ਗੁਰਪਤਵੰਤ ਸਿੰਘ ਪੰਨੂੰ ਮਾਮਲੇ 'ਚ ਨਿਖਿਲ ਗੁਪਤਾ ਦਾ ਇਕਬਾਲੀਆ ਖਤ
ਭਾਰਤੀ ਮੂਲ ਦੇ ਨਿਖਿਲ ਗੁਪਤਾ ਵਿਰੁੱਧ ਅਮਰੀਕਾ ਵਿੱਚ ਪੰਨੂੰ ਨੂੰ ਮੁਕਾਉਣ ਦੀ ਕੋਸ਼ਿਸ਼ ਦੇ ਮਾਮਲੇ ਵਿੱਚ ਮੁਕੱਦਮਾ ਚੱਲ ਰਿਹਾ ਹੈ। ਇਸ ਮਾਮਲੇ ਵਿੱਚ ਨਿਖਿਲ ਗੁਪਤਾ ਨੂੰ 20 ਨਵੰਬਰ ਨੂੰ ਸਜ਼ਾ ਸੁਣਾਈ ਜਾਵੇਗੀ। ਸਜ਼ਾ ਦੇ ਐਲਾਨ ਤੋਂ ਪਹਿਲਾਂ ਨਿਖਿਲ ਗੁਪਤਾ ਨੇ ਅਮਰੀਕੀ ਡਿਸਟ੍ਰਿਕਟ ਜੱਜ ਵਿਕਟਰ ਮਾਰੇਰੋ ਨੂੰ ਇੱਕ ਪੱਤਰ ਲਿਖ ਕੇ ਮੁਆਫ਼ੀ ਮੰਗੀ ਹੈ ਅਤੇ ਆਪਣੇ ਗੁਨਾਹ 'ਤੇ ਪਛਤਾਵਾ ਜ਼ਾਹਰ ਕੀਤਾ ਹੈ।
ਨਿਖਿਲ ਗੁਪਤਾ ਨੇ ਜੱਜ ਨੂੰ ਲਿਖੇ ਪੱਤਰ ਵਿੱਚ ਗ੍ਰਿਫ਼ਤਾਰੀ ਤੋਂ ਬਾਅਦ ਹੋਈ ਮਾਨਸਿਕ ਉਥਲ-ਪੁਥਲ ਬਾਰੇ ਵੀ ਦੱਸਿਆ। ਉਸ ਨੇ ਮੰਨਿਆ ਕਿ 2023 ਦੀ ਸ਼ੁਰੂਆਤ ਵਿੱਚ ਉਹ ਜਿਸ ਤਰ੍ਹਾਂ ਦਾ ਇਨਸਾਨ ਬਣ ਗਿਆ ਸੀ, ਉਸ ਨੂੰ ਖ਼ੁਦ ਵੀ ਪਛਾਣ ਨਹੀਂ ਪਾ ਰਿਹਾ ਸੀ।
ਨਿਖਿਲ ਗੁਪਤਾ ਨੇ ਪੱਤਰ ਵਿੱਚ ਲਿਖਿਆ, "ਮੇਰਾ ਮਾਨਸਿਕ ਸੰਤੁਲਨ ਵਿਗੜ ਗਿਆ ਸੀ... ਕਾਸ਼ ਮੈਂ ਸਮੇਂ ਨੂੰ ਪਿੱਛੇ ਮੋੜ ਕੇ 2023 ਵਿੱਚ ਕੀਤੀਆਂ ਆਪਣੀਆਂ ਗ਼ਲਤੀਆਂ ਨੂੰ ਸੁਧਾਰ ਸਕਦਾ।"ਉਸ ਨੇ ਅੱਗੇ ਲਿਖਿਆ, “ਉਸ ਸਮੇਂ ਮੇਰੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਆਪਣੇ ਪਰਿਵਾਰ ਨਾਲ ਸੰਪਰਕ ਕਰਨ ਦੀ ਸੀ, ਤਾਂ ਜੋ ਉਨ੍ਹਾਂ ਨੂੰ ਦੱਸ ਸਕਾਂ ਕਿ ਮੈਂ ਜ਼ਿੰਦਾ ਹਾਂ ਅਤੇ ਉਨ੍ਹਾਂ ਨੂੰ ਹਾਲਾਤ ਬਾਰੇ ਜਾਣਕਾਰੀ ਦੇ ਸਕਾਂ। ਪਰ ਅਮਰੀਕੀ ਕਾਨੂੰਨ ਤੋੜਨ ਵਾਲੇ ਵਜੋਂ ਮੇਰੇ 'ਤੇ ਲੱਗੀਆਂ ਕਈ ਪਾਬੰਦੀਆਂ ਕਾਰਨ ਮੈਂ ਕਈ ਹਫ਼ਤਿਆਂ ਤੱਕ ਅਜਿਹਾ ਨਹੀਂ ਕਰ ਸਕਿਆ।”
ਜੱਜ ਨੂੰ ਲਿਖੇ ਆਪਣੇ ਪੱਤਰ ਦੇ ਅਖੀਰ ਵਿੱਚ ਨਿਖਿਲ ਗੁਪਤਾ ਨੇ ਕਿਹਾ ਕਿ ਅਦਾਲਤ ਵੱਲੋਂ ਜੋ ਵੀ ਫ਼ੈਸਲਾ ਸੁਣਾਇਆ ਜਾਵੇਗਾ, ਉਹ ਉਸ ਨੂੰ ਸਵੀਕਾਰ ਕਰੇਗਾ।
ਨਿਖਿਲ ਨੇ ਇਸ ਪੱਤਰ ਵਿੱਚ ਇਹ ਵੀ ਦੱਸਿਆ ਕਿ ਬਹੁਤ ਜ਼ਿਆਦਾ ਸ਼ਰਾਬ ਪੀਣ ਅਤੇ ਨਿੱਜੀ ਜ਼ਿੰਦਗੀ ਦੇ ਸੰਘਰਸ਼ਾਂ ਕਾਰਨ ਉਸ ਦੀ ਸੋਚਣ-ਸਮਝਣ ਦੀ ਸਮਰੱਥਾ ਪ੍ਰਭਾਵਿਤ ਹੋ ਗਈ ਸੀ। ਉਸ ਨੇ ਖੁਲਾਸਾ ਕੀਤਾ ਕਿ ਹਿਰਾਸਤ ਦੇ ਸ਼ੁਰੂਆਤੀ ਦਿਨਾਂ ਦੌਰਾਨ ਉਸ ਦੇ ਮਨ ਵਿੱਚ ਖ਼ੁਦਕੁਸ਼ੀ ਕਰਨ ਦੇ ਗੰਭੀਰ ਵਿਚਾਰ ਵੀ ਆਉਂਦੇ ਸਨ।
20 ਨਵੰਬਰ ਨੂੰ ਹੋਣ ਵਾਲੀ ਸਜ਼ਾ ਦੀ ਸੁਣਵਾਈ ਤੋਂ ਪਹਿਲਾਂ ਇਸ ਮਾਮਲੇ ਵਿੱਚ ਕਈ ਅਹਿਮ ਕਾਨੂੰਨੀ ਦਸਤਾਵੇਜ਼ ਦਾਖ਼ਲ ਕੀਤੇ ਗਏ ਹਨ। ਹਾਲ ਹੀ ਵਿੱਚ ਸੰਘੀ ਸਰਕਾਰੀ ਵਕੀਲਾਂ ਨੇ ਅਦਾਲਤ ਨੂੰ ਬੇਨਤੀ ਕੀਤੀ ਹੈ ਕਿ ਇਸ ਸਾਜ਼ਿਸ਼ ਦਾ ਨਿਸ਼ਾਨਾ ਬਣੇ ਗੁਰਪਤਵੰਤ ਸਿੰਘ ਪੰਨੂ ਨੂੰ ਸਿੱਧੇ ਅਦਾਲਤ ਵਿੱਚ ਆਪਣਾ ਪੱਖ ਰੱਖਣ ਲਈ 20 ਮਿੰਟ ਦਾ ਸਮਾਂ ਦਿੱਤਾ ਜਾਵੇ।