਂ ਬਣਾਈ ਗਈ ਵਿਸ਼ੇਸ਼ ਜਾਂਚ ਟੀਮ ਐੱਸਆਈਟੀ ਰਾਹੀਂ 1984 ਦੇ ਕਤਲੇਆਮ ਨਾਲ ਸਬੰਧਤ ਕਈ ਮਾਮਲਿਆਂ ਦੀ ਮੁੜ ਜਾਂਚ ਕੀਤੀ ਗਈ ਅਤੇ ਪੀੜਤ ਪਰਿਵਾਰਾਂ ਨੂੰ ਨਿਆਂ ਦਿਵਾਉਣ ਦੀ ਦਿਸ਼ਾ ਵਿੱਚ ਕਦਮ ਚੁੱਕੇ ਗਏ।ਉਨ੍ਹਾਂ ਕਿਹਾ ਕਿ 1984 ਦੇ ਪੀੜਤਾਂ ਦੀ ਹੱਡਬੀਤੀ ਅਤੇ ਉਨ੍ਹਾਂ ਦੇ ਸੰਘਰਸ਼ ਨੂੰ ਲੋਕਾਂ ਸਾਹਮਣੇ ਲਿਆਉਣ ਦੇ ਉਦੇਸ਼ ਨਾਲ ਭਾਰਤੀ ਜਨਤਾ ਪਾਰਟੀ ਵੱਲੋਂ 4 ਨਵੰਬਰ ਨੂੰ ਚੰਡੀਗੜ੍ਹ ਵਿਖੇ ਜ਼ਖ਼ਮ 84 ਦੇ ਕਨਕਲੇਵ ਕਰਵਾਇਆ ਜਾ ਰਿਹਾ ਹੈ।ਇਸ ਕਨਕਲੇਵ ਤਹਿਤ ਚਾਰ ਵਿਸ਼ੇਸ਼ ਸੈਸ਼ਨ ਆਯੋਜਿਤ ਕੀਤੇ ਜਾਣਗੇ,ਜਿਨ੍ਹਾਂ ਰਾਹੀਂ 1984 ਦੇ ਕਤਲੇਆਮ ਦੇ ਪੀੜਤਾਂ ਦੇ ਦਰਦ, ਉਨ੍ਹਾਂ ਦੇ ਤਜਰਬਿਆਂ ਅਤੇ ਇਨਸਾਫ਼ ਲਈ ਕੀਤੇ ਲੰਬੇ ਸੰਘਰਸ਼ ਨੂੰ ਲੋਕਾਂ ਦੇ ਸਾਹਮਣੇ ਰੱਖਿਆ ਜਾਵੇਗਾ।ਉਨ੍ਹਾਂਨੇ ਦੱਸਿਆ ਸੰਮੇਲਨ ਦੀ ਸ਼ੁਰੂਆਤ 1984 ਦੇ ਕਤਲੇਆਮ ਨਾਲ ਸਬੰਧਤ ਤਸਵੀਰਾਂ ਅਤੇ ਅਹਿਮ ਦਸਤਾਵੇਜ਼ਾਂ ਦੀ ਇੱਕ ਵਿਸ਼ੇਸ਼ ਪ੍ਰਦਰਸ਼ਨੀ ਨਾਲ ਹੋਵੇਗੀ।ਇਸ ਤੋਂ ਬਾਅਦ ਇੱਕ ਉਦਘਾਟਨੀ ਸੈਸ਼ਨ ਅਤੇ ਚਾਰ ਹੋਰ ਅਹਿਮ ਸੈਸ਼ਨ ਕਰਵਾਏ ਜਾਣਗੇ।ਸਾਬਕਾ ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ,ਜਿਨ੍ਹਾਂ ਨੇ ਹਾਈ ਕੋਰਟ ਅਤੇ ਸੁਪਰੀਮ ਕੋਰਟ ਵਿੱਚ ਸੱਜਣ ਕੁਮਾਰ ਕੇਸ ਵਿੱਚ ਪੀੜਤਾਂ ਦੀ ਨੁਮਾਇੰਦਗੀ ਕੀਤੀ ਸੀ,ਇਸ ਸਮਾਗਮ ਵਿੱਚ ਮੁੱਖ ਉਦਘਾਟਨੀ ਭਾਸ਼ਣ ਦੇਣਗੇ।ਇਸ ਮਗਰੋਂ ਪਹਿਲਾ ਸੈਸ਼ਨ ਕਤਲੇਆਮ ਕਦੋਂ ਅਤੇ ਕਿਵੇਂ ਹੋਇਆ?ਵਿਸ਼ੇ ਤੇ ਹੋਵੇਗਾ,ਜਿਸ ਵਿੱਚ ਪੀੜਤ ਖੁਦ ਆਪਣੀਆਂ ਹੱਡਬੀਤੀਆਂ ਸਾਂਝੀਆਂ ਕਰਨਗੇ।ਦੂਜੇ ਸੈਸ਼ਨ ਕੀ ਕਤਲੇਆਮ ਇੱਕ ਸਾਜ਼ਿਸ਼ ਸੀ?ਵਿੱਚ ਇਸ ਘਟਨਾ ਦੀ ਡੂੰਘੀ ਪੜਚੋਲ ਕੀਤੀ ਜਾਵੇਗੀ।ਇਸ ਵਿੱਚ ਪੀੜਤਾਂ ਲਈ ਲੰਮੀ ਕਾਨੂੰਨੀ ਲੜਾਈ ਲੜਨ ਵਾਲੇ ਸੀਨੀਅਰ ਵਕੀਲ ਐੱਚ ਐੱਸ ਫੂਲਕਾ ਸ਼ਾਮਲ ਹੋਣਗੇ।ਤੀਜਾ ਸੈਸ਼ਨ ਇਨਸਾਫ਼ ਦਾ ਕਤਲ ਵਿਸ਼ੇ ਤੇ ਕੇਂਦਰਿਤ ਹੋਵੇਗਾ,ਜਿਸ ਵਿੱਚ ਪੀੜਤਾਂ ਨੂੰ ਇਨਸਾਫ਼ ਨਾ ਮਿਲਣ,ਸਬੂਤ ਨਸ਼ਟ ਕਰਨ ਅਤੇ ਮੁਲਜ਼ਮਾਂ ਨੂੰ ਮਿਲੀ ਕਥਿਤ ਸਿਆਸੀ ਸਰਪ੍ਰਸਤੀ ਤੇ ਚਰਚਾ ਹੋਵੇਗੀ।ਚੌਥੇ ਸੈਸ਼ਨ ਦੋਸ਼ੀਆਂ ਨੂੰ ਸਜ਼ਾ:ਭਾਜਪਾ ਦੇ ਯਤਨ ਵਿੱਚ ਮੁਲਜ਼ਮਾਂ ਨੂੰ ਕਟਹਿਰੇ ਵਿੱਚ ਲਿਆਉਣ ਲਈ ਚੁੱਕੇ ਗਏ ਕਦਮਾਂ ਤੇ ਚਾਨਣਾ ਪਾਇਆ ਜਾਵੇਗਾ।ਅੰਤਲਾ ਸੈਸ਼ਨ ਪੀੜਤ ਪਰਿਵਾਰਾਂ ਦੇ ਮੁੜ ਵਸੇਬੇ ਤੇ ਕੇਂਦਰਿਤ ਹੋਵੇਗਾ।ਉਨ੍ਹਾਂਨੇ ਦੱਸਿਆ ਕਿ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਇਸ ਵਿੱਚ ਸ਼ਿਰਕਤ ਕਰਨਗੇ ਅਤੇ ਭਾਜਪਾ ਸਰਕਾਰਾਂ ਵੱਲੋਂ ਪੀੜਤਾਂ ਦੇ ਮੁੜ ਵਸੇਬੇ ਲਈ ਕੀਤੀਆਂ ਪਹਿਲਕਦਮੀਆਂ ਦੇ ਵੇਰਵੇ ਸਾਂਝੇ ਕਰਨਗੇ।ਖੋਜੇਵਾਲ ਨੇ ਕਿਹਾ ਕਿ ਇਸ ਉਪਰਾਲੇ ਦਾ ਮੁੱਖ ਮਕਸਦ ਨਵੀਂ ਪੀੜ੍ਹੀ ਨੂੰ 1984 ਦੇ ਉਸ ਦਰਦਨਾਕ ਇਤਿਹਾਸ ਤੋਂ ਜਾਣੂ ਕਰਵਾਉਣਾ ਹੈ,ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਪਤਾ ਲੱਗ ਸਕੇ ਕਿ ਉਸ ਸਮੇਂ ਸਿੱਖ ਪਰਿਵਾਰਾਂ ਨਾਲ ਕੀ ਵਾਪਰਿਆ ਅਤੇ ਉਨ੍ਹਾਂ ਨੂੰ ਇਨਸਾਫ਼ ਹਾਸਲ ਕਰਨ ਲਈ ਕਿੰਨੀ ਲੰਬੀ ਲੜਾਈ ਲੜਨੀ ਪਈ।ਉਨ੍ਹਾਂ ਕਿਹਾ ਕਿਭਾਜਪਾ ਦਾ ਮੰਨਣਾ ਹੈ ਕਿ 1984 ਦੇ ਕਤਲੇਆਮ ਨਾਲ ਜੁੜਿਆ ਹਰ ਤੱਥ ਅਤੇ ਹਰ ਪਹਿਲੂ ਲੋਕਾਂ ਦੇ ਸਾਹਮਣੇ ਆਉਣਾ ਚਾਹੀਦਾ ਹੈ।ਇਸ ਘਟਨਾ ਨਾਲ ਜੁੜੇ ਦੋਸ਼ਾਂ ਅਤੇ ਸੱਚਾਈ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ,ਤਾਂ ਜੋ ਪੀੜਤਾਂ ਨੂੰ ਇਨਸਾਫ਼ ਮਿਲ ਸਕੇ ਅਤੇ ਇਤਿਹਾਸ ਦੇ ਇਸ ਦਰਦਨਾਕ ਅਧਿਆਇ ਨੂੰ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਾਇਆ ਜਾ ਸਕੇ।
Posted By: Gaurav Maria